ਸ਼ਰਨਜੀਤ, ਕਦੀ ਕੋਈ ਇਉਂ ਚੋਰੀ-ਛਿਪੇ ਵੀ ਜਾਂਦਾ ਹੈ!

ਸ਼ਰਨਜੀਤ, ਕਦੀ ਕੋਈ ਇਉਂ ਚੋਰੀ-ਛਿਪੇ ਵੀ ਜਾਂਦਾ ਹੈ!

ਗੁਰਬਚਨ ਸਿੰਘ ਭੁੱਲਰ

ਸ਼ਰਨਜੀਤ ਕੌਰ ਚਲੀ ਗਈ। ਉਹਦੇ ਚਲਾਣੇ ਦੀ ਸੋਗੀ ਖ਼ਬਰ ਸੁਣਿਆਂ ਵੀ ਚੇਤੇ ਵਿਚ ਉਹਦਾ ਚਿਹਰਾ ਉੱਭਰਿਆ ਤਾਂ ਉਸੇ ਸਦੀਵੀ ਮੁਸਕ੍ਰਾਹਟ ਨਾਲ ਖਿੜਿਆ ਹੋਇਆ। ਉਹ ਚੰਡੀਗੜ੍ਹ ਦੇ ਸਾਹਿਤਕ ਜੋੜ-ਮੇਲਿਆਂ ਵਿਚ ਜ਼ਰੂਰ ਸ਼ਾਮਲ ਹੁੰਦੀ ਤੇ ਕੋਈ ਵੀ ਲੇਖਕ, ਜਿਸ ਨੂੰ ਉਹ ਕਦੀ ਮਿਲੀ ਹੋਵੇ, ਇਹ ਨਹੀਂ ਕਹਿ ਸਕਦਾ ਕਿ ਉਹ ਉਹਨੂੰ ਅਨਮੁਸਕ੍ਰਾਈ ਮਿਲੀ ਸੀ। ਮੁਸਕ੍ਰਾਉਣਾ ਉਹਦੀ ਬਾਹਰੀ ਆਦਤ ਨਹੀਂ ਸੀ, ਦਿਲ ਦਾ ਚਾਅ ਸੀ।

ਇਨ੍ਹਾਂ ਚੰਦਰੇ ਦਿਨਾਂ ਵਿਚ ਉਹਦੇ ਬੀਮਾਰ ਹੋਣ ਦੀ ਸੋਅ ਤਾਂ ਕਿਥੋਂ ਮਿਲਣੀ ਸੀ, ਉਹਦੇ 12 ਸਤੰਬਰ ਨੂੰ ਹੋਏ ਚਲਾਣੇ ਦੀ ਖ਼ਬਰ ਵੀ ਚਾਰ ਦਿਨ ਪਛੜ ਕੇ 16 ਸਤੰਬਰ ਨੂੰ ਓਦੋਂ ਮਿਲੀ ਜਦੋਂ ਉਹ ਵਟਸਐਪ ਵਿਚ ਘੁੰਮਣ ਲੱਗੀ। ਕੁਦਰਤੀ ਸੀ ਕਿ ਇਕ ਸਮਕਾਲੀ ਸਾਹਿਤਕਾਰ ਦੀ ਸਿੱਧੀ ਚਲਾਣੇ ਦੀ ਖ਼ਬਰ, ਉਹ ਵੀ ਇਉਂ ਪਛੜ ਕੇ ਮਿਲਣ ਨਾਲ ਚਿੱਤ ਨੂੰ ਧੱਕਾ ਲਗਦਾ।

ਸ਼ਰਨਜੀਤ ਕੌਰ ਦੇ ਜੀਵਨ ਦਾ ਧੁਰਾ ਸਾਹਿਤ ਸੀ। ਕਲਮ ਉਹਦਾ ਸ਼ੌਕ ਵੀ ਸੀ ਤੇ ਸਹਾਰਾ ਵੀ, ਜੋ ਉਹਨੂੰ ਸਭ ਦੁੱਖ-ਤਕਲੀਫ਼ਾਂ ਭੁਲਾ ਦਿੰਦਾ ਸੀ। ਉਹਨੇ ਪੀਐਚਡੀ ਤੱਕ ਪੜ੍ਹਾਈ ਕੀਤੀ ਹੋਈ ਸੀ ਤੇ ਉਹਨੂੰ ਆਪਣੀ ਸਾਹਿਤਕ ਜਾਣਕਾਰੀ ਦਾ ਤੇ ਰਚਨਾਕਾਰ ਵਜੋਂ ਸਮਰੱਥਾ ਦਾ ਜਾਇਜ਼ ਮਾਣ ਸੀ। ਅਜੇ ਕੁਝ ਹੀ ਦਿਨ ਪਹਿਲਾਂ ਉਹਦਾ ਫੋਨ ਆਇਆ ਕਿ ਇਕ ਸਲਾਹ ਲੈਣੀ ਹੈ। ਕਹਿਣ ਲੱਗੀ, “ਯਾਦ ਹੈ, ਤੁਸੀਂ ਲਿਖਿਆ ਸੀ ਕਿ ‘ਅਜੇ ਤਾਂ, ਪਤਾ ਨਹੀਂ ਕਿਉਂ ਸ਼ਰਨਜੀਤ ਕੌਰ ਨੇ ਆਪਣੇ ਕੀਤੇ ਰੀਵਿਊਆਂ ਦੇ ਸੰਗ੍ਰਹਿ ਕਰਨੇ ਸ਼ੁਰੂ ਨਹੀਂ ਕੀਤੇ! ਜਿਸ ਦਿਨ ਉਹਨੂੰ ਇਸ ਗੱਲ ਦੀ ਯਾਦ ਜਾਂ ਸਮਝ ਆ ਗਈ, ਵੱਡੀਆਂ-ਵੱਡੀਆਂ ਕਈ ਪੁਸਤਕਾਂ ਦੀ ਲੜੀ ਬਣ ਜਾਵੇਗੀ।’ ਇਹ ਕੰਮ ਤੁਸੀਂ ਹੀ ਯਾਦ ਕਰਵਾਇਆ ਹੈ। ਮੈਂ ਕੋਈ ਇਕ ਹਜ਼ਾਰ ਕਿਤਾਬਾਂ ਦੇ ਰੀਵਿਊ ਕੀਤੇ ਹੋਏ ਨੇ। ਛਪੇ ਹੋਏ ਡੇਢ ਹਜ਼ਾਰ ਪੰਨੇ ਬਣ ਜਾਣਗੇ। ਇਕ ਜਿਲਦ ਵਿਚ ਛਪ ਨਹੀਂ ਸਕਦੇ। ਸਮਾਂ-ਵੰਡ ਕਰ ਕੇ ਕਈ ਜਿਲਦਾਂ ਵਿਚ ਛਾਪਿਆਂ ਪਹਿਲੀਆਂ ਜਿਲਦਾਂ ਦੀਆਂ ਲਿਖਤਾਂ ਬਹੁਤ ਪੁਰਾਣੀਆਂ ਲੱਗਣਗੀਆਂ। ਹੁਣ ਗੱਲ ਨੂੰ ਕਿਸੇ ਰਾਹ ਪਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ।”

ਮੈਂ ਸਲਾਹ ਦਿੱਤੀ ਕਿ ਉਹ ਲਿਖਤਾਂ ਦੀ ਵੰਡ ਸਮੇਂ ਅਨੁਸਾਰ ਨਾ ਕਰੇ, ਵਿਧਾ ਅਨੁਸਾਰ ਕਰੇ। ਕਵਿਤਾ ਦੇ ਰੀਵਿਊ ਇਕ ਜਿਲਦ ਵਿਚ, ਕਹਾਣੀ ਦੇ ਇਕ ਵਿਚ ਤੇ ਇਉਂ ਹੀ ਨਾਵਲਾਂ, ਵਾਰਤਕ, ਆਲੋਚਨਾ ਆਦਿ ਦੇ ਰੀਵਿਊ। ਇਉਂ ਸਭ ਕਿਤਾਬਾਂ 2020 ਤੱਕ ਆ ਪਹੁੰਚਣਗੀਆਂ ਤੇ ਪਾਠਕ ਨੂੰ ਉਨ੍ਹਾਂ ਵਿਚੋਂ ਕੋਈ ਵੀ ਪੁਰਾਣੀ ਤੇ ਬੇਹੀ ਨਹੀਂ ਲੱਗੇਗੀ। ਮੇਰੀ ਗੱਲ ਸੁਣ ਕੇ ਉਹਨੇ ਸੁਖ ਦਾ ਸਾਹ ਲਿਆ। ਕਹਿੰਦੀ, “ਤੁਸੀਂ ਮੈਨੂੰ ਮੁਸ਼ਕਿਲ ਵਿਚੋਂ ਕੱਢ ਕੇ ਵਧੀਆ ਰਾਹ ਦਿਖਾ ਦਿੱਤਾ, ਮੈਂ ਅੱਜ ਹੀ ਕੰਮ ਸ਼ੁਰੂ ਕਰ ਦਿੰਦੀ ਹਾਂ।” ਇਹ ਗੱਲ ਏਨੀ ਸੱਜਰੀ ਹੈ ਕਿ ਪਤਾ ਨਹੀਂ ਉਹਨੂੰ ਮੁੱਢ ਬੰਨ੍ਹਣ ਦਾ ਸਮਾਂ ਵੀ ਮਿਲਿਆ ਹੋਣਾ ਹੈ ਕਿ ਨਹੀਂ।

ਉਸ ਨਾਲ ਮੇਰੀ ਸਿੱਧੀ ਜਾਣ-ਪਛਾਣ ਦਾ ਪੁਲ਼ ਵੀ ਇਹ ਰੀਵਿਊ ਹੀ ਬਣੇ। ਮੈਂ ਅਖ਼ਬਾਰਾਂ-ਰਸਾਲਿਆਂ ਵਿਚ ਛਪਦੇ ਉਹਦੇ ਨਾਂ ਤੋਂ ਤਾਂ ਜਾਣੂ ਸੀ ਪਰ ਸਾਡੀ ਵਾਕਫ਼ੀਅਤ ਤੇ ਮੁਲਾਕਾਤ 1998 ਵਿਚ ਮੇਰੇ ‘ਪੰਜਾਬੀ ਟ੍ਰਿਬਿਊਨ’ ਵਿਚ ਪਹੁੰਚਣ ਸਮੇਂ ਹੋਈ। ਇਕ ਦਿਨ ਮੇਰੇ ਦਫ਼ਤਰੀ ਕਮਰੇ ਦਾ ਬੂਹਾ ਖੁੱਲ੍ਹਿਆ ਤੇ ਇਕ ਸੁਆਣੀ ਮੁਸਕ੍ਰਾਉਂਦੀ ਹੋਈ ਅੰਦਰ ਆਈ। ਲਿਖਤਾਂ ਨਾਲ਼ ਛਪਦੀਆਂ ਰਹੀਆਂ ਤਸਵੀਰਾਂ ਸਦਕਾ ਉਹ ਜਾਣੀ ਹੋਈ ਤਾਂ ਲੱਗੀ ਪਰ ਨਾਂ ਪਕੜ ਵਿਚ ਨਾ ਆਇਆ। ਮੈਨੂੰ ਬੇਪਛਾਣਿਆਂ ਵਾਂਗ ਦੇਖਦਾ ਦੇਖ ਕੇ ਉਹ ਬੋਲੀ, “ਇੰਜ ਬੇਗਾਨਿਆਂ ਵਾਂਗ ਕੀ ਪਏ ਵਿੰਹਦੇ ਹੋ, ਮੈਂ ਸ਼ਰਨਜੀਤ ਕੌਰ ਹਾਂ, ਤੁਹਾਡੇ ਅਖ਼ਬਾਰ ਦੀ ਲੇਖਕ!”

ਮੈਂ ਜਵਾਬ ਦਿੱਤਾ, “ਤੁਸੀਂ ਪੰਜਾਬੀ ਦੀ ਜਾਣੀ-ਪਛਾਣੀ ਲੇਖਿਕਾ ਹੋ, ਆਪਣੇ ਆਪ ਨੂੰ ਮੇਰੇ ਅਖ਼ਬਾਰ ਤੱਕ ਕਿਉਂ ਸੀਮਤ ਕਰਦੇ ਹੋ?” ਉਸ ਦਿਨ ਉਹ ਅਖ਼ਬਾਰ ਵੱਲੋਂ ਉਹਨੂੰ ਪਹਿਲਾਂ ਦਿੱਤੀਆਂ ਤਿੰਨ ਪੁਸਤਕਾਂ ਦੇ ਰੀਵਿਊ ਦੇਣ ਆਈ ਸੀ। ਗੱਲਾਂ ਦੌਰਾਨ ਖੜ੍ਹੀ ਹੋਈ ਤੇ ਬੋਲੀ, “ਤੁਸਾਂ ਕੰਮ ਵੀ ਕਰਨਾ ਹੋਵੇਗਾ। ਕਹੋਗੇ, ਸਮਾਂ ਬਰਬਾਦ ਕਰ ਗਈ। ਹੁਣ ਮੈਂ ਚਲਦੀ ਹਾਂ।” ਫਿਰ ਰੁਕੀ ਤੇ ਬੋਲੀ, “ਮੇਰਾ ਬੜਾ ਪੁਰਾਣਾ ਰਿਸ਼ਤਾ ਏ ਇਸ ਅਖ਼ਬਾਰ ਨਾਲ। ਤੁਹਾਡੇ ਜਿੰਨਾ ਨਾ ਸਹੀ, ਮੇਰਾ ਵੀ ਅਖ਼ਬਾਰ ਹੈ। ਮੇਰੇ ਇਹ ਰੀਵਿਊ ਫ਼ਾਈਲ ਵਿਚ ਨਾ ਰੱਖ ਛੋਡਨੇ, ਛੇਤੀ ਛਾਪ ਦੇਣੇ।” ਫਿਰ ਅਗਲੀ ਗੱਲ ਚੇਤੇ ਆ ਗਈ, “ਹਾਂ ਸੱਚ, ਪਿੱਛੂੰ ਭੇਜਦੇ ਫਿਰਸੋਂ, ਰੀਵਿਊ ਲਈ ਹੋਰ ਪੁਸਤਕਾਂ ਹੁਣੇ ਦੇ ਛੋਡੋ ਨਾ!”

ਮੈਨੂੰ ਉਹ ਦੂਰਦਰਸ਼ੀ ਲੱਗੀ ਤੇ ਮੈਂ ਤੂੜੀ ਦੇ ਵੱਡੇ ਢੇਰ ਵਿਚੋਂ ਕੁਝ ਦਾਣੇ ਲੱਭ ਕੇ ਉਸ ਦੇ ਹਵਾਲੇ ਕਰ ਦਿੱਤੇ। ਇਸ ਪਿਛੋਂ ਪੁਸਤਕਾਂ ਲੈਣ ਤੇ ਰੀਵਿਊ ਜਾਂ ਕੋਈ ਹੋਰ ਰਚਨਾ ਦੇਣ ਵਾਸਤੇ ਆਉਣ-ਜਾਣ ਦਾ ਉਸ ਦਾ ਸਿਲਸਿਲਾ ਬਣਿਆ ਰਿਹਾ। ਇਸ ਆਉਣ-ਜਾਣ ਨਾਲ਼ ਛੇਤੀ ਹੀ ਇਕ ਘੁੰਡੀ ਹੋਰ ਜੁੜ ਗਈ। ਪਿਛਲੀ ਮੁਲਾਕਾਤ ਤੋਂ ਮਗਰੋਂ ‘ਪੰਜਾਬੀ ਟ੍ਰਿਬਿਊਨ’ ਵਿਚ ਹੀ ਨਹੀਂ, ਹੋਰ ਕਿਤੇ ਵੀ ਉਸ ਦੀ ਕੋਈ ਰਚਨਾ ਛਪ ਗਈ ਹੁੰਦੀ, ਉਹ ਆਉਂਦੀ ਤੇ ਇਮਤਿਹਾਨੀ ਪਰਚਾ ਪਾਉਂਦੀ, “ਮੇਰੀ ਉਹ ਰਚਨਾ ਪੜ੍ਹ ਲਈ ਸੀ ਨਾ? ਕੇਹੋ ਜਿਹੀ ਲੱਗੀ?” ਅਜਿਹੇ ਮੌਕੇ ਨਾਂਹ ਕਹਿਣ ਦੇ ਦੁਰਪ੍ਰਭਾਵ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਇਸ ਕਰਕੇ ਉਸ ਦੀ ਅਗਲੀ ਫੇਰੀ ਤੋਂ ਪਹਿਲਾਂ ਉਸ ਦੀਆਂ ਉਹ ਰਚਨਾਵਾਂ ਪੜ੍ਹ ਲੈਣ ਵਿਚ ਹੀ ਭਲਾ ਹੁੰਦਾ ਸੀ ਜੋ ਉਸ ਦੀ ਪਿਛਲੀ ਫੇਰੀ ਤੋਂ ਮਗਰੋਂ ਛਪੀਆਂ ਹੁੰਦੀਆਂ ਸਨ।

ਲਿਖਣਾ ਉਸ ਨੇ ਕਾਲਜ-ਮੈਗ਼ਜ਼ੀਨ ਤੋਂ ਸ਼ੁਰੂ ਕੀਤਾ। 1977-78 ਵਿਚ ਉਸ ਦੀਆਂ ਲਿਖਤਾਂ ਅਖ਼ਬਾਰਾਂ-ਰਸਾਲਿਆਂ ਵਿਚ ਛਪਣ ਲੱਗ ਗਈਆਂ। 1980 ਵਿਚ ਛਪੇ ਪਹਿਲੇ ਕਹਾਣੀ-ਸੰਗ੍ਰਹਿ ‘ਆਪਣੀ ਛਾਂ’ ਨਾਲ਼ ਉਹ ਸਾਹਿਤਕ ਪੰਧ ਦੀ ਨਿਰੰਤਰ ਯਾਤਰੀ ਬਣ ਗਈ। ਇਸ ਪਿੱਛੋਂ ਉਹਦੇ ਪੰਜ ਹੋਰ ਕਹਾਣੀ-ਸੰਗ੍ਰਹਿ- ਆਪਣਾ ਅਕਸ, ਸੁੱਕੇ ਅੱਥਰੂ, ਦ੍ਰਿਸ਼ਟ-ਅਦ੍ਰਿਸ਼ਟ, ਤੇ ਹਿਨਾ ਚਲੀ ਗਈ, ਬੰਦ ਬੂਹੇ ਪਿੱਛੇ- ਪ੍ਰਕਾਸ਼ਿਤ ਹੋਏ। ਇਨ੍ਹਾਂ ਦੇ ਨਾਲ ਨਾਲ ਹੀ ਇਕ ਨਾਵਲ, ਤਿੰਨ ਬਾਲ-ਪੁਸਤਕਾਂ ਤੇ ਦੋ ਪੁਸਤਕਾਂ ਆਲੋਚਨਾ ਦੀਆਂ ਰਲ਼ ਗਈਆਂ।

ਦੋ ਕੁ ਸਾਲ ਪਹਿਲਾਂ ਉਹਨੇ ਸੱਤਵੇਂ ਕਹਾਣੀ-ਸੰਗ੍ਰਹਿ ‘...ਤੇ ਜੀਨੀ ਜਿੱਤ ਗਈ’ ਦਾ ਖਰੜਾ ਤਿਆਰ ਕੀਤਾ ਤੇ ਕੋਈ ਗੱਲ ਕੀਤੇ ਬਿਨਾਂ, ਕੁਝ ਦੱਸੇ-ਪੁੱਛੇ ਬਿਨਾਂ ਕੋਰੀਅਰ ਕਰਵਾ ਕੇ ਮੈਨੂੰ ਭੇਜ ਦਿੱਤਾ। ਨਾਲ ਇਸ ਭਾਵ ਦੀ ਚਿੱਠੀ ਸੀ ਕਿ ਮੈਂ ਛੇਤੀ ਹੀ ਇਸ ਦਾ ਮੁੱਖਬੰਦ ਲਿਖ ਕੇ ਉਹਨੂੰ ਖਰੜੇ ਸਮੇਤ ਕੋਰੀਅਰ ਕਰਵਾ ਦੇਵਾਂ। ਉਹਦੇ ਪਹਿਲਾਂ ਛਪੇ ਛੇ ਕਹਾਣੀ-ਸੰਗ੍ਰਹਿਆਂ ਨਾਲ ਹੁਣ ਇਹ ਸੱਤਵਾਂ ਜੁੜਨ ਲਗਿਆ ਸੀ। ਛੇ ਕਹਾਣੀ-ਸੰਗ੍ਰਹਿਆਂ ਵਿਚ ਛੇ ਪੁਸਤਕਾਂ ਹੋਰ ਵਿਧਾਵਾਂ ਦੀਆਂ ਮਿਲਾ ਕੇ ਉਹਦੀਆਂ ਬਾਰਾਂ ਪ੍ਰਕਾਸ਼ਿਤ ਪੁਸਤਕਾਂ ਮਗਰੋਂ ਇਹ ਤੇਰ੍ਹਵੀਂ ਸੀ। ਮੈਂ ਪੁਸਤਕਾਂ ਪੜ੍ਹਨਾ ਬਹੁਤ ਘੱਟ ਕੀਤਾ ਹੋਇਆ ਸੀ। ਮੈਂ ਬੜੇ ਬਹਾਨੇ ਲਾਏ ਤੇ ਕਿਹਾ ਕਿ ਹੁਣ ਤੈਨੂੰ ਲੋਕਾਂ ਦੀਆਂ ਕਿਤਾਬਾਂ ਦੇ ਮੁੱਖਬੰਦ ਲਿਖਣੇ ਚਾਹੀਦੇ ਹਨ ਕਿ ਆਪਣੀ ਤੇਰ੍ਹਵੀਂ ਕਿਤਾਬ ਦਾ ਵੀ ਮੁੱਖਬੰਦ ਲਿਖਾਉਣਾ ਚਾਹੀਦਾ ਹੈ। ਪਰ ਉਹਦਾ ਫ਼ੈਸਲਾ ਅਟੱਲ ਸੀ, “ਮੈਂ ਤੇ ਇਸ ਕਹਾਣੀ-ਸੰਗ੍ਰਹਿ ਦਾ ਮੁੱਖਬੰਦ ਤੁਸਾਂ ਤੋਂ ਹੀ ਲਿਖਾਵਣਾ ਏ, ਨਹੀਂ ਤੇ ਕਹਾਣੀਆਂ ਅਲਮਾਰੀ ਵਿਚ ਸੁੱਟ ਦੇਸਾਂ ਤੇ ਇਹ ਪੁਸਤਕ ਛਪਾਵਣ ਦਾ ਇਰਾਦਾ ਸਦਾ ਸਦਾ ਵਾਸਤੇ ਛੋਡ ਦੇਸਾਂ!” ਧਮਕੀ ਬੜੀ ਸਖ਼ਤ ਸੀ ਤੇ ਨਾਲ ਹੀ ਇਸ ਵਿਚ ਉਹਦੀ ਸੁਭਾਵਿਕ ਅਪਣੱਤ ਵੀ ਸੀ ਤੇ ਹੱਕ-ਜਤਾਈ ਵੀ ਸੀ। ਅਜਿਹੀ ਭਾਵਨਾ ਦਾ ਨਿਰਾਦਰ ਕਰਨਾ ਮੁਸ਼ਕਿਲ ਦੇਖ ਕੇ ਆਖ਼ਰ ਮੈਨੂੰ ਝੁਕਣਾ ਪਿਆ!

ਉਹ ਜਿੰਨੀ ਸਾਹਿਤ ਨੂੰ ਸਮਰਪਿਤ ਸੀ, ਓਨੀ ਹੀ ਰਿਸ਼ਤਿਆਂ ਵਿਚ ਸੁਹਿਰਦ ਸੀ। ਉਹ ਸਾਰੇ ਲੇਖਕ-ਲੇਖਿਕਾਵਾਂ ਨੂੰ ਇਕੋ ਸਾਂਝੇ ਸਾਹਿਤਕ ਪਰਿਵਾਰ ਦੇ ਜੀਅ ਸਮਝਦੀ ਤੇ ਸਭ ਨੂੰ ਅਪਣੱਤ ਦਾ ਅਹਿਸਾਸ ਕਰਾਉਂਦੀ ਸੀ। ਅਜਿਹੀ ਸੁਹਿਰਦ ਹਮ-ਕਲਮ ਦਾ ਇਉਂ ਅਚਾਨਕ ਤੇ ਦੁਖਦਾਈ ਹਾਲਤ ਵਿਚ ਚਲੇ ਜਾਣਾ ਬਹੁਤ ਸੋਗੀ ਘਟਨਾ ਹੈ। ਤੇ, ਸ਼ਰਨਜੀਤ ਕੌਰ, ਤੇਰੇ ਚੋਰੀ-ਛਿਪੇ ਜਾਣ ਦੇ ਮੇਰੇ ਇਸ ਸੋਗ ਵਿਚ ਯਕੀਨਨ ਉਨ੍ਹਾਂ ਅਨੇਕ ਸਾਹਿਤਕਾਰਾਂ ਤੇ ਸਾਹਿਤ-ਪ੍ਰੇਮੀਆਂ ਦਾ ਸੋਗ ਵੀ ਸ਼ਾਮਲ ਹੈ, ਜੋ ਕਦੀ ਇਕ ਵਾਰ ਵੀ ਤੈਨੂੰ ਜਾਂ ਤੇਰੀ ਰਚਨਾ ਨੂੰ ਮਿਲੇ ਸਨ!

ਸੰਪਰਕ: 011-42502364

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਸਹਿਰੇ ’ਤੇ ਕਿਸਾਨ ਫੁੂਕਣਗੇ ਕੇਂਦਰ ਤੇ ਕਾਰਪੋਰੇਟਾਂ ਦੇ ਪੁਤਲੇ

ਦਸਹਿਰੇ ’ਤੇ ਕਿਸਾਨ ਫੁੂਕਣਗੇ ਕੇਂਦਰ ਤੇ ਕਾਰਪੋਰੇਟਾਂ ਦੇ ਪੁਤਲੇ

ਕਈ ਸ਼ਹਿਰਾਂ ਅਤੇ ਹਜ਼ਾਰ ਪਿੰਡਾਂ ਵਿਚ ਪੁਤਲੇ ਫੂਕਣ ਦੀ ਯੋਜਨਾ; ਕਿਸਾਨਾਂ ਨ...

ਕਿਸਾਨ ਅੰਦੋਲਨ: ਭਾਜਪਾ ਨੂੰ ਝਟਕਾ, ਸੂਬਾ ਕਿਸਾਨ ਮੋਰਚਾ ਇੰਚਾਰਜ ਨੇ ਪਾਰਟੀ ਛੱਡੀ

ਕਿਸਾਨ ਅੰਦੋਲਨ: ਭਾਜਪਾ ਨੂੰ ਝਟਕਾ, ਸੂਬਾ ਕਿਸਾਨ ਮੋਰਚਾ ਇੰਚਾਰਜ ਨੇ ਪਾਰਟੀ ਛੱਡੀ

ਮੋਗਾ ਦੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਕੰਗ ਵੱਲੋਂ ਅਸਤੀਫ਼ਾ

ਸ਼ਹਿਰ

View All