DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਾਹਣੀ ਕੌਲਾਂ ਬਨਾਮ ਭਾਨੋ ਮਹਿਰੀ

ਸੰਨ ਅੱਸੀ ਦੇ ਨੇੜੇ ਤੇੜੇ ਦਾ ਸਮਾਂ ਸੀ। ਸਿਆਲ ਦੀਆਂ ਟਿਕੀਆਂ ਰਾਤਾਂ ’ਚ ਜਦ ਕੁਲਦੀਪ ਮਾਣਕ ਦੀ ਰੁਦਨ ਕਰਦੀ ਆਵਾਜ਼, ‘ਵੀਰੋ ਊਠਾਂ ਵਾਲਿਓ ਵੇ, ਪਾਣੀ ਪੀ ਜਾਓ ਦੋ ਪਲ ਬਹਿ ਕੇ। ਕੌਲਾਂ ਡੱਕੇ ਚੁਗਦੀ ਦੀਆਂ, ਜਾਇਓ ਵੇ ਇੱਕ ਸੁਨੇਹਾ ਲੈ...

  • fb
  • twitter
  • whatsapp
  • whatsapp
Advertisement

ਸੰਨ ਅੱਸੀ ਦੇ ਨੇੜੇ ਤੇੜੇ ਦਾ ਸਮਾਂ ਸੀ। ਸਿਆਲ ਦੀਆਂ ਟਿਕੀਆਂ ਰਾਤਾਂ ’ਚ ਜਦ ਕੁਲਦੀਪ ਮਾਣਕ ਦੀ ਰੁਦਨ ਕਰਦੀ ਆਵਾਜ਼, ‘ਵੀਰੋ ਊਠਾਂ ਵਾਲਿਓ ਵੇ, ਪਾਣੀ ਪੀ ਜਾਓ ਦੋ ਪਲ ਬਹਿ ਕੇ। ਕੌਲਾਂ ਡੱਕੇ ਚੁਗਦੀ ਦੀਆਂ, ਜਾਇਓ ਵੇ ਇੱਕ ਸੁਨੇਹਾ ਲੈ ਕੇ’, ਅੰਬਰਾਂ ਦੀ ਹਿੱਕ ਨੂੰ ਚੀਰਦੀ ਤਾਂ ਦਾਦੀ ਨੇ ਝੱਟ ਮੰਜੇ ਤੋਂ ਉੱਠ ਕੇ ਬਹਿ ਜਾਣਾ। ‘‘ਹੇ ਵਾਹਿਗੁਰੂ... ਤੇਰੀਆਂ ਤੂੰ ਹੀ ਜਾਣੇ... ਆਪਣੇ ਭਗਤਾਂ ’ਤੇ ਕਿੱਡੀਆਂ-ਕਿੱਡੀਆਂ ਭੀੜਾਂ ਪਾ ਦਿੰਦਾ ਏਂ... ਰਾਜਿਆਂ ਤੋਂ ਭੀਖ਼ ਮੰਗਾ ਦਿੰਦਾ ਏਂ... ਹੇ ਵਾਹਿਗੁਰੂ... ਵਾਹਿਗੁਰੂ..!’’ ਜਦ ਗੀਤ ਖ਼ਤਮ ਹੋਣਾ ਤਾਂ ਦਾਦੀ ਨੇ ਲੰਮਾ ਸਾਹ ਲੈ ਕੇ ਪੈ ਜਾਣਾ। ਅਸੀਂ ਪੁੱਛਣਾ ‘ਅੰਬੋ! ਕੀ ਗੱਲ ਹੋ ਗਈ, ਤੂੰ ਕੀਹਨੂੰ ਕੁਝ ਕਹਿਨੀ ਐ?’’

‘‘ਵੇ ਪੁੱਤ! ਆਹ ਕੌਲਾਂ ਭਗਤਣੀ ਦਾ ਗੀਤ ਚੱਲਦਾ ਸੀ, ਰਾਜੇ ਦੀ ਧੀ ਸੀ। ਘਰੋਂ ਕੱਢ ’ਤੀ ਵਿਚਾਰੀ, ਗਲੀਆਂ ’ਚ ਰੁਲਦੀ ਫਿਰਦੀ ਸੀ। ਚੰਗਾ ਪੈ ਜਾਓ! ਕੱਲ੍ਹ ਨੂੰ ਥੋਨੂੰ ਬਾਤ ਸਣਾਊਂ ਉਹਦੀ।’’ ਘਰ ’ਚ ਥਾਂ ਦਾ ਤੋੜਾ ਹੋਣ ਕਰ ਕੇ ਸਾਡੇ ਮੰਜੇ ਅਧਕੱਚੀ ਇੱਕ ਕੋਠੜੀ ’ਚ ਹੁੰਦੇ। ਦਾਦੀ ਦਾ ਮੰਜਾ, ਦਾਣਾ ਫੱਕਾ ਤੇ ਹੋਰ ਘਰ ਦਾ ਨਿੱਕਸੁੱਕ ਵੀ ਉੱਥੇ ਹੀ ਪਿਆ ਹੁੰਦਾ। ਦੂਜੇ ਕਮਰੇ ’ਚ ਨਰਮੇ ਦੇ ਉੱਪਰ ਬਾਪੂ ਦਾ ਮੰਜਾ ਡਾਹਿਆ ਹੁੰਦਾ। ਅਸੀਂ ਦੇਰ ਰਾਤ ਤੱਕ ਦਾਦੀ ਤੋਂ ਬਾਤਾਂ ਸੁਣਦੇ ਰਹਿੰਦੇ। ਦਾਦੀ ਧਾਰਮਿਕ ਖਿਆਲਾਂ, ਭੈਅ ਮੰਨਣ ਵਾਲੀ, ਚਿੜੀ ਜਨੌਰਾਂ ਤੇ ਕੁੱਤਿਆਂ ਪ੍ਰਤੀ ਦਿਆਲਤਾ ਰੱਖਣ ਵਾਲੀ ਸੀ। ਅੱਖੀਂ ਵੇਖੀ ਸੰਤਾਲੀ ਦੀ ਵੱਢ-ਟੁੱਕ ਦਾ ਉਸ ’ਤੇ ਬਹੁਤ ਡੂੰਘਾ ਅਸਰ ਸੀ। ਉੱਜੜ ਕੇ ਗਏ ਜਾਂ ਮਾਰੇ ਗਏ ਉਸ ਦੀਆਂ ਸਹੇਲੀਆਂ ਦੇ ਪਰਿਵਾਰਾਂ ਨੂੰ ਯਾਦ ਕਰ ਕੇ ਅੱਖਾਂ ਨਮ ਕਰ ਲੈਂਦੀ। ਪੂਰਨ ਭਗਤ ਤੇ ਕੌਲਾਂ ਦੇ ਕਿੱਸੇ ਅਤੇ ਮਣਾਂ-ਮੂੰਹੀਂ ਬਾਤਾਂ ਉਸ ਦੇ ਮੂੰਹ ਜ਼ੁਬਾਨੀ ਯਾਦ ਸਨ। ਰੋਜ਼ਾਨਾ ਸਾਨੂੰ ਸੌਣ ਤੋਂ ਪਹਿਲਾਂ ਉਸ ਨੇ ਇੱਕ ਬਾਤ ਸਣਾਉਣੀ ਹੀ ਹੁੰਦੀ। ਕੱਲ੍ਹ ਦੇ ਵਾਅਦੇ ਮੁਤਾਬਕ ਉਸ ਨੇ ਕੌਲਾਂ ਭਗਤਣੀ ਦੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ। ਕੁਝ ਗੀਤ ਸੁਣਿਆ ਹੋਣ ਕਰ ਕੇ ਅਤੇ ਦਾਦੀ ਤੋਂ ਸੁਣੀ ਬਾਤ ਨਾਲ ਇੰਝ ਲੱਗੇ ਕਿ ਕੌਲਾਂ ਭਗਤਣੀ ਕਿਤੇ ਸਾਡੇ ਨਾਲ ਹੀ ਹਨੇਰ ਕੋਠੜੀ ’ਚ ਬੈਠੀ ਹੈ। ਰਾਤ ਨੂੰ ਜਦ ਜਾਗ ਖੁੱਲ੍ਹੀ ਤਾਂ ਗਲੀ ਵਿੱਚ ਰੋਂਦੇ ਅਤੇ ਭੌਂਕਦੇ ਕੁੱਤਿਆਂ ਤੋਂ ਇੰਝ ਲੱਗਣਾ ਕਿ ਵਿਚਾਰੀ ਕੌਲਾਂ ਕਿਤੇ ਐਥੇ ਹੀ ਬਾਹਰ ਗਲੀ ’ਚ ਠੁਰ-ਠੁਰ ਕਰਦੀ ਫਿਰ ਰਹੀ ਹੈ। ਇਹ ਕੁੱਤੇ ਉਸ ਨੂੰ ਹੀ ਭੌਂਕ ਰਹੇ ਨੇ। ਜਦ ਸਾਡੀ ਦਰਵਾਜ਼ੇ ਵਿੱਚ ਬੰਨ੍ਹੀਆਂ ਮੱਝਾਂ ਦੀ ਪੂਛ ਨਾਲ ਬੀਹੀ ਵਾਲੇ ਪਾਸੇ ਲਮਕਦਾ ਸੰਗਲੀ ਵਾਲਾ ਕੁੰਡਾ ਖੜਕਦਾ ਤਾਂ ਇੰਝ ਲੱਗਦਾ ਕਿ ਕੌਲਾਂ ਹੀ ਸਾਡਾ ਬੂਹਾ ਖੜਕਾ ਰਹੀ ਹੈ। ਕੌਲਾਂ ਬਾਲ ਮਨ ਦੇ ਕੋਰੇ ਦਿਮਾਗ ਵਿੱਚ ਇਸ ਕਦਰ ਘਰ ਕਰ ਗਈ ਕਿ ਮੈਨੂੰ ਗਲੀਆਂ ’ਚ ਫਿਰਦੀ ਮੰਗਤੀਆਂ ’ਚ ਕੌਲਾਂ ਦਾ ਝਾਉਲਾ ਪੈਂਦਾ। ਫਿਰ ਲੱਗਦਾ ਕਿ ਇਨ੍ਹਾਂ ਦੀ ਰੰਗਤ ਤਾਂ ਕਾਲੀ ਏ, ਉਹ ਤਾਂ ਰਾਜੇ ਦੀ ਧੀ ਸੀ। ਬੇਸ਼ੱਕ ਸੁਣਿਆ ਕਿ ਮੰਗਤੀਆਂ ਵਾਂਗੂੰ ਹੀ ਬਣ ਗਈ ਸੀ ਪਰ ਲਾਲ ਤਾਂ ਕਹਿੰਦੇ ਜੁੱਲੀਆਂ ਵਿੱਚ ਵੀ ਦਗਦੇ ਹੁੰਦੇ ਨੇ।

Advertisement

ਸਾਡਾ ਬਾਹਰਲੇ ਘਰ, ਜਿਸ ਨੂੰ ਅਸੀਂ ਰੂੜੀ ਵਾਲਾ ਘਰ ਕਹਿੰਦੇ ਹੁੰਦੇ ਸਾਂ, ਉੱਥੇ ਭਾਨੋ ਮਹਿਰੀ ਦੀ ਭੱਠੀ ਸੀ। ਉਹ ਵੱਗਾਂ ਵੇਲੇ ਘਾਹ-ਫੂਸ ਦੀਆਂ ਦੋ ਪੰਡਾਂ ਸੁੱਟ ਜਾਂਦੀ ਅਤੇ ਢਲੀ ਸ਼ਾਮ ਤੋਂ ਭੱਠੀ ਤਪਾ ਲੈਂਦੀ। ਭਾਨੋ ਦੇ ਆਉਣ ਤੋਂ ਪਹਿਲਾਂ ਹੀ ਦਾਣੇ ਭੁਨਾਉਣ ਵਾਲੀਆਂ ਔਰਤਾਂ ਅਤੇ ਬੱਚਿਆਂ ਦਾ ਮੇਲਾ ਲੱਗ ਜਾਂਦਾ। ਦਾਣੇ ਭੁਨਾਉਣ ਆਏ ਆਪੋ -ਆਪਣੀ ਵਾਰੀ ਅਨੁਸਾਰ ਸੋਟੀ ਨਾਲ ਭੱਠੀ ਵਿੱਚ ਬਾਲਣ ਝੋਕਦੇ ਰਹਿੰਦੇ। ਭੁੱਜਦੇ ਦਾਣਿਆਂ ਦੀ ਖ਼ੁਸ਼ਬੋ ਲੰਘਦੇ ਰਾਹੀਆਂ ਨੂੰ ਘਰੋਂ ਦਾਣੇ ਚੁੱਕ ਲਿਆਉਣ ਲਈ ਮਜਬੂਰ ਕਰ ਦਿੰਦੀ। ਅਸੀਂ ਵੀ ਦਾਣੇ ਭੁਨਾਉਣ ਜਾ ਵੜਦੇ, ਭੱਠੀ ਸਾਡੀ ਥਾਂ ’ਚ ਹੋਣ ਕਰ ਕੇ ਸਾਡਾ ਭੱਠੀ ਅਤੇ ਭਾਨੋ ’ਤੇ ਵਿਸ਼ੇਸ਼ ਹੱਕ ਸੀ। ਭਾਨੋ, ਹੋਰਾਂ ਦੀ ਵਾਰੀ ਭੰਨ੍ਹ ਕੇ ਸਾਡੇ ਦਾਣੇ ਭੁੰਨ ਦਿੰਦੀ, ਵਧੀਆ ਛੰਡ ਸੰਵਾਰ ਕੇ ਦਿੰਦੀ। ਜਦ ਛੋਲਿਆਂ ਦੇ ਦਾਣੇ ਹੁੰਦੇ ਤਾਂ ਸਾਥੋਂ ਫੜ ਕੇ ਥੋੜ੍ਹਾ ਪਾਣੀ ਦਾ ਛਿੱਟਾ ਲਾ ਕੇ ਕੁਝ ਸਮਾਂ ਪੋਣੇ ’ਚ ਲਪੇਟ ਕੇ ਰੱਖ ਲੈਂਦੀ ਅਤੇ ਇਸ ਤਰ੍ਹਾਂ ਦਾਣੇ ਵਧੀਆ ਭੁੱਜਦੇ ਅਤੇ ਉੱਪਰ ਛਿਲਕਾ ਵੀ ਨਹੀਂ ਸੀ ਰਹਿੰਦਾ। ਬਾਪੂ ਦੀਆਂ ਹਦਾਇਤਾਂ ’ਤੇ ਅਸੀਂ ਚੁੰਗ ਦੇਣ ਦੀ ਰਿਆਇਤ ਕਦੇ ਨਹੀਂ ਸੀ ਲਈ। ‘‘ਸਾਰਾ ਦਿਨ ਬਾਲਣ ਵੇ ਭੱਠੀ ਤੇ ਕੂੜਾ ਢੋਆਉਂਦੀ ਮਹਿਰੀ’ (ਗੀਤ ਦੀਆਂ ਤੁਕਾਂ) ਆਪੋ-ਆਪਣੀ ਵਾਰੀ ਸਮੇਂ ਬਾਲਣ ਝੋਕਦੀਆਂ ਔਰਤਾਂ ਦੇ ਭੱਠੀ ਦੇ ਧੂੰਏਂ ’ਚੋਂ ਪੈਂਦੇ ਝਾਉਲੇ ਵਿੱਚੋਂ ਕੌਲਾਂ ਦੇ ਨਕਸ਼ ਤਲਾਸ਼ਦਾ ਰਹਿੰਦਾ ਕਿ ਕੌਲਾਂ ਇੱਥੇ ਕਿਤੇ ਹੀ ਫਿਰਦੀ ਹੋਵੇਗੀ, ਇੱਕ ਨਾ ਇੱਕ ਦਿਨ ਇਸ ਭੱਠੀ ’ਤੇ ਵੀ ਜ਼ਰੂਰ ਆਊ। ਇੱਕ ਦਿਨ ਆਥਣੇ ਭਾਨੋ ਦਾ ਛੜਾ ਜੇਠ ਸ਼ੇਰਾ, ਪੀਤੀ-ਖਾਧੀ ’ਚ ਬਾਪੂ ਨੂੰ ਸੱਥ ਵਿਚਕਾਰ ਤੱਤਾ-ਠੰਢਾ ਬੋਲ ਗਿਆ। ਬਾਪੂ ਗੱਲ ਦਿਲ ’ਤੇ ਲਾ ਗਿਆ ਕਿ ਕੋਈ ਉਸ ਨੂੰ ਇਸ ਤਰ੍ਹਾਂ ਬੋਲਣ ਦਾ ਹੀਆ ਕਿਵੇਂ ਕਰ ਗਿਆ? ਉਨ੍ਹਾਂ ਸਵੇਰੇ ਹੀ ਸਾਨੂੰ ਹੁਕਮ ਚਾੜ੍ਹ ਦਿੱਤਾ ਕਿ ਭਾਨੋ ਕੇ ਘਰ ਕਹਿ ਕੇ ਆਓ ਕਿ ਉਹ ਆਪਣੀ ਭੱਠੀ ਸਾਡੇ ਘਰੋਂ ਚੁੱਕ ਲਿਜਾਵੇ। ਭਾਨੋ ਐਨੀ ਸੁਣ ਕੇ ਜਿਵੇਂ ਠਠੰਬਰ ਹੀ ਗਈ। ਉਹ ਸਾਡੇ ਘਰ, ਸਾਡੇ ਮਗਰ ਹੀ ਆ ਗਈ, ਮੇਰੀ ਦਾਦੀ ਨੂੰ ਕਹਿਣ ਲੱਗੀ, ‘‘ਮੇਰਾ ਕੀ ਕਸੂਰ? ਉਹ ਤਾਂ ਛੜਾ ਐ, ਊਠ ਦੀ ਪੂਛ ਵਰਗਾ। ਸਾਡੇ ਨਾਲੋਂ ਰੋਟੀ ਵੀ ਉਸ ਦੀ ਛੋਟੇ ਨਾਲ ਅੱਡ ਐ..!’’ ਬਾਪੂ ਦੇ ਸੁਭਾਅ ਦਾ ਇੱਕ ਪਾਸਾ ਜਿੱਥੇ ਦਿਆਲਤਾ ਵਾਲਾ ਸੀ, ਉਥੇ ਉਸ ਦਾ ਦੂਜਾ ਪਾਸਾ ਅਣਮੰਨ ਵੀ ਸੀ। ਜੋ ਮੂੰਹੋਂ ਨਿਕਲ ਗਈ ਉਹ ਨਹੀਂ ਮੁੜਨੀ। ਦਾਦੀ ਨੇ ਵੀ ਬਥੇਰੇ ਵਾਸਤੇ ਪਾਏ ਕਿ ਇਹਦਾ ਕੀ ਕਸੂਰ ਐ?

Advertisement

‘‘ਚੱਲ ਚੰਗਾ ਭਾਈ! ਮੈਂ ਹੋਰ ਟਿਕਾਣਾ ਲੱਭ ਲੈਂਦੀ ਹਾਂ, ਪਰ ਇਹ ਵਧੀਆ ਟਿਕਾਣਾ ਸੀ ਪਿੰਡ ਦੇ ਵਿਚਕਾਰ , ਆਸ-ਪਾਸ ਗੁਆਂਢ ਵੀ ਚੰਗਾ ਸੀ।’’ ‘‘ਉਹ ਜੈ ਖਾਣੇ ਦਾ ਆਪ ਤਾਂ ਨਿੱਤ ਪੀ ਕੇ ਕਿਸੇ ਨਾਲ ਸਿੰਗ ਫਸਾਈ ਰੱਖਦੈ, ਸਾਨੂੰ ਵੀ ਨ੍ਹੀਂ ਜੂਨ ਗੁਜ਼ਾਰਾ ਕਰਨ ਦਿੰਦਾ। ਚੱਲ ਭਾਈ ਜਿੰਨਾ ਸਮਾਂ ਥਾਂ ਦਿੱਤਾ ਉਹਦਾ ਹੀ ਧੰਨਵਾਦ।’’ ਭਾਨੋ ਹੱਥ ਜੋੜਦੀ ਸਿੱਲ੍ਹੀਆਂ ਅੱਖਾਂ ਚੁੰਨੀ ਦੇ ਲੜ ਨਾਲ ਪੂੰਝਦੀ, ਆਪਣੇ ਛੜੇ ਜੇਠ ਨੂੰ ਕੋਸਦੀ ਹਾਉਕਾ ਲੈ ਕੇ ਘਰੋਂ ਬੀਹੀ ਵੱਲ ਨੂੰ ਤੁਰ ਪਈ। ਉਸ ਤੋਂ ਵੱਡਾ ਹਾਉਕਾ ਦਾਦੀ ਨੇ ਲਿਆ, ‘‘ਬਲਵੀਰ ਪੁੱਤ! ਉਹ ਤਾਂ ਜਿਹੋ-ਜਿਹਾ ਹੈ ਪਰ ਤੂੰ ਵੀ ਅੜੀ ਕਰਕੇ ਚੰਗੀ ਨਹੀਂ ਕੀਤੀ।’’ ਕੋਲ ਖੜ੍ਹੇ ਮੈਨੂੰ ਲੱਗਿਆ ਜਿਵੇਂ ਭਾਨੋ ਨੂੰ ਨਹੀਂ, ਅੱਜ ਕੌਲਾਂ ਨੂੰ ਦੁਬਾਰਾ ਕਿਸੇ ਨੇ ਧੱਕੇ ਦੇ ਕੇ ਘਰੋਂ ਕੱਢ ਦਿੱਤਾ ਹੋਵੇ।

ਸੰਪਰਕ: 94175-17655

Advertisement
×