ਪੰਜ ਰੁਪਈਏ ’ਚ ਸ਼ਾਹ ਖਰਚ ਅਤੇ ਮਹਾਂਦਾਨ

ਪੰਜ ਰੁਪਈਏ ’ਚ ਸ਼ਾਹ ਖਰਚ ਅਤੇ ਮਹਾਂਦਾਨ

ਰਾਜ ਰਿਸ਼ੀ

ਰਾਜ ਰਿਸ਼ੀ

ਕਰੀਬਨ ਸਭ ਦਾ ਬਚਪਨ ਯਾਦਾਂ ਨਾਲ ਭਰਪੂਰ ਹੁੰਦਾ ਹੈ। ਸ਼ਾਇਦ ਹੀ ਕੋਈ ਬੰਦਾ ਹੋਵੇਗਾ ਜਿਸ ਨੂੰ ਉਹ ਬੇਫਿ਼ਕਰੀ ਵਾਲੇ ਦਿਨ ਚੇਤੇ ਨਾ ਆਉਂਦੇ ਹੋਣ। ਜੋਸ਼ ਨਾਲ ਭਰਿਆ ਤੇ ਉਡਾਰੀਆਂ ਮਾਰਦਾ ਮਨ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਅਤੇ ਟੇਢ-ਮੇਢ ਤੋਂ ਦੂਰ। ਮਠਿਆਈ ਤੇ ਚਟਪਟੀਆਂ ਚੀਜ਼ਾਂ ਬਹੁਤ ਚੰਗੀਆਂ ਲਗਦੀਆਂ ਪਰ ਉਨ੍ਹਾਂ ਵਿਚੋਂ ਕਈਆਂ ਨੂੰ ਖਾਣ ਦਾ ਮੌਕਾ ਮਹਿੰਗੀਆਂ ਹੋਣ ਕਰਕੇ ਕਦੇ-ਕਦਾਈਂ ਜਾਂ ਵਿਆਹ-ਸ਼ਾਦੀ ਦੇ ਮੌਕੇ ਹੀ ਲਗਦਾ। ਮੁਹੱਲੇ ਵਿਚ ਆਉਂਦੇ ਰੇਹੜੀ-ਖੈਮਚੇ ਵਾਲਿਆਂ ਦੀਆਂ ਸਵਾਦਲੀਆਂ ਚੀਜ਼ਾਂ ਦੇਖ ਕੇ ‘ਜੀਭ ਮੂਤਦੀ’ ਰਹਿੰਦੀ ਪਰ ਇਕ ਦਿਨ ਵਿਚ ਇਕ ਤੋਂ ਵੱਧ ਚੀਜ਼ ਖਾਣ ਦਾ ਮੌਕਾ ਘੱਟ ਹੀ ਮਿਲਦਾ।

70ਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਦੀ ਗੱਲ ਹੈ। ਉਦੋਂ ਮੈਂ ਅੱਠਵੀਂ ਜਾਂ ਨੌਵੀਂ ਵਿਚ ਪੜ੍ਹਦਾ ਸੀ। ਸਕੂਲ ਜਾਣ ਲੱਗਿਆਂ ਜੇਬ ਖਰਚ ਦਸ ਪੈਸੇ ਤੇ ਕਿਸੇ ਦਿਨ ਬੜਾ ਤਰੱਦਦ ਕਰਕੇ ਪੰਦਰਾਂ ਪੈਸੇ ਮਿਲਦੇ ਸਨ। ਹਾਂ, ਮੇਲੇ ਤੇ ਜਾਣ ਲੱਗਿਆਂ ਜ਼ਰੂਰ ਇਕ ਰੁਪਈਆ ਮਿਲਦਾ ਸੀ ਅਤੇ ਅਲੱਗ ਅਲੱਗ ਰੇਹੜੀਆਂ ਤੇ ਭਾਂਤ ਭਾਂਤ ਦੀਆਂ ਚੀਜ਼ਾਂ ਖਾ ਕੇ ਆਫ਼ਰ ਜਾਈਦਾ ਸੀ। ਕਈ ਵਾਰੀ ਦਸ ਵੀਹ ਪੈਸੇ ਬਚਾ ਵੀ ਲਈਏ ਸਨ ਤੇ ਅਗਲੇ ਦਿਨ ਉਨ੍ਹਾਂ ਦੇ ਪਤੰਗ ਲੈ ਕੇ ਉਡਾਈਦੇ ਸੀ। ਇਕ ਰੁਪਈਏ ਤੋਂ ਵੱਧ ਖਰਚਣ ਦੇ ਤਾਂ ਕਦੀ ਸੁਫ਼ਨੇ ਵੀ ਨਹੀਂ ਸੀ ਆਉਂਦੇ।

ਇਕ ਦਿਨ ਲੱਗਿਆ, ਰੱਬ ਨੇ ਛੱਪਰ ਪਾੜ ਕੇ ਦਿੱਤਾ ਹੈ, ਭਾਵੇਂ ਝਾਈ (ਮਾਂ) ਕਹਿੰਦੀ ਹੁੰਦੀ ਸੀ- ਉਪਰ ਵਾਲਾ ਸਭ ਨੂੰ ਮਿਹਨਤ ਦਾ ਹੀ ਦਿੰਦਾ ਹੈ। ਜੇਠ ਹਾੜ੍ਹ ਦੇ ਇਕ ਦਿਨ ਮੈਂ ਦੁੜੰਗੇ ਮਾਰਦਾ ਸਿਖ਼ਰ ਦੁਪਹਿਰੇ ਜਦ ਘਰ ਪਰਤ ਰਿਹਾ ਸੀ ਤਾਂ ਕਿਸੇ ਦਾ ਡਿੱਗਾ ਪੰਜ ਰੁਪਈਏ ਦਾ ਨੋਟ ਲੱਭਿਆ। ਏਧਰ-ਓਧਰ ਦੇਖਿਆ ਤਾਂ ਸੁੰਨ-ਮਸਾਨ ਗਲੀ ਚ ਕੋਈ ਨਹੀਂ ਸੀ। ਫਟਾਫਟ ਨੋਟ ਚੁੱਕ ਕੇ ਨਿੱਕਰ ਦੀ ਜੇਬ ਵਿਚ ਪਾ ਲਿਆ ਪਰ ਏਡਾ ਵੱਡਾ ਖ਼ਜ਼ਾਨਾ ਜੇਬ ਵਿਚ ਜਾਂਦਿਆਂ ਹੀ ਦਿਲ ਤੇਜ਼ੀ ਨਾਲ ਧੱਕ ਧੱਕ ਕਰਨ ਲੱਗ ਪਿਆ। ਘਰ ਵੱਲ ਵਧਦੇ ਕਦਮ ਕੁਝ ਹੌਲੀ ਹੋ ਗਏ। ਦੁਚਿੱਤੀ ਚ ਫਸ ਗਿਆ। ਘਰ ਜਾ ਕੇ ਰੁਪਈਆਂ ਬਾਰੇ ਦੱਸਿਆ ਤਾਂ ਝਾਈ ਨੇ ਕਹਿਣਾ- ‘ਨਾ ਪੁੱਤ, ਆਪਾਂ ਨੀ ਰੱਖਣੇ ਏਨੇ ਰੁਪਈਏ। ਜਿਸ ਦੇ ਗਵਾਚੇ ਹੋਣਗੇ, ਉਸ ਦੀਆਂ ਬਦ-ਅਸੀਸਾਂ ਲੱਗਣੀਆਂ। ਲੰਗਰ ਜਾਂ ਛਬੀਲ ਵਿਚ ਦਾਨ ਦੇ ਦਿਆਂਗੇ।’ ਦੂਜੇ ਪਾਸੇ ਖਾਣ-ਪੀਣ ਵਾਲੀਆਂ ਵਧੀਆ ਵਧੀਆ ਚੀਜ਼ਾਂ- ਬਦਾਮ, ਕਾਜੂ, ਪਿਸਤੇ ਵਾਲੀ ਠੰਢੇ ਦੁੱਧ ਦੀ ਬੋਤਲ, ਕੁਲਫ਼ੀ, ਆਈਸ ਕਰੀਮ ਤੇ ਰਸਗੁੱਲੇ, ਗੁਲਾਬ ਜਾਮਣ ਆਦਿ ਅੱਖਾਂ ਅੱਗੇ ਤੈਰਨ ਲੱਗ ਪਏ। ਆਖ਼ਰ ਬਾਲ ਮਨ ‘ਰੀਝਾਂ ਸੱਧਰਾਂ’ ਪੂਰੀਆਂ ਕਰਨ ਵੱਲ ਡੋਲ ਗਿਆ। ਘਰ ਪਹੁੰਚ ਕੇ ਬਿਨਾ ਕਿਸੇ ਨੂੰ ਰੁਪਈਆਂ ਬਾਰੇ ਕੁਝ ਦੱਸੇ ਨੋਟ ਉਸ ਕਿਤਾਬ ਵਿਚ ਰੱਖ ਦਿੱਤਾ ਜਿਸ ਦੀ ਪੜ੍ਹਨ ਦੀ ਵਾਰੀ ਘੱਟ ਹੀ ਆਉਂਦੀ ਸੀ।

ਉਸ ਸ਼ਾਮ ਸਾਡੇ ਮੁਹੱਲੇ ਦੀ ਟੀਮ ਦਾ ਨਾਲ ਦੇ ਮੁਹੱਲੇ ਦੀ ਟੀਮ ਦਾ ਕ੍ਰਿਕਟ ਮੈਚ ਸੀ, ਇਸ ਲਈ ਬਾਜ਼ਾਰ ਜਾ ਕੇ ‘ਹਸਰਤਾਂ’ ਪੂਰੀਆਂ ਕਰਨ ਦਾ ਮਨਸੂਬਾ ਧਰਿਆ-ਧਰਾਇਆ ਰਹਿ ਗਿਆ। ਮੈਚ ਵੀ ਅਸੀਂ ਹਾਰ ਗਏ ਅਤੇ ਮੇਰੇ ਕੋਲੋਂ ਦੋ ਕੈਚ ਵੀ ਛੁੱਟ ਗਏ; ਧਿਆਨ ਤਾਂ ਕਿਤੇ ‘ਹੋਰ’ ਲੱਗਿਆ ਹੋਇਆ ਸੀ! ਇਹ ਖ਼ਦਸ਼ਾ ਵੀ ਤੰਗ ਕਰ ਰਿਹਾ ਸੀ ਕਿ ਰੁਪਈਆਂ ਬਾਰੇ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਸ਼ਾਮਤ ਆਈ ਸਮਝੋ। ਜੇ ਸੱਚ ਵੀ ਦੱਸ ਦਿੱਤਾ ਤਾਂ ਵੀ ਝਿੜਕਾਂ ਰੁਪਈਏ ਲੁਕਾਉਣ ਕਰਕੇ ਪੈ ਹੀ ਜਾਣੀਆਂ। ਰਾਤ ਨੂੰ ਸੁਫ਼ਨੇ ਵੀ ਮਨਪਸੰਦ ਚੀਜ਼ਾਂ ਖਾਣ ਦੇ ਆਉਂਦੇ ਰਹੇ। ਅਗਲੇ ਦਿਨ ਸਕੂਲ ਵਿਚ ਪੜ੍ਹਾਈ ਵਿਚ ਮਨ ਕੀ ਲੱਗਣਾ ਸੀ!

ਖ਼ੈਰ! ਸ਼ਾਮ ਹੁੰਦਿਆਂ ਹੀ ਰੁਪਈਏ ਜੇਬ ਵਿਚ ਪਾਏ ਤੇ ਖੇਡ ਦੇ ਬਹਾਨੇ ਬਾਜ਼ਾਰ ਜਾਣ ਲਈ ਗਲੀ ਚ ਨਿਕਲ ਗਿਆ। ਸਾਹਮਣੇ ਹੀ ਜਿਗਰੀ ਯਾਰ ਬਿੱਟਾ ਤੇ ਪ੍ਰਦੀਪ ਟੱਕਰ ਗਏ। ਫੇਰ ਕੀ ਸੀ, ਰੁਪਈਆਂ ਦੀ ਗੱਲ ਜੋ ਕੱਲ੍ਹ ਦੀ ਢਿੱਡ ਵਿਚ ਕੁਲਬੁਲਾ ਰਹੀ ਸੀ, ਬਾਹਰ ਆ ਗਈ। ਉਨ੍ਹਾਂ ਦੋਨਾਂ ਦੀਆਂ ਵੀ ਵਾਛਾਂ ਖਿੜ ਗਈਆਂ। ਤਿੰਨੇ ਜਣੇ ਇਹ ਸਲਾਹ ਕਰਦੇ ਦੁਕਾਨਾਂ ਵੱਲ ਤੁਰ ਪਏ ਕਿ ਸਭ ਤੋਂ ਪਹਿਲਾਂ ਕਿਹੜੀ ਸੁਆਦਲੀ ਚੀਜ਼ ਤੇ ‘ਅਟੈਕ’ ਕਰਨਾ ਹੈ।

ਚੌਕ ਵਿਚ ਪਹੁੰਚਦਿਆਂ ਹੀ ਗਿਆਨੀ ਦੀ ਛੋਲੇ-ਸਮੋਸੇ, ਟਿੱਕੀਆਂ ਦੀ ਰੇਹੜੀ ਦਿਸ ਗਈ। ਤਿੰਨਾਂ ਨੇ ਦੱਬ ਕੇ ਖਾਧੇ। ਫਿਰ ਮੂਲੇ ਹਲਵਾਈ ਦੀ ਦੁਕਾਨ ਤੇ ਜਾ ਪੁੱਜੇ ਅਤੇ ਬਦਾਮ-ਕਾਜੂ-ਪਿਸਤੇ ਵਾਲੇ ਠੰਢੇ ਦੁੱਧ ਦੀਆਂ ਬੋਤਲਾਂ, ਰਸਗੁੱਲੇ, ਗੁਲਾਬ ਜਾਮਣਾਂ ਖਾਧੀਆਂ। ਇੰਜ ਲੱਗਿਆ ਕਿ ਆਂਦਰਾਂ ਤ੍ਰਿਪਤ ਹੋ ਗਈਆਂ। ਘਰ ਵਾਪਸ ਮੁੜਦਿਆਂ ਰਸਤੇ ਵਿਚ ਫੱਗੂ ਫੇਰੀ ਵਾਲੇ ਦੇ ਸ਼ਕਰਕੰਦੀ ਦੇ ਛੋਲਿਆਂ ਵਾਲੇ ਭਰਵੇਂ ਗੋਲ-ਗੱਪੇ ਆਮ ਦਿਨਾਂ ਨਾਲੋਂ ਦੁੱਗਣੇ ਤੁੰਨ-ਤੁੰਨ ਕੇ ਖਾ ਲਏ, ਭਾਵੇਂ ਢਿੱਡ ਆਫ਼ਰ ਗਿਆ, ਫੇਰ ਵੀ ਅੱਧੇ ਤੋਂ ਵੱਧ ਪੈਸੇ ਬਚ ਗਏ।

ਤਿੰਨਾਂ ਦੋਸਤਾਂ ਨੇ ਸਿਰ ਜੋੜ ਕੇ ਘੁਸਰ-ਫੁਸਰ ਕਰਦਿਆਂ ਮਤਾ ਪਾਸ ਕੀਤਾ ਕਿ ਕੱਲ੍ਹ ਫਿਰ ਐਸ਼ ਕੀਤੀ ਜਾਏਗੀ। ਨਾਲ ਹੀ ਸਹੁੰ ਖਾਧੀ ਕਿ ਕਿਸੇ ਨੂੰ ਵੀ ਭਿਣਕ ਨਹੀਂ ਲੱਗਣ ਦੇਣੀ। ਅਗਲੇ ਦਿਨ ਬੰਟੇ ਵਾਲੀ ਸੋਡੇ ਦੀ ਬੋਤਲ, ਲੱਛੂ ਦੀ ਗੂੰਦ-ਕਤੀਰਾ-ਲੱਛੇ ਪਾ ਕੇ ਘੜੇ ਵਾਲੀ ਕੁਲਫ਼ੀ, ਬਰਫ਼ ਦੇ ਗੋਲੇ, ਆਲੂ-ਗੋਭੀ ਦੇ ਪਕੌੜੇ, ਆਈਸ ਕਰੀਮ ਬਾਜ਼ਾਰ ਜਾ ਕੇ ਰਗੜ ਦਿੱਤੇ। ਚੂਰਨ ਦੀਆਂ ਸੁਆਦਲੀਆਂ ਗੋਲੀਆਂ ਵੀ ਲਈਆਂ। ਮੁਹੱਲੇ ਪੁੱਜੇ ਹੀ ਸੀ ਕਿ ਇਕ ਰੇਹੜੀ ਹੋਰ ਟੱਕਰ ਗਈ ਜਿਸ ਤੋਂ ਉੱਬਲੀਆਂ ਛੱਲੀਆਂ ਇਮਲੀ ਦੀ ਖਟਾਈ ਵਿਚ ਗੱਚ ਕਰਕੇ ਖਾਧੀਆਂ। ਇਸ ਤੋਂ ਬਾਅਦ ਖਾਧਾ-ਪੀਤਾ ਹੇਠਾਂ ਕਰਨ ਲਈ ਬਹੁਤ ਦੇਰ ਤਕ ਏਧਰ-ਓਧਰ ਲੂਰ-ਲੂਰ ਘੁੰਮਦੇ ਰਹੇ ਕਿਉਂਕਿ ਘਰ ਜਾ ਕੇ ਥੋੜ੍ਹੀ-ਬਹੁਤ ਰੋਟੀ ਵੀ ਤਾਂ ਖਾਣੀ ਪੈਣੀ ਸੀ।

ਖੁੱਲ੍ਹਾ ਖਰਚ ਕਰਨ ਦੇ ਬਾਵਜੂਦ 50 ਪੈਸੇ ਅਜੇ ਵੀ ਬਚ ਗਏ ਸਨ। ਉਦੋਂ ਹੀ ਸਾਹਮਣੇ ਆਉਂਦਾ ਬਜ਼ੁਰਗ ਮੰਗਤਾ ਦਿਸ ਗਿਆ। ਇਕਦਮ ਮਨ ਵਿਚ ਆਇਆ ਕਿ ਕੁਝ ਪੁੰਨ ਹੀ ਕਮਾ ਲਿਆ ਜਾਏ। ਸ਼ਾਇਦ ਕੁਝ ਪਾਪ (ਬਚਪਨ ਵਿਚ ਨਿੱਕਾ ਮੋਟਾ ਝੂਠ ਬੋਲਣ ਵਾਲੇ) ਕੱਟੇ ਜਾਣ। ਦੋਸਤਾਂ ਨੇ ਵੀ ਹਾਮੀ ਭਰ ਦਿੱਤੀ। ਬਜ਼ੁਰਗ ਨੂੰ ਅਠਿਆਨੀ ਦੇ ਕੇ ਇੰਜ ਲੱਗਿਆ ਜਿਵੇਂ ਕੋਈ ‘ਮਹਾਂਦਾਨ’ ਕੀਤਾ ਹੋਵੇ। ਮੰਗਤਿਆਂ ਨੂੰ ਉਨ੍ਹੀਂ ਦਿਨੀਂ ਲੋਕ ਦੋ, ਤਿੰਨ ਜਾਂ ਪੰਜ ਪੈਸੇ ਹੀ ਦਿੰਦੇ ਸਨ। ਉਹ ਇੰਨੇ ਪੈਸੇ ਦੇਖ ਕੇ ਦੂਰ ਤਕ ਅਸੀਸਾਂ ਦਿੰਦਾ ਗਿਆ। ਮਨ ਨੂੰ ਇਹ ਤਸੱਲੀ ਵੀ ਹੋ ਗਈ ਕਿ ਜਿਸ ਕਿਸੇ ਦਾ ਨੋਟ ਗਵਾਚਿਆ ਹੈ, ਉਸ ਦੀਆਂ ਬਦ-ਅਸੀਸਾਂ ਵੀ ਹੁਣ ਆਪਣਾ ਕੁਝ ਨਹੀਂ ਵਿਗਾੜ ਸਕਣਗੀਆਂ। ‘ਅਮੀਰੀ’ ਵਿਚ ਬਿਤਾਏ ਉਹ ਦੋ ਦਿਨ ਅੱਜ ਵੀ ਮਨ ਵਿਚ ਕਦੇ-ਕਦਾਈਂ ਕੁਤਕੁਤਾਰੀਆਂ ਕਰ ਜਾਂਦੇ ਹਨ।

ਸੰਪਰਕ: 98720-10574

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

* ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ * ਮ੍ਰਿਤਕਾਂ ’ਚ ਖਾਣ ਦੇ ਵਰਕਰ...

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ’ਤੇ ਲਾਇਆ ਅਧਿਆਪਕਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਕਰਨ ਦਾ ਦੋਸ਼...

ਸ਼ਹਿਰ

View All