ਮੋਹਨ ਸ਼ਰਮਾ
ਸੱਥ ਵਿਚ ਬੈਠੇ ਬਜ਼ੁਰਗ ਵੱਖ ਵੱਖ ਪਾਰਟੀਆਂ ਦੇ ਚੋਣਾਂ ਸਮੇਂ ਕੀਤੇ ਵਾਅਦਿਆਂ ਬਾਬਤ ਚਰਚਾ ਕਰ ਰਹੇ ਸਨ। ਕੀਤੇ ਐਲਾਨਾਂ ਅਨੁਸਾਰ ਕੋਈ ਇੱਕ ਪਾਰਟੀ ਨੂੰ ਵਧੀਆ ਕਹਿੰਦਾ, ਕੋਈ ਦੂਜੀ ਨੂੰ। ਇੱਕ ਬਜ਼ੁਰਗ ਚਟਖਾਰੇ ਲੈਂਦਿਆਂ ਕਹਿ ਰਿਹਾ ਸੀ, “ਊਂ ਇਹ ਖੱਬੀਖਾਨ ਜਦੋਂ ਵੋਟਾਂ ਪਿੱਛੇ ਲੇਲੜੀਆਂ ਕੱਢਦੇ ਨੇ, ਜਵਾਕਾਂ ਦੀਆਂ ਨਲੀਆਂ ਪੂੰਝਣ ਤੱਕ ਜਾਂਦੇ ਨੇ, ਵਾਣ ਵਾਲੇ ਮੰਜੇ ਤੇ ਬਹਿ ਕੇ ਹਮਦਰਦੀ ਜਤਾਉਂਦੇ ਨੇ, ਬੁੜ੍ਹੀਆਂ ਦੇ ਪੈਰੀਂ ਹੱਥ ਲਾਉਣ ਲੱਗਿਆਂ ਪੈਰਾਂ ਤੇ ਡਿੱਗਣ ਤੱਕ ਜਾਂਦੇ ਨੇ ਤਾਂ ਨਜ਼ਾਰਾ ਜਿਹਾ ਆ ਜਾਂਦੈ। ਫਸਲੀ ਬਟੇਰਿਆਂ ਵਾਂਗ ਵੋਟਾਂ ਵੇਲੇ ਹੀ ਗੇੜਾ ਮਾਰਦੇ।”
ਇੱਕ ਹੋਰ ਬਜ਼ੁਰਗ ਨੇ ਆਪਣੇ ਝੁਰੜੀਆਂ ਭਰੇ ਚਿਹਰੇ ਤੇ ਹੱਥ ਫੇਰਦਿਆਂ ਨਿਰਾਸ਼ ਜਿਹਾ ਹੋ ਕੇ ਕਿਹਾ, “ਮੈਂ ਆਪਣੇ 16 ਜਮਾਤਾਂ ਪਾਸ ਪੋਤੇ ਲਈ ਕੋਈ ਛੋਟੀ ਮੋਟੀ ਨੌਕਰੀ ਦਿਵਾਉਣ ਵਾਸਤੇ ਐੱਮਐੱਲਏ ਦੀ ਕੋਠੀ 5-6 ਵਾਰ ਭਕਾਈ ਕੀਤੀ। ਕਈ ਵਾਰ ਤਾਂ ਸੰਤਰੀ ਕਹਿ ਦਿੰਦੇ ਬਈ ਸਾਹਿਬ ਚੰਡੀਗੜ੍ਹ ਗਿਆ। ਦੋ ਵਾਰ ਕੋਠੀ ਵਿਚ ਹੈਗਾ ਸੀ ਪਰ ਸੰਤਰੀ ਨੇ ਅੰਦਰ ਨਹੀਂ ਜਾਣ ਦਿੱਤਾ। ਕਹਿੰਦਾ, ਮੀਟਿੰਗ ਚੱਲਦੀ ਐ। ਹੁਣ ਸੁਣਿਐ, ਕੋਠੀ ਚ ਲੋਕਾਂ ਵਾਸਤੇ ਲੰਗਰ ਲਾਇਆ ਹੋਇਐ। ਆਇਆਂ-ਗਿਆਂ ਨੂੰ ਹੱਥ ਜੋੜ ਕੇ ਕੰਮ ਧੰਦੇ ਬਾਰੇ ਪੁੱਛ ਕੇ ਖੇਖਣ ਜਿਹੇ ਕਰਦੈ। ਜਿਹੜਾ ਵਲੈਤੀ ਕੁੱਤਾ ਲੋਕਾਂ ਨੂੰ ਭੌਂਕਣ ਵਾਸਤੇ ਰੱਖਿਆ ਹੋਇਆ ਸੀ, ਉਹ ਵੀ ਹੁਣ ਕੋਠੀ ਦੇ ਪਿਛਲੇ ਪਾਸੇ ਬੰਨ੍ਹਣ ਲੱਗ ਗਿਆ; ਕਹਿੰਦਾ, ਕਿਤੇ ਵੋਟਰ ਨਾ ਨਾਰਾਜ਼ ਹੋ ਜਾਣ।”
ਫਿਰ ਇੱਕ ਹੋਰ ਬਜ਼ੁਰਗ ਨੇ ਗੱਲ ਛੇੜੀ, “ਪਿਛਲੇ ਸਾਲ ਕਰੋਨਾ ਚ ਕੋਈ ਲੀਡਰ ਬਹੁੜਿਆ? ਕਿੰਨੇ ਲੋਕ ਰੋਜ਼ੀ-ਰੋਟੀ ਵਾਸਤੇ ਤਰਸਦੇ ਰਹੇ! ਜਿਹੜੇ ਵਿਚਾਰੇ ਰੋਜ਼ ਕਮਾ ਕੇ ਚੁੱਲ੍ਹਾ ਬਾਲਦੇ ਸੀ, ਉਨ੍ਹਾਂ ਦੇ ਕੰਮ ਧੰਦੇ ਛੁੱਟ ਗਏ। ਪਿੰਡਾਂ ਸ਼ਹਿਰਾਂ ਵਿਚ ਸੁੰਨ ਪਈ ਹੋਈ ਸੀ। ਭਲੇ ਲੋਕਾਂ ਨੇ ਲੰਗਰ ਦਾ ਪ੍ਰਬੰਧ ਕੀਤਾ। ਜਿਹੜੇ ਦੁੱਖ ਵੇਲੇ ਨਾ ਬਹੁੜਨ, ਅਜਹੇ ਲੀਡਰਾਂ ਤੋਂ ਤਾਂ ਊਈਂ ਚੰਗੇ।” ਸੱਥ ਵਿਚ ਇੱਕ ਪੜ੍ਹਿਆ-ਲਿਖਿਆ ਚੰਨਣ ਸਿੰਘ ਨਾਂ ਦਾ ਬਜ਼ੁਰਗ ਵੀ ਬੈਠਾ ਸੀ ਜਿਸ ਨੇ ਜਵਾਨੀ ਪਹਿਰੇ ਫੌਜ ਦੀ ਨੌਕਰੀ ਪਿੱਛੋਂ ਸ਼ਹਿਰ ਦੇ ਬੈਂਕ ਵਿਚ ਵੀ ਨੌਕਰੀ ਕੀਤੀ ਸੀ। ਦੁਨਿਆਵੀ ਉਤਰਾਅ-ਚੜ੍ਹਾਅ ਅਤੇ ਸਿਆਸੀ ਲੋਕਾਂ ਦੇ ਦਾਅ ਪੇਚਾਂ ਤੋਂ ਉਹ ਵਾਕਫ ਸੀ। ਉਸ ਨੇ ਗਲਾ ਸਾਫ ਕੀਤਾ, “ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ, ਆਜ਼ਾਦੀ ਲਈ ਕੁਰਬਾਨੀਆਂ ਦੇਣ ਵਿਚ ਪੰਜਾਬੀ ਸਭ ਤੋਂ ਅੱਗੇ ਰਹੇ। ਭਗਤ ਸਿੰਘ, ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਵਰਗਿਆਂ ਨੇ ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆ। ਇਹੋ ਜਿਹੇ ਸ਼ੇਰਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜੀਆਂ। ਮਾੜੀ ਜਿਹੀ ਨਜ਼ਰ ਮਾਰੋ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਰਾਜ-ਭਾਗ ਸੌਂਪਦੇ ਹਾਂ; ਉਨ੍ਹਾਂ ਦੇ ਖਾਨਦਾਨ ਵਿਚੋਂ ਕਿਸੇ ਨੇ ਕੋਈ ਕੁਰਬਾਨੀ ਦਿੱਤੀ?”
ਬਜ਼ੁਰਗ ਦੀਆਂ ਗੱਲਾਂ ਸੁਣ ਕੇ ਆਲੇ-ਦੁਆਲਿਉਂ ਹੋਰ ਲੋਕ ਵੀ ਆ ਗਏ। 2-4 ਪੜ੍ਹੇ-ਲਿਖੇ ਨੌਜਵਾਨਾਂ ਵੱਲ ਇਸ਼ਾਰਾ ਕਰਦਿਆਂ ਚੰਨਣ ਸਿੰਘ ਨੇ ਗੱਲ ਅਗਾਂਹ ਤੋਰੀ, “ਸਾਡੇ ਨੌਜਵਾਨ ਦਾ ਤਾਂ ਪੰਜਾਬ ਨਾਲ ਹੁਣ ਮੋਹ ਨਹੀਂ ਰਿਹਾ। ਹਰ ਸਾਲ ਹਜ਼ਾਰਾਂ ਨੌਜਵਾਨ ਦੂਜੇ ਦੇਸ਼ਾਂ ਨੂੰ ਜਾ ਰਹੇ ਨੇ। ਇੱਕ ਜਣੇ ਦੇ ਭੇਜਣ ਤੇ 15-20 ਲੱਖ ਰੁਪਇਆ ਖਰਚ ਹੋ ਰਿਹੈ। ਅੰਦਾਜ਼ਾ ਲਾ ਲਓ, ਪੰਜਾਬ ਦਾ ਅਰਬਾਂ ਰੁਪਇਆ ਬਾਹਰ ਜਾ ਰਿਹੈ। ਸਾਡੇ ਨੌਜਵਾਨ ਦੂਜੇ ਦੇਸ਼ਾਂ ਵਿਚ ਕੰਮ ਕਰਕੇ ਉਨ੍ਹਾਂ ਦੇਸ਼ਾਂ ਦੀ ਉੱਨਤੀ ਵਿਚ ਹਿੱਸਾ ਪਾ ਰਹੇ ਨੇ। ਇੱਧਰ ਅਸੀਂ ਖੁੰਗਲ ਹੋ ਰਹੇ ਹਾਂ। ਜਿਹੜੇ ਪਿੱਛੇ ਰਹਿ ਗਏ, ਉਹ ਨਸ਼ਿਆਂ ਦੀ ਦਲਦਲ ਵਿਚ ਧਸੇ ਪਏ ਨੇ। ਨਸ਼ਾ ਵੇਚਣ ਵਾਲੇ ਚਾਂਗਰਾਂ ਮਾਰਦੇ ਫਿਰਦੇ ਨੇ, ਇਨ੍ਹਾਂ ਨੂੰ ਕੋਈ ਹੱਥ ਨਹੀਂ ਪਾਉਂਦਾ। ਹੱਥ ਪਾਊਗਾ ਕੌਣ? ਲੀਡਰਾਂ ਦੀ ਛਤਰ ਛਾਇਆ ਹੇਠ ਤਾਂ ਇਹ ਧੰਦਾ ਚਲਦੈ।” ਬਜ਼ੁਰਗ ਨੇ ਹੌਕਾ ਭਰਿਆ, “ਆਲੇ-ਦੁਆਲੇ ਨਿਗ੍ਹਾ ਮਾਰ ਲਓ, ਲੀਡਰਾਂ ਦੀਆਂ ਕੋਠੀਆਂ ਵਿਚ ਤਾਂ ਗਲੀਚੇ ਵਿਛੇ ਨੇ, ਮਹਾਤੜਾਂ ਦੇ ਘਰੇ ਵਿਛੇ ਨੇ ਸੱਥਰ…।”
ਸੱਥ ਵਿਚ ਸੰਨਾਟਾ ਛਾ ਗਿਆ। ਚਿਹਰੇ ਗੰਭੀਰ ਹੋ ਗਏ। ਸਮੁੱਚੇ ਪੰਜਾਬ ਦਾ ਉਦਾਸ ਚਿਹਰਾ ਸਾਹਮਣੇ ਆ ਗਿਆ ਸੀ। ਉਸ ਬਜ਼ੁਰਗ ਨੇ ਗਲ ਦੀ ਤੰਦ ਮੁੜ ਜੋੜ ਲਈ, “ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾਉਂਦਾਂ। ਕਿਸੇ ਪਿੰਡ ਕੁੜੀ ਦਾ ਵਿਆਹ ਸੀ, ਮੇਲ ਆਇਆ ਹੋਇਆ ਸੀ। ਰਾਤ ਨੂੰ ਡਾਕੂ ਆ ਗਏ ਅਤੇ ਕੁੜੀ ਦੇ ਗਹਿਣੇ, ਨਕਦੀ ਅਤੇ ਹੋਰ ਕੀਮਤੀ ਸਮਾਨ ਲੁੱਟ ਲਿਆ। ਜਾਣ ਵੇਲੇ ਵਿਆਹੁਲੀ ਕੁੜੀ ਦਾ ਸਿਰ ਪਲੋਸ ਕੇ ਉਸ ਨੂੰ 500 ਰੁਪਏ ਸ਼ਗਨ ਵਜੋਂ ਦੇ ਦਿੱਤੇ। ਸਵੇਰੇ ਪੁਲੀਸ ਪਹੁੰਚੀ ਤਾਂ ਘਰ ਦੇ ਜੀਅ ਕਹਿ ਰਹੇ ਸਨ- ‘ਡਾਕੂ ਭਾਵੇਂ ਗਹਿਣਾ-ਗੱਟਾ ਲੁੱਟ ਕੇ ਲੈ ਗਏ ਪਰ ਚੰਗੇ ਬਹੁਤ ਸਨ, ਜਾਣ ਲੱਗਿਆਂ ਕੁੜੀ ਨੂੰ 500 ਰੁਪਏ ਸ਼ਗਨ ਦੇ ਕੇ ਗਏ’। ਇਹੀ ਹਾਲ ਸਾਡਾ ਹੈ। ਇਹ ਲੀਡਰ 5 ਸਾਲ ਲੁੱਟਦੇ ਨੇ। ਫਿਰ ਅਸੀਂ ਇਨ੍ਹਾਂ ਨੂੰ ਵੋਟਾਂ ਪਾ ਕੇ ਲੁੱਟਣ ਦਾ ਲਾਇਸੈਂਸ ਦੇ ਦਿੰਦੇ ਹਾਂ।”
ਰਾਤ ਨੂੰ ਪਿੰਡ ਦਾ ਭਰਵਾਂ ਇਕੱਠ ਹੋਇਆ। ਚੰਨਣ ਸਿੰਘ ਨੂੰ ਵਿਚਾਲੇ ਬਿਠਾ ਕੇ ਚੋਣਾਂ ਬਾਰੇ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ। ਇਹ ਗੱਲ ਪਹਿਲਾਂ ਹੀ ਤੈਅ ਹੋ ਗਈ ਕਿ ਫੈਸਲਾ ਪਿੰਡ ਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਲੋਕ ਹਿੱਤ ਵਿਚ ਕੀਤਾ ਜਾਵੇਗਾ। ਜਦੋਂ ਲੋਕਾਂ ਨੇ ਬਜ਼ੁਰਗ ਚੰਨਣ ਸਿੰਘ ਨੂੰ ਆਪਣੀ ਗੱਲ ਰੱਖਣ ਲਈ ਕਿਹਾ ਤਾਂ ਉਸ ਨੇ ਆਪਣੀ ਚਿੱਟੀ ਦਾੜ੍ਹੀ ਤੇ ਹੱਥ ਫੇਰਦਿਆਂ ਗਲਾ ਸਾਫ ਕਰਦਿਆਂ ਕਿਹਾ, “ਕਿਸਾਨ ਜੱਥੇਬੰਦੀਆਂ ਦਾ ਘੋਲ ਤੁਹਾਡੇ ਸਾਹਮਣੇ ਹੈ। ਇਸ ਨੇ ਸਾਬਤ ਕਰ ਦਿੱਤਾ ਬਈ ਚੁਣੇ ਹੋਏ ਲੋਕ ਵੱਡੇ ਨਹੀਂ, ਚੁਣਨ ਵਾਲੇ ਵੱਡੇ ਨੇ। ਜੇ ਲੋਕਾਂ ਵਿਚ ਏਕਾ ਹੋਵੇ ਤਾਂ ਇਨ੍ਹਾਂ ਸਿਆਸੀ ਲੋਕਾਂ ਦੀਆਂ ਆਪ-ਹੁਦਰੀਆਂ ਨੂੰ ਨੱਥ ਪਾਈ ਜਾ ਸਕਦੀ ਹੈ। ਕਿਸਾਨ ਘੋਲ ਲੋਕਾਂ ਦੇ ਏਕੇ ਕਾਰਨ ਸਫਲ ਤਾਂ ਰਿਹਾ ਹੀ, ਆਗੂਆਂ ਨੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇੜੇ ਨਹੀਂ ਫਟਕਣ ਦਿੱਤੇ। ਜੇ ਕਿਤੇ ਉਹ ਵਿਚ ਵੜ ਜਾਂਦੇ ਤਾਂ ਉਨ੍ਹਾਂ ਨੇ ਸਿਆਸੀ ਲਾਹਾ ਲੈਣ ਲਈ ਅੰਦੋਲਨ ਨੂੰ ਤਾਰਪੀਡੋ ਕਰ ਦੇਣਾ ਸੀ। ਹੁਣ ਵੋਟਾਂ ਵੇਲੇ ਵੀ ਅਸੀਂ ਇਨ੍ਹਾਂ ਦੀਆਂ ਚਾਲਾਂ ਵਿਚ ਆ ਕੇ ਮੁਫਤਖੋਰੇ ਨਾ ਬਣੀਏ। ਇਨ੍ਹਾਂ ਨੂੰ ਪੁੱਛੀਏ ਕਿ ਕੁਝ ਸਾਲਾਂ ਵਿਚ ਹੀ ਸੈਂਕੜੇ ਕਿੱਲੇ ਜ਼ਮੀਨ, ਪੈਟਰੋਲ ਪੰਪ, ਵੱਡੇ ਸ਼ਹਿਰਾਂ ਵਿਚ ਕੋਠੀਆਂ, ਫੈਕਟਰੀਆਂ, ਬੱਸਾਂ ਦਾ ਕਾਰੋਬਾਰ, ਕੇਬਲ ਕਾਰੋਬਾਰ ਦੇ ਧੰਦੇ ਅਮਰ ਵੇਲ ਵਾਂਗ ਕਿਵੇਂ ਵਧੇ ਫੁੱਲੇ? ਲੋਕਾਂ ਦੀ ਕਿੰਨੀ ਕੁ ਸਾਰ ਲਈ ਐ? ਇਹ ਵੀ ਪੁੱਛੋ ਕਿ ਰਿਆਇਤਾਂ ਦੇ ਜਿਹੜੇ ਐਲਾਨ ਹੁਣ ਕਰ ਰਹੇ ਹੋ, ਪਹਿਲਾਂ ਕਿਉਂ ਨਾ ਕੀਤੇ?”
ਅਗਲੇ ਦਿਨ ਪਿੰਡ ਦੀ ਫਿਰਨੀ ਦੇ ਚਾਰੇ ਖੂੰਜਿਆਂ ਤੇ ਬੋਰਡ ਲੱਗ ਗਏ ਜਿਨ੍ਹਾਂ ਉਪਰ ਲਿਖਿਆ ਸੀ: ਵੋਟਾਂ ਮੰਗਣ ਵਾਲੇ ਪਿਛਲੀਆਂ ਵੋਟਾਂ ਸਮੇਂ ਆਪੋ-ਆਪਣੀ ਪਾਰਟੀ ਦੇ ਚੋਣ ਮੈਨੀਫੈਸਟੋ ਦੀ ਕਾਪੀ ਨਾਲ ਲੈ ਕੇ ਆਉਣ ਅਤੇ ਪਿੰਡ ਦੇ ਇਕੱਠ ਵਿਚ ਦੱਸਣ ਕਿ ਉਨ੍ਹਾਂ ਨੇ ਉਹ ਵਾਅਦੇ ਕਿੰਨੇ ਕੁ ਨਿਭਾਏ ਹਨ? ਪੈਸੇ ਅਤੇ ਤੋਹਫੇ ਵੰਡਣ ਵਾਲੇ ਆਗੂਆਂ ਨੂੰ ਪਿੰਡ ਵਾਸੀਆਂ ਵੱਲੋਂ ‘ਸ਼ਗਨ’ ਪਾਇਆ ਜਾਵੇਗਾ। ਪਿੰਡ ਵਾਲੇ ਵਿਕਾਊ ਨਹੀਂ ਹਨ।…
ਸੰਪਰਕ: 94171-48866