ਘਣਛਾਵੇਂ ਬੂਟੇ...

ਘਣਛਾਵੇਂ ਬੂਟੇ...

ਦਰਸ਼ਨ ਸਿੰਘ

ਦਰਸ਼ਨ ਸਿੰਘ

ਮਾਪੇ ਕਦੀ ਕੁਮਾਪੇ ਨਹੀਂ ਬਣਦੇ। ਉਨ੍ਹਾਂ ਦਾ ਧੀਆਂ ਪੁੱਤਾਂ ਲਈ ਕੋਈ ਸੁਪਨਾ ਹੁੰਦਾ ਹੈ ਪਰ ਆਲੇ ਦੁਆਲਿਉਂ ਪੁੱਤਾਂ ਦੇ ਬੋਲ ਜ਼ਰੂਰ ਕੰਨੀਂ ਪੈਂਦੇ ਹਨ। ਉਨ੍ਹਾਂ ਦੇ ਗ਼ੈਰ-ਸੰਜੀਦਗੀ ਵਾਲੇ ਰਵੱਈਏ ਦੀ ਝਲਕ ਜਿੱਥੇ ਚਾਹੋ, ਮਿਲ ਜਾਂਦੀ ਹੈ।

ਮੇਰੇ ਪਾਪਾ ਜੀ ਮੇਰੇ ਚਾਰੇ ਭਰਾਵਾਂ ਵਿਚੋਂ ਮੈਨੂੰ ਹੀ ‘ਸਾਊ ਤੇ ਬੀਬਾ ਪੁੱਤ’ ਸਮਝਦੇ ਸਨ ਭਾਵੇਂ ਸਭ ਲਈ ਉਨ੍ਹਾਂ ਦੇ ਚਾਅ ਤੇ ਫ਼ਿਕਰਾਂ ਵਿਚ ਕੋਈ ਫ਼ਰਕ ਨਹੀਂ ਸੀ। ਉਹ ਨਿਤਨੇਮੀ, ਸੰਤ ਸੁਭਾਅ ਅਤੇ ਰੱਬ ਦੀ ਰਜ਼ਾ ਵਿਚ ਰਹਿਣ ਵਾਲੇ ਸਬਰ ਸੰਤੋਖ ਭਰੇ ਇਨਸਾਨ ਸਨ। ਹਮਦਰਦੀਆਂ ਅਤੇ ਪਿਆਰ ਵੰਡਣਾ, ਇੱਜ਼ਤ ਦੀ ਦਾਲ ਰੋਟੀ ਖਾਣ ਵਾਲੇ, ਸੱਚੀ ਸੁੱਚੀ ਕਿਰਤ ਦੇ ਧਾਰਨੀ, ਅਤਿਅੰਤ ਗੰਭੀਰ ਤੇ ਸੰਜੀਦਾ। ਗੱਲ ਕੀ, ਸੋਹਣੇ ਰੂਪ ਵਾਂਗ ਸੁਨੱਖੀ ਜ਼ਮੀਰ ਉਨ੍ਹਾਂ ਦੇ ਹੀ ਹਿੱਸੇ ਆਈ ਸੀ। ਜਦੋਂ ਅਸੀਂ ਹੋਸ਼ ਸੰਭਾਲੀ ਅਤੇ ਆਪਣੇ ਪੈਰੀਂ ਖੜ੍ਹੇ ਹੋਣ ਜੋਗੇ ਹੋ ਗਏ ਤਾਂ ਉਨ੍ਹਾਂ ਦੀ ਪਹਿਰੇਦਾਰੀ ਨੂੰ ਕੋਈ ਸੁੱਖ ਆਰਾਮ ਮਿਲਿਆ। ਗੁੱਸੇ ਵਿਚ ਉਬਾਲਾ ਖਾਂਦੇ ਮੈਂ ਕਦੀ ਨਾ ਦੇਖੇ ਸੁਣੇ। ਮਾਂ ਵੀ ਜ਼ਿੰਦਗੀ ਦੀਆਂ ਧੁੱਪਾਂ ਛਾਵਾਂ ਵਿਚ ਬਗੈਰ ਮੱਥੇ ਵੱਟ ਪਾਏ ਹਰ ਹੀਲੇ ਸੁਖਾਵੇਂ ਹੁੰਗਾਰੇ ਭਰਦੀ।

ਧੀ ਤਾਂ ਮਾਂ ਦੀ ਕੁੱਖ ਨੇ ਕੋਈ ਨਾ ਜੰਮੀ, ਇਸੇ ਕਰ ਕੇ ਮੈਂ ਮਾਂ ਦੇ ਕੰਮਾਂ ਕਾਰਾਂ ਵਿਚ ਪੂਰਾ ਹੱਥ ਵੰਡਾਉਂਦਾ। ਹੰਭੀ ਹਾਰੀ ਮਾਂ ਨੂੰ ਦੇਖ ਕੇ ਅੰਦਰ ਬਾਹਰ ਝਾੜੂ ਪੋਚੇ ਲਾਉਂਦਾ ਪਰ ਆਪਣੇ ਕੰਮ ਨਿਬੇੜਨ ਲਈ ਉਹ ਪੂਰੀ ਵਾਹ ਲਾਉਂਦੀ। ਇਕ ਅੱਧ ਵਾਰ ਬਿਮਾਰੀ ਦੇ ਜ਼ੋਰ ਨੇ ਮਾਂ ਨੂੰ ਪੂਰੀ ਤਰ੍ਹਾਂ ਮੰਜੇ ਤੇ ਪਾ ਦਿੱਤਾ ਤਾਂ ਪਾਪਾ ਜੀ ਦੀ ਚਿੰਤਾ ਅੰਬਰ ਛੋਹ ਗਈ। ਫਿਰ ਵੀ ਸਾਡੀ ਅਤੇ ਘਰ ਦੀ ਸਾਂਭ ਸੰਭਾਲ ਕਰਨ ਵਿਚ ਉਨ੍ਹਾਂ ਕੋਈ ਕਸਰ ਨਾ ਛੱਡੀ, ਅੰਦਰੋਂ ਸਹਿਜ ਅਡੋਲ ਰਹਿੰਦੇ ਆਪਣੇ ਫ਼ਰਜ਼ ਅਗਾਂਹ ਤੋਰਦੇ ਰਹੇ। ਉਨ੍ਹਾਂ ਨੂੰ ਗੁਰਬਾਣੀ ਦੀਆਂ ਤੁਕਾਂ ਕੰਠ ਸਨ ਅਤੇ ਸਾਨੂੰ ਦਿੱਤੀਆਂ ਸੇਧਾਂ ਸਿੱਖਿਆਵਾਂ ਦਾ ਆਧਾਰ ਇਹੋ ਤੁਕਾਂ ਹੀ ਬਣਦੀਆਂ ਸਨ। ਬਹੁਤ ਵਾਰੀ ਮੇਰੇ ਬੋਲਾਂ ਵਿਚ ਪਾਪਾ ਦੇ ਬੋਲਾਂ ਦਾ ਅਕਸ ਝਲਕਣ ਲਗਦਾ ਤਾਂ ਮਾਂ ਕਹਿ ਦਿੰਦੀ, “ਪਿਉ ਤੇ ਈ ਗਿਐਂ, ਜਨਮ ਪੀੜਾਂ ਤਾਂ ਮੈਂ ਝਲਦੀ ਰਹੀ...।”

ਇਕ ਪਿੱਛੋਂ ਇਕ ਬੀਤਦੇ ਸਾਲ ਸਾਨੂੰ ਅਕਲ, ਸੂਝ ਸਿਆਣਪਾਂ ਵਿਚ ਵੱਡੇ ਕਰਦੇ ਹੋਏ ਗ੍ਰਹਿਸਥੀ ਜ਼ਿੰਦਗੀਆਂ ਵਿਚ ਬੰਨ੍ਹ ਗਏ। ਨਵੀਆਂ ਨਵੀਆਂ ਜ਼ਿੰਮੇਵਾਰੀਆਂ ਦੇ ਸੰਗਲ ਪੈਰੀਂ ਪੈ ਗਏ। ਰੋਟੀ ਰੋਜ਼ੀ ਕਿਸੇ ਭਰਾ ਨੂੰ ਕਿਸੇ ਪਾਸੇ ਤੇ ਕਿਸੇ ਨੂੰ ਕਿਸੇ ਹੋਰ ਪਾਸੇ ਕੋਹਾਂ ਦੂਰ ਲੈ ਗਈ। ਸਾਰੇ ਦੂਰ ਦੁਰਾਡੇ ਵਸ ਗਏ। ਮਾਂ ਪਿਉ ਦੋਵੇਂ ਰਲ ਬੈਠ ਕੇ ਕੈਲੰਡਰ ਵਿਚ ਛੁੱਟੀਆਂ ਦੇ ਦਿਨਾਂ ਨੂੰ ਲੱਭਦੇ ਭਾਲਦੇ ਗੂੜ੍ਹੀਆਂ ਲੀਕਾਂ ਉਨ੍ਹਾਂ ਦੇ ਹੇਠ ਖਿੱਚਦੇ ਵਹੁੰਦੇ ਰਹਿੰਦੇ। ਪਹਿਲੀ ਛੁੱਟੀ ਹੀ ਚਿੱਠੀ ਆ ਜਾਣੀ। ਸ਼ਬਦਾਂ ਦੇ ਲੜ ਬੰਨ੍ਹਿਆ ਮੋਹ ਡੁੱਲ੍ਹ ਡੁੱਲ੍ਹ ਪੈਂਦਾ। “ਮਿਲ ਜਾਉ ਆ ਕੇ। ਜੀ ਬਾਹਲਾ ਈ ਓਦਰਿਆ ਪਿਐ...।” ਆਉਣ ਤੱਕ ਉਨ੍ਹਾਂ ਦੀਆਂ ਅੱਖਾਂ ਸਾਡੇ ਰਾਹਾਂ ਤੇ ਅਟਕੀਆਂ ਰਹਿੰਦੀਆਂ। ਨਾਭੀ ਪੱਗ ਬੰਨ੍ਹੀ ਮੈਂ ਆਉਂਦਾ ਤਾਂ ਉਨ੍ਹਾਂ ਦੇ ਚਿਹਰਿਆਂ ਤੇ ਹਾਸੇ ਗੂੰਜਦੇ। ਚਿਰਾਂ ਦੀ ਡੂੰਘੀ ਉਡੀਕ ਮੁੱਕਦੀ। ਗਹਿਰੀ ਅਪਣੱਤ ਵਿਚ ਦਿਲ ਦੇ ਕਿਸੇ ਰੋਸ ਨੂੰ ਲੁਕਾ ਲੈਂਦੇ। ਬੜਾ ਕੁਝ ਮਾਪਿਆਂ ਦੇ ਅੰਦਰ ਝਾਕ ਕੇ ਦੇਖਿਆ। ਅਸੀਸਾਂ, ਸੁਪਨੇ, ਦੁਆਵਾਂ ਕਿੰਨਾ ਕੁਝ ਉੱਥੇ ਸਾਡੇ ਲਈ ਸੰਜੋਇਆ ਤੇ ਗੁੰਦਿਆ ਪਿਆ ਸੀ। ਸਮਿਆਂ ਨੇ ਸਭ ਕੁਝ ਸਮੇਟ ਤੇ ਬਿਖੇਰ ਦਿੱਤਾ। ਪਤਾ ਨਹੀਂ ਕਿਵੇਂ ਕੋਈ ਰੋਗ ਪਾਪਾ ਦੇ ਅੰਦਰ ਆ ਬੈਠਾ। ਬਿਨਾਂ ਸੋਚੇ ਸਮਝੇ ਉਹ ਬੋਲਦੇ। ਬੋਲਦੇ ਬੋਲਦੇ ਚੁੱਪ ਨਾ ਹੁੰਦੇ। ਇਲਾਜ ਕੋਈ ਫ਼ਰਕ ਨਾ ਪਾ ਸਕਿਆ। ਗੁੱਸੇ ਵਿਚ ਇਕ ਦਿਨ ਮੈਂ ਕੁਝ ਪੁੱਠਾ ਸਿੱਧਾ ਕਹਿ ਬੈਠਾ; ਬੋਲ ਧੁਰ ਅੰਦਰ ਤੱਕ ਉਨ੍ਹਾਂ ਨੂੰ ਸੂਲਾਂ ਵਾਂਗ ਚੁਭ ਗਿਆ। “ਤੂੰ ਵੀ ਹੋਰਾਂ ਨਾਲ ਰਲ ਗਿਐਂ?” ਇੰਨਾ ਕੁ ਹੀ ਮੈਨੂੰ ਕਿਹਾ ਤੇ ਭਰੀਆਂ ਅੱਖਾਂ ਕੰਬਦੇ ਹੱਥ ਨਾਲ ਪੂੰਝ ਲਈਆਂ। ਮੇਰੇ ਕੋਲੋਂ ਉਨ੍ਹਾਂ ਨੂੰ ਅਜਿਹੀ ਉਮੀਦ ਨਹੀਂ ਸੀ। ਕਦੀ ਫਿਰ ਕਿਸੇ ਨਾਲ ਵੀ ਉਹ ਨਾ ਬੋਲੇ। ਚੁੱਪ ਕੀਤੇ ਮੰਜੇ ਤੇ ਪਏ ਰਹਿੰਦੇ। ਉਨੀਂਦੇ ਵਿਚ ਪਾਸੇ ਮਾਰਦਿਆਂ ਉਨ੍ਹਾਂ ਦੇ ਅੰਦਰ ਦੀ ਖਲਬਲੀ ਸ਼ਾਂਤ ਨਾ ਹੁੰਦੀ। ਚੁੱਪ ਦੇ ਇਹ ਫ਼ਾਸਲੇ ਆਖ਼ਰੀ ਦਮ ਤੱਕ ਬਣੇ ਰਹੇ। ਸਾਹਾਂ ਦੀ ਤੰਦ ਟੁੱਟਣ ਨਾਲ ਸਦਮੇ ਵਿਚ ਅਸੀਂ ਸਾਰੇ ਜਿਵੇਂ ਸਾਹ ਹੀਣ ਹੋ ਗਏ।

ਰੋਂਦੇ ਹੋਏ ਦੇਖਦੇ ਮਾਂ ਮੈਨੂੰ ਚੁੱਪ ਕਰਾਉਂਦੀ। ਮੋਢੇ ਤੇ ਹੱਥ ਰੱਖਦੀ। ਸਿਰ ਪਲੋਸਦੀ। ਘੁੱਟ ਕੇ ਕਲਾਵੇ ਵਿਚ ਲੈਂਦੀ। ਹੋਰ ਵੀ ਫੁੱਟ ਫੁੱਟ ਮੈਂ ਰੋ ਪੈਂਦਾ। ਪਾਪਾ ਨੂੰ ਮੇਰੇ ਬੋਲੇ ਪੁੱਠੇ ਸਿੱਧੇ ਬੋਲਾਂ ਦਾ ਦੁੱਖ ਤੇ ਪਛਤਾਵਾ ਘੁਲ ਘੁਲ ਮੇਰੇ ਅੱਥਰੂਆਂ ਰਾਹੀਂ ਬਾਹਰ ਆ ਰਿਹਾ ਸੀ। “ਮੈਨੂੰ ਚਿੱਠੀਆਂ ਹੁਣ ਕੌਣ ਲਿਖੂ? ਕਿਸ ਦੀ ਮੰਜੀ ਚੁੱਕ ਕੇ ਵਿਹੜੇ ਡਾਹੂੰ?” ਚਿੱਠੀਆਂ ਦੇ ਮੋਹ ਭਿੱਜੇ ਅੱਖਰ ਮੇਰੇ ਚੇਤਿਆਂ ਵਿਚ ਘੁੰਮਦੇ। ਮਨ ਦੇ ਕਿਸੇ ਕੋਨੇ ਨੂੰ ਖਾਲੀਪਣ ਦਾ ਅਹਿਸਾਸ ਹੁੰਦਾ। ਮਾਂ ਨੂੰ ‘ਜੀਤਾਂ’ ਕਹਿ ਕੇ ਹਾਕ ਮਾਰਨ ਵਾਲੇ ਪਾਪਾ ਦੀ ਅੰਤਿਮ ਅਰਦਾਸ ਵਿਚ ਹੱਥ ਜੁੜੇ। ਆਪੋ-ਆਪਣੇ ਘਰਾਂ ਨੂੰ ਸਭ ਮੁੜ ਗਏ। ਪਾਪਾ ਦੇ ਹੱਥੀਂ ਬੁਣੀ ਮੰਜੀ ਕੋਲ ਮਾਂ ਜਾ ਖੜ੍ਹੀ ਹੋਈ। ਖਾਲੀ ਪਈ ਮੰਜੀ ਨੂੰ ਬਿੱਟ ਬਿੱਟ ਤੱਕਦੀ ਬੀਤੇ ਪਲਾਂ ਨੂੰ ਲੱਭਦੀ ਰਹੀ। ਮਾਂ ਦੀਆਂ ਅੱਖਾਂ ਦੇ ਹੰਝੂ ਮੈਂ ਪੂੰਝ ਦਿੱਤੇ। “ਪੁੱਤ ਤਾਂ ਤੇਰੇ ਜੀਂਦੇ ਨੇ ਮਾਂ! ਪਹਿਲੋਂ ਹੱਥੀਂ ਛਾਵਾਂ ਤੁਸੀਂ ਕੀਤੀਆਂ, ਹੁਣ ਅਸੀਂ ਕਰਾਂਗੇ...।” ਮੈਂ ਮੂੰਹ ਪਾਸੇ ਕਰ ਕੇ ਹੰਝੂ ਅੱਖਾਂ ਅੰਦਰ ਹੀ ਡੱਕ ਲਏ ਤਾਂ ਕਿ ਮਾਂ ਦੇਖ ਨਾ ਸਕੇ ਕਿ ਮਾਂ ਨੂੰ ਚੁੱਪ ਕਰਾਉਣ ਵਾਲਾ ਪੁੱਤ ਤਾਂ ਆਪ ਰੋ ਰਿਹਾ ਸੀ!

ਸੰਪਰਕ: 94667-37933

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All