DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਿਰਸਵਾਰਥ ਸੇਵਕ...

ਮਿਸ਼ਨ ਕਲੀਨ ਪੰਜਾਬ’ ਮੁਹਿੰਮ ਇੱਕ ਹਫ਼ਤਾ ਜੰਗੀ ਪੱਧਰ ’ਤੇ ਸੂਬੇ ’ਚ ਜਾਰੀ ਰਹੀ। ਆਏ ਦਿਨ ਨਗਰ ਨਿਗਮ ਦੇ ਨੁਮਾਇੰਦੇ ਅਤੇ ਵਿਧਾਇਕ ਆਪਣੇ ਖੇਤਰਾਂ ’ਚ ਸੜਕਾਂ ’ਤੇ ਖ਼ੁਦ ਝਾੜੂ ਫੜ ਕੇ ਇਸ ਮਿਸ਼ਨ ਦਾ ਹਿੱਸਾ ਬਣ ਰਹੇ ਸਨ। ਇਹ ਸਾਰਾ ਕੁਝ...

  • fb
  • twitter
  • whatsapp
  • whatsapp
Advertisement

ਮਿਸ਼ਨ ਕਲੀਨ ਪੰਜਾਬ’ ਮੁਹਿੰਮ ਇੱਕ ਹਫ਼ਤਾ ਜੰਗੀ ਪੱਧਰ ’ਤੇ ਸੂਬੇ ’ਚ ਜਾਰੀ ਰਹੀ। ਆਏ ਦਿਨ ਨਗਰ ਨਿਗਮ ਦੇ ਨੁਮਾਇੰਦੇ ਅਤੇ ਵਿਧਾਇਕ ਆਪਣੇ ਖੇਤਰਾਂ ’ਚ ਸੜਕਾਂ ’ਤੇ ਖ਼ੁਦ ਝਾੜੂ ਫੜ ਕੇ ਇਸ ਮਿਸ਼ਨ ਦਾ ਹਿੱਸਾ ਬਣ ਰਹੇ ਸਨ। ਇਹ ਸਾਰਾ ਕੁਝ ਅਖ਼ਬਾਰਾਂ ਅਤੇ ਹਰ ਚੈਨਲ ਦੀਆਂ ਖ਼ਬਰਾਂ ’ਚ ਫੋਟੋਆਂ ਸਣੇ ਦੇਖਣ ਨੂੰ ਮਿਲਿਆ। ਇਨ੍ਹਾਂ ਦਿਨਾਂ ਦੌਰਾਨ ਜਦੋਂ ਮੈਂ ਪਾਰਕ ਗਈ ਤਾਂ ਉੱਥੇ ਬੈਂਚਾਂ ’ਤੇ ਬੈਠਣ ਲੱਗਿਆਂ ਇੱਕ ਬੈਂਚ ਉੱਤੇ ਖਾਲੀ ਪਲੇਟਾਂ ਤੇ ਰਹਿੰਦ-ਖੂੰਹਦ ਆਦਿ ਪਈ ਸੀ। ਜ਼ਾਹਿਰ ਸੀ ਕਿ ਖਾ ਪੀ ਕੇ ਇਨ੍ਹਾਂ ਨੂੰ ਸਮੇਟਣ ਬਾਰੇ ਕਿਸੇ ਨਹੀਂ ਸੀ ਸੋਚਿਆ। ਐਤਵਾਰ ਦਾ ਦਿਨ ਹੋਣ ਕਾਰਨ ਸਫ਼ਾਈ ਸੇਵਕ ਆਏ ਨਹੀਂ ਸਨ ਤੇ ਕੂੜਾ-ਕਰਕਟ ਅਗਲੇ ਦਿਨ ਵੀ ਉੱਥੇ ਹੀ ਖਿੱਲਰਿਆ ਪਿਆ ਸੀ। ਮੇਰੇ ਜ਼ਿਹਨ ’ਚ ਇੱਕ ਸੋਚ ਉਭਰੀ ਕਿ ਪਿਛਲੇ ਸਾਲ ਇੱਕ ਸਫ਼ਾਈ ਸੇਵਕ ਨਾਲ ਵਾਹ ਪਿਆ ਸੀ। ਜੇਕਰ ਅੱਜ ਉਹ ਇੱਥੇ ਹੁੰਦਾ ਤਾਂ ਉਸ ਨੇ ਇਹ ਸਾਰਾ ਕੂੜਾ-ਕਰਕਟ ਹੱਥ ’ਚ ਫੜੇ ਥੈਲੇ ਵਿੱਚ ਪਾ ਕੇ ਲੈ ਜਾਣਾ ਸੀ। ਇਹ ਕੋਈ ਕਰਮਚਾਰੀ ਨਹੀਂ, ਪਰ ਨਿਸਵਾਰਥ ਸੇਵਕ ਜ਼ਰੂਰ ਹੈ। ਕਈ ਮਹੀਨਿਆਂ ਤੱਕ ਅਸੀਂ ਉਸ ਸ਼ਖ਼ਸ ਨੂੰ ਸਾਫ਼-ਸਫ਼ਾਈ ਦੇ ਕੰਮ ਵਿੱਚ ਰੁੱਝਿਆਂ ਦੇਖਦੇ ਰਹੇ। ਪਾਰਕ ਆਉਣ ਵਾਲੇ ਲੋਕ ਇੱਕ-ਦੂਜੇ ਨੂੰ ਦੱਸਦੇ ਕਿ ਇਹ ਬਜ਼ੁਰਗ ਸਵੇਰੇ ਵੱਡਾ ਸਾਰਾ ਬੋਰਾ ਲੈ ਕੇ ਨਿਕਲ ਪੈਂਦੇ ਹਨ। ਪਾਰਕ ਦੇ ਮੁੱਖ ਗੇਟਾਂ, ਫੁੱਟਪਾਥਾਂ ਤੇ ਸੜਕ ਤੋਂ ਹਰ ਤਰ੍ਹਾਂ ਦਾ ਕੂੜਾ-ਕਰਕਟ ਇਕੱਠਾ ਕਰਕੇ ਭਰ ਲੈਂਦੇ ਹਨ। ਇੱਕ ਦਿਨ ਮੇਰੀ ਸਹੇਲੀ ਨੇ ਦੱਸਿਆ ਕਿ ਉਹ ਰਾਹ ’ਚ ਬੋਰਾ ਫੜੀ ਖੜ੍ਹੇ ਸਨ ਤੇ ਕਿਸੇ ਨੁੱਕਰ ਵੱਲ ਧੂਹ ਕੇ ਲਿਜਾਣ ਲਈ ਉਨ੍ਹਾਂ ਉਸ ਨੂੰ ਮਦਦ ਕਰਨ ਲਈ ਆਖਿਆ। ਸੜਕੀ ਆਵਾਜਾਈ ਕਾਰਨ ਉਸ ਨੇ ਉੱਥੋਂ ਲੰਘ ਰਹੇ ਕੁਝ ਨੌਜਵਾਨਾਂ ਨੂੰ ਰੋਕ ਕੇ ਇਸ ਬਜ਼ੁਰਗ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ।

ਹਰ ਕੋਈ ਇਸ ਸ਼ਖ਼ਸ ਬਾਰੇ ਜਾਣਨ ਲਈ ਉਤਸੁਕ ਸੀ ਕਿ ਇਸ ਉਮਰ ’ਚ ਉਨ੍ਹਾਂ ਇਹ ਫਤੂਰ ਜਾਂ ਜਨੂੰਨ ਕਿਉਂ ਪਾਲ ਰੱਖਿਆ ਹੈ ਤੇ ਪਰਿਵਾਰ ਵਾਲੇ ਰੋਕਦੇ ਕਿਉਂ ਨਹੀਂ? ਇਸੇ ਸਾਲ ਗਣਤੰਤਰ ਦਿਵਸ ’ਤੇ ਪਦਮ ਪੁਰਸਕਾਰ ਮਿਲਣ ਵਾਲਿਆਂ ਦੇ ਨਾਮ ਤੇ ਫੋਟੋ ਵੇਖਦਿਆਂ ਅਣਕਿਆਸਿਆ ਸੱਚ ਸਾਹਮਣੇ ਆਇਆ ਕਿ ਇਹ ਤਾਂ ਉਹੀ ਸ਼ਖ਼ਸ ਹੈ, ਜੋ ਸਾਡੇ ਲਈ ਬੁਝਾਰਤ ਬਣਿਆ ਰਿਹਾ ਹੈ; ਇਹ ਤਾਂ ਸੇਵਾਮੁਕਤ ਡੀ ਆਈ ਜੀ ਇੰਦਰਜੀਤ ਸਿੰਘ ਸਿੱਧੂ ਹਨ। ਐਵਾਰਡ ਐਲਾਨੇ ਜਾਣ ਤੋਂ ਬਾਅਦ ਵੀ ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕੰਮਾਂ ’ਚ ਨਿਰਵਿਘਨ ਰੁੱਝਿਆ ਵੇਖਦੀ। ਇੱਕ ਦਿਨ ਮੈਨੂੰ ਰਾਹ ’ਚ ਮਿਲ ਪਏ। ਦੁਆ-ਸਲਾਮ ਕਰਦਿਆਂ ਮੈਂ ਪੁੱਛਿਆ, ‘‘ਅਖ਼ਬਾਰ ’ਚ ਤਾਂ ਤੁਹਾਡਾ ਪਤਾ ਚੰਡੀਗੜ੍ਹ ਦਾ ਹੈ, ਫਿਰ ਇੱਥੇ ਮੁਹਾਲੀ ’ਚ ਕਿਵੇਂ?’’ ਉਨ੍ਹਾਂ ਦੱਸਿਆ, ‘‘ਮੇਰਾ ਬੇਟਾ ਕੈਲੀਫੋਰਨੀਆ (ਅਮਰੀਕਾ) ’ਚ ਹੈ। ਚੰਡੀਗੜ੍ਹ ’ਚ ਪੀ ਸੀ ਐੱਸ, ਆਈ ਏ ਐੱਸ ਸੁਸਾਇਟੀ ਵਿੱਚ ਮੇਰੀ ਰਿਹਾਇਸ਼ ਹੈ।’’ ਸਾਹਮਣੇ ਗਲੀ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਅਹੁ ਸਾਹਮਣੇ ਮੇਰੀ ਧੀ ਦਾ ਘਰ ਹੈ। ਉਹ ਮੈਨੂੰ ਇੱਥੇ ਲੈ ਆਏ ਹਨ, ਅਖੇ, ਤੁਹਾਡੀ ਸਿਹਤ ਠੀਕ ਨਹੀਂ।”

Advertisement

ਉਨ੍ਹਾਂ ਦੀ ਧੀ ਨਾਲ ਵੀ ਇੱਕ ਦਿਨ ਸਬੱਬੀਂ ਮੇਲ ਹੋ ਗਿਆ। ਉਸ ਨੇ ਦੱਸਿਆ, ‘‘1996 ’ਚ ਮੇਰੇ ਪਿਤਾ ਡੀ ਆਈ ਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਨੇ ਇਸ ਐਵਾਰਡ ਵਾਸਤੇ ਅਪਲਾਈ ਨਹੀਂ ਸੀ ਕੀਤਾ। ਕਈ ਦਹਾਕਿਆਂ ਤੋਂ ਸਵੇਰੇ ਤੜਕਸਾਰ ਸੈਰ ਕਰਨ ਦੀ ਬਜਾਏ ਸਾਈਕਲ ਰੇਹੜੀ ਲੈ ਕੇ ਸੜਕਾਂ ’ਤੇ ਨਿਕਲ ਜਾਂਦੇ ਹਨ। ਲੋਕਾਂ ਵੱਲੋਂ ਸੁੱਟਿਆ ਕੂੜਾ-ਕਰਕਟ ਹੱਥਾਂ ਨਾਲ ਚੁੱਕ ਕੇ ਬੋਰੇ ਭਰ ਕੇ ਰੇਹੜੀ ’ਤੇ ਲੱਦ ਕੇ ਨਿਪਟਾਰਾ ਕਰਦੇ ਰਹੇ ਹਨ। ਇਸੇ ਦੌਰਾਨ ਕਈ ਪ੍ਰਮੁੱਖ ਚੈਨਲਾਂ ਤੇ ਅਖ਼ਬਾਰਾਂ ਦੇ ਪੱਤਰਕਾਰਾਂ ਨੇ ਰਿਪੋਰਟਿੰਗ ਕੀਤੀ। ਇਹ ਤਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਪਾਪਾ ਕਈ ਲੋਕਾਂ ਦੇ ਮਜ਼ਾਕ ਦਾ ਪਾਤਰ ਵੀ ਬਣਦੇ ਰਹੇ, ਪਰ ਉਨ੍ਹਾਂ ਦੇ ਅੰਤਰਮਨ ਵਿੱਚ ਤਾਂ ਗੁਰਬਾਣੀ ’ਚ ਕੁਦਰਤ ਦੀ ਮਹੱਤਤਾ ਬਾਰੇ ਦਰਜ ਤੁਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਵੱਸ ਚੁੱਕੀ ਸੀ।’’ 23 ਜੂਨ ਨੂੰ ਇਸ ਅਣਗੌਲੇ ਤੇ ਬੁਝਾਰਤ ਬਣੇ ਨਾਇਕ ਦੀਆਂ ਪਦਮ ਸ੍ਰੀ ਲੈਂਦਿਆਂ ਦੀਆਂ ਕਈ ਵੀਡੀਓ ਵਾਇਰਲ ਹੋਈਆਂ।

Advertisement

ਬੜੀ ਨਿਮਰਤਾ, ਸਹਿਜ ਤੇ ਸੰਜਮ ਨਾਲ ਉਨ੍ਹਾਂ ਐਵਾਰਡ ਲੈਂਦਿਆਂ ਉਥੇ ਹਾਜ਼ਰ ਸ਼ਖ਼ਸੀਅਤਾਂ ਨੂੰ ਦੁਆ-ਸਲਾਮ ਕੀਤੀ। ਉਸ ਪਲ ਸ਼ਾਇਦ ਮਨ ਵਿੱਚ ਕਹਿ ਰਹੇ ਹੋਣ ਕਿ ਹਰ ਸਾਲ 2 ਅਕਤੂਬਰ ਨੂੰ ਮਹਿਜ਼ ਇੱਕ ਦਿਨ ਸਫ਼ਾਈ ਮੁਹਿੰਮ ਚਲਾ ਕੇ ਹੀ ਸਾਫ਼-ਸਫ਼ਾਈ ਦੇ ਹਾਲਾਤ ਸੁਧਾਰੇ ਨਹੀਂ ਜਾ ਸਕਦੇ। ਉਹ ਚਾਹੁੰਦੇ ਹਨ ਕਿ ਇਸ ਸਬੰਧੀ ਸਖ਼ਤ ਨਿਯਮ-ਕਾਨੂੰਨ ਬਣਾਏ ਜਾਣ ਤੇ ਕੂੜੇ-ਕਰਕਟ ਦਾ ਠੀਕ ਢੰਗ ਨਾਲ ਨਿਪਟਾਰਾ ਕੀਤਾ ਜਾਵੇ। ਦਰਅਸਲ, ਕਈ ਜਨਤਕ ਥਾਵਾਂ ’ਤੇ ਤਾਂ ਕੂੜੇਦਾਨ ਹੀ ਨਹੀਂ ਹਨ। ਸਫ਼ਾਈ ਦਾ ਸੰਕਲਪ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਲੋਕਾਂ ਨੂੰ ਜਨਤਕ ਤੌਰ ’ਤੇ ਜਾਗਰੂਕ ਕੀਤਾ ਜਾਵੇ। ਹਰ ਨਾਗਰਿਕ ਦੇ ਮਨ ’ਚ ਇਹ ਜਜ਼ਬਾ ਪੈਦਾ ਹੋਵੇ ਕਿ ਮੇਰਾ ਚੌਗਿਰਦਾ, ਗਲੀ, ਮੇਰਾ ਪਿੰਡ, ਸ਼ਹਿਰ ਗੰਦਾ ਨਾ ਹੋਵੇ।

ਸੰਪਰਕ: 98156-52272

Advertisement
×