DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜ਼ ਦੀ ਗੱਲ

ਸ਼ਹਿਰ ਵਿੱਚ ਦੁਕਾਨ ਕੀਤੀ ਨੂੰ ਇੱਕ ਸਾਲ ਦਾ ਸਮਾਂ ਹੋ ਚੁੱਕਿਆ ਸੀ। ਆਮ ਤੌਰ ’ਤੇ ਛੋਟੇ ਸ਼ਹਿਰਾਂ ਤੇ ਮੰਡੀਆਂ ਵਿੱਚ ਬਹੁਤੇ ਗਾਹਕ ਜਾਣ-ਪਛਾਣ ਵਾਲੇ ਅਤੇ ਪੱਕੇ ਹੁੰਦੇ ਹਨ। ਉਸੇ ਤਰ੍ਹਾਂ ਮੇਰੀ ਦੁਕਾਨ ’ਤੇ ਵੀ ਕਈ ਗਾਹਕ ਪੱਕੇ ਲੱਗ ਚੁੱਕੇ ਸਨ।...

  • fb
  • twitter
  • whatsapp
  • whatsapp
Advertisement

ਸ਼ਹਿਰ ਵਿੱਚ ਦੁਕਾਨ ਕੀਤੀ ਨੂੰ ਇੱਕ ਸਾਲ ਦਾ ਸਮਾਂ ਹੋ ਚੁੱਕਿਆ ਸੀ। ਆਮ ਤੌਰ ’ਤੇ ਛੋਟੇ ਸ਼ਹਿਰਾਂ ਤੇ ਮੰਡੀਆਂ ਵਿੱਚ ਬਹੁਤੇ ਗਾਹਕ ਜਾਣ-ਪਛਾਣ ਵਾਲੇ ਅਤੇ ਪੱਕੇ ਹੁੰਦੇ ਹਨ। ਉਸੇ ਤਰ੍ਹਾਂ ਮੇਰੀ ਦੁਕਾਨ ’ਤੇ ਵੀ ਕਈ ਗਾਹਕ ਪੱਕੇ ਲੱਗ ਚੁੱਕੇ ਸਨ। ਸੇਠ ਲਹਿਜ਼ ਰਾਮ ਮੇਰਾ ਪੱਕਾ ਗਾਹਕ ਸੀ। ਉਹ ਮੰਡੀ ਦਾ ਧਨਾਢ ਤੇ ਸਿਰੇ ਦਾ ਕੰਜੂਸ ਆਦਮੀ ਸੀ। ਉਸ ਦੀ ਦੁਕਾਨ ਅਤੇ ਘਰ ਦੇ ਰਸਤੇ ਦੇ ਵਿਚਕਾਰ ਮੇਰੀ ਦੁਕਾਨ ਪੈਂਦੀ ਸੀ। ਮੈਂ ਉਸ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ, ਪਰ ਉਹ ਮੇਰੇ ਬਾਰੇ ਨਹੀਂ ਸੀ ਜਾਣਦਾ। ਅੱਸੀ-ਪਚਾਸੀ ਸਾਲ ਦੀ ਉਮਰ ਹੋਣ ਕਾਰਨ ਉਹ ਹੌਲੀ-ਹੌਲੀ ਸੋਟੀ ਸਹਾਰੇ ਤੁਰਦਾ ਸੀ। ਸ਼ੂਗਰ ਅਤੇ ਬੀ ਪੀ ਦੀ ਦਵਾਈ ਤਾਂ ਉਸ ਦੀ ਲਗਾਤਾਰ ਚੱਲਦੀ ਸੀ। ਇੱਕ ਮਹੀਨੇ ਦੀ ਇਕੱਠੀ ਲੈ ਜਾਂਦਾ ਸੀ। ਜਦੋਂ ਕਦੇ ਨਵੀਂ ਦਵਾਈ ਲੈਣੀ ਹੁੰਦੀ ਤਾਂ ਉਹ ਦਵਾਈ ਦੀ ਪਰਚੀ ਜਾਂ ਪੱਤਾ-ਸ਼ੀਸ਼ੀ ਦਿਖਾ ਕੇ ਪੁੱਛਦਾ, ‘‘ਕਾਕਾ, ਆਹ ਦੇਖੀਂ ਤੇਰੇ ਕੋਲ ਦਵਾਈ ਹੈਗੀ?’’ ਹਾਂ ਕਹਿਣ ’ਤੇ ਉਹ ਰੇਟ ਪੁੱਛਦਾ ਅਤੇ ਫਿਰ ਰੇਟ ਬਾਰੇ ਨੁਕਤਾਚੀਨੀ ਸ਼ੁਰੂ ਹੋ ਜਾਂਦੀ। ਮੈਂ ਆਪਣੇ ਰੇਟ ਸਾਰਿਆਂ ਲਈ ਜਾਇਜ਼ ਰੱਖੇ ਹੋਏ ਸਨ ਅਤੇ ਉਦੋਂ ਜੈਨਰਿਕ ਦਵਾਈਆਂ (ਜਿਨ੍ਹਾਂ ’ਤੇ ਅਸਲ ਕੀਮਤ ਤੋਂ ਕਈ ਗੁਣਾ ਵੱਧ ਪ੍ਰਿੰਟ ਹੁੰਦਾ ਹੈ) ਦਾ ਚਲਨ ਅਜੇ ਸ਼ੁਰੂ ਨਹੀਂ ਸੀ ਹੋਇਆ।

ਉਹ ਸਾਰੀ ਵਾਰਤਾ ਦੁਕਾਨ ਅੱਗੇ ਸੜਕ ’ਤੇ ਖੜ੍ਹ ਕੇ ਹੀ ਕਰਦਾ ਕਿਉਂਕਿ ਦੁਕਾਨ ਸੜਕ ਤੋਂ ਉੱਚੀ ਹੋਣ ਕਾਰਨ ਉਸ ਨੂੰ ਉੱਪਰ ਚੜ੍ਹਨਾ ਮੁਸ਼ਕਿਲ ਸੀ। ਉਮਰ ਦੇ ਹਿਸਾਬ ਨਾਲ ਉਸ ਨੂੰ ਥੋੜ੍ਹਾ ਉੱਚਾ ਵੀ ਸੁਣਦਾ ਸੀ, ਜਿਸ ਕਾਰਨ ਮੈਨੂੰ ਉੱਚੀ ਬੋਲਣਾ ਪੈਂਦਾ ਅਤੇ ਅੱਗੋਂ ਉਹ ਵੀ ਉੱਚੀ ਆਵਾਜ਼ ਵਿੱਚ ਗੱਲ ਕਰਦਾ। ਸੜਕ ’ਤੇ ਆਉਣ-ਜਾਣ ਵਾਲੇ ਸਾਡੇ ਵੱਲ ਦੇਖ ਕੇ ਹੱਸ ਪੈਂਦੇ। ਕੀਮਤ ਪੁੱਛਣ ਤੋਂ ਬਾਅਦ ਵੀ ਉਹ ਦਵਾਈ ਨਾ ਲੈਂਦਾ। ਸ਼ਾਇਦ ਉਹ ਹੋਰ ਦੁਕਾਨਾਂ ’ਤੇ ਵੀ ਕੀਮਤ ਪਤਾ ਕਰਦਾ ਸੀ। ਕੁਝ ਸਮੇਂ ਬਾਅਦ ਉਸ ਦਾ ਮੁਲਾਜ਼ਮ ਆ ਕੇ ਪੁੱਛੀ ਦਵਾਈ ਲੈ ਜਾਂਦਾ। ਕੀਮਤ ਪਤਾ ਹੋਣ ਦੇ ਬਾਵਜੂਦ ਲਹਿਜ਼ ਰਾਮ ਮੁਲਾਜ਼ਮ ਨੂੰ ਪੈਸੇ ਦੇ ਕੇ ਨਾ ਭੇਜਦਾ ਪਰ ਦਵਾਈ ਲਿਜਾਣ ਤੋਂ ਬਾਅਦ ਪੈਸੇ ਭੇਜਦਾ ਸੀ। ਦੁਪਹਿਰ ਜਾਂ ਸ਼ਾਮੀਂ ਆਉਂਦਾ-ਜਾਂਦਾ ਪੁੱਛਦਾ, ‘‘ਕਾਕਾ! ਮੁਲਾਜ਼ਮ ਰੁਪਏ ਦੇ ਗਿਆ?’’ ਉਸ ਦਾ ਇਹ ਵਤੀਰਾ ਪ੍ਰੇਸ਼ਾਨ ਕਰਨ ਵਾਲਾ ਸੀ ਪਰ ਵਡੇਰੀ ਉਮਰ ਅਤੇ ਰਸੂਖ ਕਾਰਨ ਮੈਂ ਚੁੱਪ ਰਹਿੰਦਾ।

Advertisement

ਇੱਕ ਦਿਨ ਮੈਂ ਕਿਸੇ ਗੱਲੋਂ ਪਰੇਸ਼ਾਨ ਸੀ ਤੇ ਉਪਰੋਂ ਲਹਿਜ਼ ਰਾਮ ਆ ਗਿਆ ਅਤੇ ਸੜਕ ’ਤੇ ਖੜ੍ਹ ਕੇ ਉੱਚੀ ਆਵਾਜ਼ ਵਿੱਚ ਬੋਲਿਆ, ‘‘ਕਾਕਾ, ਬੈਟਨੋਵੇਟ ਕਰੀਮ ਹੈਗੀ?’’ ਮੈਂ ਕਿਹਾ, ‘‘ਹਾਂ ਜੀ, ਹੈਗੀ।’’ ‘ਕਿੰਨੇ ਦੀ ਐ?’ ਉਸ ਫਿਰ ਪੁੱਛਿਆ। ਵੀਹ ਰੁਪਏ ਪ੍ਰਿੰਟ ਸੀ ਅਤੇ ਮੈਂ ਅਠਾਰਾਂ ਰੁਪਏ ਦੀ ਵੇਚਦਾ ਸੀ ਜੋ ਕਿ ਸੋਲਾਂ ਰੁਪਏ ਦੀ ਮੈਨੂੰ ਆਉਂਦੀ ਸੀ ਪਰ ਮੈਂ ਜ਼ਿਆਦਾ ਨਾ ਬੋਲਣ ਦੇ ਮੂਡ ਵਿੱਚ ਹੋਣ ਕਾਰਨ ਇੱਕ ਰੁਪਿਆ ਹੋਰ ਘਟਾ ਕੇ ਕਿਹਾ, ‘‘ਸਤਾਰਾਂ ਰੁਪਏ।’’ ‘‘ਸੋਲ੍ਹਾਂ ਦੀ ਲੱਗੂ?’’ ਲਹਿਜ਼ ਰਾਮ ਬੋਲਿਆ। ‘‘ਨਹੀਂ ਜੀ।’ ਕਹਿੰਦਿਆਂ ਮੈਂ ਹੋਰ ਗਾਹਕ ਨੂੰ ਦਵਾਈ ਦੇਣ ਲੱਗ ਪਿਆ। ਉਹ ਫਿਰ ਬੋਲਿਆ, ‘‘ਚੱਲ ਸਾਢੇ ਸੋਲ੍ਹਾਂ ਦੀ ਲਾ ਲੈ।’’ ਮੈਂ ਉਸ ਦੇ ਇੱਕ ਦਵਾਈ ਲਈ ਚਾਰ-ਚਾਰ ਗੇੜਿਆਂ ਅਤੇ ਨੁਕਤਾਚੀਨੀ ਤੋਂ ਅੱਕਿਆ ਹੋਇਆ ਸੀ ਅਤੇ ਉੱਪਰੋਂ ਉਸ ਦਿਨ ਮੈਂ ਆਪਣੀ ਪ੍ਰੇਸ਼ਾਨੀ ’ਚ ਘਿਰਿਆ ਹੋਇਆ ਸੀ। ਮੈਂ ਖਿੱਝ ਕੇ ਕਿਹਾ, ‘‘ਲਾਲਾ ਕਿਉਂ ਅਠਿਆਨੀ-ਅਠਿਆਨੀ ਪਿੱਛੇ ਮਰਦੈਂ..! ਬਥੇਰਾ ਜੋੜ ਲਿਆ, ਸਿਵਿਆਂ ’ਚ ਲੱਤਾਂ ਨੇ, ਹੁਣ ਰਾਮ-ਰਾਮ ਕਰਿਆ ਕਰ।’’ ਉਸ ਨੂੰ ਮੇਰੇ ਤੋਂ ਅਜਿਹੇ ਤਲਖ਼ ਜਵਾਬ ਦੀ ਉਮੀਦ ਨਹੀਂ ਸੀ। ਉਹ ਬੋਲਿਆ, ‘‘ਕਾਕਾ ਉਰ੍ਹੇ ਆ।’’ ਮੈਂ ਨਾ ਚਾਹੁੰਦਾ ਹੋਇਆ ਵੀ ਉਸ ਕੋਲ ਚਲਾ ਗਿਆ। ਦਿਲੋਂ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਬਜ਼ਰੁਗ ਬੰਦੇ ਨੂੰ ਇਸ ਤਰ੍ਹਾਂ ਬੋਲਣਾ ਸਹੀ ਨਹੀਂ ਸੀ। ਇਸ ਵਾਰ ਮੈਂ ਸਹਿਜ ਨਾਲ ਕਿਹਾ, ‘‘ਹਾਂ ਜੀ ਸੇਠ ਜੀ ਬੋਲੋ।’’ ‘‘ਕਿਨ੍ਹਾਂ ਦਾ ਮੁੰਡਾ ਐਂ ਤੂੰ?’’ ਉਸ ਸਵਾਲ ਕੀਤਾ। ‘‘ਮੇਰਾ ਪਿੰਡ ਫਫ਼ੜੇ ਭਾਈ ਕੇ ਹੈ।’’ ‘‘ਫਫ਼ੜਿਆਂ ਤੋਂ ਕਿਨ੍ਹਾਂ ਦਾ?’’ ਸਾਲ ਹੋ ਚੱਲਿਆ ਸੀ ਉਸ ਨਾਲ ਵਾਹ ਪਿਆਂ ਪਰ ਪਹਿਲਾਂ ਉਸ ਕਦੇ ਮੇਰਾ ਨਾਂ ਵੀ ਨਹੀਂ ਸੀ ਪੁੱਛਿਆ। ‘‘ਮੇਰੇ ਪਿਤਾ ਜੀ ਦਾ ਨਾਂ ਕਾਮਰੇਡ ਰਾਮ ਲਾਲ ਹੈ,’’ ਮੈਂ ਕਿਹਾ। ‘‘ਉਹ ਜੋ ਸਾਬਕਾ ਸਰਪੰਚ ਹੈ?’’ ਉਸ ਮੋੜਵਾਂ ਸਵਾਲ ਕੀਤਾ। ‘‘ਹਾਂ ਜੀ..!’’ ‘‘ਕੁਝ ਸਮਾਂ ਪਹਿਲਾਂ ਸਹਿਕਾਰੀ ਸੁਸਾਇਟੀ ਦਾ ਮੀਤ ਪ੍ਰਧਾਨ ਵੀ ਸੀ ਉਹ?’’ ਮੈਂ ਸਮਝ ਗਿਆ ਕਿ ਉਹ ਮੇਰੇ ਪਿਤਾ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ‘‘ਹਾਂ ਜੀ!’’ ਹੁਣ ਉਸ ਦਾ ਵਤੀਰਾ ਬਦਲ ਗਿਆ ਸੀ। ‘‘ਤੂੰ ਤਾਂ ਘਰ ਦਾ ਮੁੰਡਾ ਨਿਕਲਿਆ! ਪੁੱਛ ਕੇ ਦੇਖੀਂ, ਤੇਰੇ ਪਿਤਾ ਨਾਲ ਤਾਂ ਚੰਗੀ ਸਾਂਝ ਹੈ ਮੇਰੀ। ਇੱਕ-ਦੋ ਅੜੇ ਹੋਏ ਗੱਡੇ ਕਢਵਾਏ ਨੇ ਸਾਡੇ...! ਲੈ ਬਈ ਪੁੱਤਰਾ! ਹੁਣ ਚਾਹੇ ਰੁਪਈਆ ਵੱਧ ਲਾ ਲਿਆ ਕਰ ਲਹਿਜ਼ ਰਾਮ ਨ੍ਹੀਂ ਬੋਲਦਾ।’’ ਮੇਰੇ ਮੋਢੇ ’ਤੇ ਹੱਥ ਧਰਦਿਆਂ ਉਹ ਬੋਲਿਆ, ‘‘ਇੱਕ ਰਾਜ਼ ਦੀ ਗੱਲ ਦੱਸਦਾਂ, ਜੇ ਲਹਿਜ਼ ਰਾਮ ਅਠਿਆਨੀ-ਅਠਿਆਨੀ ਦੀ ਕਿਰਸ ਨਾ ਕਰਦਾ ਤਾਂ ਉਹ ਸੇਠ ਲਹਿਜ਼ ਰਾਮ ਕਦੇ ਨਾ ਬਣਦਾ, ਲਹਿਜ਼ੂ ਬਾਣੀਆ ਹੀ ਰਹਿੰਦਾ, ਪਿੰਡ ਦੇ ਕੱਚੇ ਘਰ ਦੇ ਇੱਕ ਖੂੰਜੇ ਵਿੱਚ ਬਣੀ ਦੁਕਾਨ ’ਤੇ ਟੌਫ਼ੀਆਂ ਵੇਚਣ ਵਾਲਾ...!’’

Advertisement

ਫਿਰ ਉਸ ਨੇ ਗ਼ਰੀਬੀ ਦੀ ਹਾਲਤ ਵਿੱਚ ਪਿੰਡ ਛੱਡ ਕੇ ਮੰਡੀ ਵਿੱਚ ਦੁਕਾਨ ਕਰਨ ਅਤੇ ਮਿਹਨਤ ਸਦਕਾ ਕਾਰੋਬਾਰ ਖੜ੍ਹਾ ਕਰਨ ਤੱਕ ਦੀ ਦਾਸਤਾਨ ਮੈਨੂੰ ਸੁਣਾਈ। ਵਾਕਈ ਇਸ ਘਟਨਾ ਨੇ ਮੈਨੂੰ ਜ਼ਿੰਦਗੀ ’ਚ ਮਿਹਨਤ ਅਤੇ ਫੂਹੀ ਫੂਹੀ ਕਰਕੇ ਤਲਾਬ ਭਰਦਿਆਂ ਆਪਣੇ ਬਲਬੂਤੇ ਕਾਮਯਾਬੀ ਦੀ ਇਬਾਰਤ ਲਿਖਣ ਦਾ ਰਾਜ਼ ਸਮਝਾ ਦਿੱਤਾ।

ਸੰਪਰਕ: 98156-80980

Advertisement
×