ਗਿਆਨ ਦਾ ਸਮੁੰਦਰ
ਕਿਤਾਬਾਂ ਨਾਲ ਦੋਸਤੀ ਪਿੰਡ ਦੇ ਹਾਈ ਸਕੂਲ ਪੜ੍ਹਦਿਆਂ ਹੀ ਪੈ ਗਈ ਸੀ। ਮੈਂ ਸਕੂਲ ਦੀ ਲਾਇਬਰੇਰੀ ਵਿੱਚੋਂ ਕੋਈ ਨਾ ਕੋਈ ਪੁਸਤਕ ਆਪਣੇ ਨਾਂ ਜਾਰੀ ਕਰਵਾ ਲਿਆਉਂਦਾ। ਘਰੇ ਸਕੂਲ ਦਾ ਕੰਮ ਮੁਕਾ ਕੇ ਪੁਸਤਕਾਂ ਦਾ ਸਾਥ ਮਾਣਦਾ। ਇਸ ਰੁਚੀ ਕਾਰਨ ਮੈਂ...
ਕਿਤਾਬਾਂ ਨਾਲ ਦੋਸਤੀ ਪਿੰਡ ਦੇ ਹਾਈ ਸਕੂਲ ਪੜ੍ਹਦਿਆਂ ਹੀ ਪੈ ਗਈ ਸੀ। ਮੈਂ ਸਕੂਲ ਦੀ ਲਾਇਬਰੇਰੀ ਵਿੱਚੋਂ ਕੋਈ ਨਾ ਕੋਈ ਪੁਸਤਕ ਆਪਣੇ ਨਾਂ ਜਾਰੀ ਕਰਵਾ ਲਿਆਉਂਦਾ। ਘਰੇ ਸਕੂਲ ਦਾ ਕੰਮ ਮੁਕਾ ਕੇ ਪੁਸਤਕਾਂ ਦਾ ਸਾਥ ਮਾਣਦਾ। ਇਸ ਰੁਚੀ ਕਾਰਨ ਮੈਂ ਕਈ ਪ੍ਰਸਿੱਧ ਲੇਖਕਾਂ ਦੀਆਂ ਰਚਨਾਵਾਂ ਸਕੂਲ ਸਮੇਂ ਦੌਰਾਨ ਹੀ ਪੜ੍ਹ ਲਈਆਂ ਸਨ। ਉਦੋਂ ਪਿੰਡ ਪਿੰਡ ਨਾਟਕ ਮੇਲੇ ਕਰਵਾਉਣ ਦਾ ਰੁਝਾਨ ਸੀ। ਅਸੀਂ ਆਪਣੇ ਪਿੰਡ ਉੱਘੇ ਲੋਕ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਟਕ ਵੇਖਣ ਜਾਂਦੇ। ਭਾ’ਜੀ ਗੁਰਸ਼ਰਨ ਸਿੰਘ ਦੇ ਨਾਟਕਾਂ ਤੋਂ ਮਗਰੋਂ ਉਨ੍ਹਾਂ ਵੱਲੋਂ ਲਿਆਂਦੀਆਂ ਪੁਸਤਕਾਂ ਵੱਡੇ ਵੀਰ ਰਾਹੀਂ ਸਾਡੇ ਘਰ ਵੀ ਆਉਂਦੀਆਂ। ਪੁਸਤਕਾਂ ਦੀ ਇਹ ਸਾਂਝ ਫਰੀਦਕੋਟ ਦੇ ਬਰਜਿੰਦਰਾ ਕਾਲਜ ਪਹੁੰਚ ਕੇ ਕਵਿਤਾ ਤੇ ਗਾਇਨ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਸਬੱਬ ਬਣੀ ਜਿਸ ਨੇ ਮਿਹਨਤ ਤੇ ਲਗਨ ਨਾਲ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਸਬਕ ਦਿੱਤਾ।
ਅਧਿਆਪਨ ਦੇ ਸਿਖਲਾਈ ਕੋਰਸ ਦੌਰਾਨ ਇਹ ਰੁਚੀ ਹੋਰ ਪ੍ਰਫੁੱਲਿਤ ਹੋਈ। ਬੋਲਣ, ਲਿਖਣ ਦੀ ਕਲਾ ਵਿੱਚ ਮੁਹਾਰਤ ਹਾਸਲ ਹੋਣ ਲੱਗੀ। ਕੋਰਸ ਪੂਰਾ ਹੋਣ ’ਤੇ ਮੇਰੇ ਸੰਗੀ ਸਾਥੀਆਂ ਨੇ ਅਧਿਆਪਨ ਕਿੱਤਾ ਚੁਣਿਆ। ਮੈਂ ਭਾਰਤ ਸਰਕਾਰ ਦੀ ਬੀਮਾ ਕੰਪਨੀ ਦੇ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਬੀਮਾ ਅਧਿਕਾਰੀ ਵਜੋਂ ਚੁਣਿਆ ਗਿਆ। ਮੇਰਾ ਇਹ ਕਿੱਤਾ ਭਾਵੇਂ ਸਾਹਿਤ, ਕਲਾ ਤੇ ਪੁਸਤਕਾਂ ਨਾਲ ਸਿੱਧਾ ਸਬੰਧ ਨਹੀਂ ਸੀ ਰੱਖਦਾ, ਪਰ ਮੈਂ ਆਪਣਾ ਕੰਮ ਕਰਦਿਆਂ ਪੁਸਤਕਾਂ ਦੇ ਗਿਆਨ ਤੇ ਕਲਾ ਦੇ ਰੂਪਾਂ ਦੀ ਵਰਤੋਂ ਕਰਦਾ ਰਹਿੰਦਾ ਜਿਸ ਨੂੰ ਮੇਰੇ ਸਹਿਕਰਮੀ ਤੇ ਫੀਲਡ ਦੇ ਉਪਭੋਗਤਾ ਪਸੰਦ ਕਰਦੇ। ਮਾਂ ਬੋਲੀ ਦੇ ਮਿੱਠੇ ਬੋਲਾਂ ਨਾਲ ਗੱਲਬਾਤ ਕਰਨ ਵਿੱਚ ਹਾਸਲ ਹੋਈ ਪ੍ਰਵੀਨਤਾ ਰੰਗ ਲਿਆਈ। ਵਿਭਾਗ ਵਿੱਚ ਕੀਤੇ ਮੇਰੇ ਕੰਮਾਂ ਤੇ ਉਪਭੋਗਤਾਵਾਂ ਨਾਲ ਸੁਖਾਵੇਂ ਸਬੰਧਾਂ ਸਦਕਾ ਬੀਮਾ ਕੰਪਨੀ ਦਾ ਕੰਮ ਪ੍ਰਫੁੱਲਿਤ ਹੋਣ ਲੱਗਾ। ਦਹਾਕੇ ਭਰ ਦੀਆਂ ਮੇਰੇ ਕੰਮ ਦੀਆਂ ਅਜਿਹੀਆਂ ਰਿਪੋਰਟਾਂ ਨੇ ਮੇਰੀ ਅਗਲੇਰੀ ਤਰੱਕੀ ਦਾ ਰਾਹ ਪੱਧਰਾ ਕੀਤਾ। ਮੈਨੂੰ ਪ੍ਰਸ਼ਾਸ਼ਨਿਕ ਅਧਿਕਾਰੀ ਦੇ ਅਹੁਦੇ ਲਈ ਵਿਭਾਗੀ ਤਰੱਕੀ ਦੀ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਮਿਲਿਆ। ਨਤੀਜਾ ਆਇਆ ਤਾਂ ਸਫ਼ਲ ਉਮੀਦਵਾਰਾਂ ਵਿੱਚ ਮੇਰਾ ਨਾਂ ਵੀ ਸ਼ਾਮਲ ਸੀ। ਅਹੁਦੇ ’ਤੇ ਪਹੁੰਚਣ ਲਈ ਹਾਲੇ ਇੰਟਰਵਿਊ ਬਾਕੀ ਸੀ। ਪੂਰੇ ਉੱਤਰੀ ਭਾਰਤ ਦੇ ਉਮੀਦਵਾਰਾਂ ਦੀ ਇੰਟਰਵਿਊ ਰਾਜਧਾਨੀ ਕੌਮੀ ਦਿੱਲੀ ਵਿਖੇ ਰੱਖੀ ਗਈ। ਇੰਟਰਵਿਊ ਦੇਣ ਆਏ ਸਾਰੇ ਉਮੀਦਵਾਰਾਂ ਦੇ ਚਿਹਰਿਆਂ ਤੋਂ ਪੁੱਛੇ ਜਾਣ ਵਾਲੇ ਸੁਆਲਾਂ ਦੀ ਚਿੰਤਾ ਸਾਫ਼ ਝਲਕਦੀ ਸੀ। ਇੰਟਰਵਿਊ ਵੇਲੇ ਕਮੇਟੀ ਵਿੱਚ ਬੈਠੇ ਤਿੰਨੋਂ ਮੈਂਬਰ ਮੇਰੀ ਕਾਰੁਜ਼ਗਾਰੀ ਸਾਹਮਣੇ ਪਈ ਫਾਈਲ ਤੋਂ ਪਹਿਲਾਂ ਹੀ ਵੇਖ ਚੁੱਕੇ ਸਨ। ਉਨ੍ਹਾਂ ਮੈਨੂੰ ਵਿਭਾਗੀ ਕੰਮਕਾਰ ਤੇ ਮਹਿਕਮੇ ਦੇ ਭਵਿੱਖ ਬਾਰੇ ਉਪਰੋਥਲੀ ਕਈ ਸੁਆਲ ਕੀਤੇ ਜਿਨ੍ਹਾਂ ਦੇ ਮੈਂ ਆਪਣੇ ਵੱਲੋਂ ਤਸੱਲੀਬਖਸ਼ ਜੁਆਬ ਦਿੱਤੇ। ਇੱਕ ਕਮੇਟੀ ਮੈਂਬਰ ਨੇ ਮੈਨੂੰ ਪੁੱਛਿਆ, ‘‘ਆਪ ਨੇ ਐੱਮ ਏ ਕੌਨ ਸੇ ਸਬਜੈਕਟ ਮੇਂ ਕੀ ਹੈ ?’’
‘‘ਸਰ, ਪੰਜਾਬੀ ਮੇਂ।’’ ਮੇਰਾ ਜੁਆਬ ਸੀ।
‘‘ਔਰ ਕਿਸੀ ਸਬਜੈਕਟ ਮੇਂ ਕਿਉਂ ਨਹੀਂ ਕੀ?’’
‘‘ਸਰ, ਪੰਜਾਬੀ ਮੇਰੀ ਮਾਤਰ- ਭਾਸ਼ਾ ਹੈ।
ਮੇਰੀ ਨਜ਼ਰ ਮੇਂ ਮਾਤਰ ਭਾਸ਼ਾ ਸਰਵੋਤਮ ਹੋਤੀ ਹੈ।’’ ਮੇਰਾ ਜੁਆਬ ਸੁਣ ਉਹ ਮੁਸਕੁਰਾਏ ਤੇ ਕਿਹਾ, ‘‘ਆਪਕੀ ਭਾਵਨਾ ਕੋ ਸਲਾਮ ਹੈ। ਆਪ ਚਾਹੋ ਤੋਂ ਆਪ ਕੋ ਪੂਛੇ ਜਾਨੇ ਵਾਲੇ ਪ੍ਰਸ਼ਨੋਂ ਕੇ ਉੱਤਰ ਅਪਨੀ ਮਾਤਰ ਭਾਸ਼ਾ ਮੇਂ ਭੀ ਦੇ ਸਕਤੇ ਹੋ? ’’ ਉਨ੍ਹਾਂ ਮੈਥੋਂ ਪੰਜਾਬੀ ਦੀਆਂ ਤਿੰਨ ਮਹਿਲਾ ਲੇਖਕਾਂ ਦੇ ਨਾਂ ਪੁੱਛੇ। ਮੈਂ ਜਵਾਬ ਵਿੱਚ ਅੰਮ੍ਰਿਤਾ ਪ੍ਰੀਤਮ, ਬਚਿੰਤ ਕੌਰ ਤੇ ਦਲੀਪ ਕੌਰ ਟਿਵਾਣਾ ਦੀਆਂ ਪ੍ਰਸਿੱਧ ਪੁਸਤਕਾਂ ਦਾ ਜ਼ਿਕਰ ਕੀਤਾ। ਆਪਣੀ ਮਿੱਟੀ ਨਾਲ ਜੁੜੇ ਕਵੀਆਂ ਬਾਰੇ ਪੁੱਛਣ ’ਤੇ ਮੈਂ ਗੁਰਦਾਸ ਰਾਮ ਆਲਮ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਪਾਸ਼ ਤੇ ਪਾਤਰ ਦਾ ਨਾਂ ਲਿਆ। ‘‘ਆਪ ਪਾਸ਼ ਕੇ ਬਾਰੇ ਮੇਂ ਔਰ ਭੀ ਕੁਛ ਜਾਨਤੇ ਹੋ ਕਿਆ?’’ ਇੰਟਰਵਿਊ ਕਮੇਟੀ ਦੇ ਦੂਸਰੇ ਮੈਂਬਰ ਦਾ ਸੁਆਲ ਸੀ? ‘‘ਸਰ! ਪਿੰਡ ਤਲਵੰਡੀ ਸਲੇਮ ਦਾ ਪੁੱਤਰ ਪਾਸ਼ ਤਾਂ ਪੰਜਾਬੀ ਕਵਿਤਾ ਦਾ ਮਾਣ ਹੈ। ਉਸ ਦੀ ਕਵਿਤਾ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਹੈ। ਉਹ ਉੱਡਦੇ ਬਾਜ਼ਾਂ ਮਗਰ ਪ੍ਰਵਾਜ਼ ਭਰਨ ਵਾਲਾ ਜ਼ਿੰਦਗੀ ਦਾ ਕਵੀ ਹੈ। ਉਸ ਦੀ ਕਵਿਤਾ ‘ਸਭ ਤੋਂ ਖਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ’ ... ਦੇਸ਼-ਦੁਨੀਆ ਵਿੱਚ ਪੜ੍ਹੀ ਸੁਣੀ ਜਾਂਦੀ ਹੈ। ਉਹ ਪੰਜਾਬੀ ਕਵਿਤਾ ਦੇ ਅੰਬਰ ਦਾ ਧਰੂ ਤਾਰਾ ਹੈ। ਜਿਹੜਾ ਜ਼ਿੰਦਗੀ, ਬਰਾਬਰੀ ਤੇ ਇਨਸਾਫ਼ ਦੀ ਮਸ਼ਾਲ ਬਣ ਜਗਦਾ ਹੈ।’’ ‘‘ਹਮ ਬੰਗਾਲੀ ਤੋ ਪਾਸ਼ ਕੋ ਅਪਨਾ ਕਵੀ ਮਾਨਤੇ ਹੈਂ। ਹਿੰਦੀ ਮੇਂ ਭੀ ਪਾਸ਼ ਕੋ ਚਾਹਨੇ ਵਾਲੋਂ ਕਾ ਬਹੁਤ ਬੜਾ ਪਾਠਕ ਵਰਗ ਹੈ। ਹਮ ਪੰਜਾਬ ਕੀ ਐਸੀ ਧਰੋਹਰ ਕੋ ਸਲਿਊਟ ਕਰਤੇ ਹੈਂ।’’ ਕਮੇਟੀ ਮੈਂਬਰ ਦੇ ਇਹ ਬੋਲ ਮੈਨੂੰ ਪੰਜਾਬ ਦੇ ਸਿਰ ਦਾ ਤਾਜ ਜਾਪੇ। ਇੰਟਰਵਿਊ ਖ਼ਤਮ ਹੋਣ ’ਤੇ ਮੈਂ ਸੰਤੁਸ਼ਟੀ ਭਰੀ ਖੁਸ਼ੀ ਨਾਲ ਬਾਹਰ ਆਇਆ। ਇੰਟਰਵਿਊ ਵਿੱਚੋਂ ਸਫ਼ਲ ਹੋਣ ਮਗਰੋਂ ਮੈਂ ਬੀਮਾ ਕੰਪਨੀ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਦਾ ਅਹੁਦਾ ਸੰਭਾਲਿਆ। ਆਪਣੇ ਦਫ਼ਤਰ ਵਿੱਚ ਬੈਠਾ ਲੋਕਾਂ ਨਾਲ ਵਿਚਰਦਾ ਮੈਂ ਇਸ ਅਹੁਦੇ ’ਤੇ ਪੁੱਜਦਾ ਕਰਨ ਵਾਲੀ ਮਾਂ ਬੋਲੀ, ਆਪਣੀ ਮਿੱਟੀ, ਵਿਰਸੇ ਤੇ ਪੰਜਾਬ ਨੂੰ ਨਤਮਸਤਕ ਹੁੰਦਾ ਜਿਸ ਦੀ ਗੋਦ ਵਿੱਚ ਮਿਹਨਤ, ਸਿਦਕ, ਸਿਰੜ, ਸਬਰ, ਸੰਘਰਸ਼ ਤੇ ਕਲਾ ਦਾ ਸਮੁੰਦਰ ਵਹਿੰਦਾ ਹੈ। ਇਹੋ ਸਮੁੰਦਰ ਪੰਜਾਬ ਦੀ ਪਛਾਣ, ਮਾਣ ਤੇ ਭਵਿੱਖ ਹੈ।
ਸੰਪਰਕ: 98147-22408

