ਸਾਇੰਸ-ਮੈਥ ਪ੍ਰਦਰਸ਼ਨੀਆਂ
ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ ਨਾਲ ਵੱਖ-ਵੱਖ ਗਤੀਵਿਧੀਆਂ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਅਕਸਰ ਇਨ੍ਹਾਂ ਗਤੀਵਿਧੀਆਂ ਵਿੱਚ ਵਿਦਿਆਰਥੀ ਮੋਹਰੀ ਭੂਮਿਕਾ ਨਿਭਾਉਂਦੇ ਹਨ। ਵਿਦਿਆਰਥੀ ਆਪਣੇ ਹੱਥੀਂ ਮਾਡਲ ਬਣਾਉਣ ਲਈ ਉਤਾਵਲੇ ਹੁੰਦੇ ਹਨ ਤੇ ਇਸ ਮੌਕੇ ਉਨ੍ਹਾਂ ਦਾ ਉਤਸ਼ਾਹ ਵੇਖਣ...
ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ ਨਾਲ ਵੱਖ-ਵੱਖ ਗਤੀਵਿਧੀਆਂ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਅਕਸਰ ਇਨ੍ਹਾਂ ਗਤੀਵਿਧੀਆਂ ਵਿੱਚ ਵਿਦਿਆਰਥੀ ਮੋਹਰੀ ਭੂਮਿਕਾ ਨਿਭਾਉਂਦੇ ਹਨ। ਵਿਦਿਆਰਥੀ ਆਪਣੇ ਹੱਥੀਂ ਮਾਡਲ ਬਣਾਉਣ ਲਈ ਉਤਾਵਲੇ ਹੁੰਦੇ ਹਨ ਤੇ ਇਸ ਮੌਕੇ ਉਨ੍ਹਾਂ ਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ। ਉਹ ਭੱਜ ਭੱਜ ਕੇ ਕੰਮ ਕਰਦੇ ਹਨ ਅਤੇ ਹਰ ਗੱਲ ਅਧਿਆਪਕਾਂ ਨੂੰ ਦੱਸਦੇ ਹਨ। ਜਿਸ ਗੱਲ ਦਾ ਪਤਾ ਨਾ ਲੱਗੇ ਉਹ ਪੂਰੀ ਰੀਝ ਨਾਲ ਸਮਝਣ ਦਾ ਯਤਨ ਕਰਦੇ ਹਨ ਤੇ ਸਭ ਤੋਂ ਮੂਹਰੇ ਹੋ ਕੇ ਆਪਣੇ ਚਾਰਟ ਤੇ ਮਾਡਲ ਆਦਿ ਤਿਆਰ ਕਰਦੇ ਹਨ।
ਕੁਝ ਕੁ ਸਾਲ ਪਹਿਲਾਂ ਦੀ ਗੱਲ ਹੈ। ਮੈਂ ਸਰਕਾਰੀ ਸਕੂਲ ਵਿੱਚ ਮੁੱਖ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ। ਉਸ ਵੇਲੇ ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਹੁਕਮਾਂ ਅਨੁਸਾਰ ਹਰ ਸਕੂਲ ਵਿੱਚ ਸਕੂਲ ਪੱਧਰ ’ਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ। ਜਦੋਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਦਫ਼ਤਰ ਬੀ.ਪੀ.ਈ.ਓ. ਵੱਲੋਂ ਸਕੂਲ ਵਿੱਚ ਪ੍ਰਦਰਸ਼ਨੀ ਲਗਾਉਣ ਦਾ ਪੱਤਰ ਆਇਆ ਤਾਂ ਅਸੀਂ ਇਸ ਪੱਤਰ ਵਿੱਚ ਦਿੱਤੀਆਂ ਹਦਾਇਤਾਂ ਸਾਂਝੀਆਂ ਕਰਨ ਲਈ ਮੀਟਿੰਗ ਕੀਤੀ। ਅਸੀਂ ਪੱਤਰ ਅਨੁਸਾਰ ਚੰਗੀ ਤਰ੍ਹਾਂ ਪ੍ਰਦਰਸ਼ਨੀ ਲਾਉਣ ਦਾ ਤਹੱਈਆ ਕਰ ਲਿਆ। ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਰੇਕ ਵਿਦਿਆਰਥੀ ਨੂੰ ਇੱਕ ਇੱਕ ਮਾਡਲ ਬਣਾਉਣ ਲਈ ਦਿੱਤਾ ਗਿਆ। ਇਹ ਮਾਡਲ ਵਿਦਿਆਰਥੀਆਂ ਨੇ ਸਕੂਲ ਵਿੱਚ ਹੀ ਤਿਆਰ ਕਰਨੇ ਸਨ। ਸਾਡੀ ਸਾਇੰਸ ਅਧਿਆਪਕਾ ਨੇ ਬਾਜ਼ਾਰ ਜਾ ਕੇ ਸਾਇੰਸ ਪ੍ਰਦਰਸ਼ਨੀ ਨਾਲ ਸਬੰਧਿਤ ਸਾਮਾਨ ਖਰੀਦਿਆ। ਇਨ੍ਹਾਂ ਦਿਨਾਂ ਦੌਰਾਨ ਸਾਇੰਸ ਵਿਸ਼ੇ ਦੇ ਦੋਵੇਂ ਅਧਿਆਪਕਾਂ ਨੇ ਰੋਜ਼ਾਨਾ ਅੱਧੀ ਛੁੱਟੀ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਦੱਬ ਕੇ ਪੜ੍ਹਾਈ ਕਰਵਾਈ ਤੇ ਬਾਅਦ ਵਾਲੇ ਪੀਰੀਅਡਾਂ ਵਿੱਚ ਸਾਰੇ ਮਾਡਲ ਬਣਾਉਣ ਲਈ ਜੁਟ ਜਾਂਦੇ ਸਨ। ਦੋਵੇਂ ਹੀ ਅਧਿਆਪਕ ਬਹੁਤ ਮਿਹਨਤੀ ਸਨ। ਉਨ੍ਹਾਂ ਆਪਣੇ ਵਿਦਿਆਰਥੀਆਂ ਨੂੰ ਵੱਖ-ਵੱਖ ਬੈਂਚਾਂ ’ਤੇ ਬਿਠਾ ਕੇ ਲੋੜੀਂਦਾ ਸਾਮਾਨ ਦਿੱਤਾ ਤੇ ਨਾਲ ਨਾਲ ਬੱਚਿਆਂ ਨੂੰ ਸਮਝਾਉਂਦੇ ਗਏ ਕਿ ਕਿਸ ਤਰ੍ਹਾਂ ਮਾਡਲ ਤਿਆਰ ਕਰਨਾ ਹੈ। ਇਸ ਤਰੀਕੇ ਸਾਰੇ ਵਿਦਿਆਰਥੀ ਚਾਰਟ ਮਾਡਲ ਬਣਾਉਣ ਵਿੱਚ ਜੁਟ ਗਏ। ਮੈਂ ਬਤੌਰ ਸਕੂਲ ਮੁਖੀ ਆਪਣੇ ਸਾਥੀ ਸਾਇੰਸ ਅਧਿਆਪਕਾਂ ਕੋਲ ਜਾ ਕੇ ਦੇਖਦਾ ਤਾਂ ਬੱਚੇ ਆਪਣੇ ਬੈਂਚਾਂ ’ਤੇ ਮਾਡਲ ਬਣਾਉਣ ਵਿੱਚ ਪੂਰੀ ਤਰ੍ਹਾਂ ਰੁੱਝੇ ਹੁੰਦੇ ਸਨ। ਵਿਦਿਆਰਥੀਆਂ ਤੇ ਅਧਿਆਪਕਾਂ ਦੀ ਇਹ ਮਿਹਨਤ ਦੇਖ ਕੇ ਮੇਰੇ ਮਨ ਨੂੰ ਬਹੁਤ ਖ਼ੁਸ਼ੀ ਹੁੰਦੀ। ਕੁਝ ਦਿਨਾਂ ਵਿੱਚ ਸਾਰੇ ਮਾਡਲ ਤਿਆਰ ਹੋ ਗਏ। ਮੇਰੇ ਸਾਥੀ ਸਾਇੰਸ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਡਲਾਂ ਦੀ ਪੇਸ਼ਕਾਰੀ ਰਿਪੋਰਟ ਬਣਾ ਕੇ ਦਿੱਤੀ। ਇਸ ਤਰ੍ਹਾਂ ਵਿਦਿਆਰਥੀਆਂ ਨੇ ਆਪਣੇ ਮਾਡਲਾਂ ਦਾ ਪ੍ਰਦਰਸ਼ਨ ਕਰਨਾ ਵੀ ਸਿੱਖ ਲਿਆ।
ਸਾਡੇ ਸਾਰੇ ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ ਲਈ ਤਿਆਰ ਸਨ। ਪ੍ਰਦਰਸ਼ਨੀ ਵਾਲੇ ਦਿਨ ਸਕੂਲ ਦੇ ਦੋਵੇਂ ਅਧਿਆਪਕਾਂ ਸੁਰਿੰਦਰ ਕੌਰ ਤੇ ਸੁਖਪਾਲਜੀਤ ਸਿੰਘ ਨੇ ਸਾਰੇ ਮਾਡਲ ਤੇ ਚਾਰਟ ਕਮਰੇ ਅਤੇ ਵਰਾਂਡਿਆਂ ਵਿੱਚ ਸੈੱਟ ਕਰਵਾ ਕੇ ਲਗਾ ਦਿੱਤੇ। ਰਸਮੀ ਕਾਰਵਾਈ ਮਗਰੋਂ ਅਸੀਂ ਸਾਰੇ ਵਿਦਿਆਰਥੀਆਂ ਦੇ ਮਾਡਲ ਦੇਖੇ। ਬਾਅਦ ਵਿੱਚ ਅਸੀਂ ਉਨ੍ਹਾਂ ਤੋਂ ਮਾਡਲ ਬਾਰੇ ਪ੍ਰਸ਼ਨ ਪੁੱਛੇ ਤੇ ਬੱਚਿਆਂ ਨੇ ਬਹੁਤ ਵਧੀਆ ਢੰਗ ਨਾਲ ਆਪਣੇ ਮਾਡਲਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਕਿਸੇ ਵੀ ਵਿਦਿਆਰਥੀ ਵਿੱਚ ਭੋਰਾ ਵੀ ਝਿਜਕ ਜਾਂ ਡਰ ਨਹੀਂ ਸੀ। ਸਾਰੇ ਮਾਡਲ ਬਹੁਤ ਵਧੀਆ ਬਣੇ ਹੋਏ ਸਨ। ਸਾਡੇ ਅਧਿਆਪਕਾਂ ਦੀ ਸਖ਼ਤ ਮਿਹਨਤ ਰੰਗ ਲਿਆਈ। ਬਾਅਦ ਵਿੱਚ ਉਨ੍ਹਾਂ ਕਲਾਸ ਦੇ ਵਿਦਿਆਰਥੀਆਂ ਦੀ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਤਿਆਰ ਕਰ ਲਈ। ਇਸੇ ਤਰ੍ਹਾਂ ਕੁਝ ਦਿਨਾਂ ਬਾਅਦ ਮੈਥ ਪ੍ਰਦਰਸ਼ਨੀ ਦਾ ਪੱਤਰ ਵੀ ਸਕੂਲ ਵਿੱਚ ਆਇਆ। ਮੈਂ ਹਿਸਾਬ ਵਿਸ਼ੇ ਦੀ ਅਧਿਆਪਕਾਵਾਂ ਨੀਤੀ ਸ਼ਰਮਾ ਤੇ ਅੰਜੂ ਗੁਪਤਾ ਨਾਲ ਇਸ ਸਬੰਧੀ ਤਿਆਰੀ ਕੀਤੀ। ਪਹਿਲਾਂ ਵਾਂਗ ਹੀ ਬੱਚਿਆਂ ਨੇ ਦਿਲ ਲਾ ਕੇ ਮਾਡਲ ਤਿਆਰ ਕੀਤੇ ਤੇ ਪੜ੍ਹਾਈ ਵੀ ਨਿੱਠ ਕੇ ਕੀਤੀ। ਪ੍ਰਦਰਸ਼ਨੀ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ, ਐੱਮ.ਸੀ. ਸਾਹਿਬਾਨ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਪਹੁੰਚੇ। ਸਾਰਿਆਂ ਨੇ ਮਾਡਲ ਦੇਖੇ ਤੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਵੀ ਕੀਤੀ। ਵਿਦਿਆਰਥੀਆਂ ਨੇ ਆਪਣੇ ਮਾਡਲਾਂ ਸਬੰਧੀ ਜਾਣਕਾਰੀ ਦਿੱਤੀ। ਉਹ ਆਪਣੇ ਮਾਡਲਾਂ ਬਾਰੇ ਫਟਾਫਟ ਜਾਣਕਾਰੀ ਦੇ ਰਹੇ ਸਨ। ਅਸੀਂ ਵੀ ਕੁਝ ਕੁ ਸਵਾਲ ਬੱਚਿਆਂ ਨੂੰ ਕੀਤੇ ਤੇ ਉਨ੍ਹਾਂ ਨੇ ਆਪਣੇ ਹਿਸਾਬ ਨਾਲ ਸਹੀ ਜਵਾਬ ਦੇ ਦਿੱਤੇ। ਸਾਰੇ ਬੱਚੇ ਬੜੇ ਖ਼ੁਸ਼ ਸਨ। ਮੈਡਮ ਨੀਤੀ ਸ਼ਰਮਾ ਤੇ ਮੈਡਮ ਅੰਜੂ ਗੁਪਤਾ ਨੇ ਪਹਿਲੀਆਂ ਪੁਜ਼ੀਸ਼ਨਾਂ ਵਾਲੇੇ ਤਿੰਨ ਵਿਦਿਆਰਥੀਆਂ ਦੀ ਚੋਣ ਕੀਤੀ। ਅਸੀਂ ਵਿਦਿਆਰਥੀਆਂ ਵਾਸਤੇ ਮੋਮੈਂਟੋ ਅਤੇ ਸਰਟੀਫਿਕੇਟ ਤਿਆਰ ਕਰਵਾ ਲਏ ਤੇ ਸਕੂਲ ਦੇ ਸਾਲਾਨਾ ਸਮਾਗਮ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਇਸ ਮੌਕੇ ਅਧਿਆਪਕਾਂ ਵੱਲੋਂ ਤਿਆਰ ਕਰਵਾਈਆਂ ਗਈਆਂ ਆਈਟਮਾਂ, ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਾਰਾ ਦਿਨ ਵਿਦਿਆਰਥੀ ਬਾਗੋ ਬਾਗ ਸਨ। ਇਹ ਸਮਾਗਮ ਵਿਦਿਆਰਥੀਆਂ ਵਿੱਚ ਇੱਕ ਅਹਿਮ ਯਾਦਗਾਰ ਬਣਿਆ। ਅਜਿਹੇ ਉੱਦਮ ਵਿਦਿਆਰਥੀਆਂ ਨੂੰ ਨਿੱਤ ਦਿਨ ਦੇ ਰੁਝੇਵਿਆਂ ਤੋਂ ਬਾਹਰ ਨਿਕਲ ਕੇ ਕੁਝ ਨਵਾਂ ਕਰਨ ਲਈ ਪ੍ਰੇਰਦੇ ਵੀ ਹਨ। ਪ੍ਰਦਰਸ਼ਨੀ ਦੌਰਾਨ ਮਿਲੀ ਹੌਸਲਾ-ਅਫ਼ਜ਼ਾਈ ਇਨ੍ਹਾਂ ਬੱਚਿਆਂ ਨੂੰ ਹੋਰ ਅੱਗੇ ਵਧਣ ਲਈ ਸਦਾ ਪ੍ਰੇਰਦੀ ਰਹੇਗੀ।
ਸੰਪਰਕ: 97810-40140

