DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਨਹੂਸ ਦੁਕਾਨਾਂ

ਇਹ ਗੱਲ 1990ਵਿਆਂ ਦੀ ਹੈ। ਜਦੋਂ ਮੈਂ ਮੈਟ੍ਰਿਕ ਪਾਸ ਕੀਤੀ ਤਾਂ ਸਾਡੇ ਘਰ ਦੀ ਆਰਥਿਕ ਹਾਲਤ ਬਹੁਤੀ ਮਜ਼ਬੂਤ ਨਹੀਂ ਸੀ। ਘਰ ਦਾ ਸਹਾਰਾ ਬਣਨ ਲਈ ਮੈਂ ਕਈ ਛੋਟੇ-ਮੋਟੇ ਕੰਮ ਕੀਤੇ, ਪਰ ਦਿਲ ਨੂੰ ਕੋਈ ਵੀ ਕੰਮ ਰਾਸ ਨਾ ਆਇਆ। ਮੇਰੀ...

  • fb
  • twitter
  • whatsapp
  • whatsapp
Advertisement

ਇਹ ਗੱਲ 1990ਵਿਆਂ ਦੀ ਹੈ। ਜਦੋਂ ਮੈਂ ਮੈਟ੍ਰਿਕ ਪਾਸ ਕੀਤੀ ਤਾਂ ਸਾਡੇ ਘਰ ਦੀ ਆਰਥਿਕ ਹਾਲਤ ਬਹੁਤੀ ਮਜ਼ਬੂਤ ਨਹੀਂ ਸੀ। ਘਰ ਦਾ ਸਹਾਰਾ ਬਣਨ ਲਈ ਮੈਂ ਕਈ ਛੋਟੇ-ਮੋਟੇ ਕੰਮ ਕੀਤੇ, ਪਰ ਦਿਲ ਨੂੰ ਕੋਈ ਵੀ ਕੰਮ ਰਾਸ ਨਾ ਆਇਆ। ਮੇਰੀ ਇੱਛਾ ਸੀ ਕਿ ਮੈਂ ਆਪਣਾ ਕਾਰੋਬਾਰ ਸ਼ੁਰੂ ਕਰਾਂ ਅਤੇ ਆਪਣੇ ਪੈਰਾਂ ’ਤੇ ਖੜ੍ਹਾ ਹੋਵਾਂ। ਮੇਰੇ ਪਿੰਡ ਤੋਂ ਲਗਪਗ ਦੋ ਕਿਲੋਮੀਟਰ ਦੂਰ ਇੱਕ ਛੋਟਾ ਜਿਹਾ ਕਸਬਾ ਅਲਾਵਲਪੁਰ ਸੀ। ਉੱਥੇ ਇੱਕ ਮਾਰਕੀਟ ਵਿੱਚ ਅੱਠ ਦੁਕਾਨਾਂ ਸਨ ਅਤੇ ਇੱਕ ਦੁਕਾਨ ਕਈ ਸਾਲਾਂ ਤੋਂ ਖਾਲੀ ਪਈ ਸੀ। ਲੋਕਾਂ ਵਿੱਚ ਵਹਿਮ ਸੀ ਕਿ ਇਸ ਦੁਕਾਨ ਦੀ ਉਸਾਰੀ ਦੌਰਾਨ ਦੋ ਮਜ਼ਦੂਰ ਛੱਤ ਹੇਠ ਆ ਕੇ ਮਰ ਗਏ ਸਨ, ਜਿਸ ਕਰਕੇ ਇਹ ਦੁਕਾਨ ਮਨਹੂਸ ਹੈ। ਇਹ ਕਿਹਾ ਜਾਂਦਾ ਸੀ ਕਿ ਜਿਹੜਾ ਇੱਥੇ ਦੁਕਾਨ ਕਰਦਾ ਹੈ, ਉਹ ਇੱਕ ਮਹੀਨੇ ਤੋਂ ਵੱਧ ਨਹੀਂ ਟਿਕਦਾ। ਉਦੋਂ ਸਾਈਕਲਾਂ ਦਾ ਜ਼ਮਾਨਾ ਸੀ। ਮੈਨੂੰ ਸਾਈਕਲ ਬਣਾਉਣ ਅਤੇ ਠੀਕ ਕਰਨ ਦੀ ਕਲਾ ਆਪਣੇ ਪਿਤਾ ਤੋਂ ਵਿਰਾਸਤ ’ਚ ਮਿਲੀ ਸੀ। ਮੈਂ ਫ਼ੈਸਲਾ ਕੀਤਾ ਕਿ ਨਵੇਂ ਸਾਈਕਲ ਬਣਾ ਕੇ ਵੇਚਣ ਦਾ ਕੰਮ ਕਰਾਂਗਾ ਅਤੇ ਉਸੇ ਦੁਕਾਨ ਨੂੰ ਕਿਰਾਏ ’ਤੇ ਲੈ ਲਿਆ। ਦੁਕਾਨ ਦੇ ਬਾਹਰ ਮੈਂ ਇੱਕ ਛੋਟਾ ਜਿਹਾ ਪੌਦਾ ਵੀ ਲਾਇਆ। ਇਹ ਦੇਖ ਕੇ ਨਾਲ ਵਾਲਾ ਦੁਕਾਨਦਾਰ ਹੱਸ ਕੇ ਕਹਿਣ ਲੱਗਾ, ‘‘ਇੱਥੇ ਇੱਕ ਮਹੀਨੇ ਤੋਂ ਵੱਧ ਕੋਈ ਟਿਕਦਾ ਨਹੀਂ, ਤੂੰ ਤਾਂ ਪੌਦਾ ਲਾ ਰਿਹੈਂ। ਇਸ ਨੂੰ ਵੱਡਾ ਹੋਣ ਵਿੱਚ ਕਈ ਸਾਲ ਲੱਗਣੇ ਹਨ।’’ ਮੈਂ ਮੁਸਕਰਾ ਕੇ ਜਵਾਬ ਦਿੱਤਾ, ‘‘ਮੈਂ ਇੱਕ ਮਹੀਨੇ ਵਿੱਚ ਇੱਥੋਂ ਭੱਜਣ ਵਾਲਾ ਨਹੀਂ। ਜਦੋਂ ਸਾਰੀਆਂ ਦੁਕਾਨਾਂ ਖਾਲੀ ਹੋ ਜਾਣਗੀਆਂ, ਉਦੋਂ ਵੀ ਮੈਂ ਇੱਥੇ ਹੀ ਬੈਠਾ ਹੋਵਾਂਗਾ।’’ ਉਦੋਂ ਮੈਂ ਥੋੜ੍ਹਾ ਬਹੁਤਾ ਅਖ਼ਬਾਰਾਂ ਲਈ ਲੇਖ ਲਿਖ ਕੇ ਭੇਜਦਾ ਹੁੰਦਾ ਸੀ ਅਤੇ ਤਰਕਸ਼ੀਲ ਸਾਹਿਤ ਪੜ੍ਹਦਾ ਰਹਿੰਦਾ ਸੀ। ਇਸ ਲਈ ਮੈਨੂੰ ਨਾ ਕਿਸੇ ਭੂਤ-ਪ੍ਰੇਤ ਦਾ ਡਰ ਸੀ ਅਤੇ ਨਾ ਹੀ ਮਨਹੂਸੀਅਤ ਦਾ ਵਹਿਮ। ਕੁਝ ਹੀ ਦਿਨਾਂ ਬਾਅਦ ਜਿਸ ਦੁਕਾਨਦਾਰ ਨੇ ਮੈਨੂੰ ਡਰਾਇਆ ਸੀ, ਉਸ ਦੀ ਆਪਣੀ ਦੁਕਾਨ ਨੂੰ ਰਾਤ ਸਮੇਂ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਕੋਈ ਮਨਹੂਸੀਅਤ ਨਹੀਂ ਸੀ ਸਗੋਂ ਉਸ ਵੱਲੋਂ ਜਗਾਇਆ ਚਿਰਾਗ ਸੀ। ਉਸ ਦਾ ਸਾਰਾ ਸਾਮਾਨ ਸੜ ਗਿਆ ਅਤੇ ਕੁਝ ਸਮੇਂ ਬਾਅਦ ਉਹ ਆਪਣੀ ਦੁਕਾਨ ਛੱਡ ਕੇ ਚਲਾ ਗਿਆ।

ਉੱਧਰ, ਮੇਰਾ ਕਾਰੋਬਾਰ ਦਿਨ-ਦੁੱਗਣੀ ਤੇ ਰਾਤ-ਚੌਗੁਣੀ ਤਰੱਕੀ ਕਰਨ ਲੱਗਾ। ਸੈਂਕੜੇ ਨਵੇਂ ਸਾਈਕਲ ਵਿਕੇ। ਕੰਮ ਇੰਨਾ ਹੋ ਗਿਆ ਕਿ ਰਿਪੇਅਰ ਲਈ ਵੀ ਸਮਾਂ ਨਹੀਂ ਸੀ ਮਿਲਦਾ। ਜਿਸ ਦੁਕਾਨ ਨੂੰ ਲੋਕ ਮਨਹੂਸ ਕਹਿੰਦੇ ਸਨ, ਉੱਥੇ ਮੈਂ ਲਗਾਤਾਰ ਸੋਲਾਂ ਸਾਲ ਸਫ਼ਲਤਾਪੂਰਵਕ ਕਾਰੋਬਾਰ ਕੀਤਾ। ਮੈਂ ਉਹ ਦੁਕਾਨ ਇਸ ਲਈ ਛੱਡੀ ਕਿਉਂਕਿ ਮਾਰਕੀਟ ਦਾ ਮਾਲਕ ਪੂਰੀ ਮਾਰਕੀਟ ਵੇਚ ਚੁੱਕਾ ਸੀ ਅਤੇ ਸਾਰੀਆਂ ਦੁਕਾਨਾਂ ਢਾਹੀਆਂ ਜਾ ਰਹੀਆਂ ਸਨ। ਇਸੇ ਦੌਰਾਨ ਮੈਨੂੰ ਦੁਬਈ ਦਾ ਵੀਜ਼ਾ ਮਿਲ ਗਿਆ ਅਤੇ ਮੈਂ ਦੁਬਈ ਚਲਾ ਗਿਆ। ਮੈਂ ਦੋ ਸਾਲ ਦੁਬਈ ਵਿੱਚ ਕੰਮ ਕੀਤਾ। ਫਿਰ ਵਾਪਸ ਪੰਜਾਬ ਆ ਗਿਆ। ਵਾਪਸ ਆ ਕੇ ਮੈਨੂੰ ਫਿਰ ਇੱਕ ਦੁਕਾਨ ਦੀ ਲੋੜ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਇਸ ਵਾਰ ਵੀ ਮੈਨੂੰ ਇੱਕ ਅਜਿਹੀ ਦੁਕਾਨ ਮਿਲੀ, ਜਿਸ ਨੂੰ ਲੋਕ ਮਨਹੂਸ ਕਹਿੰਦੇ ਸਨ। ਉਸ ਵੇਲੇ ਉਸ ਥਾਂ ਨਾ ਕੋਈ ਮਾਰਕੀਟ ਸੀ, ਨਾ ਕੋਈ ਹੋਰ ਦੁਕਾਨ ਅਤੇ ਨਾ ਹੀ ਕੋਈ ਰੌਣਕ। ਮੈਂ ਬਿਨਾਂ ਕਿਸੇ ਡਰ ਤੋਂ ਉਹ ਦੁਕਾਨ ਕਿਰਾਏ ’ਤੇ ਲੈ ਲਈ ਅਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਪੰਜ ਸਾਲਾਂ ਦੀ ਮਿਹਨਤ ਨਾਲ ਉਸੇ ਦੁਕਾਨ ਤੋਂ ਮੈਂ ਪਰਿਵਾਰ ਦੇ ਦੋ ਮੈਂਬਰਾਂ ਨੂੰ ਯੂਰੋਪ ਭੇਜਿਆ, ਇੱਕ ਕੰਪਨੀ ਦੀ ਸਥਾਪਨਾ ਕੀਤੀ ਜੋ ਅੱਜ ਵੀ ਸਫ਼ਲਤਾਪੂਰਵਕ ਚੱਲ ਰਹੀ ਹੈ, ਇੱਕ ਸੇਵਾ ਸੁਸਾਇਟੀ ਦੀ ਨੀਂਹ ਰੱਖੀ ਜੋ ਅੱਜ ਵੀ ਸਮਾਜ ਦੀ ਸੇਵਾ ਕਰ ਰਹੀ ਹੈ। ਆਖ਼ਰਕਾਰ ਉਹ ‘ਮਨਹੂਸ’ ਦੁਕਾਨ ਮੈਂ ਖ਼ਰੀਦ ਲਈ, ਜੋ ਅੱਜ ਮੇਰੀ ਮਿਹਨਤ ਸਦਕਾ ਮਨਹੂਸ ਨਹੀਂ ਰਹੀ। ਸਮੇਂ ਨੇ ਇੱਕ ਹੋਰ ਸੱਚ ਸਾਬਿਤ ਕੀਤਾ। ਜਦੋਂ ਮੈਂ ਉਸ ਦੁਕਾਨ ਵਿੱਚ ਬੈਠਿਆ ਸੀ, ਉਦੋਂ ਉੱਥੇ ਨਾ ਕੋਈ ਮਾਰਕੀਟ ਸੀ ਅਤੇ ਨਾ ਹੀ ਕੋਈ ਰੌਣਕ ਪਰ ਸਿਰਫ਼ ਛੇ ਸਾਲਾਂ ਦੇ ਅੰਦਰ-ਅੰਦਰ ਉੱਥੇ ਲਗਪਗ ਦੋ ਦਰਜਨ ਨਵੀਆਂ ਦੁਕਾਨਾਂ ਖੁੱਲ੍ਹ ਗਈਆਂ। ਜਿਸ ਦੁਕਾਨ ਨੂੰ ਕਦੇ ਲੋਕ ਮਨਹੂਸ ਕਹਿੰਦੇ ਸਨ, ਅੱਜ ਉਸ ਦੇ ਆਲੇ-ਦੁਆਲੇ ਤਰੱਕੀ ਅਤੇ ਵਿਕਾਸ ਦੀ ਨਵੀਂ ਕਹਾਣੀ ਲਿਖੀ ਜਾ ਚੁੱਕੀ ਹੈ। ਜੇ ਮੇਰੀ ਲਿਖਤ ਨੂੰ ਦੇਸ਼-ਵਿਦੇਸ਼ ਵਿੱਚ ਪਛਾਣ ਮਿਲੀ ਹੈ ਤਾਂ ਉਸ ਦੀ ਨੀਂਹ ਵੀ ਉਸੇ ‘ਮਨਹੂਸ’ ਦੁਕਾਨ ਵਿੱਚ ਰੱਖੀ ਗਈ ਸੀ। ਅੱਜ ਜਦੋਂ ਮੈਂ ਆਪਣੀ ਜ਼ਿੰਦਗੀ ਦੇ ਇਸ ਸਫ਼ਰ ਵੱਲ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਇੱਕ ਹੀ ਸੱਚ ਨਜ਼ਰ ਆਉਂਦਾ ਹੈ- ਮਨਹੂਸ ਨਾ ਕੋਈ ਦੁਕਾਨ ਹੁੰਦੀ ਹੈ, ਨਾ ਕੋਈ ਮਕਾਨ, ਨਾ ਕੋਈ ਥਾਂ ਅਤੇ ਨਾ ਹੀ ਸਮਾਂ। ਮਨਹੂਸ ਹੁੰਦੀ ਹੈ ਸਿਰਫ਼ ਇਨਸਾਨ ਦੀ ਸੋਚ। ਜੇ ਮੈਂ ਲੋਕਾਂ ਦੀਆਂ ਗੱਲਾਂ ਸੁਣ ਕੇ ਡਰ ਜਾਂਦਾ ਤਾਂ ਸ਼ਾਇਦ ਨਾ ਮੇਰਾ ਕਾਰੋਬਾਰ ਖੜ੍ਹਾ ਹੁੰਦਾ, ਨਾ ਮੇਰਾ ਪਰਿਵਾਰ ਇਸ ਮੁਕਾਮ ’ਤੇ ਪਹੁੰਚਦਾ, ਨਾ ਮੇਰੀ ਕਲਮ ਨੂੰ ਪਛਾਣ ਮਿਲਦੀ ਅਤੇ ਨਾ ਹੀ ਇਹ ਕਹਾਣੀ ਲਿਖੀ ਜਾਂਦੀ।

Advertisement

ਮੇਰੀ ਜ਼ਿੰਦਗੀ ਇਸ ਗੱਲ ਦੀ ਗਵਾਹ ਹੈ ਕਿ ਕਿਸਮਤ ਥਾਵਾਂ ਵਿੱਚ ਨਹੀਂ ਲਿਖੀ ਹੁੰਦੀ ਅਤੇ ਨਾ ਹੀ ਕਿਸਮਤ ਬੰਦੇ ਦੇ ਹੱਥਾਂ ਦੀਆਂ ਲਕੀਰਾਂ ਵਿੱਚ ਲਿਖੀ ਹੁੰਦੀ ਹੈ। ਕਿਸਮਤ ਇਨਸਾਨ ਆਪਣੇ ਹੌਸਲੇ, ਆਪਣੀ ਸੋਚ ਅਤੇ ਆਪਣੀ ਮਿਹਨਤ ਨਾਲ ਲਿਖਦਾ ਹੈ। ਵਹਿਮ ਹਾਰ ਜਾਂਦਾ ਹੈ ਪਰ ਮਿਹਨਤ ਹਮੇਸ਼ਾ ਜਿੱਤਦੀ ਹੈ।

Advertisement

ਸੰਪਰਕ: 95015-75511

Advertisement
×