ਕੱਪੜੇ ਦੀ ਡੱਗੀ ਵਾਲਾ ਸਤਪਾਲ
ਜਦੋਂ ਅਸੀਂ ਛੋਟੇ ਸੀ ਪਿੰਡਾਂ ਵਿੱਚ ਕੱਪੜਾ ਵੇਚਣ ਲਈ ਫੇਰੀ ਵਾਲੇ ਆਉਂਦੇ ਸਨ। ਸਾਡੇ ਪਿੰਡ ਸਤਪਾਲ ਕੱਪੜੇ ਵਾਲਾ ਸਾਈਕਲ ਦੇ ਕੈਰੀਅਰ ਉੱਪਰ ਕੱਪੜੇ ਦੀ ਡੱਗੀ ਰੱਖ ਉਸ ਨੂੰ ਮਜ਼ਬੂਤ ਰੱਸੀ ਨਾਲ ਬੰਨ੍ਹ ਕੇ ਅੰਮ੍ਰਿਤਸਰ ਤੋਂ ਕੱਪੜਾ ਵੇਚਣ ਆਉਂਦਾ। ਕੱਪੜਾ ਮਿਣਨ...
ਜਦੋਂ ਅਸੀਂ ਛੋਟੇ ਸੀ ਪਿੰਡਾਂ ਵਿੱਚ ਕੱਪੜਾ ਵੇਚਣ ਲਈ ਫੇਰੀ ਵਾਲੇ ਆਉਂਦੇ ਸਨ। ਸਾਡੇ ਪਿੰਡ ਸਤਪਾਲ ਕੱਪੜੇ ਵਾਲਾ ਸਾਈਕਲ ਦੇ ਕੈਰੀਅਰ ਉੱਪਰ ਕੱਪੜੇ ਦੀ ਡੱਗੀ ਰੱਖ ਉਸ ਨੂੰ ਮਜ਼ਬੂਤ ਰੱਸੀ ਨਾਲ ਬੰਨ੍ਹ ਕੇ ਅੰਮ੍ਰਿਤਸਰ ਤੋਂ ਕੱਪੜਾ ਵੇਚਣ ਆਉਂਦਾ। ਕੱਪੜਾ ਮਿਣਨ ਵਾਲਾ ਗਜ ਸਾਈਕਲ ਦੀ ਚੇਨ ਦੇ ਕਵਰ ਉੱਪਰ ਟਿਕਾਇਆ ਹੁੰਦਾ ਸੀ। ਪਿੰਡ ਦੀਆਂ ਸੁਆਣੀਆਂ ਸਤਪਾਲ ਕੋਲੋਂ ਆਪਣੇ ਬੱਚਿਆਂ ਅਤੇ ਮਰਦਾਂ ਲਈ ਕੱਪੜੇ ਖਰੀਦਦੀਆਂ। ਉਸ ਵੇਲੇ ਟੈਰਾਲੀਨ ਦੀ ਕਮੀਜ਼ ਤੇ ਫਾਟਾਂ ਵਾਲੇ ਪਜਾਮਿਆਂ ਦਾ ਰਿਵਾਜ ਸੀ। ਸਤਪਾਲ, ਬੀਬੀਆਂ ਨਾਲ ਉਧਾਰ ਵੀ ਕਰ ਲੈਂਦਾ ਸੀ। ਕਈ ਪਰਿਵਾਰਾਂ ਲਈ ਤਾਂ ਉਹ ਘਰ ਦਾ ਮੈਂਬਰ ਹੀ ਬਣ ਗਿਆ ਸੀ ਤੇ ਉਸ ਨੂੰ ਇਤਬਾਰ ਸੀ ਕਿ ਦਿੱਤੇ ਕੱਪੜੇ ਦਾ ਉਧਾਰ ਮਿਲ ਜਾਵੇਗਾ। ਸਤਪਾਲ ਸਾਡੇ ਘਰ ਹੀ ਡੱਗੀ ਛੱਡ ਚਲਾ ਜਾਂਦਾ। ਅਗਲੇ ਦਿਨ ਸਾਡੇ ਘਰੋਂ ਡੱਗੀ ਲੈ ਸਾਈਕਲ ਦੇ ਕੈਰੀਅਰ ਨਾਲ ਬੰਨ੍ਹ ਪਿੰਡ ਵਿੱਚ ਫੇਰੀ ਲਾਉਂਦਾ।
ਅਸੀਂ ਸੱਤ ਭਰਾ ਸੀ। ਸਾਡੇ ਬੀਜੀ ਇੱਕੋ ਹੀ ਥਾਨ ਵਿੱਚੋਂ ਸਾਡੇ ਲਈ ਕੱਪੜਾ ਲੈ ਲੈਂਦੇ ਸੀ। ਇੱਕੋ ਥਾਨ ਦੇ ਕੱਪੜੇ ਲੈਣ ਦਾ ਇੱਕ ਵਾਰ ਸਾਨੂੰ ਬਹੁਤ ਫ਼ਾਇਦਾ ਹੋਇਆ। ਸਾਡਾ ਭਰਾ ਸੁੱਖਾ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਗੁਆਚ ਗਿਆ। ਸਾਰੇ ਬਹੁਤ ਪ੍ਰੇਸ਼ਾਨ ਹੋ ਗਏ ਅਤੇ ਬੀਬੀ ਇੱਧਰ ਉੱਧਰ ਸਭ ਨੂੰ ਮੇਰੇ ਭਰਾ ਦਾ ਹੁਲੀਆ ਦੱਸ ਕੇ ਉਸ ਬਾਰੇ ਪੁੱਛਣ ਲੱਗੀ। ਅਚਾਨਕ ਇੱਕ ਪਾਸਿਓਂ ਦਰਬਾਰ ਸਾਹਿਬ ਦਾ ਸੇਵਾਦਾਰ ਮੇਰੀ ਬੀਬੀ ਕੋਲ ਆਇਆ। ਉਸ ਨੇ ਮੇਰੇ ਕੱਪੜਿਆਂ ’ਤੇ ਹੱਥ ਰੱਖਦਿਆਂ ਕਿਹਾ, ‘‘ਬੀਬੀ, ਤੁਹਾਡਾ ਇਹੋ ਜਿਹੇ ਕੱਪੜਿਆਂ ਵਾਲਾ ਬੱਚਾ ਤੇ ਨਹੀਂ ਗੁਆਚਿਆ?’’ ਮੇਰੀ ਬੀਬੀ ਨੇ ਕਿਹਾ, ‘‘ਹਾਂ ਵੇ ਵੀਰਾ, ਗੁਆਚਿਆ ਹੈ।’’ ਉਹ ਮੇਰੀ ਬੀਬੀ ਨੂੰ ਸੇਵਾਦਾਰ ਕੋਲ ਲੈ ਗਿਆ, ਜੋ ਮੇਰੇ ਭਰਾ ਨੂੰ ਫੁੱਲੀਆਂ ਦਾ ਪਰਸ਼ਾਦ ਦੇ ਕੇ ਚੁੱਪ ਕਰਾ ਰਿਹਾ ਸੀ। ਬੀਬੀ ਨੂੰ ਦੇਖ ਸੁੱਖੇ ਨੇ ਭੱਜ ਕੇ ਜੱਫੀ ਪਾ ਲਈ ਤੇ ਬੀਬੀ ਨੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਅਰਦਾਸ ਕੀਤੀ, ‘‘ਹੇ ਵਾਹਿਗੁਰੂ ਤੂੰ ਕਿੰਨਾ ਬੇਅੰਤ ਏਂ! ਭਲਾ ਹੋਵੇ ਸਤਪਾਲ ਡੱਗੀ ਵਾਲੇ ਦਾ, ਉਸ ਤੋਂ ਲਏ ਕੱਪੜੇ ਦੀ ਪਛਾਣ ਕਰਕੇ ਹੀ ਮੇਰਾ ਪੁੱਤ ਮੈਨੂੰ ਮਿਲ ਗਿਆ। ਬਾਬਾ ਤੇਰਾ ਕੋਟਿ ਕੋਟਿ ਧੰਨਵਾਦ।’’
ਪਹਿਲਾਂ ਸਮਾਂ ਬਹੁਤ ਸੁਖਾਲਾ ਸੀ। ਮਾਂ-ਪਿਉ ਬੱਚਿਆਂ ਨੂੰ ਜਿਸ ਤਰ੍ਹਾਂ ਦੇ ਮਰਜ਼ੀ ਕੱਪੜੇ ਸੰਵਾ ਦਿੰਦੇ ਅਤੇ ਬੱਚੇ ਪਾ ਲੈਂਦੇ ਸਨ। ਹੁਣ ਤਾਂ ਬੱਚੇ ਰੈਡੀਮੇਡ ਮੈਚਿੰਗ ਕੱਪੜੇ ਵੱਡੇ ਵੱਡੇ ਸ਼ੌਪਿੰਗ ਮਾਲਾਂ ਤੋਂ ਮਹਿੰਗੇ ਭਾਅ ਭਾਲਦੇ ਹਨ। ਉਹ ਪੁਰਾਣਾ ਸਮਾਂ ਕਿੰਨਾ ਵਧੀਆ ਸੀ। ਕਾਸ਼! ਉਹ ਦਿਨ ਫਿਰ ਆ ਜਾਣ।
ਸੰਪਰਕ: 98786-00221

