DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਨ ਦੀ ਸੰਤੁਸ਼ਟੀ ਤਾਂ ਚੀਜ਼ ਹੀ ਹੋਰ ਹੈ !

ਵਿਆਹ ਵੇਲੇ ਮੇਰੀ ਵਿਦਿਅਕ ਯੋਗਤਾ ਬੀ ਏ, ਬੀ ਐੱਡ ਸੀ। ਉਦੋਂ ਹਾਲੇ ਮੈਨੂੰ ਸਰਕਾਰੀ ਨੌਕਰੀ ਵੀ ਨਹੀਂ ਸੀ ਮਿਲੀ। ਘਰ ਵਿੱਚ ਮੇਰਾ ਦਿਓਰ ਪ੍ਰਾਈਵੇਟ ਤੌਰ ’ਤੇ ਪੰਜਾਬੀ ਦੀ ਐੱਮ ਏ ਕਰ ਰਿਹਾ ਸੀ। ਉਸ ਦੀ ਆਦਤ ਉੱਚੀ ਉੱਚੀ ਬੋਲ ਕੇ...

  • fb
  • twitter
  • whatsapp
  • whatsapp
Advertisement

ਵਿਆਹ ਵੇਲੇ ਮੇਰੀ ਵਿਦਿਅਕ ਯੋਗਤਾ ਬੀ ਏ, ਬੀ ਐੱਡ ਸੀ। ਉਦੋਂ ਹਾਲੇ ਮੈਨੂੰ ਸਰਕਾਰੀ ਨੌਕਰੀ ਵੀ ਨਹੀਂ ਸੀ ਮਿਲੀ। ਘਰ ਵਿੱਚ ਮੇਰਾ ਦਿਓਰ ਪ੍ਰਾਈਵੇਟ ਤੌਰ ’ਤੇ ਪੰਜਾਬੀ ਦੀ ਐੱਮ ਏ ਕਰ ਰਿਹਾ ਸੀ। ਉਸ ਦੀ ਆਦਤ ਉੱਚੀ ਉੱਚੀ ਬੋਲ ਕੇ ਪੜ੍ਹਨ ਦੀ ਸੀ। ਜਦੋਂ ਉਹ ‘ਪਾਰੇ ਮੈਰੇ ਫੁੱਲ ਸੁਣੀਂਦਾ’ ਉਚਾਰਦਾ ਤਾਂ ਕੰਨਾਂ ਵਿੱਚ ਰਸ ਜਿਹਾ ਘੁਲ ਜਾਂਦਾ। ਉਸ ਨੂੰ ਪੜ੍ਹਦਿਆਂ ਦੇਖ ਕੇ ਮੇਰੇ ਦਿਲ ’ਚ ਵੀ ਰੀਝ ਪੈਦਾ ਹੁੰਦੀ ਕਿ ਮੈਂ ਵੀ ਐੱਮ ਏ ਦੀ ਪੜ੍ਹਾਈ ਕਰ ਲਵਾਂ। ਉਦੋਂ ਮੈਂ ਬਿਲਕੁਲ ਵਿਹਲੀ ਸੀ, ਪਰ ਇਹ ਸੋਝੀ ਨਹੀਂ ਸੀ ਕਿ ਵਿਹਲ ਦਾ ਫ਼ਾਇਦਾ ਕਿਵੇਂ ਉਠਾਉਣਾ ਹੈ? ਨਵੇਂ ਨਵੇਂ ਵਿਆਹ ਦਾ ਚਾਅ ਸੀ। ਉਸ ਚੰਦਰੇ ਚਾਅ ਨੇ ਪੇਸ਼ ਨਾ ਜਾਣ ਦਿੱਤੀ। ਅਲਸਾਇਆ ਹੋਇਆ ਮਨ ਝੱਟ ਨਾਂਹ-ਪੱਖੀ ਹੁੰਗਾਰਾ ਭਰਨ ਲਈ ਹਾਜ਼ਰ ਹੋ ਜਾਂਦਾ, ‘‘ਹੁਣ ਤੂੰ ਪੜ੍ਹ ਕੇ ਕੀ ਕਰਨੈ? ਇਹ ਦਿਨ ਤਾਂ ਐਸ਼ ਕਰਨ ਦੇ ਨੇ ਕਮਲੀਏ! ਬਥੇਰਾ ਪੜ੍ਹ ਲਿਐ, ਨੌਕਰੀ ਪ੍ਰਾਪਤ ਕਰਨ ਜੋਗੀ ਵਿਦਿਅਕ ਯੋਗਤਾ ਤਾਂ ਪਹਿਲਾਂ ਹੀ ਤੇਰੇ ਕੋਲ ਹੈ। ਨੌਕਰੀ ਤਾਂ ਏਨੀ ਕੁ ਤਾਲੀਮ ਨਾਲ ਵੀ ਮਿਲ ਹੀ ਜਾਣੀ ਐਂ। ਐਵੇਂ ਜ਼ਰੂਰ ਹੋਰ ਪੜ੍ਹਾਈ ਕਰਕੇ ਅੱਖਾਂ ਗਾਲਣੀਆਂ ਨੇ!’’

ਪਤੀ ਦੇਵ ਉਸ ਸਮੇਂ ਨੇੜੇ ਦੇ ਇੱਕ ਪਿੰਡ ਵਿੱਚ ਬਤੌਰ ਸਾਇੰਸ ਮਾਸਟਰ ਸਰਕਾਰੀ ਸੇਵਾਵਾਂ ਨਿਭਾਅ ਰਹੇ ਸਨ, ਪਰ ਅੱਗੇ ਹੋਰ ਵਿਦਿਅਕ ਯੋਗਤਾ ਵਧਾਉਣ ਵਿੱਚ ਉਨ੍ਹਾਂ ਦੀ ਵੀ ਕੋਈ ਖ਼ਾਸ ਦਿਲਚਸਪੀ ਨਹੀਂ ਸੀ।

Advertisement

ਉਸ ਤੋਂ ਬਾਅਦ ਕਬੀਲਦਾਰੀ ਦੇ ਚੱਕਰਾਂ ਵਿੱਚ ਅਜਿਹੇ ਪਏ ਕਿ ਐੱਮ ਏ ਕਰਨ ਦੀ ਮੁੜ ਕੇ ਵਿਹਲ ਹੀ ਨਾ ਮਿਲੀ। ਖ਼ੈਰ, ਇਸੇ ਦੌਰਾਨ ਮੈਨੂੰ ਆਪਣੀ ਯੋਗਤਾ ਮੁਤਾਬਿਕ ਨੌਕਰੀ ਮਿਲ ਗਈ। ਚਾਰੋਂ ਪਾਸੇ ਜ਼ਿੰਮੇਵਾਰੀਆਂ ਮੂੰਹ ਅੱਡੀ ਖੜ੍ਹੀਆਂ ਸਨ। ਘਰ ਦੀ ਜ਼ਿੰਮੇਵਾਰੀ, ਬੱਚਿਆਂ ਦੀ ਸਾਂਭ-ਸੰਭਾਲ ਤੇ ਨੌਕਰੀ ਦੀਆਂ ਜ਼ਿੰਮੇਵਾਰੀਆਂ ਵੱਖ। ਮੈਂ ਸੋਚਦੀ ਰਹਿੰਦੀ, ‘‘ਚਹੁੰ ਦਿਨਾਂ ਨੂੰ ਅਗਲੇਰੀ ਤਰੱਕੀ ਮਿਲ ਜਾਣੀ ਹੈ। ਸਟਾਫ ਸਟੇਟਮੈਂਟ ਵਿੱਚ ਜਦੋਂ ਬਾਕੀ ਸਟਾਫ ਮੈਂਬਰ ਆਪਣੀ ਵਿਦਿਅਕ ਯੋਗਤਾ ਐੱਮ ਏ ਜਾਂ ਐੱਮ ਐੱਡ ਲਿਖਿਆ ਕਰਨਗੇ ਫਿਰ ਮੇਰਾ ਸਟੇਟਸ ਤਾਂ ਉਦੋਂ ਜਮਾਂ ਈ ਜ਼ੀਰੋ ਹੋ ਜਾਵੇਗਾ, ਹਾਏ ਰੱਬਾ! ਹੁਣ ਕੀ ਕਰਾਂ? ਵਿਹਲ ਤਾਂ ਇੱਕ ਮਿੰਟ ਦੀ ਵੀ ਨਹੀਂ, ਐੱਮ ਏ ਕਰਨੀ ਵੀ ਮੇਰੇ ਲਈ ਜ਼ਰੂਰੀ ਹੈ।’’ ਹੁਣ ਮੈਨੂੰ ਅਜਾਈਂ ਗਵਾਏ ਹੋਏ ਸਮੇਂ ’ਤੇ ਪਛਤਾਵਾ ਹੁੰਦਾ। ਮੇਰੇ ਅੰਦਰਲੀ ਰੀਝ ਮੈਨੂੰ ਹੁੱਝਾਂ ਮਾਰ ਰਹੀ ਸੀ। ਸਾਡੇ ਘਰ ਪਤੀ ਦੇਵ ਕੋਲ ਅਧਿਆਪਕਾਂ ਦਾ ਆਉਣਾ ਜਾਣਾ ਆਮ ਸੀ। ਮੈਂ ਨਿਆਣਿਆਂ ਵਾਂਗ ਹਰੇਕ ਨੂੰ ਪੁੱਛਣ ਲੱਗ ਜਾਣਾ, ‘‘ਤੁਸੀਂ ਕਿਹੜੇ ਵਿਸ਼ੇ ਦੀ ਐੱਮ ਏ ਕੀਤੀ ਹੋਈ ਐ?’’ ਘਰਦਿਆਂ ਨੂੰ ਮੇਰੀ ਇਹ ਆਦਤ ਚੰਗੀ ਨਹੀਂ ਸੀ ਲੱਗਦੀ। ਖਿਝ ਕੇ ਇੱਕ ਦਿਨ ਕਹਿਣ ਲੱਗੇ, ‘‘ਹੁਣ ਤੈਥੋਂ ਐੱਮ ਏ ਕੀਤੀ ਤਾਂ ਜਾਣੀ ਨ੍ਹੀਂ, ਆਪਾਂ ਇਉਂ ਕਰਦੇ ਆਂ ਕਿਸੇ ਐਵੇਂ ਕੈਵੇਂ ਦੀ ਯੂਨੀਵਰਸਿਟੀ ਤੋਂ ਐੱਮ ਏ ਦੀ ਜਾਅਲੀ ਡਿਗਰੀ ਮੁੱਲ ਲੈ ਲੈਂਦੇ ਹਾਂ, ਤੇਰੀ ਰੀਝ ਪੂਰੀ ਹੋ ਜਾਵੇਗੀ, ਦੱਸ ਕਿਹੜੇ ਵਿਸ਼ੇ ਦੀ ਡਿਗਰੀ ਲਈਏ?’’

Advertisement

ਉਨ੍ਹਾਂ ਦੀ ਇਹ ਗੱਲ ਮੈਨੂੰ ਗੋਲੀ ਵਾਂਗ ਵੱਜੀ। ਮੇਰੇ ਲਈ ਇਹ ਗੱਲ ਬਰਦਾਸ਼ਤ ਕਰਨੀ ਸੌਖੀ ਨਹੀਂ ਸੀ ਸਗੋਂ ਇੱਕ ਜ਼ਬਰਦਸਤ ਚੁਣੌਤੀ ਸੀ। ਮੈਂ ਕਿਹਾ, ‘‘ਮੈਂ ਜਾਅਲੀ ਡਿਗਰੀ ਕਾਹਤੋਂ ਲਵਾਂ? ਜਾਅਲੀ ਡਿਗਰੀ ਮੈਂ ਫੂਕਣੀ ਏ? ਮੈਂ ਆਪਣੇ ਬਲਬੂਤੇ ’ਤੇ ਤੁਹਾਨੂੰ ਐੱਮ ਏ ਦੀ ਡਿਗਰੀ ਲੈ ਕੇ ਦਿਖਾਵਾਂਗੀ, ਤੁਸੀਂ ਬੱਸ ਪੱਤਰ ਵਿਹਾਰ ਕੋਰਸ ਰਾਹੀਂ ਦਾਖਲਾ ਭਰਨ ਵਾਸਤੇ ਮੇਰੇ ਨਾਲ ਪਟਿਆਲੇ ਚੱਲੋ।’’ ‘‘ਹੈਂ! ਸੱਚੀਂ! ਵਾਹ ਬਈ ਵਾਹ!! ਫੇਰ ਤਾਂ ਮੈਂ ਵੀ ਐੱਮ ਏ ਕਰਨ ਵਾਸਤੇ ਦਾਖਲਾ ਭਰ ਦਿੰਦਾ ਹਾਂ ਪਰ ਮੈਥੋਂ ਪੰਜਾਬੀ ਦੀ ਐੱਮ ਏ ਨਹੀਂ ਹੋਣੀ, ਮੈਂ ਪੋਲੀਟੀਕਲ ਸਾਇੰਸ ਦੀ ਐੱਮ ਏ ਕਰ ਲਵਾਂਗਾ।’’

ਅਸੀਂ ਦੋਵੇਂ ਪੰਜਾਬੀ ਯੂਨੀਵਰਸਿਟੀ ਜਾ ਕੇ ਦਾਖਲਾ ਭਰ ਆਏ। ਆਪੋ-ਆਪਣੇ ਵਿਸ਼ਿਆਂ ਦੀਆਂ ਕਿਤਾਬਾਂ ਵੀ ਉੱਥੋਂ ਹੀ ਖਰੀਦ ਲਿਆਂਦੀਆਂ ਤੇ ਪਹਿਲੇ ਸਾਲ ਵਾਸਤੇ ਤਿਆਰੀ ਕਰਨੀ ਆਰੰਭ ਦਿੱਤੀ। ਵਧੀਆ ਨੰਬਰਾਂ ਨਾਲ ਪਹਿਲਾ ਸਾਲ ਪਾਸ ਕਰ ਲਿਆ ਤੇ ਇਉਂ ਹੀ ਦੂਜਾ ਸਾਲ ਪਾਸ ਕਰਕੇ ਮੈਂ ਦੂਜੇ ਦਰਜੇ ਵਿੱਚ ਐੱਮ ਏ ਕਰ ਲਈ। ਅਸੀਂ ਦੋਵਾਂ ਨੇ ਇਮਤਿਹਾਨ ਦੀ ਤਿਆਰੀ ਵਾਸਤੇ ਛੁੱਟੀਆਂ ਨਹੀਂ ਸੀ ਲਈਆਂ ਤਾਂ ਕਿ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਵਿਘਨ ਨਾ ਪਏ। ਦਿਨੇ ਡਿਊਟੀ ਕਰਕੇ ਆਉਂਦੇ, ਫਿਰ ਸਾਰੀ ਸਾਰੀ ਰਾਤ ਬੈਠੇ ਪੜ੍ਹਦੇ ਰਹਿੰਦੇ। ਭਾਵੇਂ ਬਤੌਰ ਪ੍ਰਿੰਸੀਪਲ ਸਾਡੀ ਅਗਲੇਰੀ ਤਰੱਕੀ ਤਾਂ ਨਾ ਹੋ ਸਕੀ, ਪਰ ਹਰੇਕ ਕੰਮ ਪੈਸੇ ਕਮਾਉਣ ਵਾਸਤੇ ਨਹੀਂ ਕੀਤਾ ਜਾਂਦਾ। ਮਨ ਅੰਦਰ ਕਿੱਕਲੀਆਂ ਪਾਉਂਦੇ ਸ਼ੌਕ ਪੂਰੇ ਹੋ ਜਾਣ ਤਾਂ ਇਸ ਤੋਂ ਵੱਡੀ ਜਿੱਤ ਹੋਰ ਭਲਾ ਕਿਹੜੀ ਹੋ ਸਕਦੀ ਹੈ? ਕਿਤਾਬਾਂ ਪੜ੍ਹ ਕੇ ਗਿਆਨ ਨਾਲ ਮਾਲੋ-ਮਾਲ ਹੋ ਜਾਣਾ ਕਿਤੇ ਕੋਈ ਨਿੱਕੀ ਮੋਟੀ ਗੱਲ ਤਾਂ ਨਹੀਂ! ਤਰੱਕੀ ਹੋਣ ਨਾਲ ਵੱਧ ਤੋਂ ਵੱਧ ਕੀ ਹੋਣਾ ਸੀ? ਤਨਖ਼ਾਹ ਹੀ ਵਧਣੀ ਸੀ! ਪੈਸੇ ਤਾਂ ਥੋੜ੍ਹੇ ਨਾਲ ਵੀ ਸਾਰਿਆ ਜਾ ਸਕਦਾ ਹੈ, ਪਰ ਮਨ ਦੀ ਸੰਤੁਸ਼ਟੀ ਤਾਂ ਚੀਜ਼ ਹੀ ਹੋਰ ਹੈ!

ਸੰਪਰਕ: 78146-98117

Advertisement
×