ਪਿੰਡ ਡਡਹੇੜੀ ਵਿਚ ਅਦਬੀ ਮੇਲਾ

ਸੰਤੋਖ ਸਿੰਘ ਧੀਰ ਸ਼ਤਾਬਦੀ ਸਮਾਗਮ

ਸੰਤੋਖ ਸਿੰਘ ਧੀਰ ਸ਼ਤਾਬਦੀ ਸਮਾਗਮ

ਨਵਤੇਜ ਕੌਰ ਦਰਸ਼ੀ

ਨਵਤੇਜ ਕੌਰ ਦਰਸ਼ੀ

ਭਾਪਾ ਜੀ (ਸੰਤੋਖ ਸਿੰਘ ਧੀਰ) ਦੀ ਦਾ ਜਨਮ ਸ਼ਤਾਬਦੀ ਵਰ੍ਹਾ (2 ਦਸੰਬਰ 1920-2 ਦਸੰਬਰ 2020) ਮਨਾਉਣ ਲਈ ਉੱਘੇ ਲਿਖਾਰੀ ਗੁਰਬਚਨ ਸਿੰਘ ਭੁੱਲਰ ਦੀ ਸਰਪ੍ਰਸਤੀ ਹੇਠ ਜਨਮ ਸ਼ਤਾਬਦੀ ਤਾਲਮੇਲ ਕਮੇਟੀ ਬਣੀ। ਕੋਵਿਡ ਕਾਰਨ ਸਾਰੇ ਸੰਬੰਧਿਤ ਪ੍ਰੋਗਰਾਮ ਲੇਟ ਮਨਾਏ ਜਾ ਰਹੇ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸ਼ਤਾਬਦੀ ਵਰ੍ਹੇ ਨਾਲ ਸੰਬੰਧਿਤ ਪ੍ਰੋਗਰਾਮ ਪਿਛਲੇ ਸਾਲ ਪੰਜਾਬੀ ਭਵਨ ਲੁਧਿਆਣਾ ਵਿਚ ਕੀਤਾ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੈਮੀਨਾਰ ਕਰਵਾਇਆ ਗਿਆ। ਦੇਸ਼-ਵਿਦੇਸ਼ ਵਿਚ ਹੋਰ ਥਾਈ ਵੀ ਪ੍ਰੋਗਰਾਮ ਹੋਏ। ਸ਼ਤਾਬਦੀਆਂ ਨੂੰ ਸਮਰਪਿਤ ਪਹਿਲਾ ਅਦਬੀ ਮੇਲਾ 2 ਦਸੰਬਰ 2021 ਨੂੰ ਭਾਪਾ ਜੀ ਦੇ ਜਨਮ ਸਥਾਨ ਪਿੰਡ ਡਡਹੇੜੀ (ਜਿ਼ਲ੍ਹਾ ਫਤਿਹਗੜ੍ਹ ਸਾਹਿਬ) ਵਿਚ ਮਨਾਇਆ ਜਾ ਰਿਹਾ ਹੈ। ਇਹ ਮੇਲਾ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਸਰਪ੍ਰਸਤ ਅਦਾਰਾ ਪੰਜਾਬ ਕਲਾ ਪਰਿਸ਼ਦ ਮਨਾ ਰਿਹਾ ਹੈ। ਮਨ ਨੂੰ ਬੜਾ ਸਕੂਨ ਮਿਲਿਆ ਕਿ ਪਹਿਲੀ ਵਾਰ ਪਿੰਡ ਡਡਹੇੜੀ ਵਿਚ ਪ੍ਰੋਗਰਾਮ ਹੋਣ ਲੱਗਾ ਹੈ ਜਿੱਥੇ ਲੇਖਕ ਨੇ ਆਪਣਾ ਜੀਵਨ ਬਿਤਾਇਆ। ਪਿੰਡ ਵਾਲਿਆਂ ਨੂੰ ਵੀ ਪਤਾ ਲੱਗੇਗਾ ਕਿ ਇਨ੍ਹਾਂ ਗਲੀਆਂ ਵਿਚ ਵਿਚਰਿਆ ਲੇਖਕ ਕਿਵੇਂ ਸਿਖਰ ਤੇ ਪੁੱਜਾ ਤੇ ਪਿੰਡ ਦਾ ਨਾਂ ਰੌਸ਼ਨ ਕੀਤਾ।

ਸਾਡਾ ਪਿੰਡ ਡਡਹੇੜੀ ਡਾਕਖਾਨਾ ਅਮਲੋਹ, ਤਹਿਸੀਲ ਮੰਡੀ ਗੋਬਿੰਦਗੜ੍ਹ ਵਿਚ ਪੈਂਦਾ ਹੈ। ਇਸ ਨੂੰ ਪਹਿਲਾਂ ਲੁਧਿਆਣਾ ਜਿ਼ਲ੍ਹਾ ਲੱਗਦਾ ਸੀ। ਇੱਥੋਂ ਹੀ ਭਾਪਾ ਜੀ ਦਾ ਸਾਹਿਤਕ ਜੀਵਨ ਸ਼ੁਰੂ ਹੋਇਆ। ਸਾਡਾ ਘਰ ਬਹੁਤ ਛੋਟਾ ਸੀ। ਕੱਚਾ। ਗਾਰੇ ਨਾਲ ਕੰਧਾਂ ਲਿੱਪਦੇ। ਭਾਰੀ ਮੀਂਹ ਕਾਰਨ ਕੱਚਾ ਘਰ ਡਿੱਗ ਪਿਆ, ਸਮਝੋ ਦੁੱਖਾਂ ਦਾ ਪਹਾੜ ਟੁੱਟ ਪਿਆ। ਭਾਪਾ ਜੀ ਦੇ ਸਾਰੇ ਭੈਣ ਭਰਾ ਛੋਟੇ ਸਨ। ਸਾਂਝਾ ਪਰਿਵਾਰ ਸੀ। ਜੋ ਘਰ ਬਾਅਦ ਵਿਚ ਬਣਾਇਆ, ਉਹ ਵੀ ਛੋਟਾ ਸੀ। ਭਾਪਾ ਜੀ ਨੇ ਹੀ ਬਣਵਾਇਆ ਸੀ। ਫਰਕ ਸਿਰਫ ਇੰਨਾ ਸੀ ਕਿ ਇਹ ਘਰ ਪੱਕਾ ਸੀ। ਬੈਠਕ, ਛੋਟਾ ਵਿਹੜਾ ਤੇ ਪਿੱਛੇ ਦੋ ਕਮਰੇ। ਘਰ ਬਣਾਉਣ ਮੌਕੇ ਹੀ ਕਹਾਣੀ ‘ਸਾਂਝੀ ਕੰਧ’ ਲਿਖੀ ਗਈ। ਘਰ ਦੀ ਮੁੱਖ ਬੈਠਕ ਦੇ ਇੱਕ ਖੂੰਜੇ ਜੋ ਗਲੀ ਤੇ ਖਿੜਕੀ ਦੇ ਨਾਲ ਲੱਗਦਾ ਹੈ, ਮੇਜ਼ ਕੁਰਸੀ ਲਾਈ ਹੋਈ ਸੀ। ਗਲੀ ਦਾ ਸਾਰਾ ਰੌਲਾ ਰੱਪਾ ਖਿੜਕੀ ਰਾਹੀਂ ਅੰਦਰ ਆਉਂਦਾ। ਬਾਹਰਲੀਆਂ ਆਵਾਜ਼ਾਂ ਬਹੁਤ ਉੱਚੀਆਂ ਹੁੰਦੀਆਂ। ਕੁਲਫੀਆਂ, ਸਬਜ਼ੀਆਂ, ਰੇੜ੍ਹੀਆਂ ਫੜ੍ਹੀਆਂ ਵਾਲੇ ਸਭ ਆਉਂਦੇ। ਟੱਲੀਆਂ ਵੀ ਵੱਜਦੀਆਂ, ਹੋਕੇ ਵੀ ਲੱਗਦੇ। ਕਈ ਵਾਰ ਭਾਪਾ ਜੀ ਬੁਰਾ ਮਨਾਉਂਦੇ, ਫਿਰ ਵੀ ਸਭ ਕਾਸੇ ਤੋਂ ਬੇਖ਼ਬਰ ਲਿਖਦੇ ਰਹਿੰਦੇ। ਇਸ ਬੈਠਕ ਵਿਚ ‘ਸਾਂਝੀ ਕੰਧ’, ‘ਸਵੇਰ ਹੋਣ ਤੱਕ’, ‘ਇੱਕ ਸਾਧਾਰਨ ਆਦਮੀ’, ‘ਕੋਈ ਇੱਕ ਸਵਾਰ’ ਵਰਗੀਆਂ ਕਹਾਣੀਆਂ ਦੀ ਰਚਨਾ ਹੋਈ।

ਭਾਪਾ ਜੀ ਦੀ ਬੈਠਕ ਵਿਚ ਨਵਾਰੀ ਮੰਜਾ ਹੁੰਦਾ ਸੀ। ਨਵਾਰ ਵੀ ਬੀਬੀ ਨੇ ਆਪਣੇ ਹੱਥੀਂ ਸੂਤ ਕੱਤ ਕੇ ਬਣਾਈ ਹੁੰਦੀ ਸੀ। ਮੰਜਾ ਵੀ ਆਪ ਹੀ ਬੁਣਦੀ। ਇੱਕ ਪਾਸੇ ਲੋਹੇ ਦੀਆਂ ਦੋ ਗੋਲ ਕੁਰਸੀਆਂ ਹੁੰਦੀਆਂ, ਬੈਂਤ ਦੀਆਂ ਬੁਣੀਆਂ ਹੋਈਆਂ। ਚਾਰ ਪੈਸਿਆਂ ਖਾਤਰ ਬੀਬੀ ਸਮਾਂ ਕੱਢ ਕੇ ਕੁਰਸੀਆਂ ਬੁਣਦੀ ਸੀ। ਖਾਲੀ ਢਾਂਚੇ ਅਸੀਂ ਸਾਰੇ ਭੈਣ ਭਰਾ ਮੰਡੀ ਗੋਬਿੰਦਗੜ੍ਹ ਤੋਂ ਸਕੂਲੋਂ ਵਾਪਸ ਆਉਂਦੇ ਹੋਏ ਸਿਰਾਂ ਤੇ ਚੁੱਕ ਕੇ ਲਿਆਉਂਦੇ ਅਤੇ ਬੁਣੀਆਂ ਹੋਈਆਂ ਕੁਰਸੀਆਂ ਸਕੂਲ ਜਾਂਦੇ ਵਕਤ ਦੁਕਾਨਦਾਰ ਨੂੰ ਵਾਪਸ ਦੇ ਆਉਂਦੇ। ਬੈਠਕ ਵਿਚ ਵਿਚਕਾਰ ਥੋੜ੍ਹੀ ਜਗ੍ਹਾ ਬਚਦੀ ਸੀ। ਉੱਥੇ ਬੀਬੀ ਜੀ ਦੇ ਹੱਥਾਂ ਦੀ ਬੁਣੀ ਦਰੀ ਵਿਛਾਈ ਹੁੰਦੀ। ਇਉਂ ਬੀਬੀ ਆਪ ਕਲਾਕਾਰ ਸੀ; ਭਾਵੇਂ ਅਨਪੜ੍ਹ ਸੀ ਪਰ ਹਜ਼ਾਰਾਂ ਕਲਾਕਾਰ ਔਰਤਾਂ ਦੀ ਪ੍ਰਤੀਕ ਸੀ ਅਤੇ ਭਾਪਾ ਜੀ ਦੀਆਂ ਰਚਨਾਵਾਂ ਦੀ ਪਹਿਲੀ ਪਾਠਕ ਵੀ। ਬੈਠਕ ਵਿਚ ਹੀ ਭਾਪਾ ਜੀ ਨੂੰ ਮਿਲਣ ਗਿਲਣ ਵਾਲੇ ਬੈਠਦੇ। ਸਾਰੇ ਭਾਪਾ ਜੀ ਕੋਲ ਥੱਲੇ ਹੀ ਬੈਠ ਜਾਂਦੇ, ਚਾਹ ਪੀਂਦੇ, ਰੁੱਖੀ ਮਿੱਸੀ ਰੋਟੀ ਵੀ ਖਾਂਦੇ।

ਘਰ ਦਾ ਇੱਕ ਕਮਰਾ-ਰਸੋਈ ਸਾਡੇ ਕੋਲ ਸੀ, ਦੂਜੇ ਕਮਰੇ ਵਿਚ ਚਾਚੇ ਦਾ ਪਰਿਵਾਰ ਰਹਿੰਦਾ ਸੀ। ਉਸ ਦੇ ਵੀ ਚਾਰ ਬੱਚੇ ਸਨ- ਤਿੰਨ ਕੁੜੀਆਂ ਤੇ ਇੱਕ ਮੁੰਡਾ। ਵਿਹੜਾ ਸਾਂਝਾ ਸੀ। ਦੂਜਾ ਚਾਚਾ ਰਿਪੁਦਮਨ ਸਿੰਘ ਰੂਪ ਕੱਚੇ ਕੋਠੇ ਦੇ ਚੁਬਾਰੇ ਵਿਚ ਰਹਿੰਦਾ ਸੀ। ਇਹ ਕੱਚਾ ਕੋਠਾ ਸਾਡੇ ਘਰਾਂ ਵਿਚੋਂ ਲੱਗਦੀ ਭੂਆ ਦਾ ਸੀ। ਰੋਟੀ ਸਾਂਝੀ ਹੀ ਬਣਦੀ ਸੀ। ਸਾਰਾ ਕੰਮ ਬੀਬੀ ਨੂੰ ਹੀ ਕਰਨਾ ਪੈਂਦਾ। ਅਸੀਂ ਸਾਰੇ ਭੈਣ ਭਰਾ ਘਰ ਦੀ ਡਿਓਢੀ ਤੇ ਬਣੀ ਪੜਛੱਤੀ ਵਿਚ ਸੌਂਦੇ। ਉਸ ਦੀ ਛੱਤ ਨੀਵੀਂ ਸੀ। ਅਸੀਂ ਆਰਾਮ ਨਾਲ ਬੈਠ ਤਾਂ ਸਕਦੀਆਂ ਸੀ ਪਰ ਖੜ੍ਹ ਨਹੀਂ ਸੀ ਸਕਦੀਆਂ। ਇਹੀ ਸਾਡਾ ਕਮਰਾ ਸੀ। ਆਂਢ-ਗੁਆਂਢ ਦੀਆਂ ਕੁੜੀਆਂ ਵੀ ਸਾਡੇ ਕੋਲ ਪੜ੍ਹਨ ਆ ਜਾਂਦੀਆਂ ਤੇ ਉਸੇ ਪੜਛੱਤੀ ਵਿਚ ਸੌਂ ਜਾਂਦੀਆਂ। ਸਾਡੀਆਂ ਚਾਰ ਭੂਆਂ ਵਿਚੋਂ ਕੋਈ ਨਾ ਕੋਈ ਮਿਲਣ ਆਈ ਰਹਿੰਦੀ। ਇੰਨੀ ਤੰਗੀ ਦੇ ਬਾਵਜੂਦ ਕਿਵੇਂ ਬੀਬੀ ਨੇ ਸੇਵਾ ਕਰਨੀ, ਪਤਾ ਨਹੀਂ ਸੀ ਲੱਗਦਾ। ਘਰ ਬਾਲਣ ਨਹੀਂ ਸੀ ਹੁੰਦਾ। ਚਾਹ ਬਣਾਉਣ ਵਿਚ ਦਿੱਕਤ ਹੁੰਦੀ। ਕਈ ਵਾਰ ਆਏ ਗਏ ਲਈ ਚਾਹ ਬਣਾਉਣ ਲਈ ਭਾਪਾ ਜੀ ਦੀ ਰੱਦੀ ਵਾਲੀ ਟੋਕਰੀ ਵਿਚੋਂ ਕਾਗਜ਼ ਚੁੱਕਣੇ ਪੈਂਦੇ। ਧੂੰਏ ਨਾਲ ਬੁਰਾ ਹਾਲ ਹੋ ਜਾਂਦਾ। ਉਂਜ, ਚਾਹ ਸਵਾਦ ਬੜੀ ਬਣਦੀ ਸੀ। ਬੀਬੀ ਨੂੰ ਤੰਗੀ ਵਿਚ ਕੰਮ ਕਰਦਿਆਂ ਦੇਖ ਕੇ ਕਹਾਣੀ ‘ਘਰ ਵਿਚ ਗੁਆਚੀ ਪਰੀ’ ਲਿਖੀ।

1974 ਵਿਚ ਭਾਪਾ ਜੀ ਇੰਗਲੈਂਡ ਗਏ। ਕਾਵੈਂਟਰੀ (ਇਗਲੈਂਡ) ਤੋਂ ਪੰਜਾਬੀ ਕਵੀ ਹਰਭਜਨ ਸਿੰਘ ਵਿਰਕ ਦੀ ਚਿੱਠੀ ਆਈ ਸੀ। ਇਹੀ ਚਿੱਠੀ ਇੰਗਲੈਂਡ ਲਈ ਰਾਹਦਾਰੀ ਤੇ ਸੱਦਾ ਪੱਤਰ ਸੀ। ਸਾਨੂੰ ਚਾਅ ਚੜ੍ਹ ਗਿਆ: ਲੋਕਾਂ ਵਾਂਗ ਸਾਡੇ ਭਾਪਾ ਜੀ ਵੀ ਵਿਦੇਸ਼ ਜਾ ਰਹੇ ਹਨ, ਹੁਣ ਅਸੀਂ ਵੀ ਅਮੀਰ ਹੋ ਜਾਵਾਂਗੇ। ਖ਼ੈਰ! ਅਸੀਂ ਥੋੜ੍ਹਾ ਬਹੁਤਾ ਸੌਖੇ ਜ਼ਰੂਰ ਹੋਏ ਪਰ ਅਮੀਰ ਨਹੀਂ ਬਣੇ। ਉਸ ਸਮੇਂ ਭਾਪਾ ਜੀ ਨੇ ਸਫਰਨਾਮਾ ‘ਮੇਰੀ ਇੰਗਲੈਂਡ ਯਾਤਰਾ’ ਲਿਖਿਆ। ਇਸ ਕਿਤਾਬ ਨੂੰ ਭਾਸ਼ਾ ਵਿਭਾਗ ਪਟਿਆਲਾ ਨੇ 1980 ਵਿਚ ਸਰਬੋਤਮ ਰਚਨਾ ਦਾ ਇਨਾਮ (ਇਕ ਹਜ਼ਾਰ ਰੁਪਏ) ਦਿੱਤਾ।

ਆਰਥਿਕ ਹਾਲਤ ਮੰਦੀ ਹੀ ਰਹੀ। ਕੋਈ ਪੱਕੀ ਆਮਦਨ ਨਹੀਂ ਸੀ। ਕੋਈ ਨੌਕਰੀ ਨਹੀਂ ਕੀਤੀ। ਅਖਬਾਰਾਂ, ਰਸਾਲਿਆਂ ਵਿਚ ਛਪੀਆਂ ਰਚਨਾਵਾਂ ਤੋਂ ਥੋੜ੍ਹੀ ਬਹੁਤੀ ਆਮਦਨ ਹੁੰਦੀ ਸੀ। ਕਵੀ ਦਰਬਾਰਾਂ ਤੋਂ ਤਾਂ ਕਈ ਵਾਰ ਆਉਣ ਜਾਣ ਦਾ ਕਿਰਾਇਆ ਹੀ ਮਿਲਦਾ ਸੀ। ਜੇ ਕਿਤੇ ਕੋਈ ਇਨਾਮ ਮਿਲਦਾ, ਉਸ ਦੀ ਰਾਸ਼ੀ ਘਟ ਹੀ ਹੁੰਦੀ ਸੀ। 1995 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 2500 ਰੁਪਏ ਮਹੀਨਾ ਫੈਲੋਸ਼ਿਪ ਲਾਈ, 74 ਸਾਲ ਦੀ ਉਮਰ ਵਿਚ ਇਹ ਪਹਿਲੀ ਪੱਕੀ ਆਮਦਨ ਸੀ। ਪਹਿਲਾ ਸਾਹਿਤਕ ਸਨਮਾਨ ਨਵੰਬਰ 1979 ਵਿਚ ਪੰਜਾਬ ਆਰਟ ਕੌਂਸਲ ਨੇ ਦਿੱਤਾ ਸੀ ਜੋ 3100 ਰੁਪਏ ਦਾ ਸੀ।

ਪੈਸੇ ਪੱਖੋਂ ਕਮਜ਼ੋਰ ਹੋਣ ਕਾਰਨ ਮਹਿਸੂਸ ਕਰਦੇ: ਮੈਂ ਨਾ ਚੰਗਾ ਪਤੀ ਬਣ ਸਕਿਆ, ਨਾ ਚੰਗਾ ਪਿਤਾ। ਪਤਨੀ ਅਤੇ ਬੱਚਿਆਂ ਦਾ ਕੋਈ ਸ਼ੌਂਕ ਪੂਰਾ ਨਹੀਂ ਕੀਤਾ।... ਬੀਬੀ ਨੇ ਭਾਪਾ ਜੀ ਨੂੰ ਬਹੁਤ ਹੌਸਲਾ ਦਿੱਤਾ: ਏਨਾ ਸਮਾਂ ਲੰਘ ਗਿਆ, ਬਾਕੀ ਸਾਲ ਕੀ ਲੰਘਣਗੇ ਨਹੀਂ? ਉਮਰ ਦਾ ਗੋਹੜਾ ਕੱਤਿਆ ਗਿਆ, ਪੂਣੀ ਹੀ ਬਾਕੀ ਰਹਿ ਗਈ।

2001 ਵਿਚ ਸਾਡੇ ਬੀਬੀ ਜੀ ਵਿਛੜ ਗਏ ਅਤੇ 8 ਫਰਵਰੀ 2010 ਨੂੰ ਭਾਪਾ ਜੀ ਵਿਛੜ ਗਏ। ਕਲਮ ਰੁਕ ਗਈ। ‘ਕੋਧਰੇ ਦਾ ਮਹਾਂਗੀਤ’ ਉਨ੍ਹਾਂ ਦੀ ਆਖਿ਼ਰੀ ਪੁਸਤਕ ਸੀ। ਇਸ ਪੁਸਤਕ ਵਿਚ ਵੀ ਉਨ੍ਹਾਂ ਲੋਕਾਂ ਨੂੰ ਅੱਗੇ ਤੁਰਨ ਦਾ ਸੁਨੇਹਾ ਦਿੱਤਾ। ਕੋਧਰੇ ਦੇ ਪ੍ਰਤੀਕ ਰਾਹੀਂ ਲੋਕਾਂ ਦੀ ਹੋ ਰਹੀ ਲੁੱਟ-ਖਸੁੱਟ ਦਾ ਵਿਰੋਧ ਕੀਤਾ:

ਹੇ ਹਵਾ! ਹੁਣ ਝੁੱਲ

ਜੀਵਨ ਮਘ ਸਕੇ

ਬਣ ਜਾ ਇਕ ਝੱਖੜ

ਜ਼ਮਾਨਾ ਤੁਰ ਸਕੇ

ਪੈਰ ਤੁਰਦੇ ਹੀ ਸਦਾ ਸੋਭਦੇ

ਮੁਰਦਿਆਂ ਦੇ ਹੀ/ਖਲੋਂਦੇ ਨੇ ਪੈਰ।

‘ਅਣਖ ਦੀ ਪ੍ਰਤੀਕ’ ਉਨ੍ਹਾਂ ਦੀ ‘ਖੜ੍ਹੀ ਉਂਗਲ’ ਕਦੇ ਨਹੀਂ ਝੁਕੀ। ਝੱਖੜ ਝੁੱਲੇ ਤੇ ਹਨੇਰੀਆਂ ਚੱਲੀਆਂ ਪਰ ਹੌਸਲਾ ਨਹੀਂ ਹਾਰਿਆ। ਇਹ ਖੜ੍ਹੀ ਉਂਗਲ ਦ੍ਰਿੜ ਨਿਸ਼ਚੈ ਤੇ ਸਵੈ-ਵਿਸ਼ਵਾਸ ਦੀ ਨਿਸ਼ਾਨੀ ਮੰਨੀ ਜਾਂਦੀ ਸੀ। ਅਖ਼ੀਰ ਵਿਚ ਮੈਂ ਤਾਂ ਇਹੀ ਕਹਾਂਗੀ: ਕੁਝ ਵੀ ਹੋਵੇ, ਉਹ ਚੰਗੇ ਪਤੀ ਸਨ ਤੇ ਚੰਗੇ ਪਿਤਾ ਵੀ। ਉਨ੍ਹਾਂ ਸਦਕਾ ਹੀ ਅੱਜ ਅਦਬੀ ਮੇਲਾ ਲੱਗ ਰਿਹਾ ਹੈ। ਸੁਲਤਾਨ ਬਾਹੂ ਦੀਆਂ ਸਤਰਾਂ ਯਾਦ ਆ ਗਈਆਂ ਹਨ:

ਫਜ਼ਲ ਉਨ੍ਹਾਂ ਤੇ ਰੱਬ ਦਾ ਹੁੰਦਾ, ਕਬਰ ਜਿਨ੍ਹਾਂ ਦੀ ਜੀਵੇ ਹੂ।
ਸੰਪਰਕ: 98147-00083

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਸੁਪਰੀਮ ਕੋਰਟ ਦਾ ਫ਼ੈਸਲਾ

ਸੁਪਰੀਮ ਕੋਰਟ ਦਾ ਫ਼ੈਸਲਾ

ਮੁੱਖ ਖ਼ਬਰਾਂ

ਭਗਵੰਤ ਮਾਨ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ

ਭਗਵੰਤ ਮਾਨ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ

* ਕੇਜਰੀਵਾਲ ਨੇ ਮੁਹਾਲੀ ਵਿੱਚ ਕੀਤਾ ਰਸਮੀ ਐਲਾਨ * ਲੋਕ ਰਾਏ ਵਿੱਚ 93.3...

ਚੰਨੀ ਦੇ ਕਰੀਬੀ ਅਤੇ ਕਈ ਹੋਰਾਂ ’ਤੇ ਛਾਪੇ

ਚੰਨੀ ਦੇ ਕਰੀਬੀ ਅਤੇ ਕਈ ਹੋਰਾਂ ’ਤੇ ਛਾਪੇ

ਈਡੀ ਵੱਲੋਂ 6 ਕਰੋੜ ਦੀ ਨਗ਼ਦੀ ਕਬਜ਼ੇ ਵਿੱਚ ਲੈਣ ਦਾ ਦਾਅਵਾ

ਕਰੋਨਾ: ਰਾਜਾਂ ਤੇ ਸੂਬਿਆਂ ਨੂੰ ਟੈਸਟਿੰਗ ਵਧਾਉਣ ਦੇ ਨਿਰਦੇਸ਼

ਕਰੋਨਾ: ਰਾਜਾਂ ਤੇ ਸੂਬਿਆਂ ਨੂੰ ਟੈਸਟਿੰਗ ਵਧਾਉਣ ਦੇ ਨਿਰਦੇਸ਼

ਟੈਸਟਿੰਗ ਨੂੰ ਕਰੋਨਾ ਨਾਲ ਨਜਿੱਠਣ ਲਈ ਸਭ ਤੋਂ ਅਹਿਮ ਤੱਤ ਦੱਸਿਆ

ਸੀਤ ਲਹਿਰ ਨੇ ਪੰਜਾਬ ਨੂੰ ਬਣਾਇਆ ਸ਼ਿਮਲਾ

ਸੀਤ ਲਹਿਰ ਨੇ ਪੰਜਾਬ ਨੂੰ ਬਣਾਇਆ ਸ਼ਿਮਲਾ

ਲੁਧਿਆਣਾ ਤੇ ਗੁਰਦਾਸਪੁਰ ਰਹੇ ਸਭ ਤੋਂ ਵੱਧ ਠੰਢੇ