ਕਿਰਤੀ ਨੂੰ ਸਲਾਮ

ਕਿਰਤੀ ਨੂੰ ਸਲਾਮ

ਜਗਦੀਸ਼ ਕੌਰ ਮਾਨ

ਸਵੇਰੇ ਸਾਝਰੇ ਹੀ ਗੇਟ ’ਤੇ ਲੱਗੀ ਕਾਲ ਬੈੱਲ ਨੇ ਸੂਚਿਤ ਕਰ ਦਿੱਤਾ ਕਿ ਬਾਹਰ ਕੋਈ ਮਿਲਣ ਵਾਸਤੇ ਆਇਆ ਹੈ। ਮੈਂ ਝੱਟ ਦਰਵਾਜ਼ਾ ਖੋਲ੍ਹਣ ਪਹੁੰਚ ਗਈ, ਦੇਖਿਆ ਕਿ ਬਾਹਰ ਕੋਈ ਮਜ਼ਦੂਰ ਖੜ੍ਹਾ ਸੀ। ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ ਉਹ ਬੋਲਿਆ, “ਆਂਟੀ ਜੀ! ਸੁਖ ਦਾ ਘਰ ਇਹੀ ਏ?” ਮੇਰੇ ‘ਹਾਂ’ ਕਹਿਣ ਤੇ ਉਹ ਬੋਲਿਆ, “ਜ਼ਰਾ ਬੁਲਾਉਗੇ ਉਨ੍ਹਾਂ ਨੂੰ? ਉਨ੍ਹਾਂ ਨੇ ਮੈਨੂੰ ਪੇਂਟ (ਰੰਗ ਰੋਗਨ) ਕਰਨ ਵਾਸਤੇ ਸੱਦਿਆ ਏ।” ਉਦੋਂ ਤੀਕ ਪੁੱਤਰ ਵੀ ਬਾਹਰ ਆ ਗਿਆ ਸੀ। ਜਦੋਂ ਉਹ ਕਾਮੇ ਨਾਲ ਗੱਲ ਕਰਨ ਲੱਗਾ ਤਾਂ ਮੈਂ ਝੱਟ ਟੋਕ ਦਿੱਤਾ, “ਕਾਕਾ! ਆਪਣੇ ਡੈਡੀ ਨੂੰ ਬੁਲਾ, ਉਹ ਗੱਲ ਕਰਨਗੇ। ਵੱਡਿਆਂ ਦੇ ਬੈਠਿਆਂ ਤੂੰ ਨ੍ਹੀਂ ਸਜਦਾ ਗੱਲ ਕਰਦਾ।” ਸੁਖ, ਡੈਡੀ ਨੂੰ ਬਾਹਰ ਆਉਣ ਵਾਸਤੇ ਕਹਿਣ ਲਈ ਅੰਦਰ ਗਿਆ ਤਾਂ ਸਹਿਜ ਸੁਭਾਅ ਹੀ ਉਨ੍ਹਾਂ ਦੇ ਮੂੰਹੋਂ ਨਿਕਲਿਆ, “ਸੁੱਖਿਆ ਪੁੱਤ! ਚੱਲਣੀ ਤਾਂ ਹੁਣ ਤੇਰੀ ਮਰਜ਼ੀ ਏ!” ਫਿਰ ਵੀ ਬੇਟੇ ਦਾ ਮਨ ਰੱਖਣ ਲਈ ਉਹ ਬਾਹਰ ਆ ਗਏ ਤੇ ਲੇਬਰ ਵਗੈਰਾ ਤੈਅ ਕਰ ਲਈ।

“ਫਿਰ ਜੀ ਮੈਂ ਕੱਲ੍ਹ ਨੂੰ ਲੇਬਰ ਲੈ ਕੇ ਆ ਜਾਵਾਂ?” ਕਾਮੇ ਨੇ ਪੁੱਛਿਆ। ਪਤਾ ਨਹੀਂ ਕਿਵੇਂ ਮੇਰੇ ਮੂੰਹ ਵਿਚੋਂ ਨਾਂਹ ਨਿਕਲ ਗਈ- “ਕਾਕਾ! ਅੱਜ ਫਰਵਰੀ ਦੀ ਸੋਲਾਂ ਤਾਰੀਕ ਏ, ਤੂੰ ਐਂ ਕਰੀਂ ਪਹਿਲੀ ਮਾਰਚ ਨੂੰ ਆ ਜਾਵੀਂ।” ਕਾਮਾ ਬਿਨਾ ਸਾਈ ਫੜੀ ਤੋਂ ਮੂੰਹ ਜ਼ਬਾਨੀ ਇਕਰਾਰ ਤੇ ਮੁੜ ਗਿਆ।

ਉਸ ਤੋਂ ਬਾਅਦ ਸਾਡੇ ਪਰਿਵਾਰ ਤੇ ਟੁੱਟ ਪਿਆ। ਸੁਖ ਦੇ ਡੈਡੀ ਚੰਗੇ ਭਲੇ ਖਾ ਪੀ ਕੇ ਸੁੱਤੇ, ਸਤਾਰਾਂ ਫਰਵਰੀ ਦੀ ਅੱਧੀ ਕੁ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ। ਅਠਾਈ ਫਰਵਰੀ ਤੱਕ ਅਸੀਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਨਿਭਾਅ ਚੁੱਕੇ ਸਾਂ। ਇਕਰਾਰ ਅਨੁਸਾਰ ਉਹ ਕਾਮਾ ਪਹਿਲੀ ਮਾਰਚ ਨੂੰ ਫਿਰ ਹਾਜ਼ਰ ਹੋ ਗਿਆ। ਸਾਡੇ ਨਾਲ ਕੀ ਭਾਣਾ ਵਰਤ ਗਿਆ ਹੈ, ਉਸ ਨੂੰ ਕੋਈ ਇਲਮ ਨਹੀਂ ਸੀ। ਜਦੋਂ ਅਸੀਂ ਗੱਲ ਦੱਸੀ ਤਾਂ ਉਹ ਅਫਸੋਸ ਕਰਦਾ ਹੋਇਆ ਸਾਡੇ ਘਰੋਂ ਮੁੜ ਗਿਆ। ਸ਼ਾਇਦ ਸੋਚਦਾ ਹੋਵੇ ਕਿ ਜੇ ਇਸ ਗੱਲ ਦਾ ਪਹਿਲਾਂ ਪਤਾ ਹੁੰਦਾ ਤਾਂ ਉਹ ਆਉਂਦਾ ਹੀ ਨਾ!

ਸਲ੍ਹਾਬ ਆਉਣ ਕਾਰਨ ਕਮਰਿਆਂ ਵਿਚ ਕਈ ਥਾਵਾਂ ਤੋਂ ਰੰਗ ਬੁਰੀ ਤਰ੍ਹਾਂ ਲੱਥ ਚੁੱਕਾ ਸੀ। ਅਸੀਂ ਮੌਸਮ ਖੁੱਲ੍ਹਣ ਦੀ ਉਡੀਕ ਵਿਚ ਸਾਂ ਕਿ ਫਰਵਰੀ ਮਾਰਚ ਵਿਚ ਦਿਨ ਲੰਮੇ ਹੋ ਜਾਣਗੇ, ਉਦੋਂ ਰੰਗ ਰੋਗਨ ਦਾ ਕੰਮ ਛੇੜਾਂਗੇ ਪਰ ਕੁਦਰਤ ਸਾਡੇ ਵਾਸਤੇ ਕੀ ਵਿਉਤਾਂ ਬਣਾਈ ਬੈਠੀ ਹੈ, ਸਾਡੇ ਚਿੱਤ ਚੇਤੇ ਵੀ ਨਹੀਂ ਸੀ।

ਇਸ ਘਟਨਾ ਨੂੰ ਦੋ ਕੁ ਮਹੀਨੇ ਹੋ ਗਏ ਸਨ। ਦੂਰ ਦੁਰਾਡੇ ਦੇ ਰਿਸ਼ਤੇਦਾਰ ਤੇ ਉਨ੍ਹਾਂ ਦੇ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਦਾ ਆਉਣਾ ਜਾਣਾ ਅਜੇ ਵੀ ਜਾਰੀ ਸੀ। ਇਕ ਦਿਨ ਸੁਖ ਜਕਦਾ ਜਕਦਾ ਮੈਨੂੰ ਕਹਿਣ ਲੱਗਾ, “ਮੰਮੀ! ਤੁਹਾਡੇ ਕਮਰੇ ਦੀ ਹਾਲਤ ਸਾਰੇ ਘਰ ਨਾਲੋਂ ਮਾੜੀ ਏ, ਲੋਕ ਤੁਹਾਡੇ ਕੋਲ ਅਫਸੋਸ ਕਰਨ ਵਾਸਤੇ ਸਿੱਧੇ ਹੀ ਤੁਹਾਡੇ ਕਮਰੇ ਵਿਚ ਆ ਜਾਂਦੇ ਆ, ਤੇ ਕੰਧਾਂ ਵੱਲ ਹੀ ਦੇਖੀ ਜਾਂਦੇ ਆ, ਜੇ ਤੁਸੀਂ ਕਹੋ ਤਾਂ ਸਿਰਫ ਤੁਹਾਡੇ ਕਮਰੇ ਨੂੰ ਰੰਗ ਕਰਨ ਵਾਸਤੇ ਮੈਂ ਕਿਸੇ ਨੂੰ ਕਹਿ ਦੇਵਾਂ?” ਮੇਰੇ ‘ਹਾਂ’ ਕਹਿਣ ਤੇ ਉਹ ਇਕ ਕਾਮੇ ਮੁੰਡੇ ਨੂੰ ਲੈ ਆਇਆ। ਉਹ ਮੁੰਡਾ ਪਹਿਲਾਂ ਤਾਂ ਕੰਧ ਤੇ ਲੱਗੀ ਫੋਟੋ ਨੂੰ ਦੇਖਦੇ ਸਾਰ ਰੋਇਆ, ਫਿਰ ਮੈਨੂੰ ਕਹਿਣ ਲੱਗਾ, “ਇਨ੍ਹਾਂ ਕੋਲ ਤਾਂ ਮੈਂ ਪੜ੍ਹਦਾ ਰਿਹਾ ਹਾਂ, ਬੜੇ ਵਧੀਆ ਇਨਸਾਨ ਸਨ।”

ਮੇਰਾ ਕਮਰਾ ਪੇਂਟ ਹੋ ਗਿਆ ਸੀ। ਪੇਂਟਰ ਦਾ ਵਧੀਆ ਕੰਮ ਦੇਖ ਕੇ ਬੱਚਿਆਂ ਨੇ ਵੀ ਆਪਣਾ ਕਮਰਾ ਪੇਂਟ ਕਰਵਾ ਲਿਆ। ਵਧਿਆ ਰੰਗ ਖਰਾਬ ਹੋਣ ਦੇ ਡਰੋਂ ਸੁਖ ਨੇ ਰਸੋਈ ਤੇ ਲਾਬੀ ਨੂੰ ਵੀ ਰੰਗ ਰੋਗਨ ਕਰਵਾ ਲਿਆ।

ਇਕ ਦਿਨ ਮੈਨੂੰ ਲੱਗਿਆ ਜਿਵੇਂ ਕਾਮਾ ਮੁੰਡਾ ਮੇਰੇ ਨਾਲ ਕੋਈ ਗੱਲ ਕਰਨੀ ਚਾਹ ਰਿਹਾ ਹੋਵੇ। ਤੀਜੇ ਪਹਿਰ ਦੀ ਚਾਹ ਪੀਂਦਿਆਂ ਮੈਂ ਉਸ ਮਜ਼ਦੂਰ ਕੋਲ ਬੈਠ ਗਈ ਸਾਂ ਕਿ ਉਸ ਨੇ ਗੱਲ ਛੇੜ ਲਈ, “ਬੀਬੀ ਜੀ! ਮੈਂ ਤਾਂ ਡੰਗ ਦੀ ਡੰਗ ਕਮਾ ਕੇ ਖਾਣ ਵਾਲਾ ਬੰਦਾ ਹਾਂ, ਮੈਂ ਗਰੀਬ ਜ਼ਰੂਰ ਹਾਂ ਪਰ ਲਾਲਚੀ ਨਹੀਂ ਹਾਂ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਹੁਣ ਤੁਸੀਂ ਮੈਨੂੰ ਬਾਹਰ ਪੇਂਟ ਕਰਨ ਲਈ ਨਹੀਂ ਕਹਿਣਾ। ਮੇਰੇ ਗਰੀਬ ਦੇ ਤਾਂ ਚਲੋ ਚਾਰ ਪੈਸੇ ਬਣ ਜਾਣਗੇ ਪਰ ਲੋਕ ਤੁਹਾਡੀਆਂ ਗੱਲਾਂ ਬਣਾਉਣਗੇ, ਬਈ ਰਾਹੀ ਤਾਂ ਅਜੇ ਰਾਹ ਤੁਰਿਆ ਜਾਂਦੈ, ਇਨ੍ਹਾਂ ਨੂੰ ਘਰ ਸਜਾਉਣ ਦੀ ਪਈ ਏ ... ਮੇਰਾ ਅੰਦਰਲਾ ਕੰਮ ਖਤਮ ਹੋ ਗਿਆ ਏ ਅੱਜ ਜੀ! ਤੁਸੀਂ ਮੇਰਾ ਹਿਸਾਬ ਕਰ ਦੇਵੋ, ਮੈਂ ਕੱਲ੍ਹ ਨੂੰ ਕੰਮ ਤੇ ਨਹੀਂ ਆਵਾਂਗਾ।”

ਉਸ ਦੀ ਸਚਿਆਰੀ ਸੋਚ ਨੇ ਮੈਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ। ਗੁੰਮ ਸੁੰਮ ਹੋਈ ਮੈਂ ਕਿੰਨਾ ਹੀ ਚਿਰ ਉਸ ਦੇ ਮੂੰਹ ਵੱਲ ਦੇਖਦੀ ਰਹੀ। ਅੰਦਰੋ-ਅੰਦਰੀ ਉਸ ਕਿਰਤੀ ਦੀ ਸੋਚ, ਸਿਦਕ ਅਤੇ ਸਬਰ ਨੂੰ ਸਲਾਮ ਕਰਦੀ ਰਹੀ, ਨਾਲੇ ਉਨ੍ਹਾਂ ਬੇ-ਸਬਰੇ ਸਿਆਸੀ ਲੋਕਾਂ ਬਾਰੇ ਸੋਚਦੀ ਰਹੀ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਦਾ ਕੋਈ ਅੰਤ ਹਿਸਾਬ ਨਹੀਂ; ਬੈਂਕ ਬੈਲੈਂਸ ਕਿੰਨਾ ਹੈ, ਉਨ੍ਹਾਂ ਨੂੰ ਖੁਦ ਵੀ ਪਤਾ ਨਹੀਂ ਪਰ ਭੁੱਖੂ ਭੁੱਖੂ ਕਰਦੀ ਰੂਹ ਨੂੰ ਆਖਰੀ ਸਮੇਂ ਤੱਕ ਰੱਜ ਦਾ ਚੱਜ ਨਹੀਂ ਆਉਦਾ। ਸਿਦਕਵਾਨ ਕਿਰਤੀਆ! ਤੈਨੂੰ ਸਲਾਮ ਹੈ!
ਸੰਪਰਕ: 98722-21504

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All