ਸੁਖਮਿੰਦਰ ਸੇਖੋਂ
ਉਦੋਂ ਪੰਜਾਬ ਦੇ ਸ਼ਹਿਰਾਂ ਵਿਚ ਆਟੋ ਰਿਕਸ਼ਾ ਟਾਵਾਂ ਟਾਵਾਂ ਹੀ ਹੁੰਦਾ ਸੀ, ਬਹੁਤੇ ਲੋਕ ਪੈਦਲ ਹੁੰਦੇ ਜਾਂ ਰਿਕਸ਼ਾ ਦੀ ਸਵਾਰੀ ਕਰਦੇ ਸਨ। ਇਕ ਰੋਜ਼ ਆਪਣਾ ਕੰਮ ਨਬਿੇੜ ਕੇ ਲੀਲ੍ਹਾ ਭਵਨ ਤੋਂ ਪਟਿਆਲਾ ਬੱਸ ਸਟੈਂਡ ਪੁੱਜਣ ਲਈ ਮੈਂ ਰਿਕਸ਼ਾ ਵਾਲੇ ਨੂੰ ਹੱਥ ਦੇ ਕੇ ਰੋਕ ਲਿਆ। ਰਿਕਸ਼ਾ ਹਾਲੇ ਰਤਾ ਅੱਗੇ ਵਧਿਆ ਹੀ ਸੀ ਕਿ ਇਕ ਸ਼ਖ਼ਸ ਨੇ ਰਿਕਸ਼ਾ ਚਾਲਕ ਨੂੰ ਰੁਕਣ ਲਈ ਇਸ਼ਾਰਾ ਕੀਤਾ। ਬਿਨਾਂ ਪੁੱਛੇ ਹੀ ਉਹ ਰਿਕਸ਼ਾ ਵਾਲੇ ਨੂੰ ਆਪਣੀ ਰੋਅਬਦਾਰ ਆਵਾਜ਼ ਵਿਚ ਪੁੱਛਣ ਲੱਗਾ, ‘‘ਸਟੇਸ਼ਨ ਦੇ ਕਿੰਨੇ ਲਏਂਗਾ?’’ ਰਿਕਸ਼ਾ ਚਾਲਕ ਮੇਰੇ ਵੱਲ ਝਾਕਣ ਲੱਗਾ। ਮੈਂ ਉਸ ਦਾ ਇਸ਼ਾਰਾ ਸਮਝਦਿਆਂ ਹੀ ਹਾਂਅ ਕਰ ਦਿੱਤੀ, ਕਿਉਂ ਕਿ ਮੈਨੂੰ ਪਤਾ ਸੀ ਕਿ ਉਥੇ ਹੋਰ ਕੋਈ ਰਿਕਸ਼ਾ ਨਹੀਂ ਸੀ ਖੜ੍ਹਾ। ਚਾਲੀ ਕੁ ਵਰ੍ਹਿਆਂ ਦੇ ਉਸ ਆਦਮੀ ਨੇ ਰਿਕਸ਼ਾ ਵਿਚ ਬੈਠਣ ਤੋਂ ਪਹਿਲਾਂ ਫਿਰ ਪੁੱਛਿਆ, ‘‘ਪੈਲ੍ਹਾਂ ਦੱਸ ਕਿੰਨੇ ਲਏਂਗਾ, ਕਿਤੇ ਮਗਰੋਂ—’’ ਰਿਕਸ਼ੇ ਵਾਲੇ ਨੇ ਕਿਰਾਇਆ ਦੱਸ ਦਿੱਤਾ।
‘‘ਐਨਾ ਕਰਾਇਆ…? ਕਿਉਂ, ਲੁੱਟਣੈਂ ਤੂੰ ਸਾਨੂੰ ਪੰਜਾਬੀਆਂ ਨੂੰ…?’’ ਇੰਨਾ ਕਹਿੰਦਿਆਂ ਉਹ ਸ਼ਖ਼ਸ ਮੇਰੇ ਵੰਨੀਂ ਸਹਿਮਤੀ ਲੈਣ ਵਾਂਗ ਝਾਕਿਆ, ਪਰ ਮੈਂ ਦੂਜੇ ਪਾਸੇ ਮੂੰਹ ਫੇਰ ਲਿਆ। ਰਿਕਸ਼ਾ ਆਪਣੀ ਚਾਲ ਪਕੜ ਚੁੱਕਾ ਸੀ। ਉਹ ਸ਼ਖ਼ਸ ਫੈਲ ਕੇ ਬੈਠਾ ਸੀ। ਮੈਨੂੰ ਘੁਟਣ ਮਹਿਸੂਸ ਹੋ ਰਹੀ ਸੀ। ਮੈਂ ਇਕ ਪਾਸੇ ਸੁੰਗੜਦਾ ਜਾ ਰਿਹਾ ਸੀ। ਇਕ-ਦੋ ਵਾਰ ਤਾਂ ਉਸ ਦੀ ਕੂਹਣੀ ਵੀ ਮੇਰੀ ਵੱਖੀ ਵਿਚ ਵੱਜੀ, ਪਰ ਮੈਂ ਚੁੱਪ ਰਹਿਣ ਵਿਚ ਹੀ ਭਲੀ ਸਮਝੀ, ਚੂੰਕਿ ਉਸ ਦੇ ਮੂੰਹ ਵਿੱਚੋਂ ਮੈਨੂੰ ਦੇਸੀ ਸ਼ਰਾਬ ਦੀ ਹਵਾੜ੍ਹ ਵੀ ਆਈ ਸੀ। ਬੋਲਦਿਆਂ ਉਸ ਦੀ ਜ਼ੁਬਾਨ ਵੀ ਥਥਲਾਈ ਸੀ।
‘‘ਇਨ੍ਹਾਂ ਭਈਆਂ ਨੇ ਪੰਜਾਬ ’ਚ ਗੰਦ ਪਾ ਰੱਖਿਐ…?’’ ਉਹ ਰਿਕਸ਼ਾ ਚਾਲਕ ਨੂੰ ਸੁਣਾਉਂਦਾ ਹੋਇਆ ਮੇਰੇ ਵੀ ਹਲਕੀ ਜਿਹੀ ਹੁੱਝ ਮਾਰ ਕੇ ਮੈਥੋਂ ਇਸ ਦੀ ਤਸਦੀਕ ਚਾਹੁੰਦਾ ਸੀ। ’’ਉਏ ਐਨੀ ਹੌਲੀ ਹੌਲੀ ਕਿਉਂ ਚਲਾਉਣੈਂ ਰਕਸ਼ਾ…? ਤੈਨੂੰ ਪਤਾ ਨੀ ਮੈਂ ਕਿੱਥੇ ਜਾਣੈ… ਜੇ ਗੱਡੀ ਖੁੰਝ ਗੀ ਤਾਂ…?’’ ਰਿਕਸ਼ਾ ਚਾਲਕ ’ਤੇ ਆਇਆ ਗੁੱਸਾ ਉਸ ਮੇਰੇ ਵੀ ਕੂਹਣੀ ਦੀ ਹੁੱਝ ਮਾਰ ਕੇ ਕੱਢ ਲਿਆ ਸੀ।
‘‘ਉਏ ਰੁਕ… ਰੁਕ ਇਕ ਮਿੰਟ…?’’ ਸਰਦਾਰ ਸਾਹਿਬ ਨੂੰ ਪਤਾ ਨਹੀਂ ਕੀ ਅਹੁੜੀ ਕਿ ਉਨ੍ਹਾਂ ਰਿਕਸ਼ਾ ਚਾਲਕ ਨੂੰ ਪਿੱਛਿਉਂ ਮੋਢਿਆਂ ਤੋਂ ਪਕੜ ਕੇ ਰੋਕਣਾ ਚਾਹਿਆ, ਪਰ ਮੈਂ ਉਸ ਨੂੰ ਆਪਣੇ ਦੋਹਾਂ ਹੱਥਾਂ ਨਾਲ ਪਕੜ ਕੇ ਪਿੱਛੇ ਕੀਤਾ ਤੇ ਨਾਲ ਹੀ ਅਰਜ਼ ਵੀ ਕੀਤੀ, ‘‘ਤੁਸੀਂ ਆਰਾਮ ਨਾਲ ਬੈਠੋ ਸਰਦਾਰ ਸਾਬ੍ਹ, ਥੋਡੀ ਗੱਡੀ ਨੀ ਨਿਕਲਣ ਦਿੰਦੇ…?’’
ਸ਼ਰਾਬੀ ਸਰਦਾਰ ਨੂੰ ਸ਼ਾਇਦ ਮੇਰੀ ਗੱਲ ‘ਤੇ ਇਤਬਾਰ ਆ ਗਿਆ ਸੀ। ਉਹ ਸਹਿਜ ਹੋ ਕੇ ਬੈਠਣ ਦਾ ਯਤਨ ਵੀ ਕਰਨ ਲੱਗਾ। ‘‘ਬਾਈ ਜੀ…?’’ ਮੇਰੇ ਗੋਡੇ ਫੜ ਕੇ ਫਿਰ ਉਸ ਮੇਰੇ ਪੱਟ ’ਤੇ ਆਪਣਾ ਮੋਟਾ ਹੱਥ ਮਾਰਦਿਆਂ ਕਿਹਾ, ‘‘ਤੁਸੀਂ ਕੌਣ ਹੁੰਨੇ ਓ…?’’ ਉਸ ਦੇ ਇਸ ਪ੍ਰਸ਼ਨ ‘ਤੇ ਮੈਂ ਕੇਵਲ ਮੁਸਕਰਾਇਆ ਪਰ ਉਹ ਫਿਰ ਖ਼ੁਦ ਹੀ ਬੋਲਿਆ, ‘‘ਲੱਗਦੇ ਤਾਂ ਤੁਸੀ ਵੀ ਸਾਡੇ ਆਂਗ ਈ…!’’ ਇੰਨਾ ਕਹਿੰਦਿਆਂ ਉਹ ਆਪੇ ਹੀ ਤਾੜੀ ਮਾਰ ਹਸਣ ਲੱਗ ਪਿਆ। ‘‘ਇਕ ਮਿੰਟ ਰੁਕੀਂ ਬੲਂ, ਮੈਨੂੰ ਜੋਰ ਪਿਆ ਵਿਐ…।’’ ਉਸ ਰਿਕਸ਼ਾ ਵਾਲੇ ਦੀ ਪਿੱਠ ਪਿੱਛੇ ਧੱਫਾ ਮਾਰਿਆ।
ਰਿਕਸ਼ਾ ਰੁਕਣ ਸਾਰ ਉਹ ਥੱਲੇ ਉਤਰਿਆ ਤੇ ਮਾਲ ਰੋਡ ’ਤੇ ਉਤਰਦਿਆਂ ਹੀ ਇਕ ਸਿਨੇਮਾ ਹਾਲ ਦੀ ਕੰਧ ’ਤੇ ਆਪਣਾ ਕੰਮ ਕਰ ਕੇ ਮੁੜ ਆਇਆ। ਇਸ ਸਾਰੇ ਕਾਰਜ ਦੌਰਾਨ ਮੇਰੇ ਮਨ ਵਿਚ ਆਈ ਸੀ ਕਿ ਮੈਂ ਰਿਕਸ਼ਾ ਵਾਲੇ ਨੂੰ ਕਹਾਂ ਕਿ ਉਸ ਨੂੰ ਏਥੇ ਹੀ ਛੱਡ ਕੇ ਰਿਕਸ਼ਾ ਭਜਾ ਕੇ ਲੈ ਜਾਵੇ… ਪਰ ਮੈਂ ਚਾਹ ਕੇ ਵੀ ਅਜਿਹਾ ਨਾ ਕਰ ਸਕਿਆ। ਰਿਕਸ਼ਾ ਵਾਲੇ ਨੇ ਮੇਰੇ ਕੋਲ ਆਪਣਾ ਇਕ ਗਿਲਾ ਜ਼ਰੂਰ ਦਰਜ ਕਰਵਾਇਆ ਸੀ, ‘‘ਸਰਦਾਰ ਲੋਗ ਇਤਨਾ ਗੁੱਸੇ ਮੇਂ ਕਿਉਂ ਆ ਜਾਤੇ ਹੈਂ…? ਔਰ ਕਭੀ ਕਭੀ ਗਾਲ੍ਹੀ ਭੀ…।’’
ਰਿਕਸ਼ਾ ਤੁਰਿਆ ਤਾਂ ਫਿਰ ਉਸ ਆਪਣਾ ਰਾਗ ਅਲਾਪ ਦਿੱਤਾ। ‘‘ਤੈਨੂੰ ਰਕਸ਼ਾ ਨੀ ਚਲੌਣਾ ਔਂਦਾ, ਕਿੰਨੀ ਹੌਲੀ ਹੌਲੀ ਤੋਰ ਰਿਹੈਂ? ਜਿਮੇਂ ਗੱਡਾ ਹੁੰਦੈ।’’ ਇੰਨਾ ਕਹਿੰਦਿਆਂ ਇਸ ਵਾਰ ਉਸ ਨੇ ਨਿੱਕੀ ਜਿੰਨੀ ਗਾਲ੍ਹ ਵੀ ਦਾਗ ਦਿੱਤੀ।
‘‘ਸਰਦਾਰ ਜੀ ਗਾਲ੍ਹੀ ਕਿਉਂ ਨਿਕਾਲਤਾ, ਮੈਨੇ ਕੁਛ ਥੋੜਾ ਦੇਨਾ…।’’ ਰਿਕਸ਼ਾ ਵਾਲੇ ਨੇ ਗੁੱਸਾ ਮਨਾਇਆ ਸੀ। ਮੈਨੂੰ ਪਹਿਲਾਂ ਵੀ ਬੇਸ਼ਕ ਉਸ ਦੀ ਇਸ ਤਰ੍ਹਾਂ ਦੀ ਡਾਇਲਗਬਾਜ਼ੀ ’ਤੇ ਗੁੱਸਾ ਚੜ੍ਹਿਆ ਸੀ, ਪਰ ਇਸ ਵਾਰ ਤਾਂ ਮੈਂ ਬੋਲ ਹੀ ਪਿਆ, ‘‘ਸਰਦਾਰ ਸਾਬ੍ਹ, ਤਮੀਜ਼ ਨਾਲ ਗੱਲ ਕਰੋ, ਇਹ ਵੀ ਤਾਂ ਇਨਸਾਨ ਐ…।’’ ਮੇਰੇ ਇਸ ਸੰਵਾਦ ਦੇ ਇਵਜ਼ ਵਿਚ ਸਰਦਾਰ ਸਾਹਿਬ ਨੇ ਕੁਝ ਕਹਿਣਾ ਤਾਂ ਚਾਹਿਆ ਸੀ ਪਰ ਅਸੀਂ ਆਪਣੇ ਟਿਕਾਣੇ ‘ਤੇ ਅੱਪੜ ਗਏ ਸਾਂ। ਬੱਸ ਸਟੈਂਡ ਤੇ ਸਟੇਸ਼ਨ ਆ ਗਿਆ ਸੀ।
‘‘ਬੜਾ ਲੇਟ ਕਰਾਤਾ… ਭਈਏ ਜੇਹੇ ਨੇ…?’’ ਸਰਦਾਰ ਸਾਹਿਬ ਗਾਲ੍ਹ ਕੱਢਦੇ ਤੇ ਬੁੜਬੜਾਉਂਦੇ ਜਦੋਂ ਰਿਕਸ਼ਾ ਤੋਂ ਇਕਦਮ ਉਤਰਨ ਲੱਗੇ ਤਾਂ ਉਨ੍ਹਾਂ ਨੂੰ ਘੁਮੇਰ ਜਿਹੀ ਆਈ ਤੇ ਉਹ ਸੜਕ ’ਤੇ ਜਾ ਡਿੱਗੇ। ਸ਼ਾਇਦ ਕਾਹਲੀ ਤੇ ਸ਼ਰਾਬ ਦੇ ਨਸ਼ੇ ਕਾਰਨ ਅਜਿਹਾ ਹੋਇਆ ਹੋਵੇ। ਉਨ੍ਹਾਂ ਦੇ ਮੱਥੇ ਵਿੱਚੋਂ ਲਹੂ ਸਿੰਮਣ ਲੱਗਾ ਤੇ ਹੋਰ ਵੀ ਕਈ ਥਾਈਂ ਸੱਟਾਂ ਲੱਗਣ ਦਾ ਖਦਸ਼ਾ ਸੀ। ਮੈਂ ਉਨ੍ਹਾਂ ਨੂੰ ਤੁਰੰਤ ਹੇਠਾਂ ਉਤਰ ਕੇ ਖੜ੍ਹਾ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਤੋਂ ਉਠਿਆ ਨਹੀਂ ਸੀ ਜਾ ਰਿਹਾ। ਰਿਕਸ਼ਾ ਵਾਲਾ ਵੀ ਰਿਕਸ਼ਾ ਛੱਡ ਕੇ ਮੇਰੀ ਮੱਦਦ ਕਰਨ ਲੱਗਾ ਸੀ। ਮੁਸ਼ਕਿਲ ਨਾਲ ਉਨ੍ਹਾ ਨੂੰ ਖੜ੍ਹਾ ਕੀਤਾ। ਉਨ੍ਹਾਂ ਤੋਂ ਤੁਰਿਆ ਨਹੀਂ ਸੀ ਜਾ ਰਿਹਾ।
ਰਿਕਸ਼ਾ ਵਾਲਾ ਉਸਦੀ ਅਜਿਹੀ ਹਾਲਤ ਦੇਖ ਕੇ ਬੋਲਿਆ, ‘‘ਤੁਸੀਂ ਇਨ੍ਹਾਂ ਨੂੰ ਰਿਕਸ਼ਾ ਮੇਂ ਬਠਾਓ, ਮੈਂ ਕਿਸੇ ਡਾਕਟਰ ਕੇ ਨੇੜੇ ਲੈ ਚੱਲਦਾਂ।’’ ਪਰ ਸਰਦਾਰ ਜੀ ਸੁਰਤ ਸੰਭਾਲਦਿਆਂ ਬੁੜਬੁੜਾਉਣ ਲੱਗੇ… ‘‘ਮੈਨੂੰ ਕਿੱਥੇ ਲੈ ਕੇ ਚੱਲਿਐਂ ਭਈ…ਏ… ਮਾਰਨੈ ਮੈਨੂੰ…?!’’ ਪਰ ਰਿਕਸ਼ਾ ਵਾਲਾ ਉਸ ਦੇ ਇਨ੍ਹਾਂ ਬੋਲਾਂ ਤੇ ਗਾਲ੍ਹੀ-ਗਲੋਚ ਤੋਂ ਬੇਖਬਰ ਆਪਣੀ ਧੁਨ ਵਿਚ ਸਵਾਰ ਕੇਵਲ ਇੰਨਾ ਬੋਲਿਆ, ‘‘ਬੌਤ ਹੋ ਗੀ… ਹੁਣ ਬੱਸ ਕਰੋ ਸਰਦਾਰ ਜੀ…?’’
ਮੈਂ ਸਰਦਾਰ ਜੀ ਨੂੰ ਰਿਕਸ਼ਾ ਵਾਲੇ ਦੀ ਮੱਦਦ ਨਾਲ ਰਿਕਸ਼ਾ ਵਿਚ ਬਿਠਾਇਆ। ਰਿਕਸ਼ਾ ਵਾਲਾ ਨੇ ਮਾਲ ਰੋਡ ’ਤੇ ਰਿਕਸ਼ਾ ਦੀ ਰੇਲ ਬਣਾ ਦਿੱਤੀ। ਮੈਂ ਮਨ ਹੀ ਮਨ ਕਹਿ ਉਠਿਆ, ‘‘ਤੇਰੀ ਇਨਸਾਨੀਅਤ ਨੂੰ ਸਲਾਮ ਕਿਰਤੀਆ!’’
ਸੰਪਰਕ: 98145-07693