ਸੰਤ ਬਨਾਮ ਬੰਤ
ਆਜ਼ਾਦੀ ਤੋਂ ਬਾਅਦ ਪੰਜਾਬ ਦੇ ਉੱਜੜੇ ਹੋਏ ਲੋਕਾਂ ਦਾ ਵਸੇਬਾ ਕਰਾਉਣ ਦਾ ਜ਼ਿੰਮਾ ਮਹਿਕਮਾ ਮਾਲ ਕੋਲ ਸੀ। ਪੰਜਾਬ ਦੇ ਬਹੁਤੇ ਲੋਕ ਅਨਪੜ੍ਹ ਸਨ। ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਨੂੰ ਜ਼ਮੀਨ ਦੀ ਅਲਾਟਮੈਂਟ ਕਰਨ ਦੀ ਜ਼ਿੰਮੇਵਾਰੀ ਇਸੇ ਮਹਿਕਮੇ ਦੀ ਸੀ।...
ਆਜ਼ਾਦੀ ਤੋਂ ਬਾਅਦ ਪੰਜਾਬ ਦੇ ਉੱਜੜੇ ਹੋਏ ਲੋਕਾਂ ਦਾ ਵਸੇਬਾ ਕਰਾਉਣ ਦਾ ਜ਼ਿੰਮਾ ਮਹਿਕਮਾ ਮਾਲ ਕੋਲ ਸੀ। ਪੰਜਾਬ ਦੇ ਬਹੁਤੇ ਲੋਕ ਅਨਪੜ੍ਹ ਸਨ। ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਨੂੰ ਜ਼ਮੀਨ ਦੀ ਅਲਾਟਮੈਂਟ ਕਰਨ ਦੀ ਜ਼ਿੰਮੇਵਾਰੀ ਇਸੇ ਮਹਿਕਮੇ ਦੀ ਸੀ। ਉਸ ਵੇਲੇ ਉੱਜੜ ਕੇ ਆਏ ਲੋਕਾਂ ਦੇ ਮਨਾਂ ਵਿੱਚ ਤਹਿਸੀਲਦਾਰ ਤੇ ਪਟਵਾਰੀਆਂ ਦਾ ਬਹੁਤ ਸਤਿਕਾਰ ਹੁੰਦਾ ਸੀ। ਹੌਲੀ ਹੌਲੀ ਸਾਡੇ ਸਰਕਾਰੀ ਮਹਿਕਮੇ ਲੀਡਰਾਂ ਦੇ ਕਮਾਊ ਪੁੱਤ ਬਣ ਕੇ ਕੰਮ ਕਰਨ ਲੱਗੇ। ਪੁਲੀਸ ਥਾਣਿਆਂ, ਸਬ-ਰਜਿਸਟਰਾਰ ਤੇ ਜ਼ਿਆਦਾ ਕਮਾਈ ਵਾਲੇ ਦਫ਼ਤਰਾਂ ਦੀਆਂ ਬੋਲੀਆਂ ਲੱਗਣ ਲੱਗੀਆਂ। ਮੁਲਾਜ਼ਮਾਂ ਦੀਆਂ ਯੂਨੀਅਨਾਂ ਬਣ ਗਈਆਂ। ਕੋਈ ਮੁਲਾਜ਼ਮ ਗ਼ਲਤ ਕਰਦਾ ਹੈ ਤਾਂ ਵੀ ਯੂਨੀਅਨ ਉਸ ਦੇ ਹੱਕ ਵਿੱਚ ਹੀ ਖੜ੍ਹਦੀ ਹੈ। ਅਜਿਹਾ ਹੀ ਮੇਰੇ ਆਪਣੇ ਕਿੱਤੇ ਵਿੱਚ ਵੀ ਹੈ। ਸਹੀ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਝੂਠੀਆਂ ਸ਼ਿਕਾਇਤਾਂ ਕਰਵਾਈਆਂ ਜਾਂਦੀਆਂ ਹਨ।
ਬਹੁਤ ਸਮਾਂ ਪਹਿਲਾਂ ਨੇੜਲੇ ਪਿੰਡ ਵਿੱਚ ਦੋ ਸਕੇ ਭਰਾ ਸੰਤ ਸਿੰਘ ਤੇ ਬੰਤ ਸਿੰਘ ਰਹਿੰਦੇ ਸਨ। ਸੰਤ ਸਿੰਘ ਸੁਭਾਅ ਪੱਖੋਂ ਵੀ ਸੰਤ ਹੀ ਸੀ। ਉਸ ਨੇ ਆਪਣੇ ਹੱਥੀ ਬਲਦਾਂ ਨਾਲ ਖੇਤੀ ਕਰ ਕੇ ਖੁਦ ਕੁਝ ਜ਼ਮੀਨ ਖਰੀਦੀ ਸੀ। ਮੇਰੇ ਕੋਲ ਉਹ ਵਿਅਕਤੀ ਫ਼ਰਦ ਵਿੱਚੋਂ ਆਪਣੀ ਜ਼ਮੀਨ ਦਾ ਪਤਾ ਕਰਾਉਣ ਆਇਆ ਸੀ। ਰਿਕਾਰਡ ਦੀ ਘੋਖ ਕਰਨ ’ਤੇ ਪਤਾ ਲੱਗਾ ਕਿ ਮਾਲ ਮਹਿਕਮੇ ਵੱਲੋਂ ਚਾਰ ਸਾਲਾ ਬਣਾਉਣ ਸਮੇਂ ਇੱਕ ਅੱਖਰ (ਸੱਸਾ ਤੋਂ ਬੱਬਾ) ਦਾ ਹੇਰ ਫੇਰ ਕਰਕੇ ਬੰਤ ਸਿੰਘ ਫਿੱਟ ਕਰ ਦਿੱਤਾ ਗਿਆ ਸੀ। ਪਿਤਾ ਤੇ ਦਾਦੇ ਦਾ ਨਾਮ ਮਿਲਦਾ ਹੋਣ ਕਰਕੇ ਬੰਤ ਸਿੰਘ ਰਿਕਾਰਡ ਮਾਲ ਵਿੱਚ ਮਾਲਕ ਕਾਬਜ਼ ਜ਼ਾਹਰ ਕਰ ਦਿੱਤਾ ਗਿਆ ਸੀ। ਇਸ ਉਪਰੰਤ ਬੰਤ ਸਿੰਘ ਨੇ ਆਪਣੇ ਪੁੱਤਰ ਦੇ ਨਾਮ ’ਤੇ ਮਲਕੀਅਤ ਤਬਦੀਲ ਕਰਵਾ ਕੇ ਉਸ ਨੂੰ ਮਾਲਕ ਬਣਾ ਦਿੱਤਾ ਸੀ। ਮਾਲ ਰਿਕਾਰਡ ਵਿੱਚ ਬੰਤ ਸਿੰਘ ਦਾ ਲੜਕਾ ਮਾਲਕ ਕਾਬਜ਼ ਜ਼ਾਹਰ ਹੋ ਗਿਆ ਸੀ।
ਅਸੀਂ ਪੁਲੀਸ ਮਹਿਕਮੇ ਕੋਲ ਅਪਰਾਧਿਕ ਮਾਮਲਾ ਦਰਜ ਕਰਾਉਣ ਲਈ ਪਹੁੰਚ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਮਾਲ ਵਿਭਾਗ ਕੋਲ ਰਿਕਾਰਡ ਦਰੁਸਤ ਕਰਨ ਦੀ ਪਹੁੰਚ ਕੀਤੀ ਤਾਂ ਉਹ ਵੀ ਨਹੀਂ ਹੋ ਸਕਿਆ। ਉਸ ਤੋਂ ਬਾਅਦ ਦੀਵਾਨੀ ਦਾਅਵਾ ਦਾਇਰ ਕੀਤਾ ਗਿਆ। ਮੁਢਲੀ ਨਜ਼ਰੇ ਹੀ ਰਿਕਾਰਡ ਮਾਲ ਮੁਦੱਈ ਧਿਰ ਦੇ ਹੱਕ ਵਿੱਚ ਸੀ। ਪਰ ਜਿਵੇਂ ਕਹਾਵਤ ਅਨੁਸਾਰ ਕਹਿੰਦੇ ਹਨ ਕਿ ਇੱਕ ਵਾਰ ਜੰਗਲ ਵਿੱਚ ਮੱਝ ਭੱਜੀ ਜਾ ਰਹੀ ਸੀ, ਰਾਹ ਵਿੱਚ ਕਿਸੇ ਜਾਨਵਰ ਨੇ ਉਸ ਨੂੰ ਪੁੱਛਿਆ ਕਿ ਕਿਉਂ ਭੱਜ ਰਹੀ ਹੈਂ ? ਉਸ ਦਾ ਜਵਾਬ ਸੀ ਕਿ ਜੰਗਲ ਵਿੱਚ ਪੁਲੀਸ ਆਈ ਹੈ ਤੇ ਹਾਥੀ ਨੂੰ ਲੱਭ ਰਹੀ ਹੈ। ਉਹ ਜਾਨਵਰ ਅੱਗੋਂ ਕਹਿੰਦਾ ਹੈ ਕਿ ਪਰ ਤੂੰ ਤਾਂ ਮੱਝ ਹੈ ਪੁਲੀਸ ਤਾਂ ਹਾਥੀ ਨੂੰ ਲੱਭ ਰਹੀ ਹੈ। ਉਸ ਨੇ ਆਖਿਆ ਕਿ ਮੈਨੂੰ ਇਹ ਸਾਬਤ ਕਰਨ ’ਤੇ ਵੀਹ ਸਾਲ ਲੱਗ ਜਾਣਗੇ ਕਿ ਮੈਂ ਹਾਥੀ ਨਹੀ ਮੱਝ ਹਾਂ। ਅਦਾਲਤ ਵੱਲੋਂ ਸਾਨੂੰ ਹੁਕਮ ਬੰਦੀ ਮੁਦਾਇਲਾ ਖ਼ਿਲਾਫ਼ ਦੇ ਦਿੱਤਾ ਗਿਆ। ਪਰ ਬਾਅਦ ਵਿੱਚ ਤੋੜ ਵੀ ਦਿੱਤਾ ਗਿਆ।
ਚਾਰ ਸਾਲ ਦੀ ਖੱਜਲ-ਖੁਆਰੀ ਮਗਰੋਂ ਕੇਸ ਦਾ ਫ਼ੈਸਲਾ ਆਖ਼ਰ ਮੁਦੱਈ ਦੇ ਹੱਕ ਵਿੱਚ ਹੋਇਆ। ਢੇਰ ਸਾਰੀਆਂ ਗਵਾਹੀਆਂ ਕਰਾਉਣੀਆਂ ਪਈਆਂ। ਮੁਦੱਈ ਨੂੰ ਡਰਾਇਆ ਧਮਕਾਇਆ ਵੀ ਗਿਆ। ਅਸੀਂ ਸਮੇਤ ਪਟਵਾਰੀ ਦੋਸ਼ੀ ਵਿਅਕਤੀਆਂ ਖ਼ਿਲਾਫ਼ ਇਸਤਗਾਸਾ ਵੀ ਦਾਇਰ ਕੀਤਾ ਜਿਸ ਵਿੱਚ ਸਾਰੇ ਦੋਸ਼ੀਆਂ ਨੂੰ ਸੰਮਨ ਹੋ ਗਏ। ਆਖਿਰਕਾਰ ਪਟਵਾਰੀ ਵੱਲੋਂ ਕੇਸ ਦਾ ਖਰਚਾ ਮੁਦੱਈ ਧਿਰ ਨੂੰ ਦੇ ਕੇ ਸੰਮਨ ਹੁਕਮ ਹਾਈਕੋਰਟ ਤੋਂ ਰੱਦ ਕਰਾਏ ਗਏ। ਮਾਲ ਮਹਿਕਮੇ ਵਾਸਤੇ ਪਹਿਲੀ ਵਾਰ ਉਲਟੀ ਗੰਗਾ ਵਹਿੰਦੀ ਦੇਖੀ। ਕਾਬਿਲੇਗੌਰ ਹੈ ਕਿ ਮੁਦੱਈ ਦੇ ਗਲ ਜੋ ਮੁਸੀਬਤ ਬੈਠੇ ਬਿਠਾਏ ਪਈ ਸੀ ਉਸ ਨੂੰ ਮਾਲ ਮਹਿਕਮਾ ਸਮਾਂ ਰਹਿੰਦੇ ਦਰੁਸਤ ਕਰ ਸਕਦਾ ਸੀ ਪਰ ਮਹਿਕਮੇ ਵੱਲੋਂ ਬਿਨਾਂ ਕਾਰਨ ਆਪਣੇ ਕਰਮਚਾਰੀਆਂ ਨੂੰ ਬਚਾਉਣ ਲਈ ਪੀੜਤ ਧਿਰ ਨੂੰ ਮੁਕੱਦਮਿਆਂ ਵਿੱਚ ਥਕਾਉਣ ਦੀ ਕੋਸ਼ਿਸ ਕੀਤੀ ਗਈ। ਹੱਕ ਤਾਂ ਮੁਦੱਈ ਹਾਸਲ ਕਰ ਗਿਆ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਧੱਕੇ ਨਾਲ ਗਲ ਪਈ ਮੁਸੀਬਤ ਦਾ ਕਾਨੂੰਨੀ ਹੱਲ ਵਧੀਆ ਨਹੀਂ ਸੀ ਜਿਵੇਂ ਕਿ ਧੋਖਾਧੜੀ ਦੇ ਕੇਸਾਂ ਵਿੱਚ ਹੁੰਦਾ ਹੈ। ਦੋਸ਼ੀ ਨੂੰ ਸਜ਼ਾ ਭਾਵੇਂ ਹੋ ਜਾਵੇ ਪਰ ਮੁਦੱਈ ਧਿਰ ਨੂੰ ਦੇਰੀ ਨਾਲ ਇਨਸਾਫ ਹਾਸਲ ਹੁੰਦਾ ਹੈ। ਪੰਜਾਬ ਵਿੱਚ ਮਸ਼ਹੂਰ ਕੰਪਨੀ ਦਾ ਇੱਕ ਡਾਇਰੈਕਟਰ ਜੇਲ੍ਹ ਚਲਾ ਗਿਆ ਪਰ ਪੀੜਿਤ ਪਰਿਵਾਰਾਂ ਦੇ ਘਰ ਬਰਬਾਦ ਹੋ ਗਏ। ਬਹੁਤ ਸਾਰੇ ਆਰਥਿਕ ਠੱਗੀ ਵਾਲੇ ਕੇਸਾਂ ਵਿੱਚ ਪੀੜਤ ਧਿਰਾਂ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ। ਦੋਸ਼ੀ ਨੂੰ ਸਜ਼ਾ ਹੋਣ ਦੇ ਨਾਲ ਨਾਲ ਪੀੜਤ ਧਿਰ ਦਾ ਸਰਮਾਇਆ ਮੁੱਢਲੀ ਸਟੇਜ ’ਤੇ ਹੀ ਵਾਪਸ ਕਰਨ ਸਬੰਧੀ ਕਾਨੂੰਨ ਬਣਾਉਣਾ ਚਾਹੀਦਾ ਹੈ।
ਸੰਪਰਕ: 98781-70771

