ਦੁੱਖਦਾਈ ਅੰਤ
ਕੁਝ ਕਹਾਣੀਆਂ ਬਹੁਤ ਦੁੱਖਦਾਈ ਹੁੰਦੀਆਂ ਹਨ। ਗ਼ਰੀਬੀ ਇਨਸਾਨ ਦੀ ਸਭ ਤੋਂ ਵੱਡੀ ਪ੍ਰੀਖਿਆ ਹੁੰਦੀ ਹੈ। ਪਿੰਡ ਸ਼ਹਿਣਾ ਦੇ 65 ਸਾਲਾ ਭੂਸ਼ਣ ਕੁਮਾਰ ਮਿੱਤਲ ਲਈ ਇਹ ਪ੍ਰੀਖਿਆ ਉਸ ਦੀ ਜਾਨ ਲੈ ਕੇ ਖ਼ਤਮ ਹੋਈ। ਸ਼ੁੱਕਰਵਾਰ ਦੀ ਮੰਦਭਾਗੀ ਸਵੇਰ ਜਦੋਂ ਬਹੁਤੇ ਲੋਕ...
ਕੁਝ ਕਹਾਣੀਆਂ ਬਹੁਤ ਦੁੱਖਦਾਈ ਹੁੰਦੀਆਂ ਹਨ। ਗ਼ਰੀਬੀ ਇਨਸਾਨ ਦੀ ਸਭ ਤੋਂ ਵੱਡੀ ਪ੍ਰੀਖਿਆ ਹੁੰਦੀ ਹੈ। ਪਿੰਡ ਸ਼ਹਿਣਾ ਦੇ 65 ਸਾਲਾ ਭੂਸ਼ਣ ਕੁਮਾਰ ਮਿੱਤਲ ਲਈ ਇਹ ਪ੍ਰੀਖਿਆ ਉਸ ਦੀ ਜਾਨ ਲੈ ਕੇ ਖ਼ਤਮ ਹੋਈ। ਸ਼ੁੱਕਰਵਾਰ ਦੀ ਮੰਦਭਾਗੀ ਸਵੇਰ ਜਦੋਂ ਬਹੁਤੇ ਲੋਕ ਹਾਲੇ ਗੂੜ੍ਹੀ ਨੀਂਦ ਸੁੱਤੇ ਪਏ ਸਨ ਤਾਂ ਭੂਸ਼ਣ ਕੁਮਾਰ ਆਪਣੇ ਸਾਈਕਲ ’ਤੇ ਖਾਲੀ ਸਿਲੰਡਰ ਲੱਦ ਕੇ ਘਰ ਦਾ ਚੁੱਲ੍ਹਾ ਬਾਲਣ ਦੀ ਆਸ ’ਚ ਗੈਸ ਏਜੰਸੀ ਅੱਗੇ ਕਤਾਰ ’ਚ ਜਾ ਖੜ੍ਹਾ ਹੋਇਆ। ਉਸ ਦੇ ਮਨ ’ਚ ਸਿਰਫ਼ ਸਿਲੰਡਰ ਲੈਣ ਦੀ ਕਾਹਲ ਨਹੀਂ ਸੀ ਸਗੋਂ ਘਰ ’ਚ ਬਿਮਾਰ ਪਤਨੀ ਲਈ ਰੋਜ਼ਾਨਾ ਵਾਂਗ ਰੋਟੀ ਬਣਾਉਣ ਦੀ ਵੀ ਚਿੰਤਾ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਿਸ ਰਸੋਈ ਨੂੰ ਚੱਲਦਾ ਰੱਖਣ ਲਈ ਉਹ ਘਰੋਂ ਨਿਕਲਿਆ ਸੀ, ਉਸੇ ਰਸੋਈ ਦਾ ਚੁੱਲ੍ਹਾ ਹਮੇਸ਼ਾ ਲਈ ਠੰਢਾ ਕਰ ਕੇ ਉਹ ਮੌਤ ਦੀ ਗੋਦ ’ਚ ਜਾ ਸੁੱਤਾ।
ਭੂਸ਼ਣ ਕੁਮਾਰ ਦੇ ਘਰ ਦੋ ਸਿਲੰਡਰ ਸਨ। ਇੱਕ ਸਿਲੰਡਰ ਪਹਿਲਾਂ ਹੀ ਖਾਲੀ ਹੋ ਚੁੱਕਾ ਸੀ ਤੇ ਚੁੱਲ੍ਹੇ ’ਤੇ ਚੱਲ ਰਿਹਾ ਦੂਜਾ ਸਿਲੰਡਰ ਆਪਣੇ ਆਖ਼ਰੀ ਸਾਹਾਂ ’ਤੇ ਸੀ। ਬਿਮਾਰ ਪਤਨੀ ਨੂੰ ਸਮੇਂ ਸਿਰ ਰੋਟੀ ਮਿਲ ਸਕੇ ਤੇ ਰਸੋਈ ਦਾ ਚੁੱਲ੍ਹਾ ਬਲਦਾ, ਇਸੇ ਫ਼ਿਕਰ ’ਚ ਭੂਸ਼ਣ ਕੁਮਾਰ ਤੜਕਸਾਰ ਆਪਣੇ ਸਾਈਕਲ ’ਤੇ ਸਿਲੰਡਰ ਲੱਦ ਕੇ ਗੈਸ ਏਜੰਸੀ ਚਲਾ ਗਿਆ। ਇਹ ਮੌਤ ਸਿਰਫ਼ ਇੱਕ ਅੰਕੜਾ ਨਹੀਂ ਹੈ ਸਗੋਂ ਇੱਕ ਅਜਿਹੇ ਰਿਸ਼ਤੇ ਦਾ ਦੁਖਾਂਤਕ ਅੰਤ ਹੈ ਜੋ ਪਿਛਲੇ ਕਈ ਸਾਲਾਂ ਤੋਂ ਇੱਕ-ਦੂਜੇ ਦੇ ਸਾਹਾਂ ਦੇ ਸਹਾਰੇ ਜਿਉਂ ਰਹੇ ਸਨ। ਭੂਸ਼ਣ ਕੁਮਾਰ ਦੀ ਪਤਨੀ ਸੁਨੀਤਾ ਰਾਣੀ ਪਿਛਲੇ ਇੱਕ ਦਹਾਕੇ ਤੋਂ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੀ ਹੈ। ਬਿਮਾਰੀ ਨੇ ਉਸ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਸੀ ਕਿ ਉਹ ਘਰ ਦਾ ਕੰਮ ਕਰਨ ਤੋਂ ਬਿਲਕੁਲ ਅਸਮਰੱਥ ਸੀ। ਅਜਿਹੇ ਵਕਤ ’ਚ ਭੂਸ਼ਣ ਕੁਮਾਰ ਨੇ ਉਸ ਦੀ ਸੇਵਾ ਕੀਤੀ। ਉਹ ਖ਼ੁਦ ਰਸੋਈ ’ਚ ਖਾਣਾ ਬਣਾਉਂਦਾ, ਪਤਨੀ ਨੂੰ ਸਮੇਂ ਸਿਰ ਰੋਟੀ ਖੁਆਉਂਦਾ ਤੇ ਫਿਰ ਦਿਨ ਭਰ ਕਾਗਜ਼ ਦੇ ਲਿਫ਼ਾਫ਼ੇ ਬਣਾ ਕੇ ਗੁਜ਼ਾਰਾ ਕਰਦਾ। ਸਭ ਤੋਂ ਅਹਿਮ ਗੱਲ ਇਹ ਵੀ ਰਹੀ ਕਿ ਉਸ ਦੀ ਪਤਨੀ ਸੁਨੀਤਾ ਰਾਣੀ ਵੀ ਆਪਣੀ ਸਮਰੱਥਾ ਅਨੁਸਾਰ ਘਰ ਦੇ ਕੰਮ ਤੋਂ ਇਲਾਵਾ ਲਿਫ਼ਾਫ਼ੇ ਬਣਾਉਣ ’ਚ ਉਸ ਦੀ ਮਦਦ ਕਰਦੀ ਸੀ।
ਭੂਸ਼ਣ ਕੁਮਾਰ ਮਿੱਤਲ ਗ਼ਰੀਬੀ ਦੇ ਬਾਵਜੂਦ ਕਿਸੇ ਅੱਗੇ ਹੱਥ ਅੱਡਣ ਦੀ ਬਜਾਏ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ। ਉਹ ਪੁਰਾਣੇ ਅਖ਼ਬਾਰਾਂ ਤੋਂ ਕਾਗਜ਼ੀ ਲਿਫ਼ਾਫ਼ੇ ਬਣਾ ਕੇ ਪਿੰਡ ਦੀਆਂ ਦੁਕਾਨਾਂ ’ਤੇ ਵੇਚਦਾ ਸੀ। ਉਸ ਦੀ ਮਿਹਨਤ ਹੀ ਉਸ ਦੇ ਘਰ ਦਾ ਇੱਕੋ-ਇੱਕ ਆਰਥਿਕ ਸਹਾਰਾ ਸੀ। ਜਦੋਂ ਭੂਸ਼ਣ ਕੁਮਾਰ ਦੀ ਦੇਹ ਘਰ ਪਹੁੰਚੀ ਤਾਂ ਸੁਨੀਤਾ ਰਾਣੀ ਦੇ ਵੈਣਾਂ ਨੇ ਹਰ ਪੱਥਰ ਦਿਲ ਇਨਸਾਨ ਦੀ ਅੱਖ ਨਮ ਕਰ ਦਿੱਤੀ। ਉਹ ਵਾਰ-ਵਾਰ ਇਹੀ ਕਹਿ ਰਹੀ ਸੀ। ਹੁਣ ਮੈਨੂੰ ਰੋਟੀ ਕੌਣ ਖੁਆਏਗਾ? ਮੇਰੀ ਬਿਮਾਰੀ ਦਾ ਭਾਰ ਕੌਣ ਚੁੱਕੇਗਾ? ਇਹ ਸਵਾਲ ਅੱਜ ਪੂਰੇ ਸ਼ਹਿਣਾ ਦੀ ਫ਼ਿਜ਼ਾ ’ਚ ਗੂੰਜ ਰਿਹਾ ਹੈ। ਇੱਕ-ਦੂਜੇ ਦੀ ਹਿੰਮਤ ਬਣੇ ਇਹ ਦੋਵੇਂ ਜੀਅ ਅੱਜ ਸਿਸਟਮ ਦੀ ਅਣਗਹਿਲੀ ਕਾਰਨ ਹਮੇਸ਼ਾ ਲਈ ਜੁਦਾ ਹੋ ਗਏ ਹਨ।
ਜਿਸ ਲੰਮੀ ਕਤਾਰ ’ਚ ਭੂਸ਼ਣ ਕੁਮਾਰ ਖੜ੍ਹਾ ਸੀ, ਉਥੇ ਉਸ ਦੀ ਵਾਰੀ ਆਉਣ ਤੋਂ ਪਹਿਲਾਂ ਹੀ ਉਸ ਦਾ ਸਾਹ ਮੁੱਕ ਗਿਆ। ਅੱਜ ਉਸ ਗ਼ਰੀਬ ਦੇ ਘਰ ਸਿਲੰਡਰ ਤਾਂ ਨਹੀਂ ਪਹੁੰਚਿਆ ਪਰ ਉਸ ਦੀ ਮ੍ਰਿਤਕ ਦੇਹ ਜ਼ਰੂਰ ਪਹੁੰਚ ਗਈ। ਪਿੰਡ ਵਾਸੀਆਂ ’ਚ ਇਸ ਗੱਲ ਦਾ ਭਾਰੀ ਰੋਸ ਹੈ ਕਿ ਇੱਕ ਗ਼ਰੀਬ ਨੂੰ ਆਪਣੀ ਬੁਨਿਆਦੀ ਲੋੜ ਪੂਰੀ ਕਰਨ ਲਈ ਆਪਣੀ ਜਾਨ ਦੀ ਕੀਮਤ ਚੁਕਾਉਣੀ ਪਈ। ਜੇਕਰ ਸਿਸਟਮ ਅਤੇ ਗੈਸ ਵੰਡ ਪ੍ਰਣਾਲੀ ਸਹੀ ਹੁੰਦੀ ਤਾਂ ਸ਼ਾਇਦ ਭੂਸ਼ਣ ਕੁਮਾਰ ਅੱਜ ਆਪਣੀ ਪਤਨੀ ਦਾ ਸਹਾਰਾ ਹੁੰਦਾ।
ਮ੍ਰਿਤਕ ਦੇ ਭਰਾ ਮੱਖਣ ਮਿੱਤਲ ਤੇ ਪਤਨੀ ਸੁਨੀਤਾ ਰਾਣੀ ਨੇ ਨਮ ਅੱਖਾਂ ਨਾਲ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਗੈਸ ਕੰਪਨੀ ਅੱਗੇ ਝੋਲੀ ਅੱਡੀ ਹੈ। ਉਨ੍ਹਾਂ ਦੀ ਮੰਗ ਹੈ ਕਿ ਪਰਿਵਾਰ ਦੀ ਬੇਹੱਦ ਮੰਦੀ ਆਰਥਿਕ ਹਾਲਤ ਤੇ ਪਤਨੀ ਦੀ ਬਿਮਾਰੀ ਨੂੰ ਦੇਖਦਿਆਂ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਭੂਸ਼ਣ ਕੁਮਾਰ ਦੀ ਮੌਤ ਸਾਡੇ ਸਮੁੱਚੇ ਪ੍ਰਬੰਧ ’ਤੇ ਇੱਕ ਧੱਬਾ ਹੈ। ਸਰਕਾਰ ਨੂੰ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਇਸ ਬੇਸਹਾਰਾ ਬਿਰਧ ਔਰਤ ਦੀ ਬਾਂਹ ਫੜਨੀ ਚਾਹੀਦੀ ਹੈ।
ਸੰਪਰਕ: 95015-06715

