ਹੱਕ ਸੱਚ ਦੇ ਪੁਜਾਰੀ

ਹੱਕ ਸੱਚ ਦੇ ਪੁਜਾਰੀ

ਜਗਦੀਸ਼ ਕੌਰ ਮਾਨ

ਹ ਛੋਟੀ ਜਿਹੀ ਉਮਰ ਦਾ ਅਧਿਆਪਕ ਮੇਰਾ ਗਰਾਈਂ ਸੀ। ਉਸ ਸਾਲ ਉਹ ਮੇਰੇ ਸਕੂਲ ਦੇ ਪ੍ਰੀਖਿਆ ਕੇਂਦਰ ਵਿਚ ਮੁੱਖ ਨਿਗਰਾਨ ਦੀ ਡਿਊਟੀ ਨਿਭਾਉਣ ਲਈ ਆਇਆ ਸੀ। ਅਧਿਆਪਕ ਭਾਈਚਾਰਾ ਅਤੇ ਗਰਾਈਂ ਹੋਣ ਦੇ ਨਾਤੇ ਚਾਹੀਦਾ ਤਾਂ ਇਹ ਸੀ ਕਿ ਸਾਡੀ ਪਹਿਲਾਂ ਤੋਂ ਹੀ ਜਾਣ-ਪਛਾਣ ਹੁੰਦੀ ਪਰ ਪਿੰਡ ਵਿਚ ਘੱਟ ਸਮਾਂ ਗੁਜ਼ਾਰਨ ਕਾਰਨ ਮੈਂ ਬਹੁਤੇ ਲੋਕਾਂ ਨੂੰ ਨਹੀਂ ਸੀ ਜਾਣਦੀ। ਉਹਨੂੰ ਮੇਰੇ ਵਾਰੇ ਪਹਿਲਾਂ ਤੋਂ ਹੀ ਪਤਾ ਸੀ, ਇਸ ਲਈ ਉਸ ਨੇ ਬੈਠਣ ਸਾਰ ਸਭ ਤੋਂ ਪਹਿਲਾਂ ਇਹੀ ਦੱਸਿਆ ਕਿ ਉਹ ਮੇਰਾ ਗਰਾਈਂ ਹੈ ਤੇ ਫਲਾਣਾ ਸਿੰਹੁ ਦਾ ਲੜਕਾ ਹੈ।

ਇਕ ਗੱਲ ਮੈਨੂੰ ਹੈਰਾਨ ਕਰ ਰਹੀ ਸੀ ਕਿ ਮਾਰਚ ਦੇ ਦੂਜੇ ਹਫਤੇ ਵੀ ਉਹਨੇ ਲੋਈ ਦੀ ਬੁੱਕਲ ਘੁੱਟ ਕੇ ਮਾਰੀ ਹੋਈ ਸੀ ਜਦਕਿ ਉਨ੍ਹਾਂ ਦਿਨਾਂ ਵਿਚ ਗਰਮ ਕੱਪੜਿਆਂ ਵਾਲੀ ਠੰਢ ਨਹੀਂ ਸੀ। ਉਹ ਰੋਜ਼ ਹੀ ਮੂੰਹ ਸਿਰ ਅੱਜ ਦੇ ਕਰੋਨਾ ਕਾਲ ਵਾਂਗ ਲਪੇਟ ਕੇ ਆਉਂਦਾ। ਪਹਿਲੇ ਦਿਨ ਮੈਂ ਇਸ ਗੱਲ ਨੂੰ ਸਰਸਰੀ ਸਮਝਿਆ। ਦੂਜੇ ਦਿਨ, ਫਿਰ ਤੀਜੇ ਦਿਨ ਤੇ ਫਿਰ ਰੋਜ਼ ਹੀ ਉਸ ਦਾ ਇਸ ਤਰ੍ਹਾਂ ਬੇਪਛਾਣ ਜਿਹਾ ਹੋ ਕੇ ਆਉਣਾ ਮੇਰੇ ਅੰਦਰ ਸ਼ੱਕ ਦੇ ਬੀਜ ਖਿਲਾਰ ਗਿਆ। ਇਕ ਦਿਨ ਮੈਂ ਜਕਦੀ ਨੇ ਉਸ ਨੂੰ ਪੁੱਛ ਹੀ ਲਿਆ ਪਰ ਜਿਹੜਾ ਕਾਰਨ ਉਹਨੇ ਦੱਸਿਆ, ਉਹ ਹੈਰਾਨ ਪ੍ਰੇਸ਼ਾਨ ਕਰਨ ਵਾਲਾ ਸੀ।...

ਕੁਝ ਸਾਲ ਪਹਿਲਾਂ ਉਸ ਦੀ ਇਸੇ ਪਿੰਡ ਵਿਚ ਪੰਚਾਇਤੀ ਚੋਣਾਂ ਸਮੇਂ ਮੁੱਖ ਚੋਣ ਅਧਿਕਾਰੀ ਦੀ ਡਿਊਟੀ ਲੱਗੀ ਸੀ। ਚੋਣ ਪਾਰਟੀ ਰਾਤ ਨੂੰ ਹੀ ਪਿੰਡ ਪਹੁੰਚ ਗਈ ਸੀ ਤੇ ਇਸੇ ਸਕੂਲ ਵਿਚ ਚੋਣ ਪਾਰਟੀ ਦੇ ਠਹਿਰਨ ਦਾ ਪ੍ਰਬੰਧ ਸੀ। ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਰੱਜ ਕੇ ਸੇਵਾ ਸੰਭਾਲ ਕੀਤੀ। ਪਿੰਡ ਦਾ ਇੱਕ ਬਹੁਤ ਹੀ ਚੁਸਤ ਜਿਹਾ ਬੰਦਾ ਆਨੀ-ਬਹਾਨੀ ਮੁੱਖ ਚੋਣ ਅਧਿਕਾਰੀ ਨੂੰ ਸਰਪੰਚੀ ਦੇ ਆਹੁਦੇ ਵਾਸਤੇ ਖੜ੍ਹੇ ਆਪਣੇ ਬੰਦੇ ਨੂੰ ਹਰ ਹਾਲਤ ਵਿਚ ਜਿਤਾਉਣ ਦੀ ਅਪੀਲ ਕਰ ਰਿਹਾ ਸੀ। ਚਾਹ ਪਾਣੀ ਦੀ ਮੂੰਹ ਮੰਗੀ ਸੇਵਾ ਪਰੋਸ ਰਿਹਾ ਸੀ। ਉਸ ਦੇ ਹਰ ਦੁੱਖ-ਸੁੱਖ ਵਿਚ ਸ਼ਰੀਕ ਹੋਣ ਦਾ ਭਰੋਸਾ ਦੇ ਰਿਹਾ ਸੀ। ਉਹ ਬੱਸ ਹੂੰ-ਹਾਂ ਕਰ ਰਿਹਾ ਸੀ।

ਸਵੇਰੇ ਅੱਠ ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ। ਸ਼ਾਮ ਨੂੰ ਗਿਣਤੀ ਹੋਈ ਤਾਂ ਵਿਰੋਧੀ ਧਿਰ ਦਾ ਉਮੀਦਵਾਰ ਕਿੰਨੀਆਂ ਹੀ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਗਿਆ। ਉਹ ਮੁਹਤਬਰ ਆਪਣੀ ਪਾਰਟੀ ਦੇ ਬੰਦਿਆਂ ਨਾਲ ਭੱਜਿਆ ਆਇਆ ਅਤੇ ਉਸ ਤੇ ਦਬਾਅ ਪਾਉਣ ਲੱਗਾ ਕਿ ਭਾਵੇਂ ਕੋਈ ਹੀਲਾ-ਵਸੀਲਾ ਵਰਤੋ, ਸਾਡਾ ਉਮੀਦਵਾਰ ਜਿੱਤਣਾ ਚਾਹੀਦਾ ਹੈ, ਤੇ ਤੁਸੀਂ ਜਿੱਤੇ ਹੋਏ ਉਮੀਦਵਾਰ ਨੂੰ ਹਾਰਿਆ ਦਿਖਾਉਣਾ ਹੈ। ਮੂੰਹ ਮੰਗੇ ਗੱਫੇ ਦਾ ਲਾਲਚ ਦਿੱਤਾ ਗਿਆ। ਖੁਸ਼ਾਮਦ ਦੀ ਚਾਟ ਸੁੱਟੀ ਗਈ। ਦੂਰ ਨੇੜੇ ਦੀਆਂ ਸਕੀਰੀਆਂ ਕੱਢੀਆਂ ਗਈਆਂ ਪਰ ਚੋਣ ਕਰਮਚਾਰੀ ਇਨਸਾਫ ਅਤੇ ਇਨਸਾਨੀਅਤ ਤੋਂ ਇਕ ਇੰਚ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਸੀ।

ਫਿਰ ਸਿਆਸੀ ਘੁਰਕੀਆਂ ਤੇ ਤਾਕਤ ਦਾ ਰੋਅਬ ਦਿੱਤਾ ਗਿਆ, ਸੱਤਾਧਾਰੀ ਪਾਰਟੀ ਦੀ ਤਾਕਤ ਦਾ ਅਹਿਸਾਸ ਕਰਵਾ ਕੇ ਝੂਠੇ ਕੇਸਾਂ ਵਿਚ ਫਸਾਉਣ ਦੀ ਧਮਕੀ ਦਿੱਤੀ। ਜਦੋਂ ਉਹ ਫੇਰ ਵੀ ਟੱਸ ਤੋਂ ਮੱਸ ਨਾ ਹੋਇਆ ਤਾਂ ਸਭ ਤੋਂ ਨਾਜ਼ੁਕ ਤੇ ਦੁਖਦਾਈ ਰਗ ਛੇੜੀ ਗਈ ਕਿ ਉਸ ਦੇ ਬੱਚਿਆਂ ਨੂੰ ਸਕੂਲ ਵਿਚੋਂ ਅਗਵਾ ਕਰ ਕੇ ਕਿਸੇ ਅਜਿਹੀ ਥਾਂ ਤੇ ਪਹੁੰਚਾਇਆ ਜਾਵੇਗਾ ਜਿਥੋਂ ਉਨ੍ਹਾਂ ਦੀ ਭਾਫ਼ ਵੀ ਬਾਹਰ ਨਹੀਂ ਨਿਕਲੇਗੀ ਪਰ ਹੱਕ ਸੱਚ ਦਾ ਉਹ ਪੁਜਾਰੀ ਸੂਰਮਾ ਫਿਰ ਵੀ ਨਾ ਥਿੜਕਿਆ। ਜਦੋਂ ਗੱਲ ਕਿਸੇ ਤਣ-ਪੱਤਣ ਲਗਦੀ ਨਾ ਦਿਸੀ ਤਾਂ ਪੋਲਿੰਗ ਸਟੇਸ਼ਨ ਤੇ ਵੱਡੇ ਅਫਸਰਾਂ ਦੇ ਦਖ਼ਲ ਨਾਲ ਉਸੇ ਜਿੱਤੇ ਹੋਏ ਉਮੀਦਵਾਰ ਨੂੰ ਸਰਪੰਚੀ ਸੌਂਪੀ ਗਈ।

ਹੁਣ ਉਸੇ ਅਧਿਆਪਕ ਦੀ ਡਿਊਟੀ ਬਤੌਰ ਮੁੱਖ ਨਿਗਰਾਨ ਪ੍ਰੀਖਿਆ ਕੇਂਦਰ ਵਿਚ ਲੱਗ ਗਈ ਸੀ; ਕਿਤੇ ਫੇਰ ਨਾ ਕੋਈ ਛੇੜਾ ਛਿੜ ਜਾਵੇ, ਇਸੇ ਲਈ ਉਹ ਮੂੰਹ ਸਿਰ ਲਪੇਟ ਕੇ ਬੇਪਛਾਣ ਜਿਹਾ ਹੋ ਕੇ ਡਿਊਟੀ ਤੇ ਆ ਰਿਹਾ ਸੀ। ਉਸ ਦੀ ਵਿਥਿਆ ਸੁਣ ਕੇ ਯਕੀਨ ਹੋ ਗਿਆ ਸੀ ਕਿ ਹੱਕ ਸੱਚ ਤੇ ਪਹਿਰਾ ਦੇਣ ਵਾਲੇ ਸੂਰਮੇ ਅਜੇ ਵੀ ਬਥੇਰੇ ਹਨ। ਜਿਵੇਂ ਦਿਆਨਤਦਾਰੀ ਤੇ ਅੜੇ ਉਸ ਆਦਰਸ਼ਵਾਦੀ ਅਧਿਆਪਕ ਦੀ ਜਿੱਤ ਹੋਈ ਸੀ, ਉਵੇਂ ਹੀ ਕਿਸਾਨੀ ਸੰਘਰਸ਼ ਨਾਲ ਜੂਝ ਰਹੇ ਸੂਰਮੇ ਜਿੱਤ ਹਾਸਲ ਕਰ ਕੇ ਹੀ ਘਰਾਂ ਨੂੰ ਪਰਤਣਗੇ।

ਸੰਪਰਕ: 98722-21504

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All