ਜਸਵਿੰਦਰ ਸੁਰਗੀਤ
ਪੱਚੀ ਕੁ ਸਾਲ ਪੁਰਾਣੀ ਗੱਲ ਹੈ। ਦਸੰਬਰ ਦੀ ਇੱਕ ਠੰਢੀ ਸਵੇਰ ਨੂੰ ਅਜੇ ਅਸੀਂ ਚਾਹ ਪਾਣੀ ਪੀ ਕੇ ਕੰਮ ਸ਼ੁਰੂ ਕਰਨਾ ਹੀ ਸੀ ਕਿ ਸਕੂਲ ਦੇ ਮੁੱਖ ਗੇਟ ਤੋਂ ਦਸ ਬਾਰਾਂ ਬੰਦੇ ਖੇਸੀਆਂ ਦੀ ਬੁੱਕਲ ਮਾਰੀ ਆਉਂਦੇ ਨਜ਼ਰੀਂ ਪਏ। ਉਹ ਸਿੱਧਾ ਸਾਡੇ ਵੱਲ ਹੀ ਆ ਰਹੇ ਸਨ।
“ਇਹ ਨੀ ਇੱਥੇ ਕੰਜਰਖਾਨਾ ਚੱਲਣ ਦੇਣਾ।” ਸਾਡੇ ਨੇੜੇ ਆਉਂਦਿਆਂ ਹੀ ਉਨ੍ਹਾਂ ਵਿਚੋਂ ਇੱਕ ਬੋਲਿਆ। ਅਸੀਂ ਡੌਰ ਭੌਰ ਹੋ ਗਏ। ਸਮਝ ਨਾ ਆਏ, ਇਹ ਕਹਿ ਕੀ ਰਹੇ ਨੇ। “ਬਾਈ ਜੀ, ਗੱਲ ਤਾਂ ਦੱਸੋ, ਕੀ ਹੋ ਗਿਆ?” ਸਾਡੇ ਵਿਚੋਂ ਇੱਕ ਜਣਾ ਬੋਲਿਆ। “ਨਾ ਸੋਨੂੰ ਕਾਹਨੂੰ ਪਤੈ।” ਅਸੀਂ ਸਾਰੇ ਹੈਰਾਨ, ਪ੍ਰੇਸ਼ਾਨ। “ਬਾਈ ਜੀ, ਤੁਹਾਨੂੰ ਕੋਈ ਗ਼ਲਤਫਹਿਮੀ ਹੋਗੀ। ਅਸੀਂ ਤਾਂ ਇੱਥੇ ਕੈਂਪ ਲਾਉਣ ਆਏ ਆਂ।” “ਨਾ ਅੱਧੀ ਅੱਧੀ ਰਾਤ ਤੱਕ ਇੱਥੇ ਕਿਹੜਾ ਕੈਂਪ ਲਗਦੈ।”…“ਇਉਂ ਨੀ ਅਸੀਂ ਇੱਥੇ ਚੱਲਣ ਦੇਣਾ।”…“ਹੋਰ ਸੁਣ ਲੈ, ਨਛੱਤਰ ਸਿਆਂ, ਰਾਤ ਨੂੰ ਕਹਿੰਦੇ ਇਹ ਮੁੰਡੇ, ਕੁੜੀਆਂ ’ਕੱਠੇ ਈ ਨੱਚੀ ਨੁੱਚੀ ਗਏ ਐ।” ਉਹਦੇ ਨਾਲ ਦੇ ਨੇ ਨਛੱਤਰ ਨੂੰ ਹੁੱਝ ਲਾਈ।
ਬੁਝਾਰਤ ਸਾਡੇ ਸਮਝ ਆ ਗਈ ਸੀ। ਰਾਤ ਮੁੰਡੇ ਕੁੜੀਆਂ ਦੇ ਸਾਂਝੇ ਪ੍ਰੋਗਰਾਮ ਨੂੰ ਉਨ੍ਹਾਂ ਕੰਜਰਖਾਨਾ ਕਰਾਰ ਦਿੱਤਾ ਸੀ।
ਇੰਨੇ ਨੂੰ ਸਾਡੇ ਪ੍ਰੋਗਰਾਮ ਅਫਸਰ ਆ ਗਏ। ਅਸੀਂ ਉਨ੍ਹਾਂ ਦੇ ਧਿਆਨ ਵਿਚ ਸਾਰੀ ਗੱਲ ਲਿਆਂਦੀ। ਪ੍ਰੋਫੈਸਰ ਸਾਹਿਬ ਨੇ ਉਨ੍ਹਾਂ ਨੂੰ ਪਿਆਰ ਨਾਲ ਸਾਰੀ ਗੱਲ ਸਮਝਾਈ। ਉਹ ਵਾਪਸ ਚਲੇ ਤਾਂ ਗਏ ਪਰ ਉਨ੍ਹਾਂ ਦੇ ਮੱਥੇ ਪਏ ਵੱਟ ਪੂਰੀ ਤਰ੍ਹਾਂ ਸਮਤਲ ਨਹੀਂ ਹੋਏ ਸਨ।
ਇੱਕ ਵਾਰ ਤਾਂ ਸਾਡਾ ਸਭ ਦਾ ਮਨ ਖਰਾਬ ਹੋ ਗਿਆ। ਫਿਰ ਅਸੀਂ ਕੰਮ ਵਿਚ ਰੁੱਝ ਗਏ। ਤੇ ਹੌਲੀ ਹੌਲੀ ਸਾਡੇ ਮਨਾਂ ਤੋਂ ਘਟਨਾ ਦਾ ਪ੍ਰਭਾਵ ਉਤਰਦਾ ਗਿਆ। ਸਵੇਰੇ ਸਵੱਖਤੇ ਉਠਦੇ। ਨਹਾਉਂਦੇ, ਧੋਂਦੇ। ਰੋਟੀ-ਟੁੱਕ ਤਿਆਰ ਕਰਦੇ; ਤੇ ਫਿਰ ਕਹੀਆਂ ਕਸੀਏ ਚੁੱਕ ਕੰਮ ਚ ਜੁਟ ਜਾਂਦੇ। ਕੰਮ ਕਰਦਿਆਂ ਹਾਸਾ ਠੱਠਾ ਚਲਦਾ ਰਹਿੰਦਾ। ਸ਼ਰਾਰਤਾਂ ਨਿਰਵਿਘਨ ਚਲਦੀਆਂ। ਮੁੰਡੇ ਕੁੜੀਆਂ ਭੱਜ ਭੱਜ ਕੰਮ ਕਰਦੇ। ਜਦੋਂ ਕੰਮ ਕਰਦੇ ਥੱਕ ਜਾਂਦੇ ਤਾਂ ਧਰਤੀ ’ਤੇ ਪਲਾਥੀਆਂ ਮਾਰ ਜਹਾਨ ਭਰ ਦੀਆਂ ਗੱਲਾਂ ਵਿਚ ਰੁੱਝ ਜਾਂਦੇ।
ਸ਼ਾਮ ਨੂੰ ਕੰਮ ਸਮਾਪਤ ਕਰਕੇ ਨਾਹ ਧੋ ਕੇ ਫਿਰ ਤਰੋਤਾਜ਼ਾ ਹੋ ਜਾਂਦੇ। ਰਾਤ ਦੇ ਰੰਗਾਰੰਗ ਪ੍ਰੋਗਰਾਮ ਦੀ ਤਿਆਰੀ ਵਿਚ ਰੁੱਝ ਜਾਂਦੇ। ਗੀਤ ਸੰਗੀਤ ਚਲਦਾ। ਦਿਨ ਭਰ ਦੇ ਕਾਮਿਆਂ ਵਿਚੋਂ ਕੋਈ ਸਰਦੂਲ ਸਿਕੰਦਰ, ਕੋਈ ਹੰਸ ਰਾਜ ਹੰਸ ਤੇ ਕੋਈ ਗੁਰਦਾਸ ਮਾਨ ਬਣ ਬਹਿੰਦਾ। ਭਰ ਸਿਆਲ ਵਿਚ ਅੱਧੀ ਅੱਧੀ ਰਾਤ ਤੱਕ ਅਖਾੜਾ ਮਘਦਾ ਰਹਿੰਦਾ। ਪਿੰਡ ਦੇ ਲੋਕ ਵੀ ਕੰਨ ਬਣ ਕੇ ਬੈਠੇ ਰਹਿੰਦੇ।
ਸਵੇਰੇ ਉੱਠ ਕੇ ਫਿਰ ਅਸੀਂ ਕੰਮ ’ਤੇ ਸਵਾਰ ਹੋ ਜਾਂਦੇ। ਤੀਜੇ ਚੌਥੇ ਦਿਨ ਹੀ ਸਕੂਲ ਮੂੰਹੋਂ ਬੋਲਣ ਲੱਗ ਪਿਆ। ਹੌਲੀ ਹੌਲੀ ਸਾਡੇ ਕੀਤੇ ਕੰਮ ਦੀ ਖ਼ੁਸ਼ਬੂ ਪਿੰਡ ਵਿਚ ਮਹਿਕਣ ਲੱਗੀ।
“ਊਂ ਮੱਘਰ ਸਿਆਂ, ਇਨ੍ਹਾਂ ਪਾੜ੍ਹਿਆਂ ਆਇਆਂ ਨੂੰ ਆਪਣੇ ਪਿੰਡ ਅੱਜ ਚਾਰ, ਪੰਜ ਦਿਨ ਹੋਗੇ, ਆਪਾਂ ਤਾਂ ਕੋਈ ਚੰਗੀ ਮਾੜੀ ਗੱਲ ਸੁਣੀ ਨੀ ਅਜੇ ਤੱਕ ਇਨ੍ਹਾਂ ਦੀ।” ਖੁੰਢ ’ਤੇ ਬੈਠਾ ਜੈਲਾ ਬੋਲਿਆ।…“ਜਮਾਂ ਸਹੀ ਗੱਲ ਐ, ਤੇ ਹੋਰ ਸੁਣ ਲੈ, ਕੱਲ੍ਹ ਜਦ ਮੈਂ ਆਪਣੀ ਨਿਆਈਂ ਵੰਨੀ ਗੇੜਾ ਮਾਰਨ ਗਿਆ, ਮੈਂ ਦੇਖਿਆ, ਸਕੂਲ ਤਾਂ ਇਨ੍ਹਾਂ ਨੇ ਵਿਆਹ ਆਲੇ ਘਰ ਵਾਂਗੂੰ ਸਜਾਇਆ ਪਿਐ; ਤੇ ਜਿਹੜੀ ਕੰਧ ਢਹੀ ਪਈ ਸੀ ਚੜ੍ਹਦੇ ਵੰਨੀਓਂ, ਉਹ ਵੀ ਪਤੰਦਰਾਂ ਨੇ ਨਵੀਂ ਕੱਢੀ ਪਈ ਐ। ਇਹ ਤਾਂ ਪਤੰਦਰ ਭੂਤਾਂ ਵਾਂਗੂੰ ਕੰਮ ਕਰਦੇ ਐ।” ਸੁਰਜੀਤ ਹੈਰਾਨੀ ਨਾਲ ਕਿੰਨਾ ਹੀ ਚਿਰ ਬੋਲੀ ਗਿਆ।…“ਤੇ ਆਪਣੇ ਨਛੱਤਰ ਹੁਰੀਂ ਐਵੇਂ ਪਿੰਡ ਚ ਲਾਅਲਾ ਲਾਅਲਾ ਕਰੀ ਜਾਂਦੇ ਐ।” ਕੋਲੇ ਬੈਠੇ ਮੱਦੀ ਨੇ ਵੀ ਆਪਣੀ ਹਾਜ਼ਰੀ ਲੁਆਈ।…“ਲਾਅਲਾ, ਲਾਅਲਾ ਕੀ, ਉਹ ਤਾਂ ਦੋ ਵਾਰੀ ਸਰਪੰਚ ਦੇ ਘਰੇ ਵੀ ਜਾ ਆਇਆ; ਅਖੇ, ਇਨ੍ਹਾਂ ਦਾ ਕੈਂਪ ਬੰਦ ਕਰਾਓ। ਉਹਨੂੰ ਪੁੱਛਣਾ ਹੋਵੇ, ਜੇ ਉਹ ਰਾਤ ਨੂੰ ਗੌਣ ਪਾਣੀ ਕਰ ਵੀ ਲੈਂਦੇ ਐ, ਤੇਰਾ ਇਹਦੇ ਚ ਕੀ ਘਸਦੈ।” ਪਿੰਡ ਦਾ ਕੋਈ ਗੱਭਰੂ ਬੋਲਿਆ।
ਹੁਣ ਸਾਡੇ ਸਾਹਮਣੇ ਪਿੰਡ ਦੀ ਪੁਰਾਣੀ ਪੱਕੀ ਧਰਮਸ਼ਾਲਾ ਨੂੰ ਢਾਹੁਣ ਦਾ ਟੀਚਾ ਸੀ ਜਿਹੜੀ ਕਿਸੇ ਵੀ ਸਮੇਂ ਆਪੇ ਡਿੱਗ ਕੇ ਨੁਕਸਾਨ ਕਰ ਸਕਦੀ ਸੀ। ਕੰਮ ਔਖਾ ਸੀ ਪਰ ਸਾਡੇ ਜਨੂਨ ਸਾਹਮਣੇ ਇਹਦਾ ਕੀ ਜ਼ੋਰ! ਤੀਜੇ ਚੌਥੇ ਦਿਨ ਧਰਮਸ਼ਾਲਾ ਮਲਬਾ ਬਣੀ ਪਈ ਸੀ। ਟਰਾਲੀਆਂ ਚ ਭਰ ਭਰ ਮਲਬਾ ਵੀ ਨਬਿੇੜ ਦਿੱਤਾ। ਥਾਂ ਪੱਧਰਾ ਹੋ ਗਿਆ।
ਧਰਮਸ਼ਾਲਾ ਦਾ ਭੋਗ ਪਾ ਕੇ ਫਿਰ ਅਸੀਂ ਸੌ ਦੇ ਸੌ ਜਣੇ ਪਿੰਡ ਦੀਆਂ ਗਲੀਆਂ ਵਿਚ ਖਿੱਲਰ ਗਏ; ਤੇ ਬਸ ਫੇਰ, ਕਿਧਰੇ ਝਾੜੂ ਵੱਜ ਰਿਹਾ ਸੀ, ਕਿੱਧਰੇ ਮਲਬਾ ਚੁੱਕਿਆ ਜਾ ਰਿਹਾ ਸੀ, ਕਿਧਰੇ ਮਾਟੋ ਲਿਖੇ ਜਾ ਰਹੇ ਸਨ, ਕਿਧਰੇ ਨਾਲੀਆਂ ਦੀ ਸਫਾਈ ਹੋਈ ਜਾਏ, ਕਿਧਰੇ ਭਰਤ ਪਈ ਜਾਵੇ; ਤੇ ਓਧਰ ਘਰਾਂ ਦੀਆਂ ਤ੍ਰੀਮਤਾਂ ਤੇ ਕੁੜੀਆਂ ਦਰਵਾਜਿ਼ਆਂ ਨਾਲ ਲੱਗ ਲੱਗ ਦੇਖਦੀਆਂ ਰਹਿੰਦੀਆਂ। ਕੁੜੀਆਂ, ਮੁੰਡੇ ਇਕੱਠੇ ਕੰਮ ਕਰਦੇ ਦੇਖ ਦੇਖ ਹੈਰਾਨ ਵੀ ਹੁੰਦੀਆਂ।
ਅਖਿ਼ਰ ਸਾਡੇ ਜਾਣ ਦਾ ਦਿਨ ਆ ਗਿਆ। ਸਭ ਦੇ ਮੂੰਹ ਉਤਰੇ ਹੋਏ ਸਨ ਪਰ ਜਾਣਾ ਤਾਂ ਪੈਣਾ ਹੀ ਸੀ। ਅਸੀਂ ਆਪਣੀ ਸਾਰੀ ਤਿਆਰੀ ਕਰਕੇ ਅਜੇ ਚਾਲੇ ਪਾਉਣ ਹੀ ਲੱਗੇ ਸੀ ਕਿ ਦੂਰੋਂ ਧੁੰਦ ਵਿਚੋਂ ਸਾਨੂੰ ਕੁਝ ਬੰਦੇ ਆਉਂਦੇ ਦਿਖਾਈ ਦਿੱਤੇ।
“ਸਾਨੂੰ ਪਤਾ ਲੱਗਿਆ, ਤੁਸੀਂ ਜਾਣ ਲੱਗੇ ਓਂ, ਅਸੀਂ ਆਖਿਆ, ਚਲੋ ਮਿਲ ਈ ਆਈਏ।”…“ਚਲੋ, ਵਧੀਆ ਕੀਤਾ।” ਅਸੀਂ ਉਨ੍ਹਾਂ ਦਾ ਸਵਾਗਤ ਕੀਤਾ। “ਗਾਂਹ ਵੀ ਕਦੇ ਕੈਂਪ ਲਾਉਣ ਆਉਂਗੇ?”…“ਦੇਖਦੇ ਆਂ ਜੀ, ਅੱਗੇ ਕੀ ਬਣਦੈ?”…“ ਅਸੀਂ ਤਾਂ ਕਹਿੰਨੇ ਆਂ, ਆ ਜਾਇਓ।” ਉਹ ਦਿਲੋਂ ਬੋਲ ਰਿਹਾ ਸੀ। ਫਿਰ ਮਹਿਸੂਸ ਕੀਤਾ, ਜਿਵੇਂ ਉਹਦਾ ਗਲਾ ਭਰ ਆਇਆ ਹੋਵੇ। ਉਹ ਕੁਝ ਪਲ ਚੁੱਪ ਰਿਹਾ, ਫਿਰ ਖੰਘੂਰਾ ਜਿਹਾ ਮਾਰ ਕੇ ਗਲਾ ਸਾਫ ਕੀਤਾ, “ਬਾਕੀ ਸਾਡਾ ਕਿਹਾ ਸੁਣਿਆ ਮਾਫ ਕਰਿਓ ਜੀ, ਅਸੀਂ ਤਾਂ ਸੋਨੂੰ ਐਵੇਂ ਗਲਤ ਸਮਝ ਬੈਠੇ ਸੀ, ਤੁਸੀਂ ਤਾਂ ਸਾਡੇ ਆਵਦੇ ਈ ਨਿੱਕਲੇ।”…ਤੇ ਨਛੱਤਰ ਦੀਆਂ ਅੱਖਾਂ ਵਿਚੋਂ ਆਪਮੁਹਾਰੇ ਹੰਝੂ ਵਹਿ ਤੁਰੇ।
ਸੰਪਰਕ: 94174-48436