DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿੰਦਗੀ ਦਾ ਸਨਮਾਨ

ਜ਼ਿੰਦਗੀ ਆਪਣੀ ਤੋਰ ਤੁਰੀ ਜਾ ਰਹੀ ਸੀ। ਲੈਬਾਰਟਰੀ ਤਕਨੀਸ਼ੀਅਨ ਦਾ ਕੋਰਸ ਕਰਨ ਉਪਰੰਤ ਬਨੂੜ ਨੇੜਲੀ ਪ੍ਰਾਈਵੇਟ ਮੈਡੀਕਲ ਸੰਸਥਾ ਵਿੱਚ ਨੌਕਰੀ ਮਿਲ ਗਈ ਸੀ। ਗੱਡੀ ਰਿੜੀ ਜਾ ਰਹੀ ਸੀ ਕਿ ਇਹ ਸੰਸਥਾ ਵਿਵਾਦਾਂ ਵਿੱਚ ਘਿਰਨ ਲੱਗੀ। ਵਿੱਤੀ ਬੇਨਿਯਮੀਆਂ ਦਾ ਰੌਲਾ ਪਿਆ,...

  • fb
  • twitter
  • whatsapp
  • whatsapp
Advertisement
ਜ਼ਿੰਦਗੀ ਆਪਣੀ ਤੋਰ ਤੁਰੀ ਜਾ ਰਹੀ ਸੀ। ਲੈਬਾਰਟਰੀ ਤਕਨੀਸ਼ੀਅਨ ਦਾ ਕੋਰਸ ਕਰਨ ਉਪਰੰਤ ਬਨੂੜ ਨੇੜਲੀ ਪ੍ਰਾਈਵੇਟ ਮੈਡੀਕਲ ਸੰਸਥਾ ਵਿੱਚ ਨੌਕਰੀ ਮਿਲ ਗਈ ਸੀ। ਗੱਡੀ ਰਿੜੀ ਜਾ ਰਹੀ ਸੀ ਕਿ ਇਹ ਸੰਸਥਾ ਵਿਵਾਦਾਂ ਵਿੱਚ ਘਿਰਨ ਲੱਗੀ। ਵਿੱਤੀ ਬੇਨਿਯਮੀਆਂ ਦਾ ਰੌਲਾ ਪਿਆ, ਰੋਜ਼ ਕੁਝ ਨਾ ਕੁਝ ਨਵਾਂ ਸੁਣਨ ਨੂੰ ਮਿਲਦਾ। ਪ੍ਰਬੰਧਕਾਂ ’ਚ ਖਿੱਚੋਤਾਣ ਵਧਣ ਲੱਗੀ ਅਤੇ ਦੇਖਦੇ ਹੀ ਦੇਖਦੇ 2017 ਦੀ ਸ਼ੁਰੂਆਤ ਵਿੱਚ ਸੰਸਥਾ ਬੰਦ ਹੋ ਗਈ। ਹੋਰਨਾਂ ਸੈਂਕੜੇ ਮੁਲਾਜ਼ਮਾਂ ਵਾਂਗ ਮੇਰਾ ਰੁਜ਼ਗਾਰ ਵੀ ਖੁੱਸ ਗਿਆ ਤੇ ਮੈਂ ਫਿਰ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਜਾ ਖੜ੍ਹੀ ਹੋਈ। ਕੁਝ ਸਾਲ ਹੋ ਗਏ ਸਨ ਇਹ ਨੌਕਰੀ ਕਰਦਿਆਂ, ਪਰ ਅਚਾਨਕ ਜਿਵੇਂ ਸਭ ਖ਼ਤਮ ਹੋ ਗਿਆ। ਕੁਝ ਸੁੱਝ ਨਹੀਂ ਸੀ ਰਿਹਾ, ਅਜੀਬ ਬੇਚੈਨੀ ਸੀ। ਸਮਾਂ ਲੰਘਦਾ ਗਿਆ ਤੇ ਹੌਲੀ-ਹੌਲੀ ਬੇਚੈਨੀ ਜਿਵੇਂ ਢਾਰਸ ਦੀ ਪਨਾਹ ਲੈਣ ਲੱਗੀ। ਮੈਂ ਮੁੜ ਨੌਕਰੀ ਦੀ ਭਾਲ ਕਰਨ ਲੱਗੀ। ਰੁਜ਼ਗਾਰ ਤੋਂ ਬਿਨਾਂ ਕੋਈ ਆਸਰਾ ਨਹੀਂ ਸੀ। ਸਰਕਾਰੀ ਨੌਕਰੀਆਂ ਲਈ ਅਪਲਾਈ ਕਰਦੀ, ਪੇਪਰ ਦਿੰਦੀ ਪਰ ਕਿਧਰੇ ਕੋਈ ਗੱਲ ਨਹੀਂ ਸੀ ਬਣ ਰਹੀ। ਉਡੀਕ ਦੇ ਪਰਛਾਵੇਂ ਲੰਮੇ ਹੁੰਦੇ ਜਾ ਰਹੇ ਸਨ। ਸੋਚਦੀ ਕਿ ਕਦੇ ਤਾਂ ਇਹ ਢਲ ਹੀ ਜਾਣਗੇ। ਇਸ ਦੌਰਾਨ ਕਰੋਨਾ ਦਾ ਕਹਿਰ ਸ਼ੁਰੂ ਹੋ ਗਿਆ, ਹਾਲਾਤ ਖ਼ਰਾਬ ਹੋਣ ਲੱਗੇ। ਪਾਬੰਦੀਆਂ ਲੱਗਣ ਲੱਗ ਪਈਆਂ। ਅਜਿਹੇ ਵਿੱਚ ਰੁਜ਼ਗਾਰ ਤਾਂ ਕੀ ਸੁੱਝਣਾ ਸੀ, ਸਾਰਿਆਂ ਨੂੰ ਆਪਣੀ ਜਾਨ ਬਚਾਉਣ ਦੀ ਪਈ ਸੀ। ਫਿਰ ਤਾਲਾਬੰਦੀ (ਲੌਕਡਾਊਨ) ਦੇ ਹੁਕਮ ਆ ਗਏ। ਗਲੀਆਂ-ਬਾਜ਼ਾਰਾਂ ਵਿੱਚ ਸੁੰਨ ਵਰਤ ਗਈ, ਕੋਈ ਡਰਦਾ ਘਰੋਂ ਬਾਹਰ ਨਾ ਨਿਕਲਦਾ। ਵੇਲੇ-ਕੁਵੇਲੇ ਜੇ ਮੁਸੀਬਤ ਦਾ ਮਾਰਿਆ ਕੋਈ ਬੰਦਾ ਬਾਹਰ-ਅੰਦਰ ਜਾਂਦਾ ਵੀ ਤਾਂ ਲੋਕ ਉਸ ਤੋਂ ਅਤੇ ਉਹ ਲੋਕਾਂ ਤੋਂ ਭੈਅ ਖਾਂਦਾ। ਇਨ੍ਹਾਂ ਹੀ ਦਿਨਾਂ ’ਚ ਇੱਕ ਦਿਨ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਤੋਂ ਫੋਨ ਆਇਆ।‘‘ਤੁਸੀਂ ਰਵਿੰਦਰ ਜੀ ਬੋਲ ਰਹੇ ਹੋ?’’ ‘‘ਹਾਂ ਜੀ,’’ ਮੈਂ ਉੱਤਰ ਦਿੱਤਾ। ‘‘ਤੁਸੀਂ ਲੈਬਾਰਟਰੀ ਤਕਨੀਸ਼ੀਅਨ ਦੀ ਅਸਾਮੀ ਲਈ ਅਪਲਾਈ ਕੀਤਾ ਸੀ? ਕੱਲ੍ਹ ਮੈਡੀਕਲ ਕਾਲਜ, ਪਟਿਆਲਾ ਵਿੱਚ ਇੰਟਰਵਿਊ ਹੈ। ਸਮੇਂ ਸਿਰ ਪੁੱਜ ਜਾਣਾ।’’ ਇੰਟਰਵਿਊ ਵਾਸਤੇ ਫੋਨ ਆਉਣ ਦੀ ਖ਼ੁਸ਼ੀ ਤਾਂ ਸੀ, ਪਰ ਹੁਣ ਸਵੇਰੇ ਜਾਣ ਦਾ ਸੰਕਟ ਖੜ੍ਹਾ ਹੋ ਗਿਆ। ਨਾ ਕੋਈ ਬੱਸ, ਨਾ ਆਟੋ, ਸੁੰਨੀਆਂ ਸੜਕਾਂ...! ਹਰ ਪਾਸੇ ਸੰਨਾਟਾ ਅਤੇ ਪੁਲੀਸ ਦੇ ਬੈਰੀਕੇਡ। ਕਿਸੇ ਨੂੰ ਕਲੋਨੀ ਤੋਂ ਪੈਰ ਬਾਹਰ ਰੱਖਣ ਦੀ ਆਗਿਆ ਨਹੀਂ ਸੀ। ਹਾਲਾਂਕਿ, ਉਦੋਂ ਸਿਹਤ ਅਮਲੇ ਨੂੰ ਆਉਣ-ਜਾਣ ਦੀ ਖੁੱਲ੍ਹ ਸੀ। ਉਂਜ, ਮੇਰੇ ਕੋਲ ਪੁਲੀਸ ਨੂੰ ਦਿਖਾਉਣ ਲਈ ਪੁਰਾਣਾ ਆਈ ਡੀ ਕਾਰਡ ਸੀ। ਮੈਂ ਸਵੇਰੇ ਆਪਣੀ ਐਕਟਿਵਾ ਚੁੱਕੀ, ਬਗੈਰ ਕਿਸੇ ਰੋਕ-ਟੋਕ ਤੋਂ ਇੰਟਰਵਿਊ ਵਾਲੀ ਥਾਂ ’ਤੇ ਪੁੱਜ ਗਈ। ਪਤਾ ਲੱਗਿਆ ਸੱਤ ਬੰਦੇ ਰੱਖਣੇ ਨੇ, ਪਰ ਉਮੀਦਵਾਰ ਛੇ ਹੀ ਆਏ ਸਨ। ਇੰਟਰਵਿਊ ਚੰਗੀ ਹੋਈ ਸੀ। ਖ਼ੈਰ, ਘਰ ਪਹੁੰਚਦਿਆਂ ਹੀ ਡਿਊਟੀ ਜੁਆਇਨ ਕਰਨ ਦਾ ਫੋਨ ਆ ਗਿਆ। ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਸੀ ਤੇ ਹਰ ਹੀਲੇ ਸਵੇਰੇ ਜੁਆਇਨ ਕਰਨ ਦਾ ਹੁਕਮ ਸੀ ਕਿਉਂਕਿ ਕਰੋਨਾ ਲੈਬ ’ਚ ਚੌਵੀ ਘੰਟੇ ਕੰਮ ਚੱਲਣਾ ਸੀ। ਮੈਂ 8 ਮਈ 2020 ਨੂੰ ਡਿਊਟੀ ਜੁਆਇਨ ਕਰ ਲਈ। ਸਵੇਰੇ 8 ਵਜੇ ਡਿਊਟੀ ਸ਼ੁਰੂ ਹੁੰਦੀ ਤੇ ਸ਼ਾਮ ਨੂੰ 6 ਵਜੇ ਛੁੱਟੀ। ਮੈਂ ਤਾਲਾਬੰਦੀ ਖ਼ਤਮ ਹੋਣ ਤੱਕ ਆਪਣੀ ਐਕਟਿਵਾ ’ਤੇ ਰੋਜ਼ਾਨਾ ਕਰੀਬ 60 ਕਿਲੋਮੀਟਰ ਸਫ਼ਰ ਤੈਅ ਕਰਦੀ ਰਹੀ। ਸਵੇਰੇ ਸੱਤ ਵਜੇ ਘਰੋਂ ਜਾਣਾ ਤੇ ਸ਼ਾਮੀਂ ਸੱਤ ਵਜੇ ਪਰਤਣਾ, ਇਹ ਹੁਣ ਰੁਟੀਨ ਬਣ ਗਈ ਸੀ। ਕਰੋਨਾ ਲੈਬ ’ਚ ਰੋਜ਼ਾਨਾ ਇੱਕ ਸ਼ਿਫਟ ’ਚ ਹਜ਼ਾਰਾਂ ਸੈਂਪਲ ਲੱਗਦੇ ਸਨ। ਹੌਲੀ-ਹੌਲੀ ਕਰੋਨਾ ਦਾ ਅਸਰ ਘਟਦਾ ਗਿਆ ਤੇ ਜ਼ਿੰਦਗੀ ਆਮ ਵਰਗੀ ਹੁੰਦੀ ਗਈ। ਆਖ਼ਰ ਕਰੋਨਾ ਦੀਆਂ ਪਾਬੰਦੀਆਂ ਉਠਾ ਦਿੱਤੀਆਂ ਗਈਆਂ। ਕਰੋਨਾ ਦੇ ਕੇਸ ਨਾਂ-ਮਾਤਰ ਰਹਿ ਗਏ ਸਨ। ਉਨ੍ਹੀਂ ਦਿਨੀਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਆਪਣੇ ਕਾਰਜਕਾਲ ਦੇ ਆਖ਼ਰੀ ਪੜਾਅ ’ਤੇ ਸੀ। ਸਰਕਾਰ ਨੇ ਕਰੋਨਾ ਵਾਲੰਟੀਅਰਾਂ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਪਰ ਚੋਣਾਂ ’ਚ ਸਮਾਂ ਘੱਟ ਹੋਣ ਕਾਰਨ ਸਾਡੀਆਂ ਨੌਕਰੀਆਂ ਬਚੀਆਂ ਰਹੀਆਂ। ਸਾਲ 2022 ਵਿੱਚ ਸੱਤਾ ਤਬਦੀਲੀ ਮਗਰੋਂ ਪੰਜਾਬ ’ਚ ‘ਆਪ’ ਦੀ ਸਰਕਾਰ ਬਣੀ। ਸਾਨੂੰ ਨੌਕਰੀਆਂ ਬਚਣ ਦੀ ਆਸ ਜਾਗੀ ਕਿਉਂਕਿ ਨਵੀਂ ਸਰਕਾਰ ਦੇ ਗਠਨ ’ਚ ਮੁਲਾਜ਼ਮ ਵਰਗ ਦੀ ਵੱਡੀ ਭੂਮਿਕਾ ਰਹੀ ਸੀ। ਮਤਦਾਨ ਵਾਲੇ ਦਿਨ ਮੈਂ ਵੀ ਸਭ ਤੋਂ ਮੂਹਰੇ ਹੋ ਕੇ ਵੋਟ ਪਾਈ। ਨਵੀਂ ਸਰਕਾਰ ’ਚ ਸਾਡੀ ਡਿਊਟੀ ਆਮ ਵਾਂਗ ਚੱਲ ਰਹੀ ਸੀ। ਪਹਿਲੀ ਨਵੰਬਰ 2022 ਨੂੰ ਸਵੇਰੇ ਡਿਊਟੀ ਲਈ ਤਿਆਰ ਹੋ ਗਈ। ਸੋਚਿਆ ਕਿ ਵੱਟਸਐਪ ਗਰੁੱਪ ਵਿੱਚ ਨਿਗ੍ਹਾ ਮਾਰ ਲਈ ਜਾਵੇ, ਗਰੁੱਪ ਵਿੱਚ ਨਿੱਤ ਹਦਾਇਤਾਂ ਆਉਂਦੀਆਂ ਰਹਿੰਦੀਆਂ ਸਨ। ਜਦੋਂ ਗਰੁੱਪ ਖੋਲ੍ਹਿਆਂ ਤਾਂ ਉਸ ਵਿੱਚ ਪੱਤਰ ਆਇਆ ਹੋਇਆ ਸੀ ਜਿਸ ’ਤੇ ਲਿਖਿਆ ਸੀ, ‘ਅੱਜ ਤੋਂ ਤੁਹਾਡੀਆਂ ਸੇਵਾਵਾਂ ਖ਼ਤਮ’। ਯਕੀਨ ਨਹੀਂ ਸੀ ਆ ਰਿਹਾ ਕਿ ਸਰਕਾਰ ਨੇ ਕਰੋਨਾ ਲੈਬਾਰਟਰੀਆਂ ’ਚ ਕੰਮ ਕਰਦੇ ਤਕਨੀਸ਼ੀਅਨਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਹੁਣ ਜਦੋਂ ਸਰਕਾਰ ਕੌਮਾਂਤਰੀ ਮਹਿਲਾ ਦਿਵਸ ਮੌਕੇ ‘ਮਾਵਾਂ ਧੀਆਂ ਦਾ ਸਨਮਾਨ’ ਸਕੀਮ ਤਹਿਤ ਹਰ ਮਹੀਨੇ ਇੱਕ ਹਜ਼ਾਰ ਰੁਪਏ ਔਰਤਾਂ ਦੇ ਖਾਤੇ ਵਿੱਚ ਪਾ ਕੇ ਘਰੇਲੂ ਆਰਥਿਕਤਾ ਵਿੱਚ ਉਨ੍ਹਾਂ ਦੀ ਭੂਮਿਕਾ ਮਜ਼ਬੂਤ ਕਰਨ ਦੀ ਗੱਲ ਕਰ ਰਹੀ ਹੈ ਤਾਂ ਮੈਂ ਸੋਚਦੀ ਹਾਂ ਕਿ ਕੀ ਔਰਤ ਪੜ੍ਹ-ਲਿਖ ਕੇ ਵੀ ਮਹਿਜ਼ ਇੱਕ ਹਜ਼ਾਰ ਰੁਪਏ ਜੋਗੀ ਹੈ? ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਕੁੜੀਆਂ ਮੈਡੀਕਲ ਤੇ ਹੋਰ ਉਚੇਰੀਆਂ ਡਿਗਰੀਆਂ ਪ੍ਰਾਪਤ ਕਰ ਕੇ ਰੁਜ਼ਗਾਰ ਦੀ ਭਾਲ ਕਰ ਰਹੀਆਂ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਉਡੀਕ ਤਾਂ ਹੈ, ਬੇਵੱਸੀ ਨਹੀਂ। ਮੈਨੂੰ ਲਗਦਾ ਹੈ ਕਿ ਖ਼ੈਰਾਤਾਂ ਸਹਾਰੇ ਅਤੇ ਆਪਣੇ ਔਰਤ ਹੋਣ ਦਾ ਅਫ਼ਸੋਸ ਕਰਨ ਦੀ ਥਾਂ ਉਹ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਜ਼ਿੰਦਗੀ ਦਾ ਸਨਮਾਨ ਕਰਨਾ ਚਾਹੁੰਦੀਆਂ ਹਨ।

ਸੰਪਰਕ: 97815-66483

Advertisement

Advertisement

Advertisement
×