DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਧੂ ਸ਼ੇਖਰ ਨੂੰ ਯਾਦ ਕਰਦਿਆਂ

ਪਿਛਲੀ ਸਦੀ ਦੇ ਸੱਤਵੇਂ ਦਹਾਕੇ ਦੇ ਅਖੀਰਲੇ ਸਾਲਾਂ ’ਚ ਪੈਦਾ ਹੋਈ ਇਨਕਲਾਬੀ ਲਹਿਰ ਨੇ ਪੰਜਾਬ ਵਿੱਚ ਪੂਰਾਂ ਦੇ ਪੂਰ ਜੋਸ਼ੀਲੇ ਨੌਜਵਾਨ ਪੈਦਾ ਕੀਤੇ, ਜਿਨ੍ਹਾਂ ਨੇ ਆਪਣੇ ਨਿੱਜੀ ਭਵਿੱਖ ਦੀ ਪਰਵਾਹ ਨਾ ਕਰਦਿਆਂ ਸਮਾਜ ਨੂੰ ਬਦਲਣ ਅਤੇ ਇਸ ਨੂੰ ਚੰਗੇਰਾ ਬਣਾਉਣ...

  • fb
  • twitter
  • whatsapp
  • whatsapp
Advertisement

ਪਿਛਲੀ ਸਦੀ ਦੇ ਸੱਤਵੇਂ ਦਹਾਕੇ ਦੇ ਅਖੀਰਲੇ ਸਾਲਾਂ ’ਚ ਪੈਦਾ ਹੋਈ ਇਨਕਲਾਬੀ ਲਹਿਰ ਨੇ ਪੰਜਾਬ ਵਿੱਚ ਪੂਰਾਂ ਦੇ ਪੂਰ ਜੋਸ਼ੀਲੇ ਨੌਜਵਾਨ ਪੈਦਾ ਕੀਤੇ, ਜਿਨ੍ਹਾਂ ਨੇ ਆਪਣੇ ਨਿੱਜੀ ਭਵਿੱਖ ਦੀ ਪਰਵਾਹ ਨਾ ਕਰਦਿਆਂ ਸਮਾਜ ਨੂੰ ਬਦਲਣ ਅਤੇ ਇਸ ਨੂੰ ਚੰਗੇਰਾ ਬਣਾਉਣ ਲਈ ਆਪਣੇ ਜੀਵਨ ਨੂੰ ਦਾਅ ’ਤੇ ਲਗਾਉਣ ’ਚ ਕੋਈ ਕਸਰ ਨਹੀਂ ਸੀ ਛੱਡੀ। ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਦੇ ਇਹ ਪਾੜ੍ਹੇ ਬਾਅਦ ਦੇ ਜੀਵਨ ਵਿੱਚ ਜਿੱਥੇ-ਜਿੱਥੇ ਵੀ ਵਿਚਰੇ, ਇਨਕਲਾਬੀ ਲਹਿਰ ਦੇ ਬੁਨਿਆਦੀ ਅਸੂਲਾਂ ਨੂੰ ਹੀ ਸਮਰਪਿਤ ਰਹੇ ਅਤੇ ਲੋਕ ਲਹਿਰਾਂ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ।

ਅਜਿਹਾ ਹੀ ਇੱਕ ਸ਼ਖ਼ਸ ਸੀ ਪਟਿਆਲੇ ਦੇ ਨੇੜਲੇ ਪਿੰਡ ਲਚਕਾਣੀ ਦਾ ਵਿਧੂ ਸ਼ੇਖਰ ਭਾਰਦਵਾਜ। ਉਹ ਐੱਫ ਸੀ ਆਈ ਯੂਨੀਅਨ ਦੇ ਉੱਘੇ ਨੇਤਾ ਰਘਵੀਰ ਸਿੰਘ ਦੇ ਨੇੜਲੇ ਸਾਥੀ ਮਰਹੂਮ ਚੰਦਰ ਮੁਨੀ ਦਾ ਛੋਟਾ ਭਰਾ ਅਤੇ ਨਾਭਾ ਤੋਂ ਪੱਤਰਕਾਰ ਸੁਕੰਨਿਆ ਭਾਰਦਵਾਜ ਦਾ ਪਿਆਰਾ ਵੀਰ ਸੀ। ਵਿਧੂ ਸ਼ੇਖਰ 1970ਵਿਆਂ ਦੇ ਦਹਾਕੇ ’ਚ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ’ਚ ਛਾਈ ਰਹੀ ਪੰਜਾਬ ਸਟੂਡੈਂਟਸ ਯੂਨੀਅਨ (ਪੀ ਐੱਸ ਯੂ) ਦਾ ਸਰਗਰਮ ਮੈਂਬਰ ਰਿਹਾ ਸੀ। ਪਟਿਆਲਾ ਤੇ ਨਾਭਾ ਦੀਆਂ ਵਿਦਿਅਕ ਸੰਸਥਾਵਾਂ ’ਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਸ ਨੇ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ ਅਤੇ ਉਨ੍ਹਾਂ ਨੂੰ ਇਨਕਲਾਬੀ ਰਾਹ ਤੋਰਨ ’ਚ ਭਰਪੂਰ ਯੋਗਦਾਨ ਪਾਇਆ। ਜੂਨ 1975 ’ਚ ਦੇਸ਼ ’ਚ ਲੱਗੀ ਐਮਰਜੈਂਸੀ ਦੌਰਾਨ ਇਸ ਦਾ ਵਿਰੋਧ ਕਰਨ ਹਿੱਤ ਆਪਣੇ ਇਲਾਕੇ ਦੇ ਪਿੰਡਾਂ/ਵਿਦਿਅਕ ਸੰਸਥਾਵਾਂ ’ਚ ਰੈਲੀਆਂ, ਰੋਸ ਮੁਜ਼ਾਹਰੇ ਜਥੇਬੰਦ ਕੀਤੇ ਅਤੇ ਲੋਕਾਂ ਨੂੰ ਜਾਗਰੂਕ ਅਤੇ ਇਨਕਲਾਬੀ ਵਿਚਾਰਾਧਾਰਾ ਦਾ ਪਸਾਰ ਕਰਨ ਲਈ ਗੁਰਸ਼ਰਨ ਭਾ’ਜੀ ਦੇ ਨਾਟਕ ਕਰਵਾਏ।

Advertisement

ਆਪਣੇ ਵਿਦਿਆਰਥੀ ਜੀਵਨ ਉਪਰੰਤ ਪਨਸਪ ਵਿੱਚ ਕਰਮਚਾਰੀ ਬਣੇ ਅਤੇ ਪੂਰੇ ਜੋਸ਼ੋ-ਖਰੋਸ਼ ਨਾਲ ਮਹਿਕਮੇ ਦੀ ਮੁਲਾਜ਼ਮ ਜਥੇਬੰਦੀ ’ਚ ਸਰਗਰਮੀਆਂ ਕਰਦੇ ਰਹੇ ਵਿਧੂ ਸ਼ੇਖਰ ਸੇਵਾਮੁਕਤ ਹੋਣ ਤੱਕ ਪਨਸਪ ਜਥੇਬੰਦੀ ਦੇ ਪ੍ਰਧਾਨ ਰਹੇ। ਇਸੇ ਦੌਰਾਨ ਪੰਜਾਬ ਵਿਚਲੀਆਂ ਵੱਖ-ਵੱਖ ਫੂਡ ਏਜੰਸੀਆਂ ਦੀ ਸੂਬਾ ਪੱਧਰੀ ਸਾਂਝੀ ਤਾਲਮੇਲ ਕਮੇਟੀ ਦੇ ਸੂਬਾਈ ਮੈਂਬਰ ਵੀ ਰਹੇ। ਆਪਣੀ ਇਮਾਨਦਾਰੀ ਅਤੇ ਜਥੇਬੰਦੀ ਲਈ ਵਚਨਬੱਧਤਾ ਕਰਕੇ ਉਹ ਸਾਰੇ ਮੁਲਾਜ਼ਮਾਂ ਵਿੱਚ ਹਰਮਨ ਪਿਆਰੇ ਸਨ। ਦੇਸ਼ ਵਿੱਚੋਂ ਐਮਰਜੈਂਸੀ ਹਟਾਈ ਗਈ ਤਾਂ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਪੰਜਾਬ ਵਿੱਚ ਜਮਹੂਰੀ ਅਧਿਕਾਰ ਸਭਾ ਜਿਹੀ ਜਥੇਬੰਦੀ ਬਣਾਉਣ ਲਈ ਵਿਚਾਰ-ਵਟਾਂਦਰੇ ਹੋਣ ਲੱਗੇ ਤਾਂ ਪਟਿਆਲੇ ਹੋਈ ਇਸ ਦੀ ਪਹਿਲੀ ਮੀਟਿੰਗ ਵੀ ਉਹ ਹਾਜ਼ਰ ਸਨ। ਇਸ ਲਈ ਉਹ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਾਈਟਸ (ਏ ਐੱਫ ਡੀ ਆਰ) ਦੇ ਮੋਢੀ ਮੈਂਬਰਾਂ ’ਚੋਂ ਇੱਕ ਸਨ। ਮਹਿਕਮੇ ’ਚੋਂ ਆਪਣੀ ਸੇਵਾਮੁਕਤੀ ਤੋਂ ਬਾਅਦ ਵੀ ਉਹ ਇਸੇ ਜਥੇਬੰਦੀ ਨਾਲ ਜੁੜੇ ਰਹੇ।

Advertisement

ਸੰਨ 1997-98 ਤੋਂ ਲਗਾਤਾਰ ਉਹ ਪਟਿਆਲਾ ਜ਼ਿਲ੍ਹਾ ਏ ਐੱਫ ਡੀ ਆਰ ਇਕਾਈ ਦੇ ਜਨਰਲ ਸਕੱਤਰ ਦੇ ਅਹੁਦੇ ’ਤੇ ਰਹੇ। ਪਟਿਆਲਾ ’ਚ ਇਸ ਇਕਾਈ ਦੀ ਵਿਧੂ ਸ਼ੇਖਰ ਭਾਰਦਵਾਜ ਬਿਨਾਂ ਕਲਪਨਾ ਕਰਨੀ ਵੀ ਔਖੀ ਲੱਗਦੀ ਹੈ ਕਿਉਂਕਿ ਉਹ ਹਮੇਸ਼ਾ ਇਸ ਇਕਾਈ ਦਾ ਧੁਰਾ ਬਣੇ ਰਹੇ। ਬਹੁਪੱਖੀ ਸ਼ਖ਼ਸੀਅਤ ਵਿਧੂ ਸ਼ੇਖਰ ਚੰਗੇ ਬੁਲਾਰੇ, ਚੰਗੇ ਲੇਖਕ, ਸਹਿਣਸ਼ੀਲ ਸੁਭਾਅ ਵਾਲੇ ਬੇਹੱਦ ਚੰਗੇ ਇਨਸਾਨ ਸਨ। ਆਪਣੇ ਸਮਾਜਿਕ ਘੇਰੇ ਵਿੱਚ ਕਿਸੇ ਦੇ ਵੀ ਦੁੱਖ-ਸੁੱਖ ਦੌਰਾਨ ਨਾਲ ਖੜ੍ਹਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਉਨ੍ਹਾਂ ਦੀ ਸ਼ਖ਼ਸੀਅਤ ਦਾ ਮੀਰੀ ਗੁਣ ਇਹ ਸੀ ਕਿ ਉਹ ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਜਥੇਬੰਦੀਆਂ ਦੇ ਨੇਤਾਵਾਂ ਨੂੰ ਵੀ ਸਾਂਝੀਆਂ ਸਰਗਰਮੀਆਂ ਲਈ ਪ੍ਰੇਰ ਸਕਣ ਦੀ ਸਮਰੱਥਾ ਰੱਖਦੇ ਸਨ।

ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਹਰਦਿਲ ਅਜ਼ੀਜ਼ ਸਾਡੇ ਸਾਰਿਆਂ ਦਾ ਜ਼ਿੰਦਾਦਿਲ ਦੋਸਤ, ਜਮਹੂਰੀ ਤੇ ਮਨੁੱਖੀ ਹੱਕਾਂ ਲਈ ਬਾਂਹ ਉੱਚੀ ਕਰਕੇ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲਾ ਨਿਧੜਕ ਯੋਧਾ 9 ਫਰਵਰੀ 2026 ਨੂੰ ਸਾਨੂੰ ਸਾਰਿਆਂ ਨੂੰ ਅਚਾਨਕ ਅਲਵਿਦਾ ਆਖ ਗਿਆ। ... ਅਜੇ ਜਾਣ ਦਾ ਵਕਤ ਤਾਂ ਨਹੀਂ ਸੀ ਦੋਸਤ! ...ਜਾਣ ਦੀ ਏਡੀ ਕਿਹੜੀ ਕਾਹਲ ਸੀ? ਖ਼ੈਰ, ਕਿਹੜਾ ਇਸ ’ਤੇ ਕਿਸੇ ਦਾ ਵੱਸ ਚਲਦਾ ਹੈ! ਜਮਹੂਰੀ ਹੱਕਾਂ, ਇਨਕਲਾਬੀ ਲਹਿਰ ਅਤੇ ਟਰੇਡ ਯੂਨੀਅਨ ਸੰਘਰਸ਼ਾਂ ਵਿੱਚ ਪਾਏ ਸ਼ਾਨਾਮੱਤੇ ਯੋਗਦਾਨ ਨੂੰ ਯਾਦ ਕਰਨ ਹਿੱਤ 20 ਫਰਵਰੀ 2026, ਦਿਨ ਸ਼ੁੱਕਰਵਾਰ ਨੂੰ ਸਵੇਰੇ 11.00 ਵਜੇ ਕਮਿਊਨਿਟੀ ਸੈਂਟਰ ਹਾਲ, ਮਾਡਲ ਟਾਊਨ, ਪਟਿਆਲਾ ਵਿਖੇ ਪਰਿਵਾਰ, ਰਿਸ਼ਤੇਦਾਰ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਇਸ ਆਪਣੇ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ।

ਸੰਪਰਕ: 81460-35300

Advertisement
×