ਜਸਵੰਤ ਚਾਹਲ ਮੱਤੀ
ਜ਼ਿਲ੍ਹਾ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਵਿਚ 18 ਮਾਰਚ 1902 ਨੂੰ ਦਸਤਕਾਰ ਹੀਰਾ ਸਿੰਘ ਦੇ ਘਰ ਧਰਮ ਸਿੰਘ ਫ਼ੱਕਰ ਦੇ ਜਨਮ ਲਿਆ। ਧਰਮ ਸਿੰਘ ਫ਼ੱਕਰ ਦੇ ਦਾਦਾ ਸੁੱਖਾ ਸਿੰਘ ਨੇੜਲੇ ਪਿੰਡ ਬੁਰਜਹਰੀ ਵਿਚ ਰਹਿੰਦੇ ਸਨ। ਧਰਮ ਸਿੰਘ ਨੂੰ ਬਰਨਾਲਾ ਨੇੜਲੇ ਹੰਡਿਆਇਆ ਵਿਚ ਮੁਢਲੀ ਵਿੱਦਿਆ ਹਾਸਲ ਕਰਨ ਲਈ ਸਕੂਲ ਪਾਇਆ ਗਿਆ। ਹੰਡਿਆਏ ਧਰਮ ਸਿੰਘ ਦੀ ਭੈਣ ਵਿਆਹੀ ਹੋਈ ਸੀ। ਫਿਰ ਧਰਮ ਸਿੰਘ ਨੂੰ ਵਾਪਿਸ ਪਿੰਡ ਵਿਚ ਆਉਣਾ ਪਿਆ ਅਤੇ ਉਨ੍ਹਾਂ ਦੀ ਮਾਤਾ ਪ੍ਰੇਮ ਕੌਰ ਨੇ ਉਨ੍ਹਾਂ ਨੂੰ ਖਿਆਲੇ ਪੜ੍ਹਨੇ ਪਾਇਆ। ਘੋਰ ਕਠਨਾਈਆਂ ਅਤੇ ਅਤਿ ਦੀ ਗਰੀਬੀ ਦੇ ਬਾਵਜੂਦ ਧਰਮ ਸਿੰਘ ਨੇ ਪੰਜਾਬੀ, ਉਰਦੂ, ਹਿੰਦੀ ਪੜ੍ਹਨੀ ਸਿੱਖੀ। ਬਾਰਾਂ ਤੇਰਾਂ ਸਾਲ ਦੀ ਉਮਰ ਵਿਚ ਘਰ ਵਿਚ ਗਰੀਬੀ ਤੋਂ ਨਿਰਾਸ਼ ਹੋ ਕੇ ਮਜਬੂਰਨ ਰੁਜ਼ਗਾਰ ਦੀ ਤਲਾਸ਼ ਲਈ ਆਪਣੇ ਮਾਮਾ ਜੀ ਨਾਲ ਇਰਾਕ ਚਲੇ ਗਏ।
ਇਰਾਕ ਵਿਚ ਧਰਮ ਸਿੰਘ ਨੇ ਅਪਰੈਲ 1919 ਵਿਚ ਜੱਲਿਆਂਵਾਲੇ ਬਾਗ ਦੇ ਸਾਕੇ ਦੀ ਖਬਰ ਪੜ੍ਹੀ। ਖਬਰ ਪੜ੍ਹਦਿਆਂ ਹੀ ਸਾਮਰਾਜੀ ਤਾਕਤਾਂ ਖਿਲਾਫ ਪੀੜ ਉਠੀ ਅਤੇ 1919 ਵਿਚ ਹੀ ਉਹ ਇਰਾਕ ਤੋਂ ਵਾਪਸ ਪਰਤੇ। ਉਨ੍ਹੀਂ ਦਿਨੀਂ ਪੰਜਾਬ ਵਿਚ ਗੁਰਦੁਆਰਾ ਸੁਧਾਰ ਲਹਿਰ ਸਰਗਰਮ ਸੀ ਅਤੇ ਉਹ ਇਸ ਲਹਿਰ ਵਿਚ ਕੁੱਦ ਪਏ। ਉਨ੍ਹਾਂ ਅਕਾਲੀ ਦਲ ਦੇ ਨਾਲ ਨਾਲ ਪਰਜਾ ਮੰਡਲ ਵਿਚ ਵੀ ਕੰਮ ਕਰਨਾ ਸ਼ੁਰੂ ਕੀਤਾ। 1928 ਵਿਚ ਮਾਨਸਾ ਵਿਚ ਪਰਜਾ ਮੰਡਲ ਦੀ ਕਾਨਫਰੰਸ ਵਿਚ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਪਹੁੰਚੇ। 1928 ਵਿਚ ਹੀ ਪਰਜਾ ਮੰਡਲ ਦੀ ਲੁਧਿਆਣਾ ਕਾਨਫਰੰਸ ਲਈ ਪਿੰਡ ਪਿੰਡ ਜਾ ਕੇ ਤਿਆਰੀ ਕਰਵਾਈ। ਉਨ੍ਹਾਂ ਨੂੰ ਪਰਜਾ ਮੰਡਲ ਲਹਿਰ ਦੀ ਤਹਿਸੀਲ ਮਾਨਸਾ ਦਾ ਸਕੱਤਰ ਚੁਣਿਆ ਗਿਆ ਪਰ ਰਜਵਾੜਿਆਂ ਨੇ ਦਫ਼ਾ 144 ਲਗਵਾ ਦਿੱਤੀ। ਪਰਜਾ ਮੰਡਲ ਲਹਿਰ ਦੇ ਆਗੂਆਂ ਦੀ ਫੜੋ-ਫੜੀ ਜਾਰੀ ਸੀ ਪਰ ਉਹ ਬਿਸਵੇਦਾਰਾਂ ਖਿਲਾਫ ਆਵਾਜ਼ ਬੁਲੰਦ ਕਰ ਕੇ ਆਪਣੇ ਸਾਥੀਆਂ ਨਾਲ ਪਿੰਡ ਪਿੰਡ ਜਾ ਕੇ ਨਾਅਰੇ ਲਾ ਰਹੇ ਸਨ।
1947 ਵਿਚ ਜਦੋਂ ਫਿਰਕੂ ਫਸਾਦਾਂ ਦਾ ਭਾਂਬੜ ਮੱਚ ਉਠਿਆ ਤਾਂ ਧਰਮ ਸਿੰਘ ਫ਼ੱਕਰ ਦੀ ਅਗਵਾਈ ਵਿਚ ਮੁਜ਼ਾਰਾ ਲਹਿਰ ਨੇ ਹਜ਼ਾਰਾਂ ਮੁਸਲਮਾਨਾਂ ਨੂੰ ਬਚਾ ਕੇ ਕਾਫਲਿਆਂ ਦੇ ਰੂਪ ਵਿਚ ਪਾਕਿਸਤਾਨ ਦੀ ਸਰਹੱਦ ਤਕ ਪਹੁੰਚਾਇਆ। 1948 ਵਿਚ ਹਿੰਦੋਸਤਾਨ ਸਰਕਾਰ ਨੇ ਪੰਜਾਬ ਦੀਆਂ ਰਿਆਸਤਾਂ ਤੋੜ ਨੇ ਪੈਪਸੂ ਪ੍ਰਦੇਸ ਹੋਂਦ ਵਿਚ ਲਿਆਂਦਾ। ਧਰਮ ਸਿੰਘ ਫ਼ੱਕਰ ਆਪਣੇ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਕਿਸ਼ਨਗੜ੍ਹ ਦੇ ਖੇਤਾਂ ਵਿਚ ਜਾ ਪਹੁੰਚੇ ਅਤੇ ਬਿਸਵੇਦਾਰਾਂ ਦੀ ਬੀਜੀ ਕਣਕ ਨੂੰ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ। ਬਿਸਵੇਦਾਰ ਲੋਕਾਂ ਦੇ ਇਸ ਹਜੂਮ ਨੂੰ ਦੇਖ ਕੇ ਆਪਣਾ ਕੱਪੜਾ-ਲੀੜਾ ਛੱਡ ਕੇ ਭੱਜ ਗਏ।
ਇਕ ਨਵੰਬਰ 1973 ਨੂੰ ਕਾਮਰੇਡ ਧਰਮ ਸਿੰਘ ਫ਼ੱਕਰ ਦਾ ਦੇਹਾਂਤ ਹੋ ਗਿਆ।
***
ਸੰਘਰਸ਼ਸ਼ੀਲ ਆਗੂ ਅਤੇ ਲੋਕ ਨਾਇਕ ਬੂਟਾ ਸਿੰਘ ਦਾ ਜਨਮ ਮੋਹਨ ਸਿੰਘ ਅਤੇ ਪਾਰੋ ਦੇ ਘਰ ਪਿੰਡ ਕਰਤਾਰਪੁਰ (ਜਿ਼ਲ੍ਹਾ ਗੁਜਰਾਂਵਾਲਾ) ਪਾਕਿਸਤਾਨ ਵਿਚ ਹੋਇਆ। ਬਚਪਨ ਵਿਚ ਉਹ ਮੱਝਾਂ ਚਾਰਨ ਦਾ ਕੰਮ ਕਰਦੇ ਸੀ, ਇਕ ਦਿਨ ਅਚਾਨਕ ਮੱਝਾਂ ਕਿਸੇ ਦੇ ਖੇਤ ਵਿਚ ਵੜਨ ‘ਤੇ ਝਗੜਾ ਹੋ ਗਿਆ ਅਤੇ ਇਕ ਸ਼ਖ਼ਸ ਮਾਰਿਆ ਗਿਆ। ਇਸ ਕਤਲ ਕੇਸ ਵਿਚ ਬੂਟਾ ਸਿੰਘ, ਉਨ੍ਹਾਂ ਦੇ ਬਾਪ ਅਤੇ ਤਾਏ ਨੂੰ 20-20 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਇਸ ਸਜ਼ਾ ਤਹਿਤ ਕਾਲੇਪਾਣੀ ਭੇਜਣ ਦਾ ਹੁਕਮ ਹੋ ਗਿਆ। 1942 ਵਿਚ ਦੂਜੀ ਆਲਮੀ ਸੰਸਾਰ ਜੰਗ ਦੌਰਾਨ ਜਪਾਨੀਆਂ ਨੇ ਅੰਡੇਮਾਨ ਟਾਪੂ ‘ਤੇ ਕਬਜ਼ਾ ਕਰ ਲਿਆ। ਜਪਾਨੀਆਂ ਤੇ ਚੀਨੀਆਂ ਵਿਚਕਾਰ ਬੜੀ ਮਾਰ-ਧਾੜ ਹੋਈ। ਇਸ ਦੌਰਾਨ ਟਾਪੂ ‘ਤੇ ਰਹਿ ਰਹੇ ਕੈਦੀਆਂ ਦਾ ਰਾਸ਼ਨ ਪਾਣੀ ਬੰਦ ਕਰ ਦਿੱਤਾ ਗਿਆ। ਭੁੱਖਮਰੀ ਫੈਲ ਗਈ। ਬੂਟਾ ਸਿੰਘ ਦੇ ਮਾਂ ਬਾਪ ਇਸ ਸੰਸਾਰ ਤੋਂ ਤੁਰ ਗਏ। ਅੰਡੇਮਾਨ ਟਾਪੂ ‘ਤੇ ਗੁਰਦੁਆਰੇ ਵਿਚ ਦੀਵਾਨ ਸਿੰਘ ਕਾਲੇਪਾਣੀ ਬੇਸਹਾਰਾ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਕਰਵਾਉਂਦੇ ਸਨ। ਬੂਟਾ ਸਿੰਘ ਨੇ ਵੀ ਦੀਵਾਨ ਸਿੰਘ ਕਾਲੇਪਾਣੀ ਤੋਂ ਪੰਜਾਬੀ ਤੇ ਗੁਰਮੁਖੀ ਪੜ੍ਹਨ ਲਿਖਣ ਦੀ ਵਿਦਿਆ ਪ੍ਰਾਪਤ ਕੀਤੀ।
ਬੂਟਾ ਸਿੰਘ ਸਜ਼ਾ ਪੂਰੀ ਹੋਣ ਪਿੱਛੋਂ ਵਾਪਸ ਕਰਤਾਰਪੁਰ ਆ ਗਏ। ਅਚਾਨਕ ਨਵੀਂ ਆਫ਼ਤ ਆ ਗਈ। ਪਾਕਿਸਤਾਨ ਦੇ ਪਿੰਡਾਂ ਵਿਚ ਹਮਲੇ ਹੋਣ ਲੱਗੇ। ਹਿੰਦੂ ਅਤੇ ਮੁਸਲਮਾਨਾਂ ਨੂੰ ਵੱਖ ਵੱਖ ਕੀਤਾ ਜਾਣ ਲੱਗਿਆ। ਪਿੰਡ ਵਿਚ ਅਫ਼ਰਾ-ਤਫ਼ਰੀ ਮੱਚ ਗਈ। ਬੂਟਾ ਸਿੰਘ ਆਪਣੇ ਭਰਾਵਾਂ ਸਮੇਤ ਅਕਾਲਗੜ੍ਹ ਦੇ ਰਫਿਊਜੀ ਕੈਂਪ ਵਿਚ ਆ ਗਏ। ਉੱਥੋਂ ਪਿੰਡ ਡਸਕਾ ਲਿਆਂਦਾ ਗਿਆ। ਉਨ੍ਹਾਂ ਨੂੰ ਡਸਕੇ ਘਰ ਅਲਾਟ ਹੋ ਗਿਆ ਸੀ। ਪਿੰਡ ਵਿਚ ਕੋਈ ਸਕੂਲ ਨਹੀਂ ਸੀ ਪਰ ਬੂਟਾ ਸਿੰਘ ਪੜ੍ਹਨਾ ਚਾਹੁੰਦਾ ਸੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਤਲਵੰਡੀ ਸਾਬੋ ਗੁਰਦੁਆਰੇ ਯਤੀਮ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾਂਦਾ ਹੈ। ਤਲਵੰਡੀ ਪੈਦਲ ਜਾਂਦਿਆਂ ਹਨੇਰਾ ਹੋ ਗਿਆ। ਰਾਤ ਠਹਿਰਨ ਲਈ ਪਿੰਡ ਬਾਜੇਵਾਲਾ ਦੇ ਗੁਰਦੁਆਰੇ ਚਲੇ ਗਏ। ਗ੍ਰੰਥੀ ਨੇ ਪੁੱਛ-ਗਿੱਛ ਤੋਂ ਬਾਅਦ ਰਾਤ ਠਹਿਰਨ ਦਾ ਪ੍ਰਬੰਧ ਕਰ ਦਿੱਤਾ। ਅਗਲੇ ਦਿਨ ਗ੍ਰੰਥੀ ਨੇ ਸਵੇਰੇ ਸ਼ਾਮ ਨਿਤ-ਨੇਮ ਦੀ ਜਿ਼ੰਮੇਵਾਰੀ ਸੌਂਪ ਦਿਤੀ।
ਗੁਰਦੁਆਰੇ ਪਰਜਾ ਮੰਡਲ ਦੇ ਆਗੂਆਂ ਦਾ ਆਉਣ-ਜਾਣ ਸੀ। ਰਾਤ ਨੂੰ ਸਟੱਡੀ ਸਕੂਲ ਲਾਇਆ ਜਾਂਦਾ। ਬੂਟਾ ਸਿੰਘ ਸਵੇਰੇ-ਸ਼ਾਮ ਨੇਤਾਵਾਂ ਨੂੰ ਰੋਟੀ ਪਾਣੀ ਛਕਾਉਂਦੇ ਅਤੇ ਰਾਤ ਨੂੰ ਸਟੱਡੀ ਸਕੂਲਾਂ ‘ਚ ਭਾਗ ਲੈਂਦੇ। ਇੱਥੇ ਹੀ ਉਨ੍ਹਾਂ ਦਰਸ਼ਨ ਸਿੰਘ ਅਵਾਰਾ ਦੀ ਕਿਤਾਬ ‘ਬਗਾਵਤ’ ਪੜ੍ਹੀ। ਇਹ ਕਿਤਾਬ ਪੜ੍ਹ ਕੇ ਉਨ੍ਹਾਂ ਦਾ ਝੁਕਾਅ ਇਨਕਲਾਬੀ ਵਿਚਾਰਾਂ ਵੱਲ ਵਧ ਗਿਆ।
1952 ਵਿਚ ਅਸੈਂਬਲੀ ਚੋਣਾਂ ਦੌਰਾਨ ਬੂਟਾ ਸਿੰਘ ਨੇ ਆਪਣੀ ਉਮਰ ਲੋਕ ਸੰਘਰਸ਼ ਦੇ ਲੇਖੇ ਲਾਉਣ ਦਾ ਅਹਿਦ ਕੀਤਾ। 1954 ਵਿਚ ਪੈਪਸੂ ਅਸੈਂਬਲੀ ਚੋਣਾਂ ਦੌਰਾਨ ਜੰਗੀਰ ਸਿੰਘ ਜੋਗਾ ਤੇ ਧਰਮ ਸਿੰਘ ਫ਼ੱਕਰ ਚੋਣ ਮੈਦਾਨ ਵਿਚ ਸਨ। ਬੂਟਾ ਸਿੰਘ ਨੂੰ ਇਨਕਲਾਬੀ ਡਰਾਮਾ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ। 1954, 1957, 1967 ਅਤੇ 1977 ਤੱਕ ਲਗਾਤਾਰ ਵਿਧਾਨ ਸਭਾ ਚੋਣਾਂ ਦੌਰਾਨ ਡਰਾਮਾ ਪਾਰਟੀ ਵਿਚ ਕੰਮ ਕੀਤਾ। 1980 ਵਿਚ ਪੰਜਾਬ ਵਿਚ ਮੱਧਕਾਲੀ ਚੋਣਾਂ ਦਾ ਐਲਾਨ ਹੋਇਆ। ਸੀਪੀਆਈ ਨੇ ਹਲਕਾ ਮਾਨਸਾ ਤੋਂ ਬੂਟਾ ਸਿੰਘ ਨੂੰ ਉਮੀਦਵਾਰ ਬਣਾਇਆ। ਉਨ੍ਹਾਂ ਦਾ ਮੁਕਾਬਲਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨੇੜਲੇ ਅਤੇ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਤਰਲੋਚਨ ਸਿੰਘ ਰਿਆਸਤੀ ਨਾਲ ਸੀ। ਰਿਆਸਤੀ ਪਾਸ 124 ਗੱਡੀਆਂ ਦਾ ਕਾਫਲਾ ਸੀ; ਕਾਮਰੇਡਾਂ ਪਾਸ ਆਪੋ-ਆਪਣੇ ਸਾਈਕਲ ਤੇ ਟ੍ਰੈਕਟਰ ਟਰਾਲੀਆਂ ਦੇ ਕਾਫਲੇ ਸਨ ਪਰ ਉਹ 8632 ਵੋਟਾਂ ਦੇ ਫਰਕ ਨਾਲ ਤਰਲੋਚਨ ਸਿੰਘ ਰਿਆਸਤੀ ਨੂੰ ਹਰਾ ਕੇ ਹਲਕਾ ਮਾਨਸਾ ਦੇ ਵਿਧਾਇਕ ਬਣੇ। ਉਨ੍ਹਾਂ ਰਾਮਪੁਰਾ ਫੂਲ ਦੀ ਜੰਮਪਲ ਦਰਸ਼ਨਾ ਦੇਵੀ ਨੂੰ ਆਪਣੀ ਹਮਸਫਰ ਬਣਾਇਆ। 1992 ਵਿਚ ਮਾਨਸਾ ਜਿ਼ਲ਼ਾ ਬਣਿਆ ਤਾਂ ਪਾਰਟੀ ਨੇ ਉਨ੍ਹਾਂ ਨੂੰ ਜਿ਼ਲ੍ਹਾ ਸਕੱਤਰ ਬਣਾਇਆ।
30 ਨਵੰਬਰ 2020 ਨੂੰ ਕਾਮਰੇਡ ਬੂਟਾ ਸਿੰਘ ਦਾ ਦੇਹਾਂਤ
ਹੋ ਗਿਆ।
ਜਿ਼ਲ੍ਹਾ ਮਾਨਸਾ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਕਰਦੀਆਂ ਕਿਸਾਨ ਜਥੇਬੰਦੀਆਂ- ਕੁਲ ਹਿੰਦ ਕਿਸਾਨ ਸਭਾ, ਜਿ਼ਲ੍ਹਾ ਕਮਿਊਨਿਸਟ ਪਾਰਟੀ ਪਿੰਡ ਦਲੇਲ ਸਿੰਘ ਵਾਲਾ ਵਿਚ ਕਾਮਰੇਡ ਧਰਮ ਸਿੰਘ ਫੱਕਰ ਅਤੇ ਕਾਮਰੇਡ ਬੂਟਾ ਸਿੰਘ ਮਾਨਸਾ ਨੂੰ ਸਮਰਪਿਤ ਇਨਕਲਾਬੀ ਨਾਟਕ ਮੇਲਾ ਅਤੇ ਸਿਆਸੀ ਕਾਨਫਰੰਸ ਕਰਵਾ ਰਹੀਆਂ ਹਨ।
ਸੰਪਰਕ: 99885-00460