ਸ਼ਰਧਾਜਲੀ ਸਮਾਗਮ ’ਤੇ ਵਿਸ਼ੇਸ਼

ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਨੂੰ ਯਾਦ ਕਰਦਿਆਂ...

ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਨੂੰ ਯਾਦ ਕਰਦਿਆਂ...

ਸ਼ਮਸ਼ੇਰ ਸਿੰਘ ਡੂਮੇਵਾਲ

ਸ਼ਮਸ਼ੇਰ ਸਿੰਘ ਡੂਮੇਵਾਲ

ਉੱਘੇ ਵਿਦਵਾਨ ਅਤੇ ਢਾਡੀ ਕਲਾ ਵਿਚ ਕੌਮਾਂਤਰੀ ਪੱਧਰ ਤੇ ਪਛਾਣ ਬਣਾਉਣ ਵਾਲੇ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਕਰੀਬ ਛੇ ਦਹਾਕਿਆਂ ਦੀ ਜ਼ਿੰਦਗੀ ਦਾ ਪੰਧ ਸੰਪੂਰਨ ਕਰਦੇ ਹੋਏ 3 ਜਨਵਰੀ ਨੂੰ ਭਾਵੇਂ ਸਦੀਵੀ ਵਿਛੋੜਾ ਦੇ ਗਏ ਪਰ ਉਨ੍ਹਾਂ ਨੇ ਜੋ ਸੇਵਾਵਾਂ ਪੰਥ ਦੀ ਖਿਦਮਤ ਲਈ ਅਰਪਤ ਕੀਤੀਆਂ ਹਨ, ਉਨ੍ਹਾਂ ਜ਼ਰੀਏ ਉਹ ਸਦਾ ਹੀ ਲੱਖਾਂ ਕਲਾ ਪ੍ਰੇਮੀਆਂ ਦੇ ਚੇਤਿਆਂ ਵਿਚ ਵਸਦੇ ਰਹਿਣਗੇ। 15 ਅਪਰੈਲ 1962 ਨੂੰ ਰਤਨ ਸਿੰਘ ਅਤੇ ਜੱਸ ਕੌਰ ਦੇ ਘਰ ਜ਼ਿਲ੍ਹਾ ਰੂਪਨਗਰ ਦੇ ਪਿੰਡ ਭਰਤਗੜ੍ਹ ਵਿਚ ਜਨਮ ਲੈਣ ਵਾਲੇ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਨੂੰ ਲੈਕਚਰ ਕਰਨ ਦਾ ਸ਼ੌਂਕ ਬਚਪਨ ਤੋਂ ਹੀ ਸੀ। ਉਹ ਅਜਿਹੇ ਸ਼ਖ਼ਸ ਸਨ ਜੋ ਆਕਾਸ਼ਬਾਣੀ ਜਲੰਧਰ ਤੋਂ ਸਵੇਰੇ 8 ਵਜੇ ਰੋਜ਼ਾਨਾ ਖਬਰਾਂ ਸੁਣ ਕੇ ਜਾਂਦੇ ਸਨ ਅਤੇ ਸਕੂਲ ਵਿਚ ਜ਼ਬਾਨੀ ਬੋਲ ਕੇ ਸੁਣਾਉਂਦੇ ਸਨ। ਇਸੇ ਤਹਿਤ ਹੀ ਉਨ੍ਹਾਂ ਨੂੰ ਰਾਜ ਪੱਧਰੀ ਮੁਕਾਬਲਿਆਂ ਵਿਚ ਅਹਿਮ ਸਥਾਨ ਮਿਲਦਾ ਰਿਹਾ। ਉਨ੍ਹਾਂ ਨੂੰ ਧਾਰਮਿਕ ਵਿੱਦਿਆ ਵਿਚ ਨਿਪੁੰਨ ਬਣਾਉਣ ਵਿਚ ਸੰਤ ਅਜੀਤ ਸਿੰਘ (ਸਾਬਕਾ ਵਿਧਾਇਕ) ਗੁਰਦੁਆਰਾ ਪਰਿਵਾਰ ਵਿਛੋੜਾ ਵਾਲਿਆਂ ਨੇ ਜਿੱਥੇ ਵਿਸ਼ੇਸ਼ ਭੂਮਿਕਾ ਨਿਭਾਈ, ਉਥੇ ਉਨ੍ਹਾਂ ਉੱਤੇ ਗਿਆਨੀ ਅਵਤਾਰ ਸਿੰਘ ਭੌਰਾ, ਗਿਆਨੀ ਦਇਆ ਸਿੰਘ ਦਿਲਬਰ, ਗਿਆਨੀ ਸੋਹਣ ਸਿੰਘ ਸੀਤਲ, ਹਜ਼ਾਰਾ ਸਿੰਘ ਚੀਮਾ ਅਤੇ ਢਾਡੀ ਅਮਰ ਸਿੰਘ ਸ਼ੌਂਕੀ ਦਾ ਡੂੰਘਾ ਅਸਰ ਹੋਇਆ। ਸਰਕਾਰੀ ਕਾਲਜ ਰੂਪਨਗਰ ਤੋਂ ਬੀਏ ਕਰਨ ਮਗਰੋਂ ਉਨ੍ਹਾਂ 1981-82 ਵਿਚ ਢਾਡੀ ਜਥਾ ਬਣਾ ਲਿਆ। ਉਸ ਵੇਲੇ ਮੱਘਰ ਸਿੰਘ ਅਣਖੀ, ਮਲਕੀਤ ਸਿੰਘ ਮਹਿਰਮ ਅਤੇ ਸੁਖਦੇਵ ਸਿੰਘ ਬੇਲੀ ਉਨ੍ਹਾਂ ਦੇ ਜਥੇ ਵਿਚ ਸ਼ਾਮਿਲ ਹੋਣ ਵਾਲੇ ਪਹਿਲੇ ਢਾਡੀ ਸਿੰਘ ਸਨ।

1988 ਵਿਚ ਜਦੋਂ ਪੰਜਾਬ ਅੰਦਰ ਕਾਲਾ ਦੌਰ ਚੱਲ ਰਿਹਾ ਸੀ, ਉਸ ਵੇਲੇ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਦੇ ਜਥੇ ਦੀ ਪ੍ਰਸਿੱਧੀ ਸਿਖਰਾਂ ਛੂਹ ਰਹੀ ਸੀ। ਇਹ ਉਨ੍ਹਾਂ ਦੀ ਕਲਾ ਅਤੇ ਪ੍ਰਸਿੱਧੀ ਦਾ ਉਹ ਦੌਰ ਸੀ ਜਦੋਂ ਵਰਤਮਾਨ ਕਾਲ ਦੇ ਸਿਰਮੌਰ ਪੰਜਾਬੀ ਗਾਇਕ ਦੁਰਗਾ ਰੰਗੀਲਾ, ਮਲਕੀਤ ਸਿੰਘ ਮੀਤ ਤੇ ਗੁਰਬਖਸ਼ ਸ਼ੌਂਕੀ ਨੇ ਉਨ੍ਹਾਂ ਦੇ ਜਥੇ ਨਾਲ ਧਾਰਮਿਕ ਦੀਵਾਨ ਕਰ ਕੇ ਆਪਣੀ ਕਲਾ ਦਾ ਇਜ਼ਹਾਰ ਕੀਤਾ। ਉਸੇ ਦੌਰ ਅੰਦਰ ਰਿਕਾਰਡਿੰਗ ਕੰਪਨੀ ਪੈਰੀਟੋਨ ਨੇ ‘ਸਿੱਖੀ ਬੜੀ ਮਹਿੰਗੀ’, ‘ਦੁਸ਼ਟ ਮੁਕਾਵੇ ਖ਼ਾਲਸਾ’, ‘ਉਪਕਾਰ ਖ਼ਾਲਸੇ ਦਾ’ ਆਦਿ ਇਤਿਹਾਸਕ ਪ੍ਰਸੰਗ ਇਸ ਜਥੇ ਦੀ ਆਵਾਜ਼ ਵਿਚ ਰਿਕਾਰਡ ਕੀਤੇ ਗਏ ਜਿਸ ਨਾਲ ਜਥੇ ਦੀ ਹੋਰ ਪ੍ਰਸਿੱਧੀ ਹੋਈ। ਇਸੇ ਕੜੀ ਤਹਿਤ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਨੇ ‘ਖੂਨੀ ਸੂਰਜ’, ‘ਸਿੱਖ ਰਾਜ ਦੀਆਂ ਸ਼ਾਮਾਂ’, ‘ਨੂਰੀ ਕਿਰਨਾਂ’ ਆਦਿ ਸਣੇ ਕਰੀਬ ਇਕ ਦਰਜਨ ਇਤਿਹਾਸਕ ਪ੍ਰਸੰਗ ਵੱਖ ਵੱਖ ਜਥਿਆਂ ਨਾਲ ਰਿਕਾਰਡ ਕਰਵਾਏ। ਸਾਲ 2000 ਤੋਂ 2019 ਤੱਕ ਉਨ੍ਹਾਂ ਵੈਨਕੂਵਰ, ਟੋਰਾਂਟੋ ਤੇ ਕੈਲਗਰੀ (ਕੈਨੇਡਾ), ਨਿਊ ਯਾਰਕ ਤੇ ਅਮਰੀਕਾ ਦੀਆਂ ਹੋਰ ਥਾਵਾਂ ਤੇ ਦੀਵਾਨ ਸਜਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਗੁਰੂ ਸਿਧਾਂਤ ਨਾਲ ਜੋੜਿਆ। ਇਸੇ ਦੌਰਾਨ ਉਨ੍ਹਾਂ ਨੂੰ ਕੌਮਾਂਤਰੀ ਗੋਲਡ ਮੈਡਲ ਨਾਲ ਨਵਾਜਿਆ ਗਿਆ। ਇਹੀ ਨਹੀਂ, ਪ੍ਰੋਫੈਸਰ ਮੋਹਨ ਸਿੰਘ ਅਤੇ ਢਾਡੀ ਅਮਰ ਸਿੰਘ ਸ਼ੌਂਕੀ ਦੀ ਯਾਦ ਵਿਚ ਲੱਗਦੇ ਮੇਲਿਆਂ ਮੌਕੇ ਵੀ ਮਾਣ-ਸਨਮਾਨ ਦਿੱਤਾ ਗਿਆ। ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਮੌਕੇ ਹੋਣ ਵਾਲੇ ਸਾਲਾਨਾ ਢਾਡੀ ਕਲਾ ਮੁਕਾਬਲਿਆਂ ਵਿਚ ਉਨ੍ਹਾਂ ਦੇ ਜਥੇ ਨੇ ਲਗਾਤਾਰ ਪੰਜ ਵਾਰੀ ਸਰਵੋਤਮ ਢਾਡੀ ਇਨਾਮ ਹਾਸਲ ਕੀਤਾ।

ਗਿਆਨੀ ਪ੍ਰਿਤਪਾਲ ਸਿੰਘ ਬੈਂਸ ਦੀ ਜੋਸ਼ੀਲੀ ਆਵਾਜ਼ ਜਿੱਥੇ ਸਰੋਤਿਆਂ ਦੇ ਸਮੂਹ ਨੂੰ ਕੀਲਣ ਦੀ ਸਮਰੱਥਾ ਰੱਖਦੀ ਸੀ, ਉੱਥੇ ਵਿਦਵਤਾ ਤੇ ਖੋਜ ਭਰਪੂਰ ਇਤਿਹਾਸ ਦਾ ਸੁਮੇਲ ਉਨ੍ਹਾਂ ਦੀ ਤਕਰੀਰ ਨੂੰ ਚਾਰ ਚੰਨ ਲਗਾ ਦਿੰਦਾ ਸੀ। ਢਾਡੀ ਕਲਾ ਅੰਦਰ ਜੱਥੇ ਦੀ ਪ੍ਰਸਿੱਧੀ ਦਾ ਰੁਤਬਾ ਬੁਲੰਦ ਰੱਖਣ ਲਈ ਉਨ੍ਹਾਂ ਨੂੰ ਸਮੇਂ ਸਮੇਂ ਅਨੇਕਾਂ ਔਖੇ ਹਾਲਾਤ ਦਾ ਮੁਕਾਬਲਾ ਵੀ ਕਰਨਾ ਪਿਆ ਪਰ ਉਨ੍ਹਾਂ ਦੀ ਦੂਰ-ਅੰਦੇਸ਼ੀ ਅਤੇ ਉੱਚਾ ਸੁੱਚਾ ਆਦਰਸ਼ ਉਨ੍ਹਾਂ ਨੂੰ ਹਰ ਔਖੇ ਹਾਲਾਤ ਨਾਲ ਜੂਝਣ ਦੇ ਸਮਰੱਥ ਬਣਾਉਂਦਾ ਰਿਹਾ। ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਨ੍ਹਾਂ ਆਪਣੀ ਕਲਾ ਨੂੰ ਕਦੀ ਕਿਸੇ ਵਪਾਰਕ ਨਜ਼ਰੀਏ ਨਾਲ ਨਹੀਂ ਦੇਖਿਆ ਅਤੇ ਨਾ ਹੀ ਸਿਧਾਂਤ ਦੇ ਮਾਮਲਿਆਂ ਤੇ ਕੋਈ ਸਮਝੌਤਾ ਕੀਤਾ। ਉਹ ਭਾਈ ਨੱਥਾ, ਭਾਈ ਅਬਦੁੱਲਾ ਢਾਡੀ ਸਭਾ ਦੇ ਕੌਮਾਂਤਰੀ ਚੇਅਰਮੈਨ ਵੀ ਸਨ। ਬੀਤੇ ਦਿਨੀਂ ਉਨ੍ਹਾਂ ਦੇ ਅਚਨਚੇਤ ਵਿਛੋੜੇ ਨੇ ਕਲਾ ਪ੍ਰੇਮੀਆਂ ਨੂੰ ਕਦੀ ਨਾ ਪੂਰਿਆ ਜਾਣ ਵਾਲਾ ਘਾਟਾ ਪਾਇਆ ਹੈ। ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 12 ਜਨਵਰੀ ਦਿਨ ਮੰਗਲਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ ਭਰਤਗੜ੍ਹ (ਰੂਪਨਗਰ) ਵਿਖੇ ਹੋਵੇਗਾ।

ਸੰਪਰਕ: 98723-31999

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All