DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਗਲੀ ਵਾਰੀ ਨਾਂ ਯਾਦ ਰੱਖਣਾ... ...

ਮੈਂ 1980ਵਿਆਂ ’ਚ ਇਨਕਲਾਬੀ ਵਿਦਿਆਰਥੀ ਲਹਿਰ ਵਿੱਚ ਸਰਗਰਮ ਸੀ। ਸਰਗਰਮੀਆਂ ਦੌਰਾਨ ਸਰਕਾਰਾਂ ਅਤੇ ਪੁਲੀਸ ਨਾਲ ਅਕਸਰ ਸਾਡਾ ਪੰਗਾ ਪੈਂਦਾ ਰਹਿੰਦਾ ਸੀ, ਜਿਸ ਕਾਰਨ ਸਾਨੂੰ ਆਪਣੀਆਂ ਅਹਿਮ ਮੀਟਿੰਗਾਂ ਬਹੁਤ ਭਰੋਸੇਯੋਗ ਥਾਵਾਂ ’ਤੇ ਕਰਨੀਆਂ ਪੈਂਦੀਆਂ ਸਨ। 1987-88 ਦੀ ਗੱਲ ਹੈ ਕਿ ਪੈਗ਼ਾਮ...

  • fb
  • twitter
  • whatsapp
  • whatsapp
Advertisement

ਮੈਂ 1980ਵਿਆਂ ’ਚ ਇਨਕਲਾਬੀ ਵਿਦਿਆਰਥੀ ਲਹਿਰ ਵਿੱਚ ਸਰਗਰਮ ਸੀ। ਸਰਗਰਮੀਆਂ ਦੌਰਾਨ ਸਰਕਾਰਾਂ ਅਤੇ ਪੁਲੀਸ ਨਾਲ ਅਕਸਰ ਸਾਡਾ ਪੰਗਾ ਪੈਂਦਾ ਰਹਿੰਦਾ ਸੀ, ਜਿਸ ਕਾਰਨ ਸਾਨੂੰ ਆਪਣੀਆਂ ਅਹਿਮ ਮੀਟਿੰਗਾਂ ਬਹੁਤ ਭਰੋਸੇਯੋਗ ਥਾਵਾਂ ’ਤੇ ਕਰਨੀਆਂ ਪੈਂਦੀਆਂ ਸਨ। 1987-88 ਦੀ ਗੱਲ ਹੈ ਕਿ ਪੈਗ਼ਾਮ ਗਰੁੱਪ ਵਜੋਂ ਜਾਣੀ ਜਾਂਦੀ ਸਾਡੀ ਜਥੇਬੰਦੀ ਦੇ ਸੂਬਾ ਪੱਧਰੀ ਆਗੂਆਂ ਦੀ ਅਹਿਮ ਮੀਟਿੰਗ ਬਠਿੰਡਾ ਜ਼ਿਲ੍ਹੇ ਦੇ ਪਿੰਡ ਖਿਆਲੀਵਾਲਾ ਸਥਿਤ ਇੱਕ ਘਰ ਵਿੱਚ ਰੱਖੀ ਗਈ ਸੀ।

ਪੰਜਾਬ ਭਰ ’ਚੋਂ ਮੀਟਿੰਗ ਵਿੱਚ ਸ਼ਾਮਿਲ ਹੋਣ ਵਾਲੇ ਅਜਮੇਰ ਸਿੰਘ, ਮਾਲਵਿੰਦਰ ਸਿੰਘ ਮਾਲੀ, ਡਾ. ਜੀਵਨਜੋਤ ਕੌਰ ਫਰੀਦਕੋਟ, ਗੁਰਬਚਨ ਸਿੰਘ ਜਲੰਧਰ ਅਤੇ ਸੁਰਜੀਤ ਸਿੰਘ ਸਮੇਤ ਅਸੀਂ ਸਾਰੇ ਜਣੇ ਬੱਸਾਂ ਰਾਹੀਂ ਸਫ਼ਰ ਕਰਦੇ ਹੋਏ ਬਠਿੰਡਾ-ਗੋਨਿਆਣਾ ਮੁੱਖ ਮਾਰਗ ’ਤੇ ਸਥਿਤ ਪਿੰਡ ਗਿੱਲ ਪੱਤੀ ਦੇ ਅੱਡੇ ’ਤੇ ਉੱਤਰ ਗਏ। ਇੱਥੋਂ ਅਸੀਂ 3-4 ਕਿਲੋਮੀਟਰ ਪੈਦਲ ਚੱਲ ਕੇ ਪਿੰਡ ਭੋਖੜਾ ਹੁੰਦੇ ਹੋਏ ਢਲਦੀ ਸ਼ਾਮ ਨੂੰ ਖਿਆਲੀਵਾਲਾ ਪਹੁੰਚ ਗਏ। ਅਸਲ ਵਿੱਚ ਜਿਹੜੇ ਘਰ ’ਚ ਮੀਟਿੰਗ ਰੱਖੀ ਗਈ ਸੀ, ਉਸ ਘਰ ਦੇ ਮਾਲਕ ਦਾ ਨਾਂ ਡਿਪਟੀ ਸਿੰਘ ਸੀ ਪਰ ਅਸੀਂ ਉਸ ਦਾ ਨਾਂ ਡੀ ਸੀ ਸਿੰਘ ਸਮਝ ਬੈਠੇ। ਪਿੰਡ ਵਿੱਚ ਪਹੁੰਚ ਕੇ ਅਸੀਂ ਜਿਹੜੇ ਵੀ ਵਿਅਕਤੀ ਨੂੰ ਡੀ ਸੀ ਸਿੰਘ ਦੇ ਘਰ ਦਾ ਪਤਾ ਪੁੱਛਦੇ, ਉਸੇ ਦਾ ਇੱਕੋ ਜਵਾਬ ਹੁੰਦਾ ਸੀ ਕਿ ਸਾਡੇ ਪਿੰਡ ਵਿੱਚ ਡੀ ਸੀ ਸਿੰਘ ਨਾਂ ਦਾ ਕੋਈ ਵਿਅਕਤੀ ਨਹੀਂ ਹੈ। ਇੰਝ ਅਸੀਂ ਪੁੱਛਦੇ-ਪੁੱਛਦੇ ਪਿੰਡ ਦੀਆਂ ਕਈ ਗਲੀਆਂ ਗਾਹ ਦਿੱਤੀਆਂ, ਪਰ ਸਾਡੇ ਪੱਲੇ ਨਮੋਸ਼ੀ ਹੀ ਪੈਂਦੀ ਰਹੀ। ਉਪਰੋਂ ਹਨੇਰਾ ਵੀ ਗੂੜ੍ਹਾ ਹੋਣ ਲੱਗ ਪਿਆ, ਥੱਕ ਵੀ ਗਏ ਅਤੇ ਭੁੱਖ ਵੀ ਸਤਾਉਣ ਲੱਗ ਪਈ। ਉਦੋਂ ਮੋਬਾਈਲ ਫੋਨ ਨਾ ਹੋਣ ਕਾਰਨ ਅਸੀਂ ਮੀਟਿੰਗ ਦਾ ਪ੍ਰਬੰਧ ਕਰਨ ਵਾਲੇ ਸਾਡੇ ਆਗੂ ਬਲਵਿੰਦਰ ਸਿੰਘ ਜੈਸਿੰਘ ਵਾਲਾ ਨੂੰ ਫੋਨ ਕਰਕੇ ਵੀ ਨਹੀਂ ਪੁੱਛ ਸਕਦੇ ਸੀ। ਆਖ਼ਰ ਤੁਰਦੇ-ਤੁਰਦੇ ਅਸੀਂ ਗਲੀ ਦੇ ਉਸੇ ਮੋੜ ’ਤੇ ਆ ਖੜ੍ਹੇ, ਜਿੱਥੋਂ ਘਰ ਪੁੱਛਣ ਲਈ ਤੁਰੇ ਸੀ।

Advertisement

ਇਸੇ ਦੌਰਾਨ ਜਦੋਂ ਅਸੀਂ ਇੱਕ ਵਿਅਕਤੀ ਨੂੰ ਫਿਰ ਡੀ ਸੀ ਦਾ ਘਰ ਪੁੱਛਿਆ ਤਾਂ ਉਹ ਸੋਚਣ ਲੱਗ ਪਿਆ। ਉਸ ਨੇ ਸਾਨੂੰ ਪੁੱਛਿਆ ਕਿ ਕੋਈ ਅਤਾ ਪਤਾ ਦੱਸ ਦਿਓ। ਫਿਰ ਮੈਂ ਕਿਹਾ, ‘‘ਉਨ੍ਹਾਂ ਦੀ ਪਿੰਡ ਜੈ ਸਿੰਘ ਵਾਲਾ ਵਿੱਚ ਰਿਸ਼ਤੇਦਾਰੀ ਹੈ।’’ ਇਹ ਸੁਣ ਕੇ ਉਸ ਵਿਅਕਤੀ ਨੇ ਫਿਰ ਝੱਟਪੱਟ ਕਿਹਾ, ‘‘ਭਾਈ, ਤੁਸੀਂ ਬੰਦੇ ਦਾ ਨਾਂ ਗ਼ਲਤ ਲੈ ਰਹੇ ਹੋ। ਅਸਲ ਵਿੱਚ ਉਸ ਦਾ ਦਾ ਨਾਮ ਡੀ ਸੀ ਨਹੀਂ ਸਗੋਂ ਡਿਪਟੀ ਸਿੰਘ ਹੈ।’’ ਇਸ ਤੋਂ ਬਾਅਦ ਸਾਡੇ ਵੱਲੋਂ ਡਿਪਟੀ ਸਿੰਘ ਦਾ ਘਰ ਪੁੱਛਣ ’ਤੇ ਉਸ ਨੇ ਕਿਹਾ, ‘‘ਭਾਈ ਆਹ ਜਿਹੜੇ ਘਰ ਦੇ ਗੇਟ ਅੱਗੇ ਤੁਸੀਂ ਖੜ੍ਹੇ ਹੋ। ਇਹ ਉਸ ਦਾ ਹੀ ਘਰ ਹੈ।’’ ਇਹ ਸੁਣ ਕੇ ਅਸੀਂ ਹੈਰਾਨ ਹੁੰਦਿਆਂ ਹੱਸਣ ਲੱਗ ਪਏ। ਸਾਡੇ ਵੱਲੋਂ ਗੇਟ ਖੜਕਾਉਣ ’ਤੇ ਘਰ ’ਚੋਂ ਇੱਕ ਵਿਅਕਤੀ ਬਾਹਰ ਆਇਆ। ਸਾਡੇ ਵੱਲੋਂ ਬਲਵਿੰਦਰ ਸਿੰਘ ਜੈ ਸਿੰਘ ਵਾਲਾ ਦਾ ਹਵਾਲਾ ਦੇਣ ਉਪਰੰਤ ਉਸ ਨੇ ਬਹੁਤ ਹੀ ਨਿੱਘ ਨਾਲ ਫ਼ਤਹਿ ਬੁਲਾਈ ਅਤੇ ਸਾਨੂੰ ਘਰ ਦੇ ਅੰਦਰ ਲੈ ਗਿਆ। ਪਾਣੀ ਵਗੈਰਾ ਪੀਂਦਿਆਂ ਅਸੀਂ ਆਪਣੀ ਵਿਥਿਆ ਵੀ ਸਾਂਝੀ ਕਰਦੇ ਰਹੇ ਅਤੇ ਹੱਸਦੇ ਵੀ ਰਹੇ। ਘਰ ਵਾਲਿਆਂ ਲਈ ਭਾਵੇਂ ਅਸੀਂ ਬਿਲਕੁਲ ਅਣਜਾਣ ਵਿਅਕਤੀ ਸੀ, ਪਰ ਉਹ ਬਲਵਿੰਦਰ ਸਿੰਘ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਜਾਣੂ ਹੋਣ ਕਾਰਨ ਸਾਡੇ ਬਾਰੇ ਵੀ ਸਮਝ ਗਏ ਸਨ। ਪਰਿਵਾਰ ਵੱਲੋਂ ਰੋਟੀ ਪਾਣੀ ਛਕਾਉਣ ਉਪਰੰਤ ਮੀਟਿੰਗ ਅਤੇ ਸੌਣ ਲਈ ਵੱਖਰੇ ਕਮਰੇ ਦਾ ਪ੍ਰਬੰਧ ਕੀਤਾ ਗਿਆ। ਸਾਡੀਆਂ ਸਰਗਰਮੀਆਂ ਬਾਰੇ ਪਤਾ ਹੋਣ ਦੇ ਬਾਵਜੂਦ ਦਿਨ ਰਾਤ ਦੀ ਮੀਟਿੰਗ ਦੌਰਾਨ ਪੂਰੀ ਸੇਵਾ ਕਰਕੇ ਪਰਿਵਾਰ ਨੇ ਪੰਜਾਬ ਦੀ ਗੌਰਵਮਈ ਵਿਰਾਸਤ ਨੂੰ ਬੁਲੰਦ ਰੱਖਿਆ।

Advertisement

ਮੀਟਿੰਗ ਖ਼ਤਮ ਹੋਣ ਮਗਰੋਂ ਅਸੀਂ ਪਰਿਵਾਰ ਦਾ ਦਿਲੋਂ ਧੰਨਵਾਦ ਕਰਦਿਆਂ ਵਿਦਾਇਗੀ ਲਈ। ਵਿਦਾਇਗੀ ਸਮੇਂ ਪਰਿਵਾਰ ਦੇ ਇੱਕ ਮੈਂਬਰ ਨੇ ਇਹ ਕਹਿ ਕੇ ਕਿ ‘‘ਅਗਲੀ ਵਾਰ ਡਿਪਟੀ ਸਿੰਘ ਨਾਂ ਯਾਦ ਰੱਖਣਾ’’ ਸਭ ਨੂੰ ਹੱਸਣ ਲਈ ਮਜਬੂਰ ਕਰ ਗਿਆ। ਉਸ ਪਰਿਵਾਰ ਦੇ ਮੈਂਬਰਾਂ ਦਾ ਲੋਕਾਂ ਲਈ ਲੜਨ ਵਾਲਿਆਂ ਪ੍ਰਤੀ ਸਤਿਕਾਰ ਅਤੇ ਸੇਵਾ ਭਾਵਨਾ ਵਾਲੀ ਸੋਚ ਨੂੰ ਅੱਜ ਵੀ ਸਲਾਮ ਹੈ।

ਸੰਪਰਕ: 98142-07558

Advertisement
×