ਸੱਤਪਾਲ ਸਿੰਘ ਦਿਉਲ
ਮੇਰਾ ਬਹੁਤ ਹੀ ਖਾਸ ਮਿੱਤਰ ਜੋ ਪੰਜਾਬ ਦੇ ਵਿਚਕਾਰਲੇ ਜ਼ਿਲ੍ਹੇ ਦਾ ਵਸਨੀਕ ਸੀ ਅਤੇ ਵਕਾਲਤ ਦੇ ਕੋਰਸ ਸਮੇਂ ਮੇਰੇ ਨਾਲ ਕੁਝ ਸਮਾਂ ਰਿਹਾ ਸੀ। ਪੰਜਾਬ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਸੀ ਤੇ ਮੇਰੀ ਉਸ ਨਾਲ ਚੰਗੀ ਦੋਸਤੀ ਸੀ। ਉਸ ਦਾ ਬਚਪਨ ਵੀ ਮੇਰੇ ਵਾਂਗ ਹੀ ਬੀਤਿਆ ਸੀ। ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਵਕਾਲਤ ਦੇ ਪਹਿਲੇ ਸਾਲ ਹੀ ਉਹ ਮੇਰੇ ਸੰਪਰਕ ਵਿੱਚ ਆਇਆ ਸੀ ਪਰ ਦੌਰਾਨੇ ਕੋਰਸ ਹੀ ਉਸ ਨੂੰ ਕੋਈ ਸਰਕਾਰੀ ਨੌਕਰੀ ਮਿਲ ਗਈ ਤੇ ਵਕਾਲਤ ਦਾ ਕੋਰਸ ਵਿਚਕਾਰ ਹੀ ਛੱਡ ਕੇ ਉਹ ਨੌਕਰੀ ਕਰਨ ਲੱਗਾ। ਉਹ ਸਿੱਖ ਧਰਮ ਦੀ ਚੰਗੀ ਜਾਣਕਾਰੀ ਰੱਖਦਾ ਸੀ ਤੇ ਜੇ ਮੈਂ ਕਹਿ ਸਕਦਾ ਹਾਂ ਕਿ ਉਹ ਬਹੁਤ ਹੀ ਸੱਚਾ ਸਿੱਖ ਸੀ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸੁਭਾਅ ਪੱਖੋਂ ਹਰ ਚੀਜ਼ ਨੂੰ ਤਰਕ ’ਤੇ ਪਰਖਦਾ ਸੀ। ਪਖੰਡ ਦਾ ਉਹ ਕੱਟੜ ਵਿਰੋਧੀ ਸੀ। ਇਸੇ ਕਾਰਨ ਉਸ ਦੇ ਕੁਝ ਸਾਥੀ ਉਸ ਨੂੰ ‘ਕਾਮਰੇਡ’ ਕਹਿ ਦਿੰਦੇ, ਜਿਸ ਦਾ ਉਹ ਬੁਰਾ ਮਨਾ ਜਾਂਦਾ ਸੀ, ਪਰ ਉਸ ਦਾ ਇਹ ਰੋਸਾ ਕੁਝ ਚਿਰ ਲਈ ਹੀ ਹੁੰਦਾ ਤੇ ਫਿਰ ਸਾਰੇ ਉਵੇਂ ਹੀ ਹੋ ਜਾਂਦੇ।
ਮੇਰਾ ਉਸ ਨਾਲ ਉਸ ਦੇ ਕੋਰਸ ਛੱਡਣ ਤੋਂ ਬਾਅਦ ਜ਼ਿਆਦਾ ਮੇਲ ਜੋਲ ਨਹੀਂ ਰਿਹਾ ਸੀ। ਪਰ ਉਸ ਦੇ ਲੈਂਡ ਲਾਈਨ ਫੋਨ ਉਪਰ ਕਈ ਵਾਰ ਉਸ ਨਾਲ ਦੇਰ ਤੱਕ ਗੱਲ ਹੋ ਜਾਂਦੀ ਸੀ। ਉਸ ਨੇ ਕਿਸੇ ਨੂੰ ਆਪਣੇ ਵਿਆਹ ਉਪਰ ਨਹੀਂ ਸੱਦਿਆ ਸੀ। ਉਨ੍ਹਾਂ ਦਿਨਾਂ ਵਿੱਚ ਖਾੜਕੂ ਲਹਿਰ ਅੰਤਮ ਚਰਨ ਵਿੱਚ ਸੀ। ਉਸ ਦੇ ਸ਼ਰੀਕੇ ਤੇ ਪਰਿਵਾਰ ਨੇ ਕਿਹਾ ਸੀ: ‘ਸਰਕਾਰੀ ਨੌਕਰੀ ਪੇਸ਼ਾ ਸਾਡਾ ਮੁੰਡਾ ਹੈ, ਅਸੀਂ ਵੱਡਾ ਇਕੱਠ ਕਰ ਕੇ ਪੂਰੇ ਜੋਰ ਸ਼ੋਰ ਨਾਲ ਵਿਆਹ ਕਰਨਾ ਹੈ।’ ਵੈਸੇ ਵੀ ਉਹ ਚੰਗੀ ਜਾਇਦਾਦ ਵਾਲੇ ਜ਼ਿਮੀਦਾਰ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਸੀ। ਇਸ ਦੇ ਬਾਵਜੂਦ ਉਸ ਨੇ ਸਿਰਫ ਗਿਆਰਾਂ ਬੰਦਿਆਂ ਦੀ ਬਰਾਤ ਲਿਜਾ ਕੇ ਸਾਦਾ ਵਿਆਹ ਕਰ ਲਿਆ ਸੀ। ਉਹ ਮੈਨੂੰ ਵਿਆਹ ਤੋਂ ਬਾਅਦ ਬਠਿੰਡਾ ਅਦਾਲਤ ਦੇ ਬਾਹਰ ਮਿਲਿਆ ਜਿੱਥੇ ਮੈਂ ਆਪਣੇ ਕਿਸੇ ਸਾਇਲ ਨਾਲ ਆਇਆ ਸੀ। ਮੈਂ ਉਸ ਨਾਲ ਵਿਆਹ ’ਤੇ ਨਾਂ ਬੁਲਾਉਣ ਦਾ ਗਿਲਾ ਕੀਤਾ। ਜਵਾਬ ਵਿੱਚ ਉਸ ਨੇ ਕਿਹਾ ਕਿ ਬਹੁਤ ਪਾਪੜ ਵੇਲ ਕੇ ਉਹ ਸਾਦਾ ਵਿਆਹ ਕਰਨ ’ਚ ਕਾਮਯਾਬ ਹੋਇਆ ਸੀ। ਬਹੁਤੇ ਸ਼ਰੀਕੇ ਵਾਲੇ ਅੱਜ ਵੀ ਉਹਨੂੰ ਤਾਹਨੇ ਦਿੰਦੇ ਨੇ। ਹੋਇਆ ਇਹ ਕਿ ਉਸ ਨੇ ਆਪਣੇ ਕਿਸੇ ਜਾਣਕਾਰ ਰਾਹੀਂ ਆਪਣੇ ਘਰ ਖਾੜਕੂਆਂ ਵੱਲੋਂ ਲਿਖੀ ਚਿੱਠੀ ਪਵਾਈ ਕਿ ਤੁਹਾਡੇ ਮੁੰਡੇ ਦਾ ਜੋ ਵਿਆਹ ਹੈ, ਉਹ ਸਾਦਾ ਢੰਗ ਨਾਲ ਸਿਰਫ ਗਿਆਰਾਂ ਬੰਦੇ ਬਰਾਤ ਲਿਜਾ ਕੇ ਕੀਤਾ ਜਾਵੇ, ਨਹੀਂ ਤਾਂ ਸੋਧਾ ਲਾਇਆ ਜਾਵੇਗਾ। ਜੇ ਬਰਾਤ ਜ਼ਿਆਦਾ ਗਈ ਤਾਂ ਪਿੰਡ ਦੇ ਗੰਦੇ ਪਾਣੀ ਵਾਲੇ ਛੱਪੜ ਵਿੱਚੋਂ ਬਰਾਤ ਲੰਘਾਈ ਜਾਵੇਗੀ। ਹਾਲਾਂ ਕਿ ਉਹ ਚਿੱਠੀ ਫਰਜ਼ੀ ਸੀ, ਪਰ ਘਰ ਵਾਲਿਆਂ ਨੇ ਕਿਸੇ ਕੋਲ ਭਾਫ ਵੀ ਬਾਹਰ ਨਹੀਂ ਕੱਢੀ। ਇੰਝ ਉਹ ਸਾਦਾ ਵਿਆਹ ਕਰਨ ਵਿੱਚ ਕਾਮਯਾਬ ਹੋਇਆ।
ਸਮੇਂ ਦੇ ਨਾਲ ਨਾਲ ਅਸੀਂ ਦੋਵੇ ਘਰ ਗ੍ਰਹਿਸਥੀ ਵਿੱਚ ਵਿਅਸਤ ਹੋ ਗਏ। ਪਰ ਇੱਕ ਦੋ ਵਾਰ ਉਹ ਮੈਨੂੰ ਕਿਸੇ ਸਾਂਝੇ ਮਿੱਤਰਾਂ ਦੇ ਬਜ਼ੁਰਗਾਂ ਦੇ ਭੋਗ ’ਤੇ ਮਿਲਿਆ। ਇੱਕ ਭੋਗ ’ਤੇ ਬਹੁਤ ਵੱਡਾ ਇਕੱਠ ਸੀ ਤੇ ਬਹੁਤ ਸਾਰੇ ਲੀਡਰ ਆਏ ਹੋਏ ਸੀ। ਬਹੁਤ ਸਾਰੇ ਪਕਵਾਨ ਬਣਾ ਕੇ ਖਰਚ ਦੀ ਕਸਰ ਬਾਕੀ ਨਹੀਂ ਛੱਡੀ ਸੀ। ਉਸ ਨੂੰ ਅਜਿਹਾ ਚੰਗਾ ਨਹੀਂ ਲੱਗਦਾ ਸੀ। ਅਸੀਂ ਪਿੱਛੇ ਬੈਠ ਕੇ ਆਪਸ ਵਿੱਚ ਹੌਲੀ ਹੌਲੀ ਗੱਲਾਂ ਕਰਨ ਲੱਗੇ ਇੱਕ ਲੀਡਰ ਨੇ ਬੋਲਦਿਆਂ ਆਖਿਆ ਕਿ ਇਸ ਸਰਦਾਰ ਦੀ ਸ਼ਖਸੀਅਤ ਤੇ ਪਰਿਵਾਰ ਦਾ ਰਸੂਖ ਇਸ ਭੋਗ ’ਤੇ ਹੋਏ ਇਕੱਠ ਤੋਂ ਪਤਾ ਲੱਗਦਾ ਹੈ। ਕੋਲ ਹੀ ਦੋ ਵਿਅਕਤੀ ਗੱਲ ਕਰ ਰਹੇ ਸੀ ਕਿ ਜਵਾਨੀ ਪਹਿਰੇ ਇਹਨੇ ਸਾਰਾ ਪਿੰਡ ਤਪਾ ਮਾਰਿਆ ਸੀ। ਕਿਹੜਾ ਗਲਤ ਕੰਮ ਹੈ ਜੋ ਇਸ ਮਰਨ ਵਾਲੇ ਨੇ ਨਹੀਂ ਕੀਤਾ। ਮੇਰਾ ਮਿੱਤਰ ਉਨ੍ਹਾਂ ਦੀ ਗੱਲ ਸੁਣ ਕੇ ਮੇਰੇ ਵੱਲ ਵੇਖ ਕੇ ਮੁਸਕਰਾਇਆ। ਮੈਂ ਸਮਝ ਗਿਆ ਕਿ ਇਕੱਠ ਉਸ ਨੂੰ ਚਾਪਲੂਸ ਲੋਕਾਂ ਦਾ ਅਤੇ ਸਮਾਜਿਕ ਦਿਖਾਵਾ ਕਰਨ ਵਾਲਾ ਜਾਪ ਰਿਹਾ ਸੀ। ਮੈਂ ਉਸ ਦੀ ਸੋਚ ਤੋਂ ਚੰਗੀ ਤਰਾਂ ਵਾਕਫ ਸੀ। ਉਸ ਦਾ ਵਿਚਾਰ ਸੀ ਕਿ ਜੇ ਤੁਸੀ ਹਰ ਗੱਲ ਸਹੀ ਤੇ ਤਰਕ ਦੇ ਅਧਾਰ ’ਤੇ ਕਰਦੇ ਹੋ ਤਾਂ ਤੁਹਾਡੇ ਆਸ ਪਾਸ ਲੋਕਾਂ ਦਾ ਘੇਰਾ ਬਹੁਤ ਛੋਟਾ ਹੁੰਦਾ ਜਾਵੇਗਾ। ਚਾਪਲੂਸ ਲੋਕ ਤੁਹਾਡੇ ਤੋਂ ਦੂਰ ਰਹਿਣ ਲੱਗਣਗੇ ਇਹੀ ਗੱਲ ਰਿਸ਼ਤੇਦਾਰਾਂ ਤੇ ਈਰਖਾਲੂ ਲੋਕਾਂ ’ਤੇ ਲਾਗੂ ਹੁੰਦੀ ਹੈ। ਰਿਸ਼ਤੇਦਾਰਾਂ ਦਾ ਘੇਰਾ ਹੌਲੀ ਹੌਲੀ ਤੁਹਾਡੇ ਤੋਂ ਦੂਰ ਹੁੰਦਾ ਜਾਵੇਗਾ। ਭੋਗ ਦੇ ਇਕੱਠ ਤੋਂ ਤੁਹਾਡੀ ਸ਼ਖਸੀਅਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਤੁਸੀ ਖਰੀ ਗੱਲ ਕਹਿਣ ਦੀ ਹਿੰਮਤ ਰੱਖਦੇ ਹੋ ਤਾਂ ਚਾਪਲੂਸ ਤੇ ਮਤਲਬਪ੍ਰਸਤ ਲੋਕ ਆਪੇ ਦੂਰ ਭੱਜ ਜਾਣਗੇ। ਇਸ ਲਈ ਤੁਹਾਡੇ ਭੋਗ ’ਤੇ ਜਿੰਨੇ ਲੋਕ ਹੋਣਗੇ ਉਹ ਤੁਹਾਡੀ ਸੋਚ ਦੇ ਹੋਣਗੇ। ਜੇ ਦਾਲ ਨਾਲ ਭੋਗ ’ਤੇ ਪ੍ਰਸ਼ਾਦਾ ਹੋਵੇਗਾ ਤਾਂ ਛਕਣ ਵਾਲੇ ਵੀ ਨਿਰੋਈ ਸੋਚ ਵਾਲੇ ਹੋਣਗੇ। ਜੋ ਭੋਗ ਉਤੇ ਵਧੀਆ ਪਕਵਾਨਾਂ ਦੀ ਉਮੀਦ ਰੱਖਦੇ ਨੇ, ਉਹ ਉਥੇ ਨਹੀਂ ਆਉਣਗੇ। ਉਹ ਕਹਿੰਦਾ ਸੀ, ‘ਮੇਰੇ ਨਾਲ ਮੇਲ ਮਿਲਾਪ ਵੀ ਉਹੀ ਰੱਖੇਗਾ ਜੋ ਮੇਰੀ ਸੋਚ ਵਾਲਾ ਹੋਵੇਗਾ, ਦੂਜੇ ਨਹੀਂ ਰੱਖਣਗੇ।’
ਇਕ ਦਿਨ ਦੁਖੀ ਮਨ ਨਾਲ ਉਸਦੇ ਭੋਗ ’ਤੇ ਵੀ ਮੈਨੂੰ ਜਾਣਾ ਪਿਆ। ਸੰਖੇਪ ਬਿਮਾਰੀ ਤੋਂ ਬਾਅਦ ਉਹ ਪਿਛਲੇ ਸਾਲ ਚਲ ਵਸਿਆ ਸੀ। ਆਪਣੇ ਕਿਸੇ ਬੱਚੇ ਦਾ ਉਸ ਨੇ ਵਿਆਹ ਨਹੀਂ ਵੇਖਿਆ। ਪਰ ਸਿੱਖਿਆ ਵਜੋਂ ਬੱਚਿਆਂ ਵਿੱਚ ਆਪਣੇ ਉਹ ਗੁਣ ਵਿਕਸਿਤ ਕਰ ਗਿਆ ਭੋਗ ਤੇ ਸੀਮਿਤ ਇਕੱਠ ਸੀ। ਇੱਕ ਖਾਸ ਮਿੱਤਰ ਨੇ ਆਏ ਹੋਏ ਰਿਸ਼ਤੇਦਾਰਾਂ ਤੇ ਦੋਸਤਾਂ ਦਾ ਧੰਨਵਾਦ ਕੀਤਾ। ਸੀਮਤ ਇਕੱਠ ਦਰਸਾ ਰਿਹਾ ਸੀ ਕਿ ਉਹ ਨਿੱਗਰ ਸੋਚ ਦਾ ਧਾਰਨੀ ਇਨਸਾਨ ਸੀ। ਉਪਦੇਸ਼ ਦੇਣ ਦੀ ਬਜਾਏ ਉਹ ਖੁਦ ਅਮਲ ਕਰਨ ਵਿੱਚ ਯਕੀਨ ਰੱਖਦਾ ਸੀ। ਪਰਿਵਾਰ ਨੇ ਵੀ ਉਸ ਦੀ ਸੋਚ ਮੁਤਾਬਕ ਅੰਤਿਮ ਰਸਮਾਂ ਕਰਕੇ ਉਸ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਸੀ।
ਸੰਪਰਕ: 98781-70771