ਪ੍ਰੀਤਮਾ ਦੋਮੇਲ
ਅਸੀਂ ਮੁਹਾਲੀ ਦੇ ਜਿਸ ਘਰ ਵਿਚ ਹੁਣ ਰਹਿ ਰਹੇ ਹਾਂ, ਇਥੇ ਪਹਿਲਾਂ ਮੇਰੇ ਸੱਸ-ਸਹੁਰਾ ਰਹਿੰਦੇ ਸਨ। ਮੈਂ ਹਰਿਆਣੇ ਵਿਚ ਨੌਕਰੀ ਕਰਦੀ ਸਾਂ ਅਤੇ ਛੁੱਟੀਆਂ ਤੇ ਹੋਰ ਤਿੱਥ-ਤਿਉਹਾਰਾਂ ਤੇ ਇੱਥੇ ਆਉਂਦੀ ਰਹਿੰਦੀ ਸਾਂ। ਸਾਡੇ ਘਰ ਦੇ ਪਿਛਲੇ ਵਿਹੜੇ ਵਿਚ 10-12 ਫੁੱਟ ਦੀ ਲੰਮੀ ਕਿਆਰੀ ਹੈ ਜਿੱਥੇ ਅਸੀਂ ਧਨੀਆ, ਪੁਦੀਨਾ, ਹਰੀ ਮਿਰਚ ਤੇ ਹੋਰ ਛੋਟੀਆਂ-ਮੋਟੀਆਂ ਸਬਜ਼ੀਆਂ ਲਾ ਲੈਂਦੇ ਸੀ। ਕਿਆਰੀ ਦੇ ਕੋਨੇ ਵਿਚ ਵੱਡਾ ਬੂਟਾ ਵੀ ਖੜ੍ਹਾ ਸੀ ਜਿਸ ਤੇ ਲਾਲ ਰੰਗ ਦੇ ਨਰਮ ਨਰਮ ਪੰਖੜੀਆਂ ਵਾਲੇ ਬਹੁਤ ਸਾਰੇ ਫੁੱਲ ਰੋਜ਼ ਖਿੜਦੇ ਸਨ। ਸਵੇਰੇ ਉਠ ਕੇ ਦੇਖਦੇ ਤਾਂ ਫੁੱਲ ਹੀ ਫੁੱਲ, ਬੂਟਾ ਤਾਜ਼ੇ ਤਾਜ਼ੇ ਫੁੱਲਾਂ ਨਾਲ ਭਰਿਆ ਹੋਇਆ ਹੁੰਦਾ।
ਆਸੇ-ਪਾਸੇ ਵਾਲੀਆਂ ਕਈ ਬੀਬੀਆਂ ਮੰਦਰ ਜਾਂਦੀਆਂ ਫੁੱਲ ਮੰਗ ਕੇ ਲੈ ਜਾਂਦੀਆਂ। ਬੱਸ ਇਕ ਛੋਟਾ ਜਿਹਾ ਨੁਕਸ ਇਹ ਸੀ ਕਿ ਇਕ ਤਾਂ ਇਨ੍ਹਾਂ ਫੁੱਲਾਂ ਦੀ ਕੋਈ ਖੁਸ਼ਬੂ ਨਹੀਂ ਸੀ, ਦੂਜਾ ਦਿਨ ਢਲਦੇ ਢਲਦੇ ਇਨ੍ਹਾਂ ਵਿਚੋਂ ਬਹੁਤ ਸਾਰੇ ਫੁੱਲ ਝੜ ਜਾਂਦੇ ਤੇ ਜਿੱਥੇ ਉਹ ਡਿੱਗਦੇ, ਉਥੇ ਹੀ ਜੰਮ ਜਾਂਦੇ ਤੇ ਫਿਰ ਉਥੇ ਹੀ ਦਾਗ਼ ਪੈ ਜਾਂਦੇ। ਉਹ ਦਾਗ਼ ਬੜੀ ਮਿਹਨਤ ਨਾਲ ਸਾਫ਼ ਕਰਨੇ ਪੈਂਦੇ ਪਰ ਅਗਲੇ ਹੀ ਦਿਨ ਬੂਟਾ ਫਿਰ ਫੁੱਲਾਂ ਨਾਲ ਭਰਿਆ ਹੁੰਦਾ, ਜਿਵੇਂ ਬਹਾਰ ਆਈ ਹੋਵੇ। ਇਹ ਬਹਾਰ ਹਮੇਸ਼ਾ ਕਾਇਮ ਰਹਿੰਦੀ। ਫੁੱਲਾਂ ਤੇ ਗਰਮੀ, ਸਰਦੀ, ਬਰਸਾਤ, ਪਤਝੜ ਕਿਸੇ ਵੀ ਮੌਸਮ ਦਾ ਕੋਈ ਅਸਰ ਨਾ ਹੁੰਦਾ। ਦਾਗ਼ ਸਾਫ਼ ਕਰਨ ਲੱਗਿਆਂ ਭਾਵੇਂ ਗੁੱਸਾ ਆਉਂਦਾ ਪਰ ਅਗਲੇ ਹੀ ਦਿਨ ਸਵੇਰੇ ਫੁੱਲਾਂ ਦੀ ਬਹਾਰ ਦੇਖ ਕੇ ਦਿਲ ਬਾਗ ਬਾਗ ਹੋ ਜਾਂਦਾ।
ਫਿਰ ਪਿਛਲੇ ਤਿੰਨ-ਚਾਰ ਸਾਲਾਂ ਵਿਚ ਕੁਝ ਮਹੀਨਿਆਂ ਦੀ ਅਗੇਤ-ਪਿਛੇਤ ਨਾਲ ਦੋਵੇਂ ਬਜ਼ੁਰਗ ਰੱਬ ਨੂੰ ਪਿਆਰੇ ਹੋ ਗਏ। ਪੁੱਤਰ ਵੀ ਇਲਾਹਾਬਾਦ (ਹੁਣ ਪ੍ਰਯਾਗਰਾਜ) ਪੋਸਟਿੰਗ ਤੇ ਚਲਾ ਗਿਆ। ਘਰ ਖਾਲੀ ਖਾਲੀ ਤੇ ਸੁੰਨਾ ਸੁੰਨਾ ਲਗਣ ਲਗ ਪਿਆ। ਬੜੀ ਉਦਾਸੀ ਮਹਿਸੂਸ ਹੋਣ ਲੱਗ ਪਈ। ਅਖ਼ੀਰ ਮੈਂ ਇਕ ਨਵੇਂ ਵਿਆਹੇ ਜੋੜੇ ਨੂੰ ਘਰ ਦਾ ਅੱਧਾ ਹਿੱਸਾ ਕਿਰਾਏ ਤੇ ਦੇ ਦਿੱਤਾ। ਕੁੜੀ ਨੇ ਲਾਲ ਲਾਲ ਚੂੜੇ ਨਾਲ ਭਰੀਆਂ ਹੋਈਆਂ ਬਾਹਾਂ, ਮਾਂਗ ਵਿਚ ਸੰਧੂਰ ਅਤੇ ਮੱਥੇ ਤੇ ਨਿੱਕੀ ਜਿਹੀ ਬਿੰਦੀ; ਤੇ ਛਣ ਛਣ ਕਰਦੀ ਝਾਂਜਰ ਨਾਲ ਘਰ ਨੂੰ ਰੌਣਕ ਰੌਣਕ ਕਰ ਦਿੱਤਾ। ਕੁੜੀ ਮਲੂਕੜੀ ਜਿਹੀ, ਐਵੇਂ ਜਿਵੇਂ 15-16 ਸਾਲ ਦੀ ਹੋਵੇ ਪਰ ਮੁੰਡਾ ਮੁਕਾਬਲਤਨ ਪੱਕੜ ਲਗਦਾ ਸੀ। ਗੱਲਾਂ ਤਾਂ ਕਹਿੰਦੇ ਨੇ ਹਵਾ ਵਿਚ ਤੈਰਦੀਆਂ ਰਹਿੰਦੀਆਂ ਨੇ, ਤੇ ਪਤਾ ਨਹੀਂ ਕਦ ਉਹ ਤੁਹਾਡੇ ਵਿਹੜੇ ਆ ਡਿਗਦੀਆਂ ਹਨ, ਪਤਾ ਲੱਗਿਆ ਕਿ ਇਨ੍ਹਾਂ ਬੱਚਿਆਂ ਨੇ ਘਰੋਂ ਭੱਜ ਕੇ ਸ਼ਾਦੀ ਕੀਤੀ ਸੀ। ਮੁੰਡਾ ਤਕੜੇ ਜਿ਼ਮੀਂਦਾਰ ਘਰਾਣੇ ਦਾ ਸੀ ਤੇ ਕੁੜੀ ਕਿਸੇ ਗਰੀਬ ਪੰਡਿਤ ਪਰਿਵਾਰ ਦੀ ਧੀ ਸੀ ਪਰ ਸਾਨੂੰ ਇਸ ਗੱਲ ਨਾਲ ਕੀ? ਉਹ ਵਕਤ ਸਿਰ ਕਿਰਾਇਆ ਦਿੰਦੇ ਸੀ ਤੇ ਅੱਛੀ ਤਰ੍ਹਾਂ ਗੱਲਬਾਤ ਕਰਦੇ ਸੀ।
ਥੋੜ੍ਹੇ ਦਿਨਾਂ ਬਾਅਦ ਮੁੰਡੇ ਨੇ ਮੇਰੇ ਕੋਲੋਂ ਪੁੱਛਿਆ ਕਿ ਪਿਛਲੀ ਕਿਆਰੀ ਵਿਚ ਉਹ ਆਪਣੀ ਮਰਜ਼ੀ ਨਾਲ ਕੁਝ ਬੀਜ ਸਕਦਾ ਹੈ? ਮੈਨੂੰ ਭਲਾ ਕੀ ਇਤਰਾਜ਼ ਸੀ। ਉਸੇ ਦਿਨ ਤੋਂ ਉਸ ਨੇ ਕਿਆਰੀਆਂ ਨੂੰ ਠੀਕ-ਠਾਕ ਕਰਨਾ ਸ਼ੁਰੂ ਕਰ ਦਿੱਤਾ ਤੇ ਲੰਮੀ ਪਾਈਪ ਲਿਆ ਕੇ ਉਸ ਨੂੰ ਬਾਹਰਲੀ ਟੂਟੀ ਨਾਲ ਜੋੜ ਦਿੱਤਾ, ਨਰਸਰੀ ਤੋਂ ਨਵੀਂ ਪੌਧ ਲਿਆ ਕੇ ਕਿਆਰੀਆਂ ਵਿਚ ਗਾਜਰਾਂ, ਮੂਲੀਆਂ, ਟਮਾਟਰ, ਭਿੰਡੀਆਂ ਤੇ ਹੋਰ ਪਤਾ ਨਹੀਂ ਕੀ ਕੀ ਬੀਜ ਦਿੱਤਾ। ਫਿਰ ਉਸ ਨੇ ਪੂਰੇ ਵਿਹੜੇ ਵਿਚ ਰੱਸੀਆਂ ਬੰਨ੍ਹ ਕੇ ਉਥੇ ਕਰੇਲਿਆਂ ਤੇ ਤੋਰੀਆਂ ਦੀਆਂ ਵੇਲਾਂ ਤੇ ਬਾਕੀ ਮੌਸਮ ਦੇ ਹਿਸਾਬ ਨਾਲ ਸਬਜ਼ੀਆਂ ਲਗਾ ਦਿੱਤੀਆਂ। ਕੁੜੀ ਦੇ ਇਸ਼ਕ ਵਿਚ ਘਰੋਂ ਭੱਜਿਆ ਮੁੰਡਾ ਹੋਰ ਭਾਵੇਂ ਸਭ ਕੁਝ ਪਿੱਛੇ ਛੱਡ ਆਇਆ ਸੀ ਪਰ ਆਪਣੇ ਖੇਤਾਂ ਦੀ ਮਿੱਟੀ ਦੀ ਖੁਸ਼ਬੂ ਨਾਲ ਹੀ ਲਿਆਇਆ ਸੀ, ਉਹ ਤਾਂ ਉਸ ਦੇ ਵਜੂਦ ਦਾ ਹਿੱਸਾ ਸੀ ਨਾ! ਸਾਰੀ ਉਮਰ ਉਹ ਖੇਤਾਂ ਵਿਚ ਫਸਲਾਂ ਉਗਾਉਂਦਾ ਤੇ ਬੀਜਦਾ ਵੱਢਦਾ ਰਿਹਾ ਸੀ। ਆਪਣੇ ਖੇਤਾਂ ਨੂੰ ਤਰਸਦੇ ਹੋਏ ਅਖ਼ੀਰ ਉਸ ਨੇ ਆਪਣੇ ਘਰ ਦੇ ਛੋਟੇ ਜਿਹੇ ਵਿਹੜੇ ਨੂੰ ਹੀ ਆਪਣਾ ਖੇਤ ਬਣਾ ਲਿਆ ਸੀ। ਸਾਡੇ ਘਰ ਵਿਚ ਇੰਨੀਆਂ ਸਬਜ਼ੀਆਂ ਹੋ ਗਈਆਂ ਕਿ ਆਸੇ-ਪਾਸੇ ਦੇ ਸਭ ਲੋਕਾਂ ਨੂੰ ਅਸੀਂ ਸਬਜ਼ੀਆਂ ਵੰਡਦੇ। ਬਰਕਤ ਇੰਨੀ ਕਿ ਸਬਜ਼ੀਆਂ ਮੁੱਕਦੀਆਂ ਹੀ ਨਾ।
ਲਾਲ ਫੁੱਲਾਂ ਵਾਲੇ ਬੂਟੇ ਦੇ ਝੜੇ ਹੋਏ ਫੁੱਲਾਂ ਦੇ ਢੇਰ ਨੂੰ ਦੇਖ ਕੇ ਇਕ ਦਿਨ ਮੁੰਡੇ ਨੇ ਕਿਹਾ ਕਿ ਕਿਉਂ ਨਾ ਇਸ ਬੂਟੇ ਨੂੰ ਵੱਢ ਕੇ ਇਸ ਦੀ ਜਗ੍ਹਾ ਰਾਤ ਦੀ ਰਾਣੀ ਦਾ ਪੌਦਾ ਲਾ ਦੇਈਏ ਤਾਂ ਕਿ ਘਰ ਖ਼ੁਸਬੂਆਂ ਨਾਲ ਮਹਿਕਦਾ ਰਹੇ। ਕੁੜੀ ਝੱਟਪੱਟ ਬੋਲ ਪਈ- ਨਾ ਨਾ ਇਸ ਨੂੰ ਨਾ ਵੱਢਿਆ ਜੇ, ਮੈਂ ਤਾਂ ਇਸ ਦੇ ਫੁੱਲਾਂ ਨਾਲ ਪੂਜਾ ਕਰਦੀ ਹਾਂ ਤੇ ਨਾਲੇ ਤਹਾਨੂੰ ਸ਼ਾਇਦ ਪਤਾ ਨਹੀਂ ਕਿ ਤੁਹਾਡਾ ਵਿਹੜਾ ਜਿਹੜਾ ਇੰਨਾ ਹਰਿਆ-ਭਰਿਆ ਹੈ, ਇਹ ਸਭ ਇਸੇ ਬੂਟੇ ਦੀ ਬਰਕਤ ਕਰ ਕੇ ਹੈ। ਇਹ ਬਹੁਤ ਕਰਮਾਂ ਵਾਲਾ ਬੂਟਾ ਹੈ।
ਅਗਲਾ ਸਾਲ ਬੀਤਦੇ ਬੀਤਦੇ ਉਨ੍ਹਾਂ ਦੇ ਘਰਵਾਲੇ ਉਨ੍ਹਾਂ ਨੂੰ ਮਨਾ ਕੇ ਆਪਣੇ ਘਰ ਲੈ ਗਏ ਤੇ ਸਾਡਾ ਘਰ ਫਿਰ ਸੁੰਨਸਾਨ ਹੋ ਗਿਆ। ਫਿਰ ਮੈਨੂੰ ਜਲਦੀ ਹੀ ਕੋਈ ਹੋਰ ਕਿਰਾਏਦਾਰ ਮਿਲ ਗਏ। ਉਨ੍ਹਾਂ ਆਉਂਦੇ ਹੀ ਘਰ ਨੂੰ ਆਪਣੇ ਹਿਸਾਬ ਨਾਲ ਤਰਤੀਬ ਦੇ ਲਈ। ਸਭ ਤੋਂ ਪਹਿਲਾਂ ਉਨ੍ਹਾਂ ਵੇਲਾਂ ਵਾਲੀਆਂ ਰੱਸੀਆਂ ਵੱਢ ਕੇ ਬਾਹਰ ਕੂੜੇ ਵਾਲੇ ਢੋਲ ਵਿਚ ਸੁੱਟੀਆਂ, ਇਸੇ ਤਰ੍ਹਾਂ ਕਿਆਰੀਆਂ ਦੀ ਵੀ ਸਫ਼ਾਈ ਕਰ ਦਿੱਤੀ। ਪੁੱਛਿਆ ਤਾਂ ਬੋਲੇ, “ਵਿਹੜੇ ਵਿਚ ਤਾਂ ਇੰਨਾ ਗੰਦ ਪਿਆ ਹੈ ਕਿ ਇਥੇ ਬੈਠਣ ਨੂੰ ਵੀ ਥਾਂ ਨਹੀਂ, ਤੇ ਮੱਛਰ ਵਾਧੂ ਦਾ। ਅਸੀਂ ਆਪਣੇ ਹਿਸਾਬ ਨਾਲ ਕਿਆਰੀਆਂ ਵਿਚ ਬੀਜਾਂਗੇ।” ਅੱਜਕੱਲ੍ਹ ਕਿਰਾਏਦਾਰ ਉਦੋਂ ਤਕ ਹੀ ਕਿਰਾਏਦਾਰ ਹਨ ਜਦ ਤਕ ਉਹ ਘਰ ਕਿਰਾਏ ਤੇ ਨਹੀਂ ਲੈਂਦੇ, ਘਰ ਵਿਚ ਵੜਦਿਆਂ ਹੀ ਉਹ ਮਾਲਕ ਬਣ ਜਾਂਦੇ ਹਨ। ਫਿਰ 2-4 ਦਿਨਾਂ ਬਾਅਦ ਮੈਂ ਸਵੇਰੇ ਉਠ ਕੇ ਦੇਖਿਆ ਕਿ ਲਾਲ ਫੁੱਲਾਂ ਵਾਲਾ ਬੂਟਾ ਵੀ ਜ਼ਮੀਨ ਤੇ ਪਿਆ ਕੁਰਲਾ ਰਿਹਾ ਸੀ। ਬੜਾ ਮਨ ਦੁਖਿਆ ਪਰ ਹੁਣ ਲੜਨ-ਝਗੜਨ ਦਾ ਕੀ ਫ਼ਾਇਦਾ, ਬੂਟਾ ਤਾਂ ਵੱਢਿਆ ਜਾ ਚੁਕਿਆ ਸੀ।
ਫਿਰ ਮੈਂ ਕੁਝ ਮਹੀਨਿਆਂ ਲਈ ਪੁੱਤਰ ਕੋਲ ਇਲਾਹਾਬਾਦ ਚਲੀ ਗਈ। ਗਰਮੀਆਂ ਲੰਘ ਗਈਆਂ, ਕੁੰਭ ਦਾ ਮੇਲਾ ਵੀ ਸ਼ੁਰੂ ਹੋ ਚੁੱਕਿਆ ਸੀ। ਇਲਾਹਾਬਾਦ ਵਿਚ ਰੌਣਕਾਂ ਹੀ ਰੌਣਕਾਂ ਸਨ। ਆਉਣ ਨੂੰ ਜੀਅ ਨਾ ਕੀਤਾ। 4 ਮਾਰਚ ਨੂੰ ਜਦ ਮੇਲਾ ਖ਼ਤਮ ਹੋਇਆ ਤਾਂ ਮੈਂ ਮੁਹਾਲੀ ਆ ਗਈ ਪਰ ਹੈਂ? ਵਿਹੜਾ ਬਿਲਕੁਲ ਉਜਾੜ ਪਿਆ ਸੀ। ਪੁੱਛਣ ਤੇ ਉਨ੍ਹਾਂ ਦੱਸਿਆ, “ਅਸੀਂ ਤਾਂ ਬੜਾ ਕੁਝ ਬੀਜਿਆ ਸੀ, ਮਾਲੀ ਵੀ ਰੱਖਿਆ; ਖਾਦ-ਪਾਣੀ, ਕਿਸੇ ਵੀ ਚੀਜ਼ ਦੀ ਕਮੀ ਨਹੀਂ ਛੱਡੀ ਪਰ ਪਤਾ ਨਹੀਂ ਕੀ ਹੋਇਆ, ਇਥੇ ਕੁਝ ਉੱਗਦਾ ਹੀ ਨਹੀਂ। ਜਿਹੜਾ ਕੁਝ ਬੀਜਦੇ ਹਾਂ, ਥੋੜ੍ਹੇ ਦਿਨਾਂ ਬਾਅਦ ਹੀ ਸੜ-ਸੁੱਕ ਜਾਂਦਾ ਹੈ। ਮਾਲੀ ਵੀ ਹੈਰਾਨ ਹੈ।”
ਮੈਨੂੰ ਪਤਾ ਸੀ ਕਿ ਇਹ ਸਭ ਕਿਉਂ ਹੋ ਰਿਹਾ ਹੈ। ਬੇਵਕਤ ਵੱਢੀਆਂ ਫ਼ਸਲਾਂ ਜਿਵੇਂ ਕਿਸਾਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਕਿਉਂਕਿ ਉਹ ਵੀ ਜਾਨ ਵਾਲੀਆਂ ਹੁੰਦੀਆਂ ਹਨ, ਭਾਵੇਂ ਬੋਲਦੀਆਂ ਨਹੀਂ ਪਰ ਆਪਣੀ ਉਮਰ ਭੋਗ ਕੇ ਜਾਣ ਵਿਚ ਖੁਸ਼ੀ ਮਹਿਸੂਸ ਕਰਦੀਆਂ ਹਨ ਤੇ ਬਰਕਤ ਦਿੰਦੀਆਂ ਹਨ। ਇਸੇ ਤਰ੍ਹਾਂ ਸਾਡੇ ਘਰ ਦੀਆਂ ਭਰ ਜੁਆਨੀ ਵਿਚ ਵੱਢ ਸੁੱਟੀਆਂ ਸਬਜ਼ੀਆਂ ਤੇ ਰੱਸੀਆਂ ਤੋਂ ਅਲੱਗ ਕੀਤੀਆਂ ਹੋਈਆਂ ਵੇਲਾਂ ਨੇ ਵੀ ਤਾਂ ਰੋ ਰੋ ਕੇ ਫ਼ਰਿਆਦਾਂ ਕੀਤੀਆਂ ਹੋਣੀਆਂ ਨੇ। ਫਿਰ ਮੈਨੂੰ ਉਹ ਲਾਲ ਫੁੱਲਾਂ ਵਾਲਾ ਬੂਟਾ ਯਾਦ ਆ ਗਿਆ। ਜਾਪਿਆ, ਉਸ ਸਦਾ ਬਹਾਰ ਬੂਟੇ ਦੀ ਜਗ੍ਹਾ ਸ਼ਾਇਦ ਹੁਣ ਹੋਰ ਬੂਟਾ ਨਾ ਲੈ ਸਕੇ! ਬੂਟੇ ਵਾਲੀ ਜਗ੍ਹਾ ਅਜੇ ਵੀ ਖਾਲੀ ਹੈ, ਤੇ ਮੈਂ ਖ਼ਾਮੋਸ਼ ਨਿਗਾਹਾਂ ਨਾਲ ਉਸ ਖਾਲੀ ਜਗ੍ਹਾ ਨੂੰ ਦੇਖਦੀ ਰਹਿੰਦੀ ਹਾਂ।
ਸੰਪਰਕ: 99881-52523