ਜਦੋਂ ਰਸੋਈ ’ਚ ਭੂਤ ਵੜਿਆ...!
ਗੱਲ ਕਰੀਬ 16 ਸਾਲ ਪੁਰਾਣੀ ਹੈ। ਸਰਦੀਆਂ ਦੇ ਦਿਨ ਸਨ। ਮੈਂ ਸ਼ਾਮ ਨੂੰ 8 ਕੁ ਵਜੇ ਡਿਊਟੀ ਤੋਂ ਆਇਆ ਸਾਂ। ਮੇਰੇ ਤਾਇਆ ਜੀ ਦੇ ਘਰ ਕਾਫੀ ਲੋਕ ਇਕੱਠੇ ਹੋਏ ਸਨ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ...
ਗੱਲ ਕਰੀਬ 16 ਸਾਲ ਪੁਰਾਣੀ ਹੈ। ਸਰਦੀਆਂ ਦੇ ਦਿਨ ਸਨ। ਮੈਂ ਸ਼ਾਮ ਨੂੰ 8 ਕੁ ਵਜੇ ਡਿਊਟੀ ਤੋਂ ਆਇਆ ਸਾਂ। ਮੇਰੇ ਤਾਇਆ ਜੀ ਦੇ ਘਰ ਕਾਫੀ ਲੋਕ ਇਕੱਠੇ ਹੋਏ ਸਨ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਤਾਂ ਉਨ੍ਹਾਂ ਦੱਸਿਆ, ‘‘ਰਸੋਈ ਵਿੱਚ ਭੂਤ ਵੜ ਗਿਆ ਤੇ ਗੈਸ ਸਿਲੰਡਰ ’ਚੋਂ ਮੋਬਾਈਲ ਦੀ ਘੰਟੀ ਵੱਜਣ ਦੀ ਆਵਾਜ਼ ਆ ਰਹੀ ਹੈ।’’
ਉਨ੍ਹਾਂ ਰਸੋਈ ਦੇ ਦਰਵਾਜ਼ੇ ਨੂੰ ਬਾਹਰੋਂ ਕੁੰਡੀ ਲਾਈ ਹੋਈ ਸੀ ਤੇ ਕਿਸੇ ਨੂੰ ਵੀ ਰਸੋਈ ਦੇ ਅੰਦਰ ਨਹੀਂ ਸੀ ਜਾਣ ਦਿੱਤਾ ਜਾ ਰਿਹਾ। ਮੈਂ ਜਦੋਂ ਜਾ ਕੇ ਉੱਥੇ ਖੜ੍ਹਿਆ ਤਾਂ ਮੈਨੂੰ ਸਾਰਿਆਂ ਨੇ ਡਰਾਇਆ, ‘‘ਤੂੰ ਰਸੋਈ ਵਿੱਚ ਨਾ ਜਾਵੀਂ।’’ ਮੈਂ ਕੁਝ ਦੇਰ ਦਰਵਾਜ਼ੇ ਅੱਗੇ ਖੜ੍ਹਾ ਰਿਹਾ। ਸਚਮੁੱਚ ਅੰਦਰੋਂ ਮੋਬਾਈਲ ਦੀ ਘੰਟੀ ਦੀ ਆਵਾਜ਼ ਆ ਰਹੀ ਸੀ। ਪਰਿਵਾਰਕ ਮੈਂਬਰਾਂ ਨੂੰ ਪੁੱਛਿਆ, ‘‘ਤੁਹਾਡਾ ਫੋਨ ਅੰਦਰ ਹੋਵੇਗਾ।’’ ਉਨ੍ਹਾਂ ਆਖਿਆ, ‘ਸਾਡੇ ਸਭ ਦੇ ਫੋਨ ਤਾਂ ਸਾਡੇ ਕੋਲ ਹਨ।’’ ਮੈਂ ਵੀ ਸ਼ਸ਼ੋਪੰਜ ਵਿੱਚ ਪੈ ਗਿਆ। ਪਰ ਮੈਂ ਲੰਮੇ ਸਮੇਂ ਤੋਂ ਤਰਕਸ਼ੀਲ ਸੁਸਾਇਟੀ ਨਾਲ ਜੁੜਿਆ ਹੋਣ ਕਾਰਨ ਜਾਣਦਾ ਸੀ ਕਿ ਭੂਤ ਹੁੰਦੇ ਹੀ ਨਹੀਂ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਫੋਨ ਦੀ ਘੰਟੀ ਬੰਦ ਹੋ ਗਈ। ਮੈਂ ਦਰਵਾਜ਼ੇ ਵੱਲ ਵਧਿਆ।
ਦਰਵਾਜ਼ਾ ਖੋਲ੍ਹਿਆ ਤੇ ਰਸੋਈ ਵਿੱਚ ਖੜ੍ਹਾ ਹੋ ਕੇ ਘੰਟੀ ਵੱਜਣ ਦੀ ਉਡੀਕ ਕਰਨ ਲੱਗਿਆ, ਫਿਰ ਕੁਝ ਦੇਰ ਬਾਅਦ ਘੰਟੀ ਵੱਜਣੀ ਸ਼ੁਰੂ ਹੋ ਗਈ। ਸਭ ਨੇ ਸਾਹ ਰੋਕ ਲਏ ਤੇ ਮੈਂ ਅੱਗੇ ਵਧ ਰਿਹਾ ਸੀ ਤੇ ਦੇਖ ਰਿਹਾ ਸੀ ਕਿ ਆਵਾਜ਼ ਕਿੱਥੋਂ ਆ ਰਹੀ ਹੈ। ਸਭ ਡਰੇ ਹੋਏ ਸਨ। ਮੈਂ ਹੌਲੀ ਦੇਣੀ ਸਿਲੰਡਰ ਦੇ ਕੋਲ ਗਿਆ। ਸਿਲੰਡਰ ਦੇ ਜਿੱਥੇ ਪਾਈਪ ਲੱਗਾ ਹੁੰਦਾ ਉੱਥੇ ਉਹਦੇ ਉੱਪਰ ਇੱਕ ਆਲੂਆਂ ਵਾਲਾ ਟੋਕਰਾ ਪਿਆ ਸੀ। ਮੈਂ ਜਦੋਂ ਕੋਲ ਜਾ ਕੇ ਦੇਖਿਆ ਤਾਂ ਆਲੂਆਂ ਵਾਲੇ ਟੋਕਰੇ ’ਚ ਹੇਠਾਂ ਇੱਕ ਛੋਟਾ ਜਿਹਾ ਬਟਨਾਂ ਵਾਲਾ ਫੋਨ ਪਿਆ ਸੀ ਜਿਸ ਦੀ ਘੰਟੀ ਵੱਜ ਰਹੀ ਸੀ। ਆਲੂਆਂ ਵਾਲਾ ਟੋਕਰਾ ਸਿਲੰਡਰ ਦੇ ਉੱਪਰ ਪਿਆ ਸੀ ਇਸ ਲਈ ਇਉਂ ਲੱਗ ਰਿਹਾ ਸੀ ਜਿਵੇਂ ਆਵਾਜ਼ ਸਿਲੰਡਰ ’ਚੋਂ ਆ ਰਹੀ ਹੋਵੇ। ਮੈਂ ਜਦੋਂ ਉਹ ਫੋਨ ਸੁਣਿਆ ਤਾਂ ਅੱਗੋਂ ਤਾਇਆ ਜੀ ਦਾ ਦੋਹਤਾ ਬੋਲ ਰਿਹਾ ਸੀ ਤੇ ਇਹ ਫੋਨ ਉਸ ਦੀ ਮਾਂ ਯਾਨੀ ਸਾਡੇ ਤਾਇਆ ਜੀ ਦੀ ਬੇਟੀ ਦਾ ਸੀ, ਜਿਹੜੀ ਸਵੇਰੇ ਹੀ ਇੱਥੋਂ ਮਿਲ ਕੇ ਗਈ ਸੀ ਤੇ ਆਪਣਾ ਫੋਨ ਇੱਥੇ ਹੀ ਭੁੱਲ ਗਈ ਸੀ, ਪਰ ਉਸ ਨੂੰ ਪਤਾ ਨਹੀਂ ਸੀ ਕਿ ਫੋਨ ਕਿੱਥੇ ਗੁਆਚ ਗਿਆ ਹੈ। ਘਰ ਜਾ ਕੇ ਉਹ ਆਪਣੇ ਫੋਨ ’ਤੇ ਵਾਰ-ਵਾਰ ਘੰਟੀ ਮਾਰ ਰਹੇ ਸਨ ਤਾਂ ਕਿ ਛੇਤੀ ਫੋਨ ਮਿਲ ਜਾਵੇ। ਇਹ ਸਮੱਸਿਆ ਮੇਰੇ ਵਿਗਿਆਨਕ ਸੋਚ ਦੇ ਧਾਰਨੀ ਹੋਣ ਕਾਰਨ ਛੇਤੀ ਹੱਲ ਹੋ ਗਈ।
ਸੰਪਰਕ: 98720-39444

