ਚਰਨਜੀਤ ਸਿੰਘ ਪੱਡਾ (ਡਾ.)
ਮੇਰਾ ਬਾਪ ਆਪਣੇ ਮਾਂ-ਪਿਉ ਦਾ ਇਕਲੌਤਾ ਪੁੱਤਰ ਸੀ। ਨਾ ਕੋਈ ਸਕਾ ਭਰਾ, ਨਾ ਭੈਣ। ਹਾਂ, ਪਿਤਾ ਦੇ ਤਾਏ ਦੇ ਦੋ ਪੁੱਤਰ ਸਨ: ਫੂਲਾ ਸਿੰਘ ਤੇ ਦੂਲਾ ਸਿੰਘ। ਦੋਵੇਂ ਕਿਰਤੀ ਅਤੇ ਅਨਪੜ੍ਹ ਸਨ। ਪ੍ਰੋ. ਪੂਰਨ ਸਿੰਘ ਨੇ ਲਿਖਿਆ ਹੈ ਕਿ ਕਿਰਤੀ ਅਤੇ ਸਾਧ ਦੇ ਗੁਣ ਮਿਲਦੇ-ਜੁਲਦੇ ਹਨ ਪਰ ਮੈਂ ਆਪਣੇ ਇਨ੍ਹਾਂ ਦੋਵੇਂ ਤਾਇਆਂ ਦੇ ਸੁਭਾਅ ਦੇ ਇਸ ਪੱਖ ਤੋਂ ਬੜਾ ਦੁਚਿਤੀ ਵਿਚ ਰਿਹਾ। ਹੋ ਸਕਦਾ, ਅੰਦਰੋਂ ਦੋਵੇਂ ਸਾਧ ਬਿਰਤੀ ਦੇ ਹੀ ਹੋਣ ਪਰ ਵੱਡੇ ਤਾਏ ਫੂਲਾ ਸਿੰਘ ਦੇ ਵਿਆਹ ਤੋਂ ਪਹਿਲਾਂ ਦੀ ਘਟਨਾ ਜੋ ਮੁੰਡੇ (ਫੂਲਾ ਸਿੰਘ) ਦੀ ਦੇਖ-ਦਿਖਾਈ ਨਾਲ ਜੁੜੀ ਹੋਈ ਹੈ, ਬਾਰੇ ਸੋਚ ਕੇ ਮਹਿਸੂਸ ਹੁੰਦਾ ਕਿ ਤਾਇਆ ਏਨਾ ਵੀ ਸਾਧ ਨਹੀਂ ਸੀ ਕਿ ਉਹ ਦੀਨ-ਦੁਨੀਆ ਨੂੰ ਸਮਝਦਾ ਨਾ ਹੋਵੇ।
ਗੱਲ ਇੰਜ ਵਾਪਰੀ ਕਿ ਜਿਸ ਦਿਨ ਤਾਏ ਦੇ ਨਵੇਂ ਬਣਨ ਵਾਲੇ ਸਹੁਰਿਆਂ ਨੇ ਮੁੰਡਾ ਦੇਖਣ ਆਉਣਾ ਸੀ, ਉਸ ਦਿਨ ਤੋਂ ਕੁਝ ਦਿਨ ਪਹਿਲਾਂ ਕੁੜੀ ਵਾਲਿਆਂ ਨੇ ਨਿੱਕੇ ਤਾਏ ਦੂਲਾ ਸਿੰਘ ਬਾਰੇ ਗੱਲ ਕੀਤੀ ਕਿ ਜੇ ਅਸੀਂ ਰਿਸ਼ਤਾ ਕਰਨਾ ਹੋਇਆ ਤਾਂ ਦੂਲਾ ਸਿੰਘ ਨੂੰ ਕਰਾਂਗੇ, ਭਾਵ ਵੱਡਾ ਫੂਲਾ ਸਿੰਘ ਸਾਨੂੰ ਪਸੰਦ ਨਹੀਂ। ਇਸ ਗੱਲ ਦਾ ਸ਼ਾਇਦ ਫੂਲਾ ਸਿੰਘ ਨੂੰ ਭਾਈਚਾਰੇ ਦੇ ਕਿਸੇ ਪਤਵੰਤੇ ਸੱਜਣ ਤੋਂ ਪਤਾ ਲੱਗ ਚੁੱਕਿਆ ਸੀ। ਜਿਸ ਦਿਨ ਕੁੜੀ ਵਾਲਿਆਂ ਨਿੱਕੇ ਤਾਏ ਦੂਲਾ ਸਿੰਘ ਦੇ ਹੱਥ ਰੁਪਇਆ ਤੇ ਗੁੜ ਦੀ ਰੋੜੀ ਰੱਖਣ ਆਉਣਾ ਸੀ, ਉਸ ਦਿਨ ਦੋਵੇਂ ਪਿੰਡ ਤੋਂ ਦਸ ਕੁ ਖੇਤ ਦੂਰ ਪਸ਼ੂਆਂ ਦੇ ਚਾਰੇ ਲਈ ਚਰ੍ਹੀ ਲੈਣ ਗਏ। ਇਕ ਭਰੀ ਵੱਢੀ ਗਈ ਤਾਂ ਵੱਡਾ ਤਾਇਆ ਨਿੱਕੇ ਕੋਲੋਂ ਚੁਕਵਾ ਕੇ ਆਪ ਪਿੰਡ ਨੂੰ ਤੁਰ ਪਿਆ ਅਤੇ ਨਿੱਕੇ ਤਾਏ ਨੂੰ ਹਦਾਇਤ ਕਰ ਆਇਆ ਕਿ ਜਦੋਂ ਤੇਰੀ ਭਰੀ ਵੱਢੀ ਜਾਵੇਗੀ ਤਾਂ ਕਿਸੇ ਕੋਲੋਂ ਮਦਦ ਲੈ ਕੇ ਚੁੱਕ ਲਿਆਈਂ। ਵੱਡਾ ਤਾਇਆ ਘਰ ਪਹੁੰਚਿਆ ਸੀ ਕਿ ਪੰਦਰਾਂ-ਵੀਹ ਮਿੰਟ ਤਕ ਕੁੜੀ ਵਾਲਿਆਂ ਵੱਲੋਂ ਚਾਰ ਕੁ ਬੰਦੇ ਆਣ ਪਹੁੰਚੇ। ਭਾਈਚਾਰੇ ਦੇ ਵੀ ਚਾਰ ਬੰਦੇ ਆ ਗਏ। ਤਾਏ ਫੂਲਾ ਸਿੰਘ ਨੇ ਖੂਹੀ ਵਿਚੋਂ ਪਾਣੀ ਦਾ ਡੋਲ ਕਾਹਲੀ ਨਾਲ ਕੱਢਿਆ ਅਤੇ ਮੂੰਹ-ਹੱਥ ਧੋ ਕੇ ਕੁੜੀ ਵਾਲਿਆਂ ਦੇ ਸਾਹਮਣੇ ਗਲ ਵਿਚ ਪਰਨਾ ਪਾ ਕੇ ਬੈਠ ਗਿਆ। ਕੁੜੀ ਵਾਲਿਆਂ ਨੇ ਆਪਸ ਵਿਚ ਘੁਸਰ-ਮੁਸਰ ਕੀਤੀ ਤੇ ਕਹਿਣ ਲੱਗੇ- ਗੱਲ ਤਾਂ ਸਾਡੇ ਨਾਲ ਨਿੱਕੇ ਦੂਲਾ ਸਿੰਘ ਬਾਰੇ ਹੋਈ ਸੀ।
ਭਾਈਚਾਰੇ ਵਿਚੋਂ ਬਾਬਾ ਠਾਕਰ ਸਿੰਘ ਕਹਿਣਾ ਲੱਗਾ, “ਕੋਈ ਨਾ ਜੀ ਇਹ ਦੋਵੇਂ ਸਕੇ ਭਰਾ ਨੇ, ਕੋਈ ਫ਼ਰਕ ਨਹੀਂ ਪੈਂਦਾ। ਜੇ ਹੁਣ ਤੁਸੀਂ ਸ਼ਗਨ ਮੁੰਡੇ ਦੇ ਹੱਥ ਨਹੀਂ ਰੱਖਦੇ ਤਾਂ ਬਦਸ਼ਗਨੀ ਹੁੰਦੀ ਏ।” ਉਨ੍ਹਾਂ ਵਿਚੋਂ ਵੀ ਇਕ ਬੰਦਾ ਕਹਿਣ ਲੱਗਿਆ, “ਚਲੋ ਜੀ ਕੋਈ ਗੱਲ ਨਹੀਂ, ਦੋਵੇਂ ਸਕੇ ਭਰਾ ਨੇ। ਨਾਲੇ ਬਾਬਾ ਜੀ ਦੀ ਗੱਲ ਮੰਨ ਲੈਣੀ ਚਾਹੀਦੀ ਹੈ।” ਵਿਆਹ ਬਾਅਦ ਪਤਾ ਲੱਗਿਆ ਕਿ ਵੱਡੇ ਤਾਏ ਫੂਲਾ ਸਿੰਘ ਨੇ ਆਪਣੇ ਭਾਈਚਾਰੇ ਦੇ ਚਾਰੇ ਬੰਦਿਆਂ ਨਾਲ ਸਾਰੀ ਗੱਲ ਗਿਣੀ-ਮਿਥੀ ਹੋਈ ਸੀ। ਫੇਰ ਨਿੱਕਾ ਤਾਇਆ ਸਾਰੀ ਉਮਰ ਸਾਧ (ਛੜਾ) ਹੀ ਰਿਹਾ। ਕਦੇ ਕਦੇ ਤਾਈ ਕਿਹਾ ਕਰੇ, “ਦੂਲਾ ਸਿਆਂ, ਮੈਂ ਮੰਗ ਤਾਂ ਤੇਰੀ ਸਾਂ, ਪਰ ਹੋਇਆ ਉਹ ਜੋ ਰੱਬ ਨੂੰ ਮਨਜ਼ੂਰ ਸੀ।” ਤਾਏ ਫੂਲਾ ਸਿੰਘ ਨੇ ਘਰ ਦੇ ਚੰਗੇ ਜੀਵਨ ਨਿਰਬਾਹ ਲਈ ਸਾਰੀ ਉਮਰ ਬਹੁਤ ਮਿਹਨਤ ਕੀਤੀ, ਉਸ ਨੂੰ ਘਰ ਵਿਚ ਮਾਣ-ਸਤਿਕਾਰ ਵੀ ਬਹੁਤ ਮਿਲਦਾ ਰਿਹਾ।
ਅਸਲ ਵਿਚ ਨਿੱਕਾ ਤਾਇਆ ਗੱਲਬਾਤ ਪੱਖੋਂ ਬੜਾ ਚੁਸਤ ਅਤੇ ਸਿਆਣਾ ਲਗਦਾ ਸੀ ਪਰ ਉਸ ਅੰਦਰ ਬਹੁਤ ਜ਼ਿਆਦਾ ਭੋਲਾਪਨ ਸੀ। ਇਸ ਪੱਖ ਤੋਂ ਉਸ ਦੀ ਪਰਖ ਕਿਸੇ ਨਾ ਕਿਸੇ ਗੱਲ ’ਚੋਂ ਹੋ ਜਾਂਦੀ ਸੀ। ਸਿਆਣੇ ਅਕਸਰ ਕਹਿੰਦੇ ਨੇ ਕਿ ਭੋਲਾ ਬੰਦਾ ਕਈ ਵਾਰ ਜੀਵਨ ਦੇ ਕਿਸੇ ਖ਼ਤਰਨਾਕ ਮੋੜ ’ਤੇ ਵੱਡਾ ਖ਼ਤਰਾ ਭੋਲੇ ਭਾਅ ਹੀ ਮੁੱਲ ਲੈ ਲੈਂਦਾ ਹੈ, ਬਿਲਕੁਲ ਇਹੀ ਗੱਲ ਨਿੱਕੇ ਤਾਏ ਉਪਰ ਢੁਕਦੀ ਸੀ। 1947 ਦੇ ਸਾਉਣ-ਭਾਦੋਂ ਦੇ ਦਿਨ ਸਨ। ਹਿੰਦੋਸਤਾਨ ਦੋ ਹਿੱਸਿਆਂ ਵਿਚ ਵੰਡਿਆ ਗਿਆ ਅਤੇ ਨਵਾਂ ਮੁਲਕ ਪਾਕਿਸਤਾਨ ਬਣ ਗਿਆ। ਸਦੀਆਂ ਦਾ ਭਾਈਚਾਰਾ ਟੁੱਟ ਗਿਆ। ਮੁਸਲਮਾਨ ਰੋਂਦੇ ਕੁਰਲਾਉਂਦੇ ਪਾਕਿਸਤਾਨ ਜਾ ਰਹੇ ਸਨ ਅਤੇ ਉਧਰੋਂ ਹਿੰਦੂ-ਸਿੱਖ ਇਧਰ ਆ ਰਹੇ ਸਨ।
ਗੱਲ ਇਸ ਤਰ੍ਹਾਂ ਵਾਪਰੀ ਕਿ ਸਾਡੇ ਪਿੰਡ ਦੇ ਕੁਝ ਬੰਦਿਆਂ ਨੇ ਲਾਗਲੇ ਪਿੰਡਾਂ ਦੀਆਂ ਕੁਝ ਮੁਸਲਮਾਨ ਔਰਤਾਂ ਉਧਾਲ ਲਿਆਂਦੀਆਂ। ਇਸ ਗੱਲ ਦਾ ਪਤਾ ਸਾਡੇ ਪਿੰਡ ਦੇ ਮੁਸਲਮਾਨ ਖੋਜੇ ਪਰਿਵਾਰਾਂ ਨੂੰ ਲੱਗ ਚੁੱਕਾ ਸੀ। ਖੋਜੇ ਮੁਸਲਮਾਨਾਂ ਦੀਆਂ ਪਿੰਡ ਵਿਚ ਵੱਡੀਆਂ ਦੁਕਾਨਾਂ ਸਨ। ਇਹ ਸਲੀਕੇ ਵਾਲੇ ਸਾਊ ਲੋਕ ਵੱਡੇ ਕਾਰੋਬਾਰੀ ਸਨ। ਜਦੋਂ ਬਲੋਚ ਮਿਲਟਰੀ ਇਨ੍ਹਾਂ ਪਰਿਵਾਰਾਂ ਨੂੰ ਪਾਕਿਸਤਾਨ ਲਿਜਾਣ ਲਈ ਸਾਡੇ ਪਿੰਡ ਆਈ ਤਾਂ ਇਨ੍ਹਾਂ ਨੇ ਮੁਸਲਮਾਨ ਔਰਤਾਂ ਉਧਾਲਣ ਵਾਲੀ ਗੱਲ ਮਿਲਟਰੀ ਅਫਸਰਾਂ ਨੂੰ ਦੱਸੀ। ਪਿੰਡ ਦੇ ਸ਼ੱਕੀ ਮੋਹਤਬਰਾਂ ਦੇ ਨਾਮ ਬਲੋਚ ਮਿਲਟਰੀ ਅਫਸਰਾਂ ਨੇ ਨੋਟ ਕਰ ਲਏ, ਫਿਰ ਬੜੀ ਚਤੁਰਾਈ ਨਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਅਤੇ ਪਿੰਡੋਂ ਸੱਤ ਕਿਲੋਮੀਟਰ ਦੂਰ ਉਜਾੜ ਵਿਚ ਲਿਜਾ ਕੇ ਗੋਲੀਆਂ ਮਾਰ ਦਿੱਤੀਆਂ। ਇਕ ਬੰਦਾ ਮੁਬਾਰਕ ਸਿੰਘ ਇਨ੍ਹਾਂ ਵਿਚੋਂ ਬਚ ਗਿਆ ਜਿਸ ਨੇ ਬਾਅਦ ਵਿਚ ਬਲੋਚ ਮਿਲਟਰੀ ਦੇ ਬੰਦਿਆਂ ਬਾਰੇ ਬਹੁਤ ਬਾਰੀਕ ਗੱਲਾਂ ਦੱਸੀਆਂ ਸਨ।
ਪਿੰਡ ਦੇ ਛੇ ਬੰਦੇ ਮਾਰਨ ਨਾਲ ਵੀ ਬਲੋਚ ਮਿਲਟਰੀ ਦੀ ਸੰਤੁਸ਼ਟੀ ਨਹੀਂ ਸੀ ਹੋਈ। ਉਨ੍ਹਾਂ ਪਿੰਡ ਨੂੰ ਘੇਰਾ ਪਾ ਲਿਆ। ਪਿੰਡ ਥੇਹ ਤੇ ਸੀ, ਇਸ ਕਰ ਕੇ ਬਰਸਾਤੀ ਪਾਣੀ ਤੋਂ ਬਚਿਆ ਰਹਿੰਦਾ ਸੀ। ਪਿੰਡ ਦੇ ਤਿੰਨ ਪਾਸੇ ਵੱਡੇ ਛੱਪੜ ਸਨ। ਬਰਸਾਤ ਏਨੀ ਕੁ ਹੋ ਰਹੀ ਸੀ ਕਿ ਪਾਣੀ ਛੱਪੜਾਂ ਦੇ ਉਪਰ ਦੀ ਵਗਣਾ ਸ਼ੁਰੂ ਹੋ ਗਿਆ। ਤਿੰਨੇ ਛੱਪੜਾਂ ਦਾ ਪਾਣੀ ਆਪਸ ਵਿਚ ਮਿਲ ਗਿਆ। ਬਲੋਚ ਮਿਲਟਰੀ ਦਾ ਪਿੰਡ ਵਿਚ ਦਾਖ਼ਲ ਹੋਣਾ ਔਖਾ ਹੋ ਰਿਹਾ ਸੀ। ਪਿੰਡ ਦੇ ਇਕ ਮੁਸਲਮਾਨ ਨੇ ਪਿੰਡ ਤੋਂ ਬਾਹਰ ਉੱਚੇ ਥਾਂ ਬੈਠੇ ਮਿਲਟਰੀ ਦੇ ਜਵਾਨਾਂ ਨੂੰ ਇਸ਼ਾਰਾ ਕੀਤਾ ਕਿ ਜ਼ਰਾ ਇਧਰ ਦੀ ਹੋ ਕੇ ਚੌਥੀ ਬਾਹੀ ਰਾਹੀਂ ਪਿੰਡ ਵਿਚ ਦਾਖ਼ਲ ਹੋ ਜਾਓ। ਬਲੋਚ ਮਿਲਟਰੀ ਨੇ ਸੋਚਿਆ, ਇਹ ਬੰਦਾ ਉਨ੍ਹਾਂ ਨੂੰ ਫਿਟਕਾਰਾਂ ਪਾ ਰਿਹਾ। ਉਨ੍ਹਾਂ ਗੋਲੀ ਮਾਰੀ ਤੇ ਉਹ ਮਾਰਿਆ ਗਿਆ। ਇਸ ਤੋਂ ਬਿਨਾ ਬਲੋਚ ਮਿਲਟਰੀ ਨੇ ਪਿੰਡ ਨਾਲ ਲਗਦੇ ਕਮਾਦਾਂ ਵਿਚ ਲੁਕੇ ਅਠਾਈ ਤੀਹ ਮਾਸੂਮ ਲੋਕ ਮਾਰ ਦਿੱਤੇ ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ।
ਮੇਰੇ ਦੋਵੇਂ ਤਾਏ ਘਰ ਦੀ ਕੋਠੜੀ ਵਿਚ ਹਨੇਰੇ ਦੀ ਬੁੱਕਲ ਵਿਚ ਲੁਕੇ ਹੋਏ ਸਨ। ਤਾਈ ਨੂੰ ਮੇਰੀ ਦਾਦੀ ਇਕ ਦਿਨ ਪਹਿਲਾਂ ਹੀ ਲਾਗਲੇ ਪਿੰਡ ਲੱਧੇ ਮੁੰਡੇ ਕਿਸੇ ਰਿਸ਼ਤੇਦਾਰ ਕੋਲ ਲੈ ਗਈ। ਅਸਲ ਵਿਚ, ਜਿਸ ਦਿਨ ਮੁਸਲਮਾਨ ਔਰਤਾਂ ਨੂੰ ਉਧਾਲਿਆ ਗਿਆ ਸੀ, ਦਾਦੀ ਉਸੇ ਦਿਨ ਸਮਝ ਗਈ ਸੀ ਕਿ ਪਿੰਡ ਤੇ ਇਹ ਸਭ ਕੁਝ ਭਾਰੀ ਪਵੇਗਾ। ਵੱਡਾ ਤਾਇਆ ਫਿ਼ਕਰ ਵਿਚ ਨਿੱਕੇ ਤਾਏ ਦੂਲਾ ਸਿੰਘ ਨੂੰ ਕਹਿਣ ਲੱਗਾ, “ਮੱਝਾਂ ਲਵੇਰੀਆਂ ਅਤੇ ਉੱਚੇ ਮੁੱਲ ਦੀਆਂ ਨੇ। ਗਲੀ ਵਿਚੋਂ ਹੀ ਬਲੋਚ ਮਿਲਟਰੀ ਦੀਆਂ ਗੋਲੀਆਂ ਟੀਂ ਟੀਂ ਕਰਦੀਆਂ ਲੰਘ ਰਹੀਆਂ ਨੇ। ਯਾਰ ਹਵੇਲੀ ਵਿਚ ਬੱਝੀਆਂ ਮੱਝਾਂ ਨੂੰ ਗੋਲੀ ਨਾ ਵੱਜ ਜਾਵੇ। ਜੇ ਕੋਈ ਮੱਝ ਮਰ ਗਈ ਤਾਂ ਘਰ ਥੱਲੇ ਲੱਗ ਜੂ।” ਦੂਲਾ ਸਿੰਘ ਇਕੋ ਝਟਕੇ ਨਾਲ ਉੱਠ ਖਲੋਤਾ, ਜਿਵੇਂ ਕਿਸੇ ਬਾਤ ਵਿਚਲਾ ਜੋਸ਼ੀਲਾ ਅੰਸ਼ ਸੁਣ ਲਿਆ ਹੋਵੇ। ਵੱਡੇ ਤਾਏ ਫੂਲਾ ਸਿੰਘ ਨੂੰ ਕਹਿੰਦਾ, “ਮੈਂ ਮੱਝਾਂ ਖੋਲ੍ਹ ਕੇ ਹਵੇਲੀ ਵਿਚੋਂ ਘਰ ਲੈ ਆਉਨਾ।” ਫੂਲਾ ਸਿੰਘ ਇਕਦਮ ਚੇਤੰਨ ਹੋ ਕੇ ਕਹਿਣ ਲੱਗਾ, “ਨਹੀਂ ਓਏ, ਜੇ ਤੈਨੂੰ ਗੋਲੀ ਲੱਗ ਗਈ? ਮੈਂ ਨਹੀਂ ਜਾਣ ਦੇਣਾ ਵਰ੍ਹਦੀਆਂ ਗੋਲੀਆਂ ਚ।” ਦੂਲਾ ਸਿੰਘ ਨੇ ਪਹਿਲਾਂ ਤਾਂ ਛਾਤੀ ਵਿਚ ਜਿੰਨੀ ਹਵਾ ਭਰ ਸਕਦਾ ਸੀ, ਭਰ ਲਈ; ਫਿਰ ਹਵਾ ਛੱਡਦਾ ਬੋਲਿਆ, “ਫੂਲਾ ਸਿਆਂ, ਅਹੁ ਚੂਹੇ-ਦੰਦੀ ਨਵਾਂ ਖੇਸ ਫੜਾ ਜ਼ਰਾ, ਇਹਦੀ ਘੁੱਟ ਕੇ ਬੁੱਕਲ ਵੱਜੀ ਹੋਵੇ ਤਾਂ ਪੱਕੀ ਗੋਲੀ ਵੀ ਕੁਝ ਨਹੀਂ ਕਹਿੰਦੀ।” ਤੇ ਅਗਲੇ ਪਲ ਨਿੱਕਾ ਤਾਇਆ ਖੇਸ ਦੀ ਬੁੱਕਲ ਮਾਰ ਕੇ ਹਵੇਲੀ ਵਿਚੋਂ ਮੱਝਾਂ ਖੋਲ੍ਹ ਲਿਆਇਆ!
ਸੰਪਰਕ: 98722-29431