ਸਬੱਬੀ ਮੇਲ, ਅਚਾਨਕ ਵਿਛੋੜਾ
ਕਈ ਵਾਰ ਮੋਟਰਸਾਈਕਲ ਦੀ ਬਰੇਕ ਮਾਰਦਾ ਮਾਰਦਾ ਰੁਕ ਜਾਂਦਾ। ਰੁਕਣ ਲਗਦਾ ਤਾਂ ਮਨ ਬਦਲ ਜਾਂਦਾ। ਹੌਲੀ ਹੋਇਆ ਮੋਟਰਸਾਈਕਲ ਫਿਰ ਤੇਜ਼ ਕਰ ਲੈਂਦਾ। ਮਨ ਵਿੱਚ ਖਿਆਲ ਆਉਂਦਾ ਕਿ ਬਲਦੇਵ ਦੇ ਟੱਬਰ ਦਾ ਹਾਲ-ਚਾਲ ਹੀ ਪੁੱਛ ਲਵਾਂ। ਹਰ ਵਾਰ ਬਰੇਕ ਮਾਰਦਾ-ਮਾਰਦਾ ਫਿਰ...
ਕਈ ਵਾਰ ਮੋਟਰਸਾਈਕਲ ਦੀ ਬਰੇਕ ਮਾਰਦਾ ਮਾਰਦਾ ਰੁਕ ਜਾਂਦਾ। ਰੁਕਣ ਲਗਦਾ ਤਾਂ ਮਨ ਬਦਲ ਜਾਂਦਾ। ਹੌਲੀ ਹੋਇਆ ਮੋਟਰਸਾਈਕਲ ਫਿਰ ਤੇਜ਼ ਕਰ ਲੈਂਦਾ। ਮਨ ਵਿੱਚ ਖਿਆਲ ਆਉਂਦਾ ਕਿ ਬਲਦੇਵ ਦੇ ਟੱਬਰ ਦਾ ਹਾਲ-ਚਾਲ ਹੀ ਪੁੱਛ ਲਵਾਂ। ਹਰ ਵਾਰ ਬਰੇਕ ਮਾਰਦਾ-ਮਾਰਦਾ ਫਿਰ ਤੁਰ ਪੈਂਦਾ। ਇਹ ਸਿਲਸਿਲਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀ।
ਮੇਰੀ ਬਲਦੇਵ ਨਾਲ ਕੋਈ ਲੰਮੀ ਮਿੱਤਰਤਾ ਨਹੀਂ ਸੀ। ਪੱਚੀ-ਛੱਬੀ ਵਰ੍ਹੇ ਪਹਿਲਾਂ ਵੋਟਾਂ ਦੀ ਡਿਊਟੀ ਲਈ ਸਿਖਲਾਈ ਪ੍ਰਕਿਰਿਆ ਵੇਲੇ ਮੁਲਾਕਤ ਹੋਈ ਸੀ। ਜ਼ਰੂਰੀ ਨਹੀਂ ਰੋਜ਼ਾਨਾ ਮਿਲਣ ਵਾਲੇ ਹੀ ਤੁਹਾਡੇ ਦਿਲ ਦੇ ਨੇੜੇ ਹੋਣ। ਕਈ ਵਾਰ ਮਿਲਣ ਵਾਲਾ ਪਹਿਲੀ ਵਾਰ ਵਿੱਚ ਹੀ ਮਨ ’ਤੇ ਚਿਰਸਥਾਈ ਪ੍ਰਭਾਵ ਛੱਡ ਜਾਂਦਾ ਹੈ। ਬਲਦੇਵ ਦੀ ਸ਼ਖ਼ਸੀਅਤ ਵੀ ਇਹੋ-ਜਿਹੀ ਹੀ ਸੀ। ਪਹਿਲੀ ਮੁਲਾਕਾਤ ਪਹਿਲੀ ਸਿਖਲਾਈ ਵਾਲੇ ਦਿਨ ਹੋਈ ਸੀ ਜੋ ਉਦੋਂ ਰਸਮੀ ਹੈਲੋ-ਹਾਏ ਤੇ ਫੋਨ ਨੰਬਰ ਦੇ ਵਟਾਂਦਰੇ ਤੱਕ ਸੀਮਤ ਰਹੀ। ਚੋਣਾਂ ਤੋਂ ਇੱਕ ਦਿਨ ਪਹਿਲਾਂ ਸਮੱਗਰੀ ਲੈਣ ਵਾਲੇ ਦਿਨ ਕਾਫੀ ਸਮਾਂ ਇਕੱਠਿਆਂ ਬਿਤਾਇਆ। ਟਰੱਕ ਹਾਲੇ ਪਾਰਟੀਆਂ ਪੂਰੀਆਂ ਕਰ ਕੇ ਤੁਰਨਾ ਸੀ। ਚਾਰ ਜਣਿਆਂ ਦੀ ਪਾਰਟੀ ਵਿੱਚ ਦੋ ਬੀਬੀਆਂ ਸਨ। ਪ੍ਰੀਜ਼ਾਈਡਿੰਗ ਅਫ਼ਸਰ ਹੋਣ ਨਾਤੇ ਮੈਂ ਦੋਵੇਂ ਬੀਬੀਆਂ ਨੂੰ ਸਵੇਰੇ ਪੋਲਿੰਗ ਬੂਥ ’ਤੇ ਸਮੇਂ ਸਿਰ ਪਹੁੰਚਣ ਲਈ ਕਹਿ ਕੇ ਘਰ ਤੋਰ ਦਿੱਤਾ ਸੀ। ਫਿਰ ਕਿੰਨਾ ਹੀ ਚਿਰ ਮੇਰੇ ਤੇ ਬਲਦੇਵ ਵਿਚਾਲੇ ਗੱਲਾਂ ਚੱਲਦੀਆਂ ਰਹੀਆਂ। ਇੰਜ ਲੱਗ ਰਿਹਾ ਸੀ ਜਿਵੇਂ ਬਲਦੇਵ ਮੇਰਾ ਕੋਈ ਪੁਰਾਣਾ ਮਿੱਤਰ ਹੋਵੇ। ਉਸ ਨੇ ਦੱਸਿਆ ਕਿ ਮੁੱਖ ਸੜਕ ’ਤੇ ਪਾਈਆਂ ਦੁਕਾਨਾਂ ਵਿੱਚ ਉਸ ਦੇ ਬਾਪੂ ਦਾ ਚੰਗਾ ਕਾਰੋਬਾਰ ਸੀ। ਨੌਕਰੀ ਲੱਗਣ ਤੋਂ ਪਹਿਲਾਂ ਉਹ ਬਾਪੂ ਦਾ ਪੂਰਾ ਹੱਥ ਵਟਾਉਂਦਾ ਰਿਹਾ ਸੀ।
‘‘ਵੀਰ ਜੀ, ਮੈਨੂੰ ਰਾਤ ਨੂੰ ਘਰ ਗੇੜਾ ਮਾਰਨਾ ਪੈਣਾ, ਜੁਆਕ ਛੋਟੇ ਹਨ। ਬੇਬੇ ਦੀ ਸਿਹਤ ਨਾਸਾਜ਼ ਰਹਿੰਦੀ ਹੈ। ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸੁਵਖ਼ਤੇ ਹੀ ਮੁੜ ਆਵਾਂਗਾ।’’ ਉਸ ਨੇ ਅਧੀਨਗੀ ਜਿਹੀ ਨਾਲ ਮੈਨੂੰ ਪੁੱਛਿਆ ਸੀ। ‘‘ਕੋਈ ਗੱਲ ਨ੍ਹੀਂ, ਕਾਫੀ ਕੰਮ ਤਾਂ ਮੈਂ ਰਾਤ ਨੂੰ ਹੀ ਨਿਬੇੜ ਕੇ ਸੌਵਾਂਗਾ। ਸਵੇਰੇ ਪੋਲਿੰਗ ਪ੍ਰਕਿਰਿਆ ਦੀ ਤਿਆਰੀ ਸ਼ੁਰੂ ਕਰਨ ਤੋਂ ਪਹਿਲਾਂ ਪਹੁੰਚ ਜਾਇਓ।’’ ਮੈਂ ਉਸ ਦੇ ਹਾਲਾਤ ਨੂੰ ਦੇਖਦਿਆਂ ਨਾਂਹ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਿਆ। ਪਿੰਡ ਦੀ ਵਾਟ ਵੀ ਜ਼ਿਆਦਾ ਨਹੀਂ ਸੀ। ਉਸ ਨੇ ਧੰਨਵਾਦ ਕਹਿੰਦਿਆਂ ਮੋਟਰਸਾਈਕਲ ਦੀ ਕਿੱਕ ਮਾਰ ਲਈ ਸੀ। ਜਿਸ ਪਿੰਡ ਵਿੱਚ ਸਾਡੀ ਡਿਊਟੀ ਲੱਗੀ ਸੀ ਉੱਥੇ ਦੋ ਬੂਥ ਸਨ। ਇੱਕੋ ਇਮਾਰਤ ਵਿੱਚ ਦੋ ਪੋਲਿੰਗ ਪਾਰਟੀਆਂ ਸਨ।
ਵੋਟਾਂ ਵਾਲੇ ਦਿਨ ਤੋਂ ਪਿਛਲੀ ਰਾਤ ਨੀਂਦ ਵੀ ਕਿੱਥੇ ਆਉਂਦੀ ਹੈ। ਇੱਕ ਤਾਂ ਓਪਰੀ ਥਾਂ, ਦੂਜਾ ਅਗਲੇ ਦਿਨ ਦਾ ਫ਼ਿਕਰ ਦਿਮਾਗ ਵਿੱਚ ਘੁੰਮਦਾ ਰਹਿੰਦਾ ਹੈ ਕਿ ਕਿਤੇ ਕੋਈ ਪੰਗਾ ਈ ਨਾ ਖੜ੍ਹਾ ਹੋ ਜਾਵੇ। ਇਹੋ ਅਰਦਾਸ ਕਰਦੇ ਰਹਿੰਦੇ ਹਾਂ ਕਿ ਸੁੱਖ ਸ਼ਾਂਤੀ ਨਾਲ ਕੰਮ ਨਿੱਬੜ ਜਾਵੇ। ਰਾਤ ਦੇ ਖਾਣੇ ਤੋਂ ਬਾਅਦ ਸਵੇਰ ਦਾ ਕੰਮ ਸੁਖਾਲਾ ਕਰਨ ਲਈ ਕਾਗਜ਼ੀ ਕਾਰਵਾਈ ਵਿੱਚ ਜੁਟ ਗਿਆ। ਥੋੜ੍ਹੀ ਦੇਰ ਬਾਅਦ ਲਾਈਟ ਚਲੀ ਗਈ। ਗਰਮੀ ਵੀ ਆਪਣਾ ਰੰਗ ਦਿਖਾ ਰਹੀ ਸੀ। ਮੈਂ ਹਾਲੇ ਖਾਕੀ ਥੈਲੇ ਵਿੱਚੋਂ ਸਾਮਾਨ ਨਾਲ ਮਿਲੀ ਮੋਮਬੱਤੀ ਕੱਢ ਕੇ ਜਗਾਉਣ ਹੀ ਲੱਗਿਆ ਸੀ ਕਿ ਬਿਜਲੀ ਨੇ ਦਸਤਕ ਦੇ ਦਿੱਤੀ ਸੀ। ਸਵੇਰ ਦੀ ਤਿਆਰੀ ਕਰਕੇ ਮੈਂ ਮੰਜੇ ਵੱਲ੍ਹ ਹੋਇਆ ਤਾਂ ਤੇਜ਼ ਚੱਲਦੇ ਕੂਲਰ ਦੇ ਮੂਹਰੇ ਵਾਲਾ ਮੰਜਾ ਮੇਰੇ ਲਈ ਖਾਲੀ ਰੱਖਿਆ ਹੋਇਆ ਸੀ। ਇੱਕ ਪਾਸੇ ਕੂਲਰ ਦੀ ਪਾਣੀ ਦੇ ਝਰਨੇ ਵਰਗੀ ਸ਼ੂਕਦੀ ਆਵਾਜ਼ ਤੇ ਹਨੇਰੀ ਵਰਗੀ ਹਵਾ, ਦੂਜੇ ਪਾਸੇ ਪੁਲੀਸ ਵਾਲੇ ਦੇ ਘੁਰਾੜੇ। ਜਾਗੋ-ਮੀਟੀ ਵਿੱਚ ਪਾਸੇ ਮਾਰਦਿਆਂ ਗੁਰੂੁ ਘਰ ਦੇ ਸਪੀਕਰ ਦੀ ਆਵਾਜ਼ ਸੁਣਾਈ ਦੇਣ ਲੱਗ ਪਈ ਸੀ। ਮੈਂ ਨਹਾਉਣ ਲਈ ਮੋਟਰ ਚਲਾ ਲਈ।
ਹਾਲੇ ਪਹੁ-ਫੁਟਾਲਾ ਹੀ ਸੀ ਕਿ ਬਲਦੇਵ ਪਹੁੰਚ ਗਿਆ। ਉਹ ਮੇਰੇ ਲਈ ਘਰੋਂ ਦੋ ਪਰੌਂਠੇ ਲੈ ਕੇ ਆਇਆ ਸੀ। ਨਾਲ ਚਾਹ ਵਾਲੀ ਥਰਮਸ ਵੀ ਸੀ। ਪੋਲਿੰਗ ਏਜੰਟਾਂ ਨੂੰ ਸਮੁੱਚੀ ਪ੍ਰਕਿਰਿਆ ਅਤੇ ਭਰੋਸੇਯੋਗਤਾ ਬਾਰੇ ਵਿਸ਼ਵਾਸ ਦਿਵਾਉਣ ਮਗਰੋਂ ਪੋਲਿੰਗ ਸ਼ੁਰੂ ਹੋਈ। ਸਾਰਾ ਦਿਨ ਸਿਰ ਖੁਰਕਣ ਦੀ ਵਿਹਲ ਨਾ ਮਿਲੀ, ਸਿਵਾਏ ਦੁਪਹਿਰ ਦੀ ਰੋਟੀ ਲਈ ਛੋਟੀ ਜਿਹੀ ਬਰੇਕ ਦੇ। ਭੀੜ-ਭੜੱਕੇ ਵਾਲੀ ਲਾਈਨ ਵਿੱਚ ਖੜ੍ਹ ਕੇ ਡੱਬਾ ਅਤੇ ਹੋਰ ਸਮੱਗਰੀ ਜਮ੍ਹਾਂ ਕਰਵਾਉਣ ਮਗਰੋਂ ਤੜਕਸਾਰ ਵਿਹਲੇ ਹੋਏ ਸਾਂ। ਇਸ ਦੌਰਾਨ ਬਲਦੇਵ ਨਾਲ ਕੋਈ ਖ਼ਾਸ ਗੱਲ ਨਾ ਹੋ ਸਕੀ। ਅਖੀਰ ਫਿਰ ਮਿਲਣ ਦਾ ਵਾਅਦਾ ਕਰਕੇ ਇੱਕ-ਦੂਜੇ ਤੋਂ ਵਿਦਾ ਲਈ ਤੇ ਆਪੋ ਆਪਣੇ ਰਾਹ ਪੈ ਗਏ। ਕੁੱਝ ਮਹੀਨਿਆਂ ਬਾਅਦ ਅਚਾਨਕ ਉਸ ਦੇ ਦੇਹਾਂਤ ਦੀ ਖ਼ਬਰ ਮਿਲੀ ਸੀ।
ਅੱਜ ਹਿੰਮਤ ਕਰਕੇ ਰੁਕਣ ਦਾ ਮਨ ਬਣਾ ਹੀ ਲਿਆ ਸੀ। ਦੁਕਾਨ ’ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਬਲਦੇਵ ਦੇ ਦੋਵੇਂ ਮੁੰਡੇ ਦਾਦਾ-ਦਾਦੀ ਦੀ ਮੌਤ ਤੋਂ ਬਾਅਦ ਵਿਦੇਸ਼ ਚਲੇ ਗਏ ਹਨ। ਆਪਣੀ ਮਾਂ ਨੂੰ ਵੀ ਉੱਥੇ ਬੁਲਾ ਲਿਆ ਹੈ। ਦੁਕਾਨ ਹੁਣ ਪਰਵਾਸੀਆਂ ਦੇ ਹਵਾਲੇ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਭਰਾ ਸਿਆਲ ’ਚ ਆਉਣਗੇ ਤੇ ਦੁਕਾਨ ਸਮੇਤ ਪੁਸ਼ਤੈਨੀ ਜਾਇਦਾਦ ਵੇਚ ਕੇ ਚਲੇ ਜਾਣਗੇ। ਮੈਂ ਉਨ੍ਹੀਂ ਪੈਰੀਂ ਮੁੜ ਆਇਆ। ਰੇਸ ਦੇਣ ਦੇ ਬਾਵਜੂਦ ਮੈਨੂੰ ਮੋਟਰਸਾਈਕਲ ਭਾਰਾ-ਭਾਰਾ ਮਹਿਸੂਸ ਹੋ ਰਿਹਾ ਸੀ।
ਸੰਪਰਕ: 94638-51568

