ਸਤਰੰਗੀ ਦਿਨ

ਸਤਰੰਗੀ ਦਿਨ

ਜਸਵਿੰਦਰ ਸੁਰਗੀਤ

ਜਸਵਿੰਦਰ ਸੁਰਗੀਤ

"ਹੈਂ...? ਐਥੇ ਪੜ੍ਹਾਂਗੇ...? ਆਹ ਕੋਠੀ ਚ? ਘੁੰਮਣ, ਫਿਰਨ ਨੂੰ ਤਾਂ ਭੋਰਾ ਥਾਂ ਨੀ ਐਥੇ, ਛੱਡ ਪਰ੍ਹਾਂ, ਕਿਤੇ ਹੋਰ ਦਾਖਲਾ ਲਵਾਂਗੇ ਆਪਾਂ ਤਾਂ।” ਮੈਂ ਆਪਣੇ ਦੋਸਤ ਨੂੰ ਇੱਕੋ ਸਾਹੇ ਕਿੰਨਾ ਕੁਝ ਬੋਲ ਗਿਆ।

... ਤੇ ਮੇਰੇ ਤਾਂ ਫਰਿਸ਼ਤਿਆਂ ਨੂੰ ਵੀ ਖ਼ਬਰ ਨਹੀਂ ਸੀ ਕਿ ਇਥੇ ਗੁਜ਼ਾਰਿਆ ਸਮਾਂ ਤਾਂ ਉਮਰ ਭਰ ਸੰਗ ਮਹਿਕੇਗਾ!

1993 ਵਿਚ ਬੀਏ ਕਰਨ ਪਿੱਛੋਂ ਪੰਜਾਬੀ ਦੀ ਐੱਮਏ ਕਰਨ ਦਾ ਵਿਚਾਰ ਆਇਆ। ਪਹਿਲਾਂ ਸੋਚਿਆ, ਪਟਿਆਲੇ ਪੰਜਾਬੀ ਯੂਨੀਵਰਸਿਟੀ ਵਿਚ ਦਾਖਲਾ ਲਵਾਂਗਾ ਪਰ ਅੰਨ ਜਲ ਆਪਣੇ ਸ਼ਹਿਰ ਦੇ ਰੀਜਨਲ ਸੈਂਟਰ ਦਾ ਬਣ ਗਿਆ ਜਿਹੜਾ ਕਿਰਾਏ ਦੀ ਕੋਠੀ ਵਿਚ ਚੱਲ ਰਿਹਾ ਸੀ।

ਜਮਾਤ ਦੇ ਅਸੀਂ 13 ਵਿਦਿਆਰਥੀ ਸਾਂ। ਤਿੰਨ ਮੁੰਡੇ, ਦਸ ਕੁੜੀਆਂ। ਜਮਾਤ ਦਾ ਪਹਿਲਾ ਦਿਨ ਸੀ। ਪ੍ਰੋਫੈਸਰ ਸਾਹਿਬ ਅਜੇ ਜਮਾਤ ਵਿਚ ਆਏ ਨਹੀਂ ਸਨ। ਅਸੀਂ ਤਿੰਨੇ ਪੇਂਡੂ ਪਿਛੋਕੜ ਵਾਲੇ, ਕੁੜੀਆਂ ਤੋਂ ਸੰਗਦੇ ਕੱਠੇ ਜਿਹੇ ਹੋਈ ਜਾਈਏ। ਇੰਨੇ ਨੂੰ ਪ੍ਰੋਫੈਸਰ ਨੇ ਜਮਾਤ ਵਿਚ ਦਸਤਕ ਦਿੱਤੀ। ਇੱਕ ਦੋ ਸਰਸਰੀ ਗੱਲਾਂ ਬਾਅਦ ਲੈਕਚਰ ਸ਼ੁਰੂ ਕਰ ਦਿੱਤਾ। ਮੈਂ ਉਨ੍ਹਾਂ ਦੇ ਲੈਕਚਰ ਨੂੰ ਸੁਭਾਵਿਕ ਹੀ ਲਿਆ, ਜਿਵੇਂ ਅਕਸਰ ਹੁਣ ਤੱਕ ਲੈਂਦੇ ਆ ਰਹੇ ਸਾਂ ਪਰ ਚਾਰ ਪੰਜ ਮਿੰਟਾਂ ਬਾਅਦ ਹੀ ਮੇਰਾ ਅੰਦਾਜ਼ਾ ਪਲਟ ਗਿਆ।... ‘ਹੈਂ! ਇਹ ਬੋਲਦੇ ਨੇ ਕਿ ਕੋਈ ਝਰਨਾ ਵਹਿੰਦੈ...! ਐਨੀ ਰਵਾਨੀ ਬੋਲਾਂ ਵਿਚ!’ ਉਨ੍ਹਾਂ ਦੇ ਬੋਲ ਸ਼ਹਿਦ ਬਣ ਕੰਨਾਂ ਵਿਚ ਘੁਲਣ ਲੱਗੇ। ਜਦ ਕੋਈ ਸਿ਼ਅਰ ਸੁਣਾਉਂਦੇ ਤਾਂ ਸਾਡੇ ਸਾਹ ਰੁਕ ਜਾਂਦੇ। ਚਾਲ਼ੀ ਮਿੰਟ ਚਾਰ ਮਿੰਟਾਂ ਚ ਬੀਤ ਗਏ।

ਚੰਦ ਕੁ ਦਿਨਾਂ ਵਿਚ ਹੀ ਇਹ ਸੈਂਟਰ ਸਾਡੀ ਹਿੱਕ ਦੇ ਖੱਬੇ ਵਸ ਗਿਆ। ਵਾਰ, ਐਤਵਾਰ ਘਰੇ ਟਪਾਉਣਾ ਔਖਾ ਲਗਦਾ। ਸੀਨੀਅਰ ਜਮਾਤ ਨਾਲ ਮੇਲ ਮਿਲਾਪ ਉਸਰਨ ਲੱਗਿਆ। ਉਹ ਜਮਾਤ ਕੀ ਸੀ ਬਸ, ਕਲਾਕਾਰਾਂ ਦੀ ਖਾਣ ਸੀ। ਹਰ ਇੱਕ ਚੜ੍ਹਦੇ ਤੋਂ ਚੜ੍ਹਦਾ। ਉਨ੍ਹਾਂ ਵਿਚ ਇੱਕ ਪਾਲੀ ਹੁੰਦਾ। ਉਹ ਜਦ ਹੇਕ ਲਾਉਂਦਾ ਤਾਂ ਕਮਾਲ ਕਰ ਦਿੰਦਾ। ਉਹਦੀ ਭਾਰੀ ਭਰਕਮ ਆਵਾਜ਼ ਕੰਧਾਂ, ਕੌਲੇ ਹਿਲਾ ਦਿੰਦੀ। ਰਸ਼ਪਾਲ ਤੇ ਗੁਰਦੀਪ ‘ਮਾਝੇ ਦੀਏ ਮੋਮਬੱਤੀਏ’ ਗਾਉਂਦੇ ਤਾਂ ‘ਮੋਮਬੱਤੀ’ ਬਣੇ ਰਸ਼ਪਾਲ ਦਾ ਨਖਰਾ ਦਿਲਾਂ ਨੂੰ ਧੂੰਹਦਾ। ਕਦੇ ਜਦ ‘ਸਾਰੀ ਰਾਤ ਰੋਈਂ ਆਂ ਮੈਂ’ ਗੂੰਜਦਾ ਤਾਂ ਵਾਤਾਵਰਨ ਵੈਰਾਗਿਆ ਜਾਂਦਾ। ਇੱਕ ਲੜਕੀ ਟੱਪੇ ਸੁਣਾਉਂਦੀ ਤਾਂ ਟਪੂੰ ਟਪੂੰ ਕਰਦਾ ਸਾਡਾ ਮਨ ਸੁੱਸਰੀ ਹੋ ਜਾਂਦਾ।

ਇੱਥੇ ਅਸਾਂ ਅਧਿਆਪਕ ਅਤੇ ਵਿਦਿਆਰਥੀ ਵਿਚਲੀ ਵਿੱਥ ਘਟਦੀ ਦੇਖੀ। ਜਮਾਤਾਂ ਲਾਉਣੀਆਂ ਮਜਬੂਰੀ ਨਾ ਰਹਿ ਕੇ ਚਾਅ ਬਣੀਆਂ। ਲੱਕੜ ਦੀਆਂ ਕੁਰਸੀਆਂ ਤੇ ਬੈਠੇ ਬੈਠੇ ਅਸੀਂ ਸਾਹਿਤਕ ਤਾਰੀਆਂ ਲਾਉਣ ਲੱਗਦੇ। ਕਦੇ ਕਵਿਤਾ ਦੀ ਨਦੀ ਦਾ ਆਨੰਦ ਮਾਣਦੇ, ਕਦੇ ਗਲਪ ਦੇ ਸਾਗਰ ਵਿਚ ਠਿੱਲ੍ਹ ਪੈਂਦੇ। ਇੱਕ ਅਧਿਆਪਕ ਸਾਨੂੰ ਆਲੋਚਨਾ ਦੇ ਮਾਰੂਥਲ ਲੈ ਵੜਦੇ, ਉਂਜ, ਉਨ੍ਹਾਂ ਦੀ ਮੌਜੂਦਗੀ ਵਿਚ ਮਾਰੂਥਲ ਵੀ ਮਹਿਕਣ ਲੱਗ ਜਾਂਦਾ। ਇਉਂ ਸਾਹਿਤ ਸਾਡੇ ਸਾਹਾਂ ਸੰਗ ਵਿਚਰਨ ਲੱਗਿਆ। ਇਥੇ ਪਹਿਲੀ ਵਾਰ ‘ਮੜ੍ਹੀ ਦੇ ਦੀਵੇ’ ਦੇ ਚਾਨਣੇ ਬੈਠੇ। ਛੀਂਟਕਾ ਸਰੀਰ, ਲੰਮਾ ਕੱਦ, ਚੁੱਪ ਚਾਪ ਚਿਹਰਾ। ਜਦੋਂ ਉਹ ਪੜ੍ਹਾਉਂਦੇ ਤਾਂ ਸਾਡਾ ਨਿੱਕਾ ਜਿਹਾ ਕਮਰਾ ਪੂਰਬ ਤੋਂ ਪੱਛਮ ਤੱਕ ਦੀ ਯਾਤਰਾ ਕਰ ਆਉਂਦਾ। ਦੁਨੀਆ ਭਰ ਦੇ ਸਾਹਿਤਕਾਰ ਉਨ੍ਹਾਂ ਦੀ ਜ਼ਬਾਨ ਤੇ ਆ ਹਾਜ਼ਰ ਹੁੰਦੇ। ਮੁਨਸ਼ੀ ਪ੍ਰੇਮ ਚੰਦ, ਸ਼ਰਤ ਚੰਦਰ ਤੋਂ ਲੈ ਕੇ ਉਹ ਸਾਨੂੰ ਕਦੇ ਮੈਕਸਿਮ ਗੋਰਕੀ, ਕਦੇ ਲਿਓ ਤਾਲਸਤਾਏ ਤੇ ਕਦੇ ਅਮਰੀਕਾ ਵਾਲੇ ਅਰਨੈਸਟ ਹੈਮਿੰਗਵੇ ਕੋਲ਼ ਲੈ ਜਾਂਦੇ। ਹੌਲੀ ਹੌਲੀ ਬੋਲਦੇ। ਅਸੀਂ ਉਨ੍ਹਾਂ ਨੂੰ ਇਉਂ ਸੁਣਦੇ, ਜਿਵੇਂ ਕੋਈ ਪ੍ਰਵਚਨ ਚੱਲ ਰਿਹਾ ਹੋਵੇ। ਉਹ ਦੋ ਦੋ ਘੰਟੇ ਬੋਲੀ ਜਾਂਦੇ ਤੇ ਸਾਡਾ ਵੀ ਕਦੇ ਗੁੱਟ ਤੇ ਧਿਆਨ ਨਾ ਜਾਂਦਾ। ਇੱਕ ਪੰਜਾਬੀ ਦੇ ਮੰਨੇ ਪ੍ਰਮੰਨੇ ਆਲੋਚਕ ਹੁੰਦੇ। ਉਨ੍ਹਾਂ ਦੇ ਵਿਨੋਦਮਈ ਬੋਲ ਨਾਲ ਦੀ ਨਾਲ ਸਾਡੇ ਮਨਾਂ ਚ ਰਚੀ ਜਾਂਦੇ।

ਇੱਥੇ ਪੜ੍ਹਦਿਆਂ ਪਹਿਲੀ ਵਾਰ ਲਾਇਬ੍ਰੇਰੀ ਸਾਡੀ ਮੁਹੱਬਤ ਬਣੀ। ਸਿਲੇਬਸ ਤੋਂ ਬਾਹਰ ਝਾਕੇ। ਪੂਰਬੀ ਸਾਹਿਤਕਾਰਾਂ ਤੋਂ ਹੁੰਦੇ ਹੋਏ ਪੱਛਮੀ ਸਾਹਿਤਕਾਰਾਂ ਦੇ ਵਿਹੜੇ ਜਾ ਵੜੇ। ਜਿਉਂ ਜਿਉਂ ਪੜ੍ਹਦੇ, ਤਿਉਂ ਤਿਉਂ ਦਿਮਾਗ ਦੇ ਬੰਦ ਕਿਵਾੜ ਖੁੱਲ੍ਹਣ ਲੱਗੇ। ਸਾਹਿਤ ਦੇ ਸੂਰਜਾਂ ਨਾਲ ਮਨ ਦੇ ਗੂੜ੍ਹ ਹਨ੍ਹੇਰਿਆਂ ਵਿਚ ਸਾਹਿਤਕ ਚਾਨਣ ਫੈਲਣ ਲੱਗਾ। ਮੈਕਸਿਮ ਗੋਰਕੀ ਦੀ ‘ਮਾਂ’ ਦਾ ਆਸ਼ੀਰਵਾਦ ਲਿਆ। ਰਸੂਲ ਹਮਜ਼ਾਤੋਵ ਦਾ ‘ਮੇਰਾ ਦਾਗਿਸਤਾਨ’ ਦੇਖਿਆ। ਲਿਓ ਤਾਲਸਤਾਏ, ਸ਼ੇਕਸਪੀਅਰ ਤੇ ਹੋਰ ਅਨੇਕਾਂ ਸਾਹਿਤਕ ਧੁਨੰਤਰਾਂ ਦੀਆਂ ਰਚਨਾਵਾਂ ਨੇ ਜਿ਼ੰਦਗੀ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ। ਇੰਜ ਸਾਹਿਤ ਦੇ ਵੱਡੇ ਵੱਡੇ ਦਰਵਾਜ਼ੇ ਖੁੱਲ੍ਹਦੇ ਗਏ ਤੇ ਅਸੀਂ ਆਪਣੀ ਸਾਹਿਤਕ ਤਿਹੁ ਬੁਝਾਉਂਦੇ ਰਹੇ। ਸਾਹਿਤਕ ਯੋਧਿਆਂ ਦਾ ਇੱਥੇ ਆਉਣ ਜਾਣ ਬਣਿਆ ਰਹਿੰਦਾ। ਕਦੇ ‘ਬੇਗਾਨੇ ਬੋਹੜ ਦੀ ਛਾਂ’ ਵਾਲਾ ਅਜਮੇਰ ਔਲਖ, ਕਦੇ ‘ਕੋਠੇ ਖੜਕ ਸਿੰਘ’ ਵਾਲਾ ਰਾਮ ਸਰੂਪ ਅਣਖੀ। ਕੇਰਾਂ ਮਾਝੇ ਵੱਲੋਂ ਵਰਿਆਮ ਸੰਧੂ ਆਇਆ। ਢਾਈ ਤਿੰਨ ਘੰਟੇ ‘ਭੱਜੀਆਂ ਬਾਹੀਂ’ ਤੇ ਚਰਚਾ ਹੁੰਦੀ ਰਹੀ।

ਇਸ ਸ਼ਾਂਤੀ ਨਿਕੇਤਨ ਵਿਚ ਨੱਚਣਾ ਟੱਪਣਾ, ਪੜ੍ਹਨਾ ਲਿਖਣਾ ਨਾਲੋ-ਨਾਲ ਚਲਦਾ। ਅਸੀਂ ਗਾਉਂਦੇ ਗਾਉਂਦੇ ਪੜ੍ਹਦੇ, ਪੜ੍ਹਦੇ ਪੜ੍ਹਦੇ ਗਾਉਂਦੇ। ਸਾਹਿਤ ਦੀਆਂ ਗੰਭੀਰ ਗੱਲਾਂ ਕਰਦੇ ਕਰਦੇ ਅਚਾਨਕ ਕਲਾਕਾਰਾਂ ਵਿਚ ਵਟ ਜਾਂਦੇ। ਸਾਹਿਤਕ ਸਮਾਗਮ ਰੰਗਾਰੰਗ ਪ੍ਰੋਗਰਾਮ ਹੋ ਜਾਂਦਾ। ਕੋਈ ਗਾਇਕ, ਕੋਈ ਚੁਟਕਲੇਬਾਜ਼ ਤੇ ਕੋਈ ਸ਼ਾਇਰ ਬਣ ਕੇ ਪਾਤਰ ਦੇ ਹਵਾ ਵਿਚ ਲਿਖੇ ਹਰਫ਼ ਫੜਨ ਲੱਗ ਜਾਂਦਾ। ਜੱਗਾ ਜੱਟ ਬੋਹੜ ਦੀ ਛਾਂਵਿਓਂ ਤੇ ਮਿਰਜ਼ਾ ਜੰਡੋਰੇ ਹੇਠੋਂ ਉੱਠ ਖੜ੍ਹਦਾ। ਜੁਗਨੀ ਮੁਲਤਾਨੋਂ ਮੁੜ ਆਉਂਦੀ। ਕਲਾਕਾਰ ਸਟੇਜ ਤੋਂ ਫੜ ਫੜ ਲਾਹੁਣੇ ਪੈਂਦੇ। ਫਿਰ ਅਚਾਨਕ ਹੀ ਸਾਰਾ ਕੁਝ ਸਮਾਪਤ ਹੋ ਜਾਂਦਾ। ਅਸੀਂ ਮੁੜ ਵਿਦਿਆਰਥੀ ਜਾਮੇ ਵਿਚ ਆ ਜਾਂਦੇ।

ਸੱਚਮੁੱਚ, ਤੀਆਂ ਵਰਗੇ ਦਿਨ ਸਨ ਉਹ। ਅੱਜ ਮੈਂ ਸੋਚਦਾਂ ਕਿ ਉਸ ਦਿਨ ਜੇ ਇਹ ਸੋਚ ਕੇ, ਕਿ ‘ਘੁੰਮਣ ਫਿਰਨ ਨੂੰ ਤਾਂ ਭੋਰਾ ਥਾਂ ਨੀ ਇੱਥੇ’ ਇਸ ਸੁਲੱਖਣੀ ਥਾਂ ਨੂੰ ਛੱਡ ਗਿਆ ਹੁੰਦਾ ਤਾਂ ਮੇਰਾ ਕੀ ਬਣਦਾ? ਮੈਨੂੰ ਉਦੋਂ ਥੋੜ੍ਹੋ ਪਤਾ ਸੀ ਕਿ ਹਜ਼ਾਰ ਕੁ ਗਜ਼ ਦੀ ਕੋਠੀ ਵਿਚ ਤਾਂ ਹਜ਼ਾਰਾਂ ਤਰ੍ਹਾਂ ਦੇ ਫੁੱਲ ਖਿੜਨਗੇ।

ਸੰਪਰਕ: 94174-48436

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਸੁਪਰੀਮ ਕੋਰਟ ਦਾ ਫ਼ੈਸਲਾ

ਸੁਪਰੀਮ ਕੋਰਟ ਦਾ ਫ਼ੈਸਲਾ

ਮੁੱਖ ਖ਼ਬਰਾਂ

ਭਗਵੰਤ ਮਾਨ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ

ਭਗਵੰਤ ਮਾਨ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ

* ਕੇਜਰੀਵਾਲ ਨੇ ਮੁਹਾਲੀ ਵਿੱਚ ਕੀਤਾ ਰਸਮੀ ਐਲਾਨ * ਲੋਕ ਰਾਏ ਵਿੱਚ 93.3...

ਚੰਨੀ ਦੇ ਕਰੀਬੀ ਅਤੇ ਕਈ ਹੋਰਾਂ ’ਤੇ ਛਾਪੇ

ਚੰਨੀ ਦੇ ਕਰੀਬੀ ਅਤੇ ਕਈ ਹੋਰਾਂ ’ਤੇ ਛਾਪੇ

ਈਡੀ ਵੱਲੋਂ 6 ਕਰੋੜ ਦੀ ਨਗ਼ਦੀ ਕਬਜ਼ੇ ਵਿੱਚ ਲੈਣ ਦਾ ਦਾਅਵਾ

ਕਰੋਨਾ: ਰਾਜਾਂ ਤੇ ਸੂਬਿਆਂ ਨੂੰ ਟੈਸਟਿੰਗ ਵਧਾਉਣ ਦੇ ਨਿਰਦੇਸ਼

ਕਰੋਨਾ: ਰਾਜਾਂ ਤੇ ਸੂਬਿਆਂ ਨੂੰ ਟੈਸਟਿੰਗ ਵਧਾਉਣ ਦੇ ਨਿਰਦੇਸ਼

ਟੈਸਟਿੰਗ ਨੂੰ ਕਰੋਨਾ ਨਾਲ ਨਜਿੱਠਣ ਲਈ ਸਭ ਤੋਂ ਅਹਿਮ ਤੱਤ ਦੱਸਿਆ

ਸੀਤ ਲਹਿਰ ਨੇ ਪੰਜਾਬ ਨੂੰ ਬਣਾਇਆ ਸ਼ਿਮਲਾ

ਸੀਤ ਲਹਿਰ ਨੇ ਪੰਜਾਬ ਨੂੰ ਬਣਾਇਆ ਸ਼ਿਮਲਾ

ਲੁਧਿਆਣਾ ਤੇ ਗੁਰਦਾਸਪੁਰ ਰਹੇ ਸਭ ਤੋਂ ਵੱਧ ਠੰਢੇ