ਬਰਕਤਾਂ ਦਾ ਮੀਂਹ
ਮੈਂ ਗਣਿਤ, ਅਰਥਸ਼ਾਸ਼ਤਰ ਅਤੇ ਸੰਸਕ੍ਰਿਤ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪੋਸਟ ਗ੍ਰੈਜੂਏਸ਼ਨ ਅਤੇ ਬੀ.ਐੱਡ ਦੀ ਪੜ੍ਹਾਈ ਕਰਕੇ ਵੱਖ-ਵੱਖ ਨੌਕਰੀਆਂ ਲਈ ਕਈ ਪ੍ਰੀਖਿਆਵਾਂ ਪਾਸ ਤਾਂ ਕਰ ਲਈਆਂ ਪਰ ਕਦੇ ਇੰਟਰਵਿਊ ਵਿੱਚ ਸਫ਼ਲਤਾ ਨਾ ਮਿਲੀ ਤੇ ਕਦੇ ਚੰਗਾ...
ਮੈਂ ਗਣਿਤ, ਅਰਥਸ਼ਾਸ਼ਤਰ ਅਤੇ ਸੰਸਕ੍ਰਿਤ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪੋਸਟ ਗ੍ਰੈਜੂਏਸ਼ਨ ਅਤੇ ਬੀ.ਐੱਡ ਦੀ ਪੜ੍ਹਾਈ ਕਰਕੇ ਵੱਖ-ਵੱਖ ਨੌਕਰੀਆਂ ਲਈ ਕਈ ਪ੍ਰੀਖਿਆਵਾਂ ਪਾਸ ਤਾਂ ਕਰ ਲਈਆਂ ਪਰ ਕਦੇ ਇੰਟਰਵਿਊ ਵਿੱਚ ਸਫ਼ਲਤਾ ਨਾ ਮਿਲੀ ਤੇ ਕਦੇ ਚੰਗਾ ਰੈਂਕ ਆਉਣ ਦੇ ਬਾਵਜੂਦ ਸਰਕਾਰੀ ਊਣਤਾਈਆਂ ਕਰਕੇ ਸਬੰਧਿਤ ਭਰਤੀਆਂ ਰੱਦ ਹੋ ਗਈਆਂ। ਮੈਂ ਕਦੇ ਹੌਸਲਾ ਨਾ ਹਾਰਿਆ ਤੇ ਬਤੌਰ ਅੰਗਰੇਜ਼ੀ ਲੈਕਚਰਾਰ ਇੱਕ ਪ੍ਰਾਈਵੇਟ ਕਾਲਜ ਵਿੱਚ 14 ਸਾਲ ਪੜ੍ਹਾਉਂਦਾ ਰਿਹਾ। ਮੈਂ ਯੋਗਤਾ ਹੋਣ ਦੇ ਬਾਵਜੂਦ ਨੌਕਰੀ ਨਾ ਮਿਲਣ ’ਤੇ ਪਰਮਾਤਮਾ ਨੂੰ ਕਦੇ ਵੀ ਉਲਾਂਭਾ ਨਾ ਦਿੱਤਾ ਤੇ ਉਸ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਫਿਰ ਤੋਂ ਮਿਹਨਤ ਕਰਕੇ ਅਗਲੀ ਪ੍ਰੀਖਿਆ ਦਿੰਦਾ ਰਿਹਾ। ਪਰਮਾਤਮਾ ਅਤੇ ਮਿਹਨਤ, ਦੋਵਾਂ ’ਤੇ ਹੀ ਮੇਰਾ ਅਟੁੱਟ ਵਿਸ਼ਵਾਸ਼ ਸੀ। ਸੰਨ 2011 ਵਿੱਚ ਜਦੋਂ ਮੈਂ ਓਵਰਏਜ ਹੋਣ ਦੇ ਆਖ਼ਰੀ ਵਰ੍ਹੇ ਅਤੇ ਆਖ਼ਰੀ ਮਹੀਨੇ ਵਿੱਚ ਸਾਂ ਤਾਂ ਮੈਨੂੰ ਸਿੱਖਿਆ ਵਿਭਾਗ ਵਿੱਚ ਅਧਿਆਪਕ ਵਜੋਂ ਨੌਕਰੀ ਹਾਸਿਲ ਹੋ ਗਈ। ਇਥੇ ਵੀ ਤਿੰਨ ਸਾਲ ਤੱਕ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਲੈਣ ਪਿੱਛੋਂ ਸਾਲ 2014 ਵਿੱਚ ਮੇਰੀਆਂ ਸੇਵਾਵਾਂ ਰੈਗੂਲਰ ਹੋਈਆਂ ਤੇ ਮੈਂ ‘ਪੱਕਾ’ ਅਧਿਆਪਕ ਬਣ ਗਿਆ।
ਸੰਨ 1996 ਤੋਂ ਲੈ ਕੇ 2011 ਤੱਕ ਪਹਿਲਾਂ ਕਾਲਜ ਵਿੱਚ ਤੇ ਫਿਰ ਸੰਨ 2011 ਤੋਂ ਲੈ ਕੇ ਸੰਨ 2014 ਤੱਕ ਸਰਕਾਰੀ ਸਕੂਲ ਵਿੱਚ ਨਿਗੂਣੀ ਜਿਹੀ ਤਨਖ਼ਾਹ ’ਤੇ ਕੰਮ ਕਰਨ ਪਿੱਛੋਂ ਜਦੋਂ ਮੈਨੂੰ ਸਰਕਾਰੀ ਅਧਿਆਪਕ ਦਾ ਪੂਰਾ ਗ੍ਰੇਡ ਮਿਲਣ ਲੱਗ ਪਿਆ ਤਾਂ ਮੈਂ ਪਰਮਾਤਮਾ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਕਿਉਂਕਿ ਘੱਟ ਤਨਖ਼ਾਹ ਵਿੱਚ ਵੀ ਗੁਜ਼ਾਰਾ ਕਰਨ ਦਾ ਸਬਰ ਉਸ ਨੇ ਹੀ ਬਖ਼ਸ਼ਿਆ ਸੀ। ਮੈਂ ਸੰਨ 1996 ਤੋਂ 2014 ਤੱਕ ਸਾਈਕਲ ਹੀ ਚਲਾਇਆ ਸੀ ਤੇ ਅੱਜ ਮੇਰੇ ਕੋਲ ਦੋ ਪਹੀਆ ਤੇ ਚਾਰ ਪਹੀਆ ਵਾਹਨ, ਭਾਵ ਸਭ ਕੁਝ ਹੈ।
ਸੰਨ 2001 ਵਿੱਚ ਜਦੋਂ ਮੈਂ ਕੇਵਲ ਪੰਜ ਕੁ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ’ਤੇ ਇੱਕ ਨਿੱਜੀ ਕਾਲਜ ਵਿੱਚ ਬਤੌਰ ਅੰਗਰੇਜ਼ੀ ਲੈਕਚਰਾਰ ਵੱਜੋਂ ਪੜ੍ਹਾਉਂਦਾ ਸਾਂ, ਤਾਂ ਮੇਰੀ ਸ਼ਾਦੀ ਹੋ ਗਈ ਸੀ। ਮੈਂ ਬਿਨਾ ਦਹੇਜ ਦੇ ਸਾਦਾ ਵਿਆਹ ਕੀਤਾ ਸੀ। ਮੇਰੀ ਪਤਨੀ ਨੇ ਵੀ ਮੈਨੂੰ ਸਰਕਾਰੀ ਨੌਕਰੀ ਮਿਲਣ ਤੱਕ ਅਤੇ ਫਿਰ ਮੇਰੀ ਉਹ ਨੌਕਰੀ ਪੱਕੀ ਹੋਣ ਤੱਕ, ਘੱਟ ਪੈਸਿਆਂ ਵਿੱਚ ਗੁਜ਼ਾਰਾ ਕੀਤਾ ਤੇ ਕਦੇ ਵੀ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਸੀ ਕੀਤੀ। ਮੇਰੀ ਸ਼ਾਦੀ ਨੂੰ ਅੱਠ ਸਾਲ ਬੀਤ ਗਏ ਪਰ ਮੇਰੇ ਘਰ ਕੋਈ ਔਲਾਦ ਨਾ ਹੋਈ। ਅਸੀਂ ਮਾਨਸਿਕ ਪੱਖੋਂ ਤਿਆਰ ਸਾਂ ਕਿ ਜੇਕਰ ਔਲਾਦ ਨਾ ਹੋਈ ਤਾਂ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਦਿਆਂ ਕਿਸੇ ਮਾਸੂਮ ਨੂੰ ਗੋਦ ਲੈ ਲਵਾਂਗੇ। ਲੋਕਾਂ ਨੇ ਬਥੇਰਾ ਧਾਰਮਿਕ ਅਸਥਾਨਾਂ ’ਤੇ ਮੱਸਿਆ ਨਹਾਉਣ, ਸੁੱਖਣਾ ਸੁੱਖਣ ਜਾਂ ਬਾਬਿਆਂ ਅਤੇ ਪੰਡਿਤਾਂ ਕੋਲ ਜਾਣ ਦੀਆਂ ਸਲਾਹਾਂ ਦਿੱਤੀਆਂ ਪਰ ਮੈਂ ਤੇ ਮੇਰੀ ਪਤਨੀ ਅਡੋਲ ਤੇ ਅਡਿੱਗ ਰਹੇ। ਅਸੀਂ ਪਰਮਾਤਮਾ ਅੱਗੇ ਅਰਦਾਸ-ਜੋਦੜੀ ਕਰਦੇ ਰਹੇ ਪਰ ਨਿਰਾਸ਼ ਕਦੇ ਨਾ ਹੋਏ। ਸੰਨ 2009 ਵਿੱਚ ਮੇਰੇ ਘਰ ਇਕ ਬੱਚੇ ਨੇ ਜਨਮ ਲਿਆ ਜੋ ਅੱਜ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਹੈ। ਗੁਰਬਾਣੀ ’ਚ ਸੱਚੋ-ਸੱਚ ਲਿਖ਼ਿਆ ਹੈ ਕਿ ‘ਤੂ ਕਾਹੇ ਡੋਲੇ ਪ੍ਰਾਣੀਆ ਤੁਧ ਰਾਖੇਗਾ ਸਿਰਜਣਹਾਰੁ’ ਸੋ ਮੁੱਕਦੀ ਗੱਲ ਇਹ ਹੈ ਕਿ ਸੱਚੇ ਪਰਮਾਤਮਾ ਉੱਤੇ ਭਰੋਸਾ ਰੱਖੋ ਤੇ ਸੱਚ ਅਤੇ ਮਿਹਨਤ ਦੀ ਕਮਾਈ ਕਰਨ ਦੇ ਨਾਲ ਨਾਲ ਫੋਕੇ ਕਰਮਕਾਂਡਾਂ ਅਤੇ ਵਹਿਮਾਂ-ਭਰਮਾਂ ਦਾ ਤਿਆਗ ਕਰਦੇ ਹੋਏ ਅੱਗੇ ਵਧਦੇ ਜਾਓ। ਉਹ ਸਚਮੁੱਚ ਹੀ ਤੁਹਾਡੀ ਜ਼ਿੰਦਗੀ ਦੇ ਵਿਹੜੇ ਵਿੱਚ ਬਰਕਤਾਂ ਦਾ ਮੀਂਹ ਵਰ੍ਹਾ ਦੇਵੇਗਾ।
ਸੰਪਰਕ: 97816-46008

