ਯਾਦਾਂ ਦੀ ਪਟਾਰੀ ’ਚ ਮੀਂਹ

ਯਾਦਾਂ ਦੀ ਪਟਾਰੀ ’ਚ ਮੀਂਹ

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

ਇਕਦਮ ਅਸਮਾਨ ਕਾਲੇ, ਨੀਲੇ ਬੱਦਲਾਂ ਨਾਲ ਭਰ ਗਿਆ। ਵੇਖਦਿਆਂ ਵੇਖਦਿਆਂ ਕਾਲੀ ਘਟਾ ਚੜ੍ਹ ਆਈ। ਬੱਦਲ ਗੱਜਣ ਲੱਗੇ। ਬਿਜਲੀ ਲਿਸ਼ਕਣ ਲੱਗੀ। ਥੋੜ੍ਹੀ ਦੇਰ ਬਾਅਦ ਹੀ ਬੱਦਲ ਵਰ੍ਹਨ ਲੱਗੇ। ਮੈਂ ਵਰਾਂਡੇ ਵਿੱਚ ਜਾ ਕੇ ਖੜ੍ਹ ਗਈ। ਸਾਹਮਣੇ ਪਾਰਕ ਵੱਲ ਦੇਖਿਆ। ਸਿਰਫ਼ ਪੰਛੀ ਹੀ ਪਾਣੀ ਵਿੱਚ ਖੰਭ ਖਿਲਾਰ ਕੇ ਨਹਾਉਂਦੇ ਹੋਏ ਮੀਂਹ ਦਾ ਲੁਤਫ਼ ਉਠਾ ਰਹੇ ਸਨ। ਕੋਈ ਬੱਚਾ ਮੀਂਹ ਵਿੱਚ ਭਿੱਜਦਾ ਨਾ ਦਿਸਿਆ।

ਪਤਾ ਨਹੀਂ ਮਨ ਕਿਵੇਂ ਆਪਣੇ ਬਚਪਨ ਨਾਲ ਜਾ ਜੁੜਿਆ। ਜਦੋਂ ਮੀਂਹ ਪੈਣ ਲੱਗਦਾ ਗਲੀ ਦੇ ਸਾਰੇ ਬੱਚੇ ਝੱਗੇ ਲਾਹ ਕੇ ਗਲੀ ਵਿੱਚ ਇਕੱਠੇ ਹੋ ਜਾਂਦੇ। ਉੱਚੀ ਉੱਚੀ ਗਾਉਂਦੇ, ‘ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ।’ ਉਹ ਸਕੂਲ ਵਾਲੀਆਂ ਕਾਪੀਆਂ ਦੇ ਵਰਕੇ ਪਾੜ ਕੇ ਕਿਸ਼ਤੀਆਂ ਬਣਾ ਕੇ ਪਾਣੀ ਵਿੱਚ ਤੈਰਨ ਲਈ ਛੱਡ ਦਿੰਦੇ। ਜੇ ਕਿਸੇ ਦੀ ਕਿਸ਼ਤੀ ਕਿਨਾਰੇ ’ਤੇ ਲੱਗ ਜਾਂਦੀ ਉਹ ਖੁਸ਼ ਹੋ ਜਾਂਦਾ, ਪਰ ਕਿਸ਼ਤੀ ਡੁੱਬਣ ’ਤੇ ਬੜਾ ਦੁੱਖ ਹੁੰਦਾ। ਕਿਸੇ ਦੇ ਘਰ ਦੇ ਪਾਣੀ ਵਿੱਚ ਭਿੱਜਣ ਤੋਂ ਰੋਕਦੇ ਨਹੀਂ ਸਨ। ਮੀਂਹ ਪੈਣ ਦਾ ਚਾਅ ਹੀ ਐਨਾ ਹੁੰਦਾ ਸੀ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਖੁਸ਼ੀ ਵਿੱਚ ਖੀਵੇ ਹੋ ਜਾਂਦੇ ਸਨ।

ਹੁਣ ਤਾਂ ਜਦੋਂ ਪਾਰਕ ਵਿੱਚ ਜਾ ਕੇ ਬੈਠਦੀ ਹਾਂ ਤਾਂ ਸਭ ਦੇ ਮੂੰਹੋਂ ਇੱਕ ਗੱਲ ਹੀ ਨਿਕਲਦੀ ਹੈ ਜੇ ਬਾਰਸ਼ ਹੋ ਜਾਵੇ ਤਾਂ ਗਰਮੀ ਘਟ ਜਾਵੇ। ਗਰਮੀ ਨੇ ਤੰਗ ਕਰ ਰੱਖਿਆ ਹੈ। ਇਸ ਤੋਂ ਬਿਨਾਂ ਉਨ੍ਹਾਂ ਦਾ ਮੀਂਹ ਨਾਲ ਹੋਰ ਕੋਈ ਲਾਗਾ ਦਾਗਾ ਨਹੀਂ ਹੈ, ਪਰ ਬਚਪਨ ਸਮੇਂ ਦੀ ਪਟਾਰੀ ਵਿੱਚੋਂ ਅਗਲੀ ਯਾਦ ਨਿਕਲ ਕੇ ਮੇਰੇ ਆ ਸਾਹਮਣੇ ਹੁੰਦੀ ਹੈ। ਜੇ ਕਦੇ ਰੁੱਤ ਸਿਰ ਮੀਂਹ ਨਾ ਪੈਂਦਾ ਤਾਂ ਕੁਰਲਾਹਟ ਮੱਚ ਜਾਂਦੀ। ਕਿਸੇ ਨੂੰ ਸੋਕਾ ਮਾਰ ਜਾਣ ਦਾ ਡਰ ਸਤਾਉਂਦਾ। ਲੋਕਾਂ ਦੀ ਜ਼ਿੰਦਗੀ ਫ਼ਸਲਾਂ ਨਾਲ ਜੁੜੀ ਹੋਈ ਸੀ ਤੇ ਫ਼ਸਲਾਂ ਲਈ ਮੀਂਹ ਜ਼ਰੂਰੀ ਸੀ। ਮੀਂਹ ਬਿਨਾਂ ਕਾਲ ਪੈਣ ਵਰਗੀ ਸਥਿਤੀ ਹੋ ਜਾਂਦੀ। ਫਿਰ ਇੰਦਰ ਦੇਵਤੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਸ਼ੁਰੂ ਹੋ ਜਾਂਦੀ। ਯੱਗ, ਪੁੰਨਦਾਨ, ਪਾਠ ਕਰਾਏ ਜਾਂਦੇ। ਗੁੱਡੀਆਂ ਫੂਕੀਆਂ ਜਾਂਦੀਆਂ। ਜਿਉਂ ਹੀ ਅਸਮਾਨ ’ਚੋਂ ਕਣੀਆਂ ਡਿੱਗਣੀਆਂ ਸ਼ੁਰੂ ਹੁੰਦੀਆਂ ਚਾਰ ਚੁਫ਼ੇਰੇ ਹਬੜਾ ਦਬੜੀ ਮੱਚ ਜਾਂਦੀ। ਚੁੱਲ੍ਹੇ ਹਾਰੇ ਢਕਣੇ ਸ਼ੁਰੂ ਹੋ ਜਾਂਦੇ। ਬਾਲਣ ਲਈ ਪਾਥੀਆਂ, ਲੱਕੜਾਂ ਅੰਦਰ ਰੱਖਣੀਆਂ ਸ਼ੁਰੂ ਹੋ ਜਾਂਦੀਆਂ। ਪਸ਼ੂਆਂ ਦੀਆਂ ਖੁਰਲੀਆਂ ਸਾਫ਼ ਕਰ ਦਿੱਤੀਆਂ ਜਾਂਦੀਆਂ। ਲੋਕ ਛੱਤਾਂ ’ਤੇ ਚੜ੍ਹ ਕੇ ਮੋਰੀਆਂ ਮੁੰਦਣ ਲੱਗ ਜਾਂਦੇ। ਜੋ ਅਕਸਰ ਹੀ ਕੱਚੀਆਂ ਛੱਤਾਂ ਵਿੱਚ ਆਪਣੇ ਆਲ੍ਹਣੇ ਬਣਾ ਕੇ ਰਹਿੰਦੀਆਂ ਚਿੜੀਆਂ ਕਰ ਕੇ ਹੋ ਜਾਂਦੀਆਂ ਸਨ।

ਫ਼ਸਲਾਂ ਦਾ ਹੋਣਾ ਮੀਂਹ ’ਤੇ ਨਿਰਭਰ ਸੀ। ਇਸ ਲਈ ਮੀਂਹ ਪੈਣ ਸਬੰਧੀ ਉਨ੍ਹਾਂ ਕੋਲ ਸ਼ਬਦਾਂ ਦਾ ਭੰਡਾਰ ਸੀ। ਬਾਰੀਕ ਕਣੀ ਦਾ ਮੀਂਹ ਭੂਰ ਅਤੇ ਜੇ ਉਸ ਤੋਂ ਥੋੜ੍ਹੀ ਜਿਹੀ ਮੋਟੀ ਕਣੀ ਹੋ ਜਾਂਦੀ ਤਾਂ ਕਿਣਮਿਣ ਹੁੰਦੀ। ਨਿੱਕੀ ਨਿੱਕੀ ਕਣੀ ਦਾ ਮੀਂਹ ਵਰ੍ਹਦਾ ਤਾਂ ਉਸ ਨੂੰ ਸਭ ਤੋਂ ਵਧੀਆ ਸਮਝਿਆ ਜਾਂਦਾ ਕਿਉਂਕਿ ਉਹ ਨੀਵੇਂ ਥਾਵਾਂ ਵੱਲ ਵਗਣ ਦੀ ਥਾਂ ਧਰਤੀ ਵਿੱਚ ਹੀ ਰਮਦਾ ਰਹਿੰਦਾ। ਜੇ ਤੇਜ਼ ਵਾਛੜ ਵਾਲਾ ਮੀਂਹ ਪੈਣ ਲੱਗਦਾ ਤਾਂ ਵਾਛੜ ਨਾਲ ਕੱਚੀਆਂ ਕੰਧਾਂ ਦੇ ਲਿਓੜ ਤੜਾਕ ਤੜਾਕ ਡਿੱਗਣ ਲੱਗ ਪੈਂਦੇ। ਕੰਧਾਂ ਖੁਰ ਜਾਂਦੀਆਂ। ਕਦੇ ਕਦੇ ਮੋਹਲੇਧਾਰ ਮੀਂਹ ਆਉਂਦਾ ਤਾਂ ਹਨੇਰਾ ਹੋ ਜਾਂਦਾ। ਸਭ ਅੰਦਰ ਦੁਬਕ ਜਾਂਦੇ, ਪਰ ਕਿਸਾਨ ਕਿਸੇ ਤਰ੍ਹਾਂ ਦੀ ਪਰਵਾਹ ਨਾ ਕਰਦਿਆਂ ਕਹੀਆਂ ਚੁੱਕ ਖੇਤਾਂ ਨੂੰ ਤੁਰ ਪੈਂਦੇ ਤਾਂ ਜੋ ਜਾ ਕੇ ਵੱਟਾਂ ਬੰਨ੍ਹੇ ਪੱਕੇ ਕਰ ਦੇਣ। ਪਾਣੀ ਕਿਤੇ ਖੇਤ ਵਿੱਚੋਂ ਨਿਕਲ ਨਾ ਜਾਵੇ। ਕਈ ਵਾਰ ਝੜੀ ਲੱਗ ਜਾਂਦੀ। ਕਦੇ ਹਲਕਾ ਅਤੇ ਕਦੇ ਥੋੜ੍ਹਾ ਤੇਜ਼ ਮੀਂਹ ਕਈ ਦਿਨ ਵਰ੍ਹਦਾ ਰਹਿੰਦਾ। ਸੁੱਕਾ ਬਾਲਣ ਮੁੱਕ ਜਾਂਦਾ। ਪਸ਼ੂਆਂ ਲਈ ਨੀਰੇ ਚਾਰੇ ਦਾ ਔਖਾ ਹੋ ਜਾਂਦਾ।

ਖੇਤੀ ਲਈ ਮੀਂਹ ਕਿੰਨਾ ਕੁ ਪਿਆ, ਬਾਰੇ ਦੱਸਣ ਦਾ ਆਪਣਾ ਤਰੀਕਾ ਸੀ ਜਿਵੇਂ ਛਿੜਕਾ ਛੰਬਾ ਹੀ ਹੋਇਆ ਮੀਂਹ ਤਾਂ ਪਿਆ ਨਹੀਂ। ਥੋੜ੍ਹਾ ਵੱਧ ਦੱਸਣਾ ਹੁੰਦਾ ਤਾਂ ਜ਼ਮੀਨ ਵਿੱਚ ਹੋਈ ਗਿੱਲ ਦੇ ਹਿਸਾਬ ਗਿਣਤੀ ਹੁੰਦੀ। ਇੱਕ ਉਂਗਲ, ਦੋ ਉਂਗਲਾਂ। ਇਸ ਤਰ੍ਹਾਂ ਮੀਂਹ ਦੇ ਹਿਸਾਬ ਉਂਗਲਾਂ ਦੀ ਗਿਣਤੀ ਵਧਦੀ ਜਾਂਦੀ। ਇਸੇ ਤਰ੍ਹਾਂ ਮੀਂਹ ਤਾਂ ਭਾਈ ਚੰਗਾ ਪੈ ਗਿਆ, ਗਿੱਲ ਨਾਲ ਗਿੱਲ ਰਲ ਗਈ। ਬਹੁਤ ਜ਼ਿਆਦਾ ਮੀਂਹ ਵਰ੍ਹਦਾ ਤਾਂ ਉਹ ਵੱਟਾਂ ਤੋੜ ਹੁੰਦਾ। ਸਮੇਂ ਦੇ ਨਾਲ ਬੜਾ ਕੁਝ ਬਦਲਦਾ ਰਹਿੰਦਾ ਹੈ। ਇਸੇ ਤਰ੍ਹਾਂ ਮੀਂਹ ਸਬੰਧੀ ਰਾਏ ਜਾਂ ਬੋਲੇ ਜਾਣ ਵਾਲੇ ਸ਼ਬਦ ਬਦਲ ਰਹੇ ਹਨ। ਨਹੀਂ ਬਦਲੀਆਂ ਤਾਂ ਉਹ ਯਾਦਾਂ ਜਦੋਂ ਬਚਪਨ ਵਿੱਚ ਮੀਂਹ ਵਿੱਚ ਨਹਾਉਣ ਦਾ ਨਜ਼ਾਰਾ ਆਉਂਦਾ ਸੀ ਜਾਂ ਫਿਰ ਭੈਣ ਭਰਾਵਾਂ ਨਾਲ ਬੈਠ ਕੇ ਜ਼ਿੱਦ ਜ਼ਿੱਦ ਕੇ ਪੂੜੇ, ਮੱਠੀਆਂ, ਗੁਲਗੁਲੇ ਖਾਈਦੇ ਸਨ।
ਸੰਪਰਕ: 76260-63596

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All