ਜਗਰੂਪ ਸਿੰਘ
ਬਚਪਨ ਵਿੱਚ ਸਕੂਲ, ਸਮਾਜ, ਘਰ ਵਿੱਚ ਬੜੀਆਂ ਮੱਤਾਂ ਦਿੱਤੀਆਂ ਜਾਂਦੀਆਂ ਹਨ। ਇਹ ਪਾਪ ਹੈ, ਇਹ ਪੁੰਨ ਹੈ ਆਦਿ। ਬੜੇ ਤਰੀਕਿਆਂ ਨਾਲ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਚਪਨ ਖੇਡ, ਪੜ੍ਹਾਈ, ਹੋਰ ਖਰਮਸਤੀਆਂ ਤੇ ਬੇਪ੍ਰਵਾਹੀਆਂ ਵਿੱਚ ਅਤੇ ਜਵਾਨੀ ਆਪਣੀ ਮੌਜੇ ਰਵਾਨੀ ਨਾਲ ਲੰਘ ਜਾਂਦੀ ਹੈ। ਉਮਰ ਜਦ ਢਲਣ ਲਗਦੀ ਹੈ ਤਾਂ ਹਰ ਇਨਸਾਨ ਆਪਣਾ ਲੇਖਾ-ਜੋਖਾ ਕਰਨਾ ਸ਼ੁਰੂ ਕਰ ਦਿੰਦੈ। ਕਿੰਨੇ ਕੁ ਪੁੰਨ ਕੀਤੇ, ਕਿੰਨੇ ਕੁ ਪਾਪ, ਸਵਰਗ ਜਾਂ ਨਰਕ ਮਿਲੇਗਾ ਵਗੈਰਾ। ਉਹ ਅਜਿਹੇ ਭੰਬਲਭੂਸੇ ਵਿੱਚ ਪੈਂਦਾ ਹੈ ਕਿ ਫ਼ੈਸਲਾ ਹੀ ਨਹੀਂ ਕਰ ਪਾਉਂਦਾ ਕਿ ਪਾਪ ਦਾ ਖਾਤਾ ਕਿਹੜਾ ਅਤੇ ਪੁੰਨ ਦਾ ਕਿਹੜਾ ਹੈ।
ਫਿਰ ਅਚਨਚੇਤ ਚੜ੍ਹਦੀ ਜਵਾਨੀ ਵੇਲੇ ਦੇਖੀ ਫਿਲਮ ਦਾ ਗਾਣਾ ਯਾਦ ਆਉਂਦਾ ਹੈ; ‘ਯਹ ਪਾਪ ਹੈ ਕਿਆ ਔਰ ਯਹ ਪੁੰਨ ਹੈ ਕਿਆ —-।’ ਉਸ ਵੇਲੇ ਗਾਣਾ ਚੰਗਾ ਲਗਦਾ ਸੀ, ਪਰ ਉਸ ਦਾ ਭਾਵ ਤਾਂ ਮੀਨਾ ਕੁਮਾਰੀ ਦੀਆਂ ਅਦਾਵਾਂ ਵਿੱਚ ਹੀ ਰੁਲ ਕੇ ਰਹਿ ਜਾਂਦਾ ਸੀ। ਐਨਾ ਕੁ ਵੀ ਯਾਦ ਆਉਂਦਾ ਹੈ ਕਿਵੇਂ ਅਸ਼ੋਕ ਕੁਮਾਰ ਆਪਣੇ ਆਸ਼ਰਮ ਵਿੱਚ ਆਪਣੇ ਹੀ ਪੂਜਨੀਕ ਬੁੱਤ ਨੂੰ ਤ੍ਰਿਸ਼ੂਲ ਨਾਲ ਢਾਹ ਰਿਹਾ ਹੁੰਦਾ ਹੈ। ਹੁਣ ਪੰਤਾਲੀ ਵਰ੍ਹਿਆਂ ਬਾਅਦ ਜਦੋਂ ਇਹ ਗਾਣਾ ਅਤੇ ਦ੍ਰਿਸ਼ ਵਿਚਾਰਦਾ ਹਾਂ ਤਦ ਫਿਲਮ ਦਾ ਭਾਵ ਸਮਝ ਆਉਣ ਲਗਦਾ ਹੈ। ਫ਼ਿਲਮਸਾਜ਼ ਨੇ ਬੜੇ ਹੀ ਕਲਾਤਮਿਕ ਤਰੀਕੇ ਨਾਲ ਸਮਝਾਉਣਾ ਚਾਹਿਆ ਸੀ ਕਿ ਇਸ ਗੀਤ ਰਾਹੀਂ ਇੱਕ ਨ੍ਰਤਕੀ, ਉਸ ਨੂੰ ਪਾਪ ਤੋਂ ਵਰਜਣ ਆਏ, ਮਹਾਤਮਾ ਨੂੰ ਪਾਪ – ਪੁੰਨ ਬਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ ਅਤੇ ਮਹਾਤਮਾ ਦਾ ਆਪਣਾ ਬੁੱਤ ਢਾਹੁਣਾ ਦਰਸਾਉਂਦਾ ਸੀ ਕਿ ਧਰਮਾਤਮਾ ਵੀ ਜਦ ਹਕੀਕਤ ਦੇ ਸਨਮੁੱਖ ਹੁੰਦਾ ਹੈ ਕਿਵੇਂ ਪਾਪ-ਪੁੰਨ ਵਿੱਚ ਫਰਕ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਆਮ ਆਦਮੀ ਨੂੰ ਅਜਿਹੇ ਮਾਮਲਿਆਂ ਵਿੱਚ ਕਿਹੜੇ ਬਾਗ਼ ਦੀ ਮੂਲੀ ਕਹੀਏ?
ਲਿਖਦੇ ਲਿਖਦੇ ਹੋਰ ਪਿੱਛੇ ਚਲਾ ਗਿਆ ਹਾਂ। ਕੋਈ ਪੈਂਹਠ ਕੁ ਸਾਲ ਪਹਿਲਾਂ ਜਦ ਮੈਂ ਛੇਵੀਂ ਜਮਾਤ ਵਿੱਚ ਦਾਖਲ ਹੋਇਆ। ਹੁਣ, ਇਹ ਵਿਚਾਰਨ ਲਈ ਕਿ ਸਾਨੂੰ ਸੰਸਕ੍ਰਿਤ ਪੜ੍ਹਾਉਂਦੇ ਸ਼ਾਸਤਰੀ ਜੀ ਪੁੰਨ ਕਰ ਰਹੇ ਸਨ ਜਾਂ ਪਾਪ ਕਮਾ ਰਹੇ ਸਨ। ਇਹ ਪਤਾ ਹੀ ਨਹੀਂ ਕਿ ਸੰਸਕ੍ਰਿਤ ਦਾ ਵਿਸ਼ਾ ਮੈਨੂੰ ਕੀਹਨੇ ਦਿਵਾ ਦਿੱਤਾ ਜਾਂ ਕਿਵੇਂ ਮਿਲ ਗਿਆ। ਕਲਾਸ ਵਿੱਚ ਕੋਈ ਦਸ ਕੁ ਵਿਦਿਆਰਥੀ ਸਨ, ਜਿਨ੍ਹਾਂ ਵਿਚੋਂ ਅੱਠ ਅਖੌਤੀ ਨੀਵੀਆ ਜਾਤਾਂ ਦੇ ਸਨ। ਸ਼ਾਸਤਰੀ ਜੀ ਦੇ ਮੱਥੇ ਦੀਆਂ ਤਿਉੜੀਆਂ ਸ਼ਾਇਦ ਕਹਿ ਰਹੀਆਂ ਸਨ ਕਿ ਉਹ ਸਾਨੂੰ ਸੰਸਕ੍ਰਿਤ ਪੜ੍ਹਾ ਕੇ ਖੁਸ਼ ਨਹੀਂ ਸਨ। ਉਹ ਸਾਡੇ ’ਤੇ ਖਿਝਦੇ ਹੀ ਰਹਿੰਦੇ। ਅਸੀਂ ਸਮਝਦੇ ਸੀ ਕਿ ਸਾਨੂੰ ਸੰਸਕ੍ਰਿਤ ਚੰਗੀ ਤਰ੍ਹਾਂ ਨੀ ਆਉਂਦੀ, ਇਸ ਲਈ ਡਾਂਟਦੇ ਰਹਿੰਦੇ ਨੇ। ਉਸ ਵਕਤ ਮੈਨੂੰ ਕੀ ਪਤਾ ਸੀ ਕਿ ਮੈਂ ਦੇਵ ਭਾਸ਼ਾ ਪੜ੍ਹ ਰਿਹਾ ਹਸਾਂ, ਜਿਸ ਦਾ ਅਹਿਸਾਸ ਉਸ ਵਕਤ ਹੋਇਆ ਜਦ ਖੁਦ ਪ੍ਰਾਚੀਨ ਗ੍ਰੰਥ ਘੋਖਣੇ ਸੁਰੂ ਕੀਤੇ ਤਾਂ ਕਿ ਆਪਣੇ ਪਾਪਾਂ-ਪੁੰਨਾਂ ਦਾ ਹਿਸਾਬ ਕਿਤਾਬ ਲਾ ਸਕਾਂ। ਇਹ ਪ੍ਰਾਚੀਨ ਸਾਹਿਤ ਪੜ੍ਹ ਕੇ ਗਿਆਨ ਹੋਇਆ ਕਿ ਪੁਰਾਤਨ ਕਾਲ ਵਿੱਚ ਜਾਤੀਵਾਦੀ ਕਾਨੂੰਨ ਘਾੜਿਆਂ ਨੇ ਅਜਿਹੇ ਕਾਨੂੰਨ ਬਣਾਏ ਜਿਨ੍ਹਾਂ ਦਾ ਨਿਚੋੜ ਇਹ ਨਿਕਲਦਾ ਸੀ ਕਿ ਨੀਵੀਆਂ ਜਾਤਾਂ ਨੂੰ ਸਿੱਖਿਆ ਦੇਣਾ ਪਾਪ ਸੀ ਅਤੇ ਗੁੱਥੀ ਸੁਲਝ ਗਈ ਕਿ ਸ਼ਾਸਤਰੀ ਜੀ ਦੀਆਂ ਤਿਉੜੀਆਂ ਵੀ ਪਾਪ-ਪੁੰਨ ਦੀ ਕਹਾਣੀ ਹੀ ਕਹਿ ਰਹੀਆਂ ਸਨ। ਉਹ ਸ਼ਾਸਤਰਾਂ ਦੇ ਗਿਆਤਾ ਹੋਣ ਕਰਕੇ ਮਨ ਹੀ ਮਨ ਜ਼ਰੂਰ ਸੋਚ ਰਹੇ ਹੁੰਦੇ ਹੋਣਗੇ ਕਿ ਉਹ ਪਾਪ ਦੇ ਭਾਗੀ ਹੋ ਰਹੇ ਹਨ। ਮੈਂ ਸੋਚਦਾ ਹਾਂ ਕਿ ਜਿਨ੍ਹਾਂ ਸਮਿਆਂ ਵਿੱਚ ਆਮ ਲੋਕ ਦੇਵ-ਭਾਸ਼ਾ ਪੜ੍ਹਨ ਤੋਂ ਭੱਜ ਰਹੇ ਸਨ, ਅਸੀਂ ਇਸ ਨੂੰ ਪੜ੍ਹ ਕੇ ਬਹੁਤ ਪੁੰਨ ਕਮਾ ਗਏ ਸੀ। ਪੁੰਨ ਦਾ ਮੇਰਾ ਖਾਤਾ ਭਾਰਾ ਹੁੰਦਾ ਦੇਖ ਕੇ ਚੰਗਾ ਚੰਗਾ ਲੱਗਣ ਲੱਗਿਆ ਤੇ ਉਹ ਛੇਵੀਂ ਦੀ ਡਾਂਟ ਵੀ ਕੰਮ ਆਉਂਦੀ ਲੱਗੀ।
ਸੋਚ ਦੇ ਘੋੜੇ ਦੌੜੀਂ ਜਾ ਰਹੇ ਨੇ। ਇੱਕ ਘੋੜੇ ਦਾ ਖੁਰ ਉਹ ਤੋਹਫ਼ੇ ਵੀ ਖਿਲਾਰ ਜਾਂਦਾ ਹੈ ਜਿਹੜੇ ਸਰਵਿਸ ਦੌਰਾਨ ਤਿੱਥ ਤਿਉਹਾਰਾਂ ਮੌਕੇ ਆਉਂਦੇ ਰਹਿੰਦੇ। ਕਹਿੰਦਾ ਇਨ੍ਹਾਂ ’ਤੇ ਵੀ ਨਜ਼ਰ ਮਾਰ ਕੇ ਦੇਖ ਲੈ ਕਿਹੜੀ ਮੋਹਰ ਲੱਗੀ ਹੁੰਦੀ ਸੀ- ਪਾਪ ਦੀ ਜਾਂ ਪੁੰਨ ਦੀ ਕਮਾਈ? ਥੋੜ੍ਹਾ ਰੁਕ ਕੇ ਸੋਚਿਆ ਕਿ ਨੌਕਰੀ ਕਰਨਾ ਤੇ ਇਸ ਦੌਰਾਨ ਤੋਹਫ਼ੇ ਆਉਣੇ, ਨ੍ਰਤਕੀ ਦਾ ਰਾਜੇ ਦਾ ਮਨੋਰੰਜਨ ਕਰ ਕੇ ਪੇਟ ਪਾਲਣਾ, ਮਹਾਤਮਾ ਦਾ ਧਾਰਮਿਕ ਸਿੱਖਿਆ ਦੇ ਕੇ ਗੁਜ਼ਾਰਾ ਕਰਨਾ, ਸ਼ਾਸਤਰੀ ਜੀ ਦਾ ਸਿੱਖਿਆ ਦੇ ਕੇ ਰੋਟੀ ਕਮਾਉਣਾ ਆਦਿ ਸਭ ਕੰਮ-ਕਾਰ ਨੇ, ਪਰ ਦੁਬਿਧਾ ਖਹਿੜਾ ਹੀ ਨਹੀਂ ਛੱਡ ਰਹੀ ਕਿ ਕਿਹੜਾ ਕੰਮ ਪੁੰਨ ਐ ਤੇ ਕਿਹੜਾ ਪਾਪ। ਅਚਾਨਕ ਪੱਛਮੀ ਸੱਭਿਅਤਾ ਦਾ ਕਵੀ ਅਤੇ ਡਰਾਮਾ ਲੇਖਕ, ਜਿਹੜਾ ਵਿਲੀਅਮ ਸ਼ੇਕਸਪੀਅਰ ਕਰ ਕੇ ਜਾਣਿਆ ਜਾਂਦਾ ਹੈ, ਹੁੱਜ ਮਾਰ ਕੇ ਕਹਿੰਦਾ: ਕਮਲਿਆ ! ਕਿਉਂ ਐਵੇਂ ਚੱਕਰਾਂ ’ਚ ਪਿਐਂ, ਛੱਡ ਪਰੇ ਇਨ੍ਹਾਂ ਫਲਸਫਿਆਂ ਨੂੰ ਸਭ ਕੰਮ-ਕਾਰ ਰੋਜ਼ੀ-ਰੋਟੀ ਦੇ ਵਸੀਲੇ ਨੇ, ਇਹ ਪਾਪ ਕੀ ਐ ਤੇ ਪੁੰਨ ਕੀ ਐ, ਇਹ ਤੇਰੀ ਸੋਚ ਨੇ ਹੀ ਤੈਅ ਕਰਨਾ ਹੈ।
*ਆਈਆਰਐਸ (ਰਿਟਾ.)
ਸੰਪਰਕ: 98888-28406