ਯੋਗ ਅਗਵਾਈ
ਗੱਲ 1974 ਦੀ ਹੈ ਜਦੋਂ ਮੈਂ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਮੇਰੇ ਦੋਸਤ ਕੋਲ ਪੰਜਾਬੀ ਦੋਗਾਣਿਆਂ ਵਾਲੀ ਇੱਕ ਪੁਸਤਕ ਸੀ। ਸਕੂਲ ਦੇ ਵੱਡੀਆਂ ਕਲਾਸਾਂ ਦੇ ਕੁਝ ਬੱਚੇ ਉਸ ਕੋਲੋਂ ਉਹ ਪੁਸਤਕ ਖੋਹ ਲੈਣਾ ਚਾਹੁੰਦੇ ਸਨ। ਮੇਰੇ ਦੋਸਤ ਨੇ ਮੈਨੂੰ ਆਪਣੀ...
ਗੱਲ 1974 ਦੀ ਹੈ ਜਦੋਂ ਮੈਂ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਮੇਰੇ ਦੋਸਤ ਕੋਲ ਪੰਜਾਬੀ ਦੋਗਾਣਿਆਂ ਵਾਲੀ ਇੱਕ ਪੁਸਤਕ ਸੀ। ਸਕੂਲ ਦੇ ਵੱਡੀਆਂ ਕਲਾਸਾਂ ਦੇ ਕੁਝ ਬੱਚੇ ਉਸ ਕੋਲੋਂ ਉਹ ਪੁਸਤਕ ਖੋਹ ਲੈਣਾ ਚਾਹੁੰਦੇ ਸਨ। ਮੇਰੇ ਦੋਸਤ ਨੇ ਮੈਨੂੰ ਆਪਣੀ ਪਰੇਸ਼ਾਨੀ ਦਾ ਕਾਰਨ ਦੱਸਿਆ। ਮੇਰੀ ਸਲਾਹ ਅਨੁਸਾਰ ਉਸ ਨੇ ਉਹ ਪੁਸਤਕ ਮੇਰੇ ਬੈਗ ਵਿੱਚ ਪਾ ਦਿੱਤੀ ਅਤੇ ਅਸੀਂ ਬੇ-ਫਿਕਰ ਹੋ ਗਏ। ਸਬੱਬ ਨਾਲ ਉਸੇ ਦਿਨ ਸੱਤਵੀਂ ਕਲਾਸ ਦੇ ਇੱਕ ਵਿਦਿਆਰਥੀ ਦਾ ਪੈੱਨ ਚੋਰੀ ਹੋ ਗਿਆ। ਸਾਡੇ ਸਕੂਲ ਦੇ ਇੱਕ ਅਧਿਆਪਕ ਦੇ ਕਹਿਣ ਅਨੁਸਾਰ ਸਾਡੀ ਕਲਾਸ ਦੇ ਬੈਗਾਂ ਦੀ ਤਲਾਸ਼ੀ ਲਈ ਗਈ। ਪੈੱਨ ਤਾਂ ਕਿਤੋਂ ਨਾ ਮਿਲਿਆ ਪਰ ਮੇਰੇ ਬੈਗ ਵਿੱਚੋਂ ਉਹ ਦੋਗਾਣਿਆਂ ਵਾਲੀ ਕਿਤਾਬ ਮਿਲ ਗਈ। ਮੈਂ ਤਾਂ ਫਸਿਆ ਹੀ ਸੀ ਨਾਲ ਡਰਦੇ ਮਾਰੇ ਨੇ ਮੈਂ ਆਪਣੇ ਦੋਸਤ ਨੂੰ ਵੀ ਫਸਾ ਦਿੱਤਾ। ਪਹਿਲਾਂ ਤਾਂ ਉਸ ਅਧਿਆਪਕ ਨੇ ਸਾਡੀ ਪਰੇਡ ਕੀਤੀ, ਫਿਰ ਸਾਨੂੰ ਕੰਨ ਫੜਾ ਕੇ ਦਫਤਰ ਵਿੱਚ ਹੈੱਡ ਮਾਸਟਰ ਸਾਬ੍ਹ ਕੋਲ ਲੈ ਗਏ। ਸਾਨੂੰ ਦੋਹਾਂ ਨੂੰ ਚਪੇੜਾਂ ਮਾਰ-ਮਾਰ ਕੇ ਹੈੱਡ ਮਾਸਟਰ ਸਾਬ੍ਹ ਨੇ ਜੋ ਸਾਨੂੰ ਸੇਵੀਆਂ ਦਾ ਪ੍ਰਸ਼ਾਦ ਛਕਾਇਆ ਉਹ ਮੈਨੂੰ ਅਜੇ ਤੱਕ ਨਹੀਂ ਭੁੱਲਿਆ।
ਮੈਂ 33 ਸਾਲ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਰਿਹਾ ਹਾਂ। ਜਦ ਵੀ ਮੈਨੂੰ ਕਦੇ ਉਪਰੋਕਤ ਘਟਨਾ ਚੇਤੇ ਆ ਜਾਂਦੀ ਤਾਂ ਮੈਂ ਅਕਸਰ ਮਨੋਵਿਗਿਆਨਕ ਪੱਖ ਤੋਂ ਸੋਚਿਆ ਕਰਦਾ ਸਾਂ ਕਿ ਅਜਿਹੇ ਮੌਕੇ ਬੱਚਿਆਂ ਨੂੰ ਸਜ਼ਾ ਦੇਣ ਦੀ ਬਜਾਏ, ਜੇਕਰ ਉਨ੍ਹਾਂ ਦੀ ਰੁਚੀ ਨੂੰ ਪ੍ਰੇਰਿਤ ਕਰ ਕੇ ਉਸਾਰੂ ਪੱਖ ਵੱਲ ਮੋੜਿਆ ਜਾਵੇ ਤਾਂ ਇਸ ਦੇ ਹੋਰ ਵੀ ਸਾਰਥਕ ਨਤੀਜੇ ਨਿਕਲ ਸਕਦੇ ਹਨ। ਸਾਡੀ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਲਾਇਬਰੇਰੀ ਵੱਲ ਮੋੜਿਆ ਜਾ ਸਕਦਾ ਸੀ। ਲੇਖ ਰਚਨਾ ਦੀ ਸਿੱਖਿਆ ਦਿੰਦੇ ਸਮੇਂ ਮੈਂ ਅਕਸਰ ਵਿਦਿਆਰਥੀਆਂ ਨੂੰ ਇਹ ਪ੍ਰੇਰਣਾ ਦਿੰਦਾ ਸੀ ਕਿ ਕਿਤੋਂ ਨਕਲ ਕਰ ਕੇ ਲਿਖ ਲੈਣ ਨਾਲ ਲੇਖ ਰਚਨਾ ਦਾ ਮਕਸਦ ਹੱਲ ਨਹੀਂ ਹੋ ਜਾਂਦਾ, ਹਰ ਇੱਕ ਲੇਖ ਰਚਨਾ ਵਿੱਚ ਤੁਹਾਡਾ ਆਪਣਾ ਵੀ ਕੁਝ ਯੋਗਦਾਨ ਹੋਣਾ ਚਾਹੀਦਾ ਹੈ।
ਲੇਖ ਰਚਨਾ ਦੇ ਵਿਸ਼ੇ ਬਾਰੇ ਜੋ ਵੀ ਤੁਹਾਡੇ ਕੋਲ ਜਾਣਕਾਰੀ ਹੈ, ਇਹ ਤੁਹਾਡੀ ਨਿੱਜੀ ਰਾਇ ਵੀ ਹੋ ਸਕਦੀ ਹੈ, ਉਸ ਨੂੰ ਵੀ ਇਸ ਵਿੱਚ ਜ਼ਰੂਰ ਸ਼ਾਮਿਲ ਕਰੋ। ਸਾਲ 2004 ’ਚ ਮੈਂ ਸੱਤਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦਾ ਪੰਜਾਬੀ ਵਿਸ਼ੇ ਦਾ ਘਰ ਦਾ ਕੰਮ ਦੇਖ ਰਿਹਾ ਸਾਂ। ਅਧਿਆਪਕ ਵਿਸ਼ੇ ’ਤੇ ਲੇਖ ਲਿਖਦੇ ਹੋਏ ਇੱਕ ਵਿਦਿਆਰਥਣ ਨੇ ਲਿਖਿਆ ਸੀ, ‘ਮੇਰੇ ਅਧਿਆਪਕ ਜੀ ਮੁਕਤਸਰ ਤੋਂ ਮੋਟਰਸਾਈਕਲ ’ਤੇ ਆਉਂਦੇ ਹਨ। ਉਹ ਜਲਦੀ ਘਰੇ ਚਲੇ ਜਾਂਦੇ ਹਨ ਕਿਉਂਕਿ ਉਹ ਆਪਣੀ ਪਤਨੀ ਤੋਂ ਬਹੁਤ ਡਰਦੇ ਹਨ। ਉਨ੍ਹਾਂ ਦੀ ਪਤਨੀ ਕਹਿੰਦੀ ਹੈ ਕਿ ਜੇਕਰ ਤੁਸੀਂ ਜਲਦੀ ਨਹੀਂ ਆਓਗੋ ਤਾਂ ਮੈਂ ਪੇਕੇ ਚਲੀ ਜਾਵਾਂਗੀ..!’ ਇਹ ਲਾਈਨਾਂ ਪੜ੍ਹਦੇ-ਪੜ੍ਹਦੇ ਮੈਨੂੰ ਆਪਣੀ ਛੇਵੀਂ ਜਮਾਤ ਵਾਲੀ ਪੁਸਤਕ ਵਾਲੀ ਘਟਨਾ ਚੇਤੇ ਆਈ। ਹੁਣ ਇਹ ਸਮਾਂ ਵਿਦਿਆਰਥਣ ਨੂੰ ਝਿੜਕਾਂ ਦੇਣ ਦੀ ਬਜਾਏ ਸਹੀ ਸੇਧ ਦੇਣ ਦਾ ਸੀ। ਮੈਂ ਜਮਾਤ ਵਿੱਚ ਬਾਕੀ ਵਿਦਿਆਰਥੀਆਂ ਨੂੰ ਵੀ ਇਹ ਲਾਈਨਾਂ ਪੜ੍ਹ ਕੇ ਸੁਣਾਈਆਂ। ਵਿਦਿਆਰਥਣ ਦੀ ਲਿਖਤ, ਸੁੰਦਰ ਲਿਖਾਈ ਅਤੇ ਸ਼ਬਦ ਜੋੜ ਦੀ ਕੋਈ ਗ਼ਲਤੀ ਨਾ ਹੋਣ ਸਬੰਧੀ ਤਾਰੀਫ਼ ਕੀਤੀ। ਅੱਗੇ ਤੋਂ ਕੋਸ਼ਿਸ਼ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਅਧਿਆਪਕ ਦੇ ਕਾਰਜਕਾਲ ਵਿੱਚ ਅਜਿਹੇ ਕਈ ਮੌਕੇ ਆਉਂਦੇ ਹਨ ਜਦੋਂ ਸਾਰਥਕ ਹੱਲ ਲੱਭਣ ਦੀ ਲੋੜ ਹੁੰਦੀ ਹੈ। ਨਤੀਜੇ ਵਜੋਂ ਉਹ ਵਿਦਿਆਰਥਣ ਮੈਟ੍ਰਿਕ ਪ੍ਰੀਖਿਆ ਸਮੇਂ ਪੰਜਾਬੀ ਵਿਸ਼ੇ ਵਿੱਚੋਂ 137/150 ਅੰਕ ਪ੍ਰਾਪਤ ਕਰਕੇ ਪਾਸ ਹੋਈ। ਮੈਨੂੰ ਇੱਕ ਵਾਰ ਨੇੜੇ ਦੇ ਕਾਲਜ ਵਿੱਚ ਜਾਣ ਦਾ ਮੌਕਾ ਮਿਲਿਆ, ਕਾਲਜ ਦੇ ਸਾਲਾਨਾ ਸਮਾਗਮ ਵਿੱਚ ਉਹੀ ਵਿਦਿਆਰਥਣ ਬਤੌਰ ਸਟੇਜ ਸਕੱਤਰ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਹੀ ਸੀ। ਇਸੇ ਤਰ੍ਹਾਂ ਅਧਿਆਪਕ ਜੇਕਰ ਵਿਦਿਆਰਥੀਆਂ ਦਾ ਉਤਸ਼ਾਹ ਬਣਾਈ ਰੱਖਦਾ ਹੈ ਤਾਂ ਇਸ ਦੇ ਹੈਰਾਨੀਜਨਕ ਸਾਰਥਕ ਨਤੀਜੇ ਨਿਕਲਣੇ ਲਾਜ਼ਮੀ ਹਨ।
ਸੰਪਰਕ: 62830-72611

