ਪ੍ਰੋ. ਸ਼ੀਲਾ ਭੱਲਾ ਨੂੰ ਯਾਦ ਕਰਦਿਆਂ

ਪ੍ਰੋ. ਸ਼ੀਲਾ ਭੱਲਾ ਨੂੰ ਯਾਦ ਕਰਦਿਆਂ

ਪ੍ਰੋ. ਪ੍ਰੀਤਮ ਸਿੰਘ

ਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੀ ਪ੍ਰੋਫੈਸਰ ਐਮੇਰਿਟਸ ਅਤੇ ਕੌਮਾਂਤਰੀ ਮਾਨਤਾ ਵਾਲੀ ਖੇਤੀ ਅਰਥਸ਼ਾਸਤਰੀ ਪ੍ਰੋ. ਸ਼ੀਲਾ ਭੱਲਾ (1933-2021) ਦਾ ਬੀਤੀ 5 ਸਤੰਬਰ ਨੂੰ ਦੇਹਾਂਤ ਹੋ ਗਿਆ। ਹਰਿਆਣਾ ਦੀ ਖੇਤੀ ’ਤੇ ਉਨ੍ਹਾਂ ਦੀ ਖ਼ਾਸ ਮੁਹਾਰਤ ਸੀ। ਉਹ ਅਤੇ ਉਨ੍ਹਾਂ ਦੇ ਪਤੀ ਪ੍ਰੋ. ਜੀਐੱਸ ਭੱਲਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅਰਥਸ਼ਾਸਤਰ ਵਿਭਾਗ ਵਿਚ ਮੇਰੇ ਅਧਿਆਪਕ ਸਨ ਅਤੇ ਅਜਿਹੇ ਕੁਝ ਕੁ ਅਧਿਆਪਕਾਂ ਵਿਚ ਸ਼ੁਮਾਰ ਸਨ ਜਿਨ੍ਹਾਂ ਨਾਲ ਤੁਹਾਡਾ ਸਾਰੀ ਉਮਰ ਰਾਬਤਾ ਰਹਿੰਦਾ ਹੈ। ਪ੍ਰੋ. ਜੀਐੱਸ ਭੱਲਾ 2013 ਵਿਚ ਵਿਛੋੜਾ ਦੇ ਗਏ ਸਨ। ਪ੍ਰੋ. ਸ਼ੀਲਾ ਦੀ ਗੁਰਦਰਸ਼ਨ ਸਿੰਘ ਭੱਲਾ (ਜੀਐੱਸ ਭੱਲਾ) ਨਾਲ ਮੁਲਾਕਾਤ ਉਦੋਂ ਹੋਈ ਜਦੋਂ ਉਹ ਦੋਵੇਂ ਲੰਡਨ ਸਕੂਲ ਆਫ਼ ਇਕਨਾਮਿਕਸ ਵਿਚ ਪੜ੍ਹਦੇ ਸਨ। ਦੋਵੇਂ ਅਰਥਸ਼ਾਸਤਰਾਂ ਅਤੇ ਸਮਾਜਾਂ ਦੇ ਮੁੜ-ਗਠਨ ਦੇ ਸਮਾਜਵਾਦੀ ਨਜ਼ਰੀਏ ਤੋਂ ਪ੍ਰਭਾਵਿਤ ਸਨ। ਸ਼ੀਲਾ ਦਾ ਸਮਾਜਵਾਦੀ ਝੁਕਾਅ ਉਨ੍ਹਾਂ ਦੇ ਕੈਨੇਡੀਅਨ ਕਮਿਊਨਿਸਟ ਪਿਤਾ ਕਾਰਨ ਸੀ।

ਇਹੋ ਸਾਂਝਾ ਬੌਧਿਕ ਤੇ ਸਮਾਜਿਕ ਨਜ਼ਰੀਆ ਉਨ੍ਹਾਂ ਨੂੰ ਨੇੜੇ ਲੈ ਆਇਆ ਅਤੇ ਉਨ੍ਹਾਂ ਵਿਆਹ ਕਰਵਾ ਕੇ ਭਾਰਤ ਵੱਸਣ ਦਾ ਫ਼ੈਸਲਾ ਕੀਤਾ। ਪ੍ਰੋ. ਜੀਐੱਸ ਭੱਲਾ ਪੰਜਾਬ ਦੇ ਮੋਗਾ ਨੇੜਲੇ ਪਿੰਡ ਬੱਧਨੀ ਕਲਾਂ ਤੋਂ ਸਨ। ਆਪਣੇ ਨਵੇਂ ਪੰਜਾਬੀ ਪਰਿਵਾਰ ਨਾਲ ਸਹੀ ਢੰਗ ਨਾਲ ਘੁਲਣ-ਮਿਲਣ ਲਈ ਸ਼ੀਲਾ ਨੇ ਪੰਜਾਬ ਨੂੰ ਸਮਝਣ ਵਿਚ ਸ਼ਾਨਦਾਰ ਮੁਹਾਰਤ ਹਾਸਲ ਕੀਤੀ ਤੇ ਕੰਮ-ਚਲਾਊ ਪੰਜਾਬੀ ਬੋਲਣੀ ਵੀ ਸਿੱਖ ਲਈ। ਸ਼ੀਲਾ ਨੇ ਚੰਡੀਗੜ੍ਹ ਤੇ ਦਿੱਲੀ ਵਿਚ ਆਪਣੇ ਅਕਾਦਮਿਕ ਕਰੀਅਰ ਦੌਰਾਨ ਕਾਫ਼ੀ ਸਮਾਂ ਪ੍ਰੋ. ਜੀਐੱਸ ਭੱਲਾ ਦੀ ਬਜ਼ੁਰਗ ਮਾਤਾ ਦੀ ਦੇਖਭਾਲ ਵੀ ਕੀਤੀ ਜੋ ਪੰਜਾਬੀ ਹੀ ਬੋਲ ਤੇ ਸਮਝ ਸਕਦੀ ਸੀ।

ਪ੍ਰੋ. ਭੱਲਾ ਜੋੜੇ ਨੇ ਆਪਣੀ ਸਾਰੀ ਜਿ਼ੰਦਗੀ ਭਾਰਤ ਵਿਚ ਕਿਰਤੀਆਂ ਤੇ ਕਿਸਾਨਾਂ ਦੇ ਅੰਦੋਲਨਾਂ ਅਤੇ ਜਮਹੂਰੀ ਹੱਕਾਂ ਸਬੰਧੀ ਸੰਘਰਸ਼ਾਂ ਦੀ ਵੱਖ ਵੱਖ ਤਰੀਕਿਆਂ ਨਾਲ ਹਮਾਇਤ ਵਿਚ ਆਪਣੇ ਅਕਾਦਮਿਕ ਕਰੀਅਰ ਦਾ ਤਾਲਮੇਲ ਬਿਠਾ ਕੇ ਕੰਮ ਕਰਦਿਆਂ ਬਿਤਾਈ। ਮੈਨੂੰ ਉਨ੍ਹਾਂ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਚੇਤੇ ਆ ਰਹੀਆਂ ਹਨ ਪਰ ਇਥੇ ਮੈਂ ਅਜਿਹੀ ਇੱਕ ਘਟਨਾ ਦਾ ਹੀ ਜਿ਼ਕਰ ਕਰਾਂਗਾ। ਉਨ੍ਹਾਂ ਜਦੋਂ 1969 ’ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਰਥਸ਼ਾਸਤਰ ਵਿਭਾਗ ਵਿਚ ਜੁਆਇਨ ਕੀਤਾ ਤਾਂ ਮੈਂ ਆਪਣੀ ਅੰਡਰ-ਗਰੈਜੂਏਟ ਪੜ੍ਹਾਈ ਦੇ ਦੂਜੇ ਸਾਲ ਵਿਚ ਦਾਖ਼ਲ ਹੋਇਆ ਹੀ ਸਾਂ। ਦੋ ਸਤੰਬਰ, 1969 ਨੂੰ ਵੀਅਤਨਾਮ ਦੇ ਮਹਾਨ ਆਗੂ ਹੋ ਚੀ ਮਿੰਨ੍ਹ ਦਾ ਦੇਹਾਂਤ ਹੋ ਗਿਆ ਅਤੇ ਅਸੀਂ ਇਸ ਇਨਕਲਾਬੀ ਨੂੰ ਸ਼ਰਧਾਂਜਲੀ ਦੇਣ ਲਈ ਯੂਨੀਵਰਸਿਟੀ ਵਿਚ ਇਕੱਤਰਤਾ ਕਰਨ ਦਾ ਫ਼ੈਸਲਾ ਕੀਤਾ। ਇਸ ਇਕੱਤਰਤਾ ਵਿਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਪਰ ਪੂਰੀ ਯੂਨੀਵਰਸਿਟੀ ਦੇ ਅਧਿਆਪਨ ਵਰਗ ਵਿਚੋਂ ਪ੍ਰੋ. ਭੱਲਾ ਜੋੜਾ ਹੀ ਆਇਆ। ਇਹ ਸਾਡੇ ਹੌਸਲੇ ਵਧਾਉਣ ਅਤੇ ਉਮਰ ਭਰ ਦੀ ਸਾਂਝ ਪਾਉਣ ਵਾਲੀ ਵੱਡੀ ਗੱਲ ਸੀ। ਫਿਰ ਮੈਂ ਐੱਮਫਿਲ ਤੇ ਪੀਐੱਚਡੀ ਦੀ ਪੜ੍ਹਾਈ ਲਈ ਜੇਐੱਨਯੂ ਵਿਚ ਦਾਖ਼ਲਾ ਲੈ ਲਿਆ ਤੇ ਕੁਝ ਸਾਲਾਂ ਬਾਅਦ ਉਹ ਵੀ ਜੇਐੱਨਯੂ ਵਿਚ ਅਧਿਆਪਨ ਕਾਰਜ ਲਈ ਆ ਗਏ।

ਪੰਜਾਬ ਯੂਨੀਵਰਸਿਟੀ ਵਿਚ ਅਧਿਆਪਨ ਕੰਮ ਦੌਰਾਨ ਪ੍ਰੋ. ਭੱਲਾ ਜੋੜੇ ਨੂੰ ਆਪਣੇ ਖੋਜ ਕਰੀਅਰ ਵਿਚ ਅਹਿਮ ਸਫਲਤਾ ਉਦੋਂ ਹਾਸਲ ਕੀਤੀ ਜਦੋਂ ਹਰਿਆਣਾ ਸਰਕਾਰ ਨੇ ਸੂਬੇ ਵਿਚ ਹਰੇ ਇਨਕਲਾਬ ਦੇ ਵਿਕਾਸ ਦੇ ਅਧਿਐਨ ਲਈ ਖੋਜ ਪ੍ਰਾਜੈਕਟ ਦਾ ਜਿ਼ੰਮਾ ਉਨ੍ਹਾਂ ਨੂੰ ਸੌਂਪਿਆ। ਇਸ ਅਧਿਐਨ ਦੇ ਸਿੱਟੇ ਵਜੋਂ 1974 ਵਿਚ ਉਨ੍ਹਾਂ ਦੀ ਪਹਿਲੀ ਅਹਿਮ ਖੋਜ ਪ੍ਰਕਾਸ਼ਨਾ ‘ਚੇਂਜਿੰਗ ਐਗਰੇਰੀਅਨ ਸਟਰਕਚਰ ਇਨ ਇੰਡੀਆ: ਏ ਸਟਡੀ ਆਫ਼ ਦਿ ਇੰਪੈਕਟ ਆਫ਼ ਗਰੀਨ ਰੈਵੋਲਿਊਸ਼ਨ ਇਨ ਹਰਿਆਣਾ’ ਸਾਹਮਣੇ ਆਈ। ਇਸ ਅਧਿਐਨ ਦੀ ਅਹਿਮ ਲੱਭਤ ਸੀ ਖੇਤ ਦੇ ਆਕਾਰ ਅਤੇ ਉਪਜ ਵਿਚਲਾ ਉਲਟਾ ਰਿਸ਼ਤਾ, ਭਾਵ ਜਦੋਂ ਖੇਤ ਦਾ ਆਕਾਰ ਵਧਾਇਆ ਜਾਂਦਾ ਤਾਂ ਖੇਤ ਦੀ ਉਪਜ ਘਟ ਜਾਂਦੀ। ਇਸ ਅਧਿਐਨ ਦੀ ਇਹ ਪ੍ਰਸੰਗਿਕਤਾ ਕਿ ਛੋਟੇ ਕਿਸਾਨ ਜਿ਼ਆਦਾ ਪੈਦਾਵਾਰ ਕਰਦੇ ਹਨ, ਅਜੋਕੇ ਹਾਲਾਤ ਤੇ ਮੁਲਕ ਵਿਚ ਜਾਰੀ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਵੱਧ ਅਹਿਮ ਹੈ, ਕਿਉਂਕਿ ਇਹ ਅੰਦੋਲਨ ਵੱਡੇ ਖੇਤੀ-ਕਾਰੋਬਾਰੀ ਕਾਰਪੋਰੇਟਾਂ ਦੇ ਹਮਲੇ ਖਿ਼ਲਾਫ਼ ਛੋਟੇ ਤੇ ਹਾਸ਼ੀਆਗਤ ਕਿਸਾਨਾਂ ਦੀ ਹਿਫ਼ਾਜ਼ਤ ਵਾਸਤੇ ਹੀ ਹੈ। ਇਸ ਤੋਂ ਬਾਅਦ, ਖ਼ਾਸਕਰ ਉਨ੍ਹਾਂ ਦੇ ਜੇਐੱਨਯੂ ਜਾਣ ਪਿੱਛੋਂ ਉਨ੍ਹਾਂ ਦੇ ਬੌਧਿਕ ਕਾਰਜ ਵਿਚ ਅਲਹਿਦਗੀ ਦਿਖਾਈ ਦਿੰਦੀ ਹੈ, ਜਦੋਂ ਇਕ ਪਾਸੇ ਪ੍ਰੋ. ਸ਼ੀਲਾ ਭੱਲਾ ਨੇ ਹਰਿਆਣਾ ਅਤੇ ਭਾਰਤ ਦੇ ਹੋਰ ਖਿੱਤਿਆਂ ਜਿਵੇਂ ਆਂਧਰਾ ਪ੍ਰਦੇਸ਼ ਦੇ ਮਾਮਲਿਆਂ ਵਿਚ ਮੁਹਾਰਤ ਬਣਾ ਲਈ ਤੇ ਪ੍ਰੋ. ਜੀਐੱਸ ਭੱਲਾ ਦੀ ਮੁਹਾਰਤ ਪੰਜਾਬ ਤੇ ਭਾਰਤ ਦੇ ਹੋਰ ਖਿੱਤਿਆਂ ਜਿਵੇਂ ਗੁਜਰਾਤ ’ਚ ਬਣ ਗਈ। ਸ਼ੀਲਾ ਨੇ ਹਰਿਆਣਾ ’ਚ ਖੇਤੀ ਸਬੰਧਾਂ ਦੇ ਅਧਿਐਨ ਦਾ ਮੁੱਢ ਬੰਨ੍ਹਿਆ।

ਉਨ੍ਹਾਂ ਦੇ ਦੇਹਾਂਤ ਉਤੇ ਆਲ ਇੰਡੀਆ ਕਿਸਾਨ ਸਭਾ (ਏਆਈਕੇਐੱਸ) ਨੇ ਸ਼ਰਧਾਂਜਲੀ ਭੇਟ ਕਰਦਿਆਂ ਪ੍ਰੋ. ਸ਼ੀਲਾ ਭੱਲਾ ਦੇ ਬੌਧਿਕ ਤੇ ਸਿਆਸੀ ਕਾਰਜ ਦੇ ਸੁਮੇਲ ਨੂੰ ਵਡਿਆਇਆ ਹੈ: “ਆਲ ਇੰਡੀਆ ਕਿਸਾਨ ਸਭਾ ਕਿਸਾਨਾਂ ਤੇ ਕਿਰਤੀਆਂ ਦੇ ਹਿੱਤਾਂ ਲਈ ਉਮਰ ਭਰ ਜੂਝਦੀ ਰਹੀ ਪ੍ਰੋ. ਸ਼ੀਲਾ ਭੱਲਾ ਦੇ ਚਲਾਣੇ ਉਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ। ਉਨ੍ਹਾਂ ਦਾ ਵਿਆਪਕ ਕਾਰਜ ਭਾਰਤੀ ਖੇਤੀ ਵਿਚ ਸਰਮਾਏਦਾਰਾਨਾ ਵਿਕਾਸ ਅਤੇ ਇਸ ਦੇ ਗ਼ਰੀਬਾਂ, ਖੇਤ ਮਜ਼ਦੂਰਾਂ, ਮੁਜਾਰਿਆਂ ਅਤੇ ਕਿਸਾਨੀ ਦੇ ਵੱਖ-ਵੱਖ ਤਬਕਿਆਂ ਦੀ ਮੰਦਹਾਲੀ ਉਤੇ ਅਸਰ ਨੂੰ ਸਮਝਣ ਵਿਚ ਮਦਦ ਕਰਦੀ ਹੈ। ਇਸ ਬਹੁਤ ਹੀ ਨਾਮੀ ਖੇਤੀ ਅਰਥਸ਼ਾਸਤਰੀ ਨੇ ਸੇਵਾਮੁਕਤੀ ਤੋਂ ਬਾਅਦ ਵੀ ਸਰਗਰਮ ਜੀਵਨ ਗੁਜ਼ਾਰਿਆ ਜੋ ਬਦਲਦੇ ਖੇਤੀ ਹਾਲਾਤ ਅਤੇ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੇ ਅਧਿਐਨ ਨੂੰ ਸਮਰਪਿਤ ਸੀ। ਉਹ ਏਆਈਕੇਐੱਸ ਤੋਂ ਚੰਗੀ ਤਰ੍ਹਾਂ ਵਾਕਫ਼ ਸਨ ਜੋ ਨਾ ਸਿਰਫ਼ ਸੈਮੀਨਾਰ ਤੇ ਕਾਨਫ਼ਰੰਸਾਂ ਵਿਚ ਹਾਜ਼ਰੀ ਭਰਦੇ ਸਗੋਂ ਆਪਣੇ ਵਡੇਰੀ ਉਮਰ ਦੇ ਬਾਵਜੂਦ ਅੰਦੋਲਨਾਂ ਵਿਚ ਵੀ ਹਿੱਸਾ ਲੈਂਦੇ। ਉਨ੍ਹਾਂ ਆਖ਼ਰੀ ਵਾਰ 2013 ਵਿਚ ਕੁੱਡਾਲੋਰ ਵਿਚ ਹੋਈ ਏਆਈਕੇਐੱਸ ਦੀ 33ਵੀਂ ਕੁੱਲ ਹਿੰਦ ਕਾਨਫਰੰਸ ਵਿਚ ਸ਼ਿਰਕਤ ਕੀਤੀ ਸੀ। ਉਹ ਬਾਕਾਇਦਗੀ ਨਾਲ ਏਆਈਕੇਐੱਸ ਸੈਂਟਰ ਆਉਂਦੇ ਅਤੇ ਪੇਂਡੂ ਭਾਰਤ ਸਬੰਧੀ ਆਪਣੇ ਅਧਿਐਨਾਂ ਤੇ ਲੱਭਤਾਂ ਬਾਰੇ ਲੰਮੇ ਵਿਚਾਰ-ਵਟਾਂਦਰੇ ਤੇ ਚਰਚਾਵਾਂ ਕਰਦੇ। ਉਹ ਏਆਈਕੇਐੱਸ ਦੇ ਦਸਤਾਵੇਜ਼ਾਂ ਨੂੰ ਵੀ ਗਹੁ ਨਾਲ ਵਾਚਦੇ ਅਤੇ ਦਰੁਸਤੀਆਂ ਤੇ ਤਬਦੀਲੀਆਂ ਸੁਝਾਉਂਦੇ। ਉਨ੍ਹਾਂ ਸਿੱਖਿਆ ਦੇ ਹੋ ਰਹੇ ਘਾਣ ਤੇ ਭਾਜਪਾ-ਆਰਐੱਸਐੱਸ ਦੇ ਜੇਐੱਨਯੂ, ਇਸ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਉਤੇ ਹਮਲਿਆਂ ਖਿ਼ਲਾਫ਼ ਸਖ਼ਤ ਰੁਖ਼ ਅਖ਼ਤਿਆਰ ਕੀਤਾ। ਉਨ੍ਹਾਂ ਵਿਦਿਆਰਥੀਆਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ।”

ਪ੍ਰੋ. ਸ਼ੀਲਾ ਭੱਲਾ ਦੇ ਪਰਿਵਾਰ ਵਿਚ ਧੀ ਸ਼ਰਨ ਰਸਤੋਗੀ, ਪੁੱਤਰ ਉਪਿੰਦਰ ਸਿੰਘ ਭੱਲਾ, ਰਵਿੰਦਰ ਸਿੰਘ ਭੱਲਾ (ਤਿੰਨੇ ਭੈਣ-ਭਰਾ ਆਪੋ-ਆਪਣੇ ਵਿਸ਼ਿਆਂ ਵਿਚ ਡਾਕਟਰੇਟ ਹਨ ਤੇ ਭਾਰਤ ਵਿਚ ਰਹਿ ਰਹੇ ਹਨ) ਅਤੇ ਯੋਗਿੰਦਰ ਸਿੰਘ ਭੱਲਾ (ਕੈਨੇਡਾ ਵਿਚ ਰਹਿ ਰਹੇ) ਅਤੇ ਅੱਠ ਪੋਤੇ-ਦੋਹਤੇ ਹਨ।

ਸੰਪਰਕ: +44-7922657957

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All