ਕਮਲਜੀਤ ਸਿੰਘ ਬਨਵੈਤ
ਪਿੰਡੋਂ ਸਰਪੰਚ ਦਾ ਫੋਨ ਹੈ, “ਲੈ ਬਈ, ਸੰਤਾਲੀ ਦੇ ਰੌਲਿਆਂ ਦੀ ਆਪਣੇ ਪਿੰਡ ਨਾਲ ਜੁੜੀ ਆਖ਼ਰੀ ਨਿਸ਼ਾਨੀ ਵੀ ਗਈ। ਕੈਦੀ ਕਰਤਾਰ ਸਿੰਘ ਦੇ ਕਾਰੀ ਨੂੰ ਵੀ ਤੋਰ ਆਏ ਆਂ।” ਰੌਲਿਆਂ ਵੇਲੇ ਇੱਧਰ ਰਹੇ ਬਾਕੀ ਦੇ ਸਾਰੇ ਬੰਦੇ ਇਕ ਇਕ ਕਰਕੇ ਚਲੇ ਗਏ ਸਨ।
ਕਰਤਾਰ ਸਿੰਘ ਦਾ ਕਾਰੀ ਰੌਲਿਆਂ ਦੀ ਆਖ਼ਰੀ ਨਿਸ਼ਾਨੀ ਤਾਂ ਹੈ ਹੀ ਸੀ, ਜੇ ਅਦਲਾ-ਬਦਲੀ ਦੌਰਾਨ ਉਸ ਦੇ ਇਧਰ ਰਹਿ ਜਾਣ ਦੀ ਗੱਲ ਚੇਤੇ ਕਰੀਏ ਤਾਂ ਕਦੇ ਕਦੇ ਤਾਂ ਆਪਣੇ ਪੁਰਖਿਆਂ ਦੇ ਮੂੰਹੋਂ ਸੁਣੀ ਗੱਲ ਦਾ ਯਕੀਨ ਨਹੀਂ ਆਉਂਦਾ। ਕਾਰੀ ਮੁਸਲਮਾਨ ਰੰਘੜ ਦਾ ਪੁੱਤਰ ਸੀ। ਜਦੋਂ ਰੌਲੇ ਪਏ ਤਾਂ ਸਭ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੈਸਾ ਧੇਲਾ ਤਾਂ ਛੱਡੋ, ਮਾਵਾਂ ਤੋਂ ਪੁੱਤ ਨਹੀਂ ਸੰਭਾਲੇ ਗਏ। ਇੱਜ਼ਤ ਲੁੱਟ ਹੋਣ ਤੋਂ ਡਰਦਿਆਂ ਕਈ ਮੁਟਿਆਰਾਂ ਨੇ ਜਾਨ ਦੇ ਦਿੱਤੀ। ਮਾਪਿਆਂ ਵੱਲੋਂ ਲੜਕੀਆਂ ਨੂੰ ਹੱਥੀਂ ਮਾਰਨ ਦੀ ਟਾਵੀਂ ਟਾਵੀਂ ਘਟਨਾ ਵੀ ਸੁਣੀ ਸੀ।
ਵਡੇਰੇ ਦੱਸਦੇ ਹਨ ਕਿ ਇੱਕ ਮੁਸਲਮਾਨ ਪਰਿਵਾਰ ਆਪਣੇ ਰਿਸ਼ਤੇਦਾਰਾਂ ਸਮੇਤ ਜਦੋਂ ਔੜ-ਉੜਾਪੜ ਛੱਡ ਕੇ ਪਾਕਿਸਤਾਨ ਭੱਜਣ ਲੱਗਾ ਤਾਂ ਪੁੱਤਰ ਕਾਰੀ ਉਹਨੂੰ ਭਾਰ ਲੱਗਾ। ਆਪਣੀਆਂ ਅੱਖਾਂ ਸਾਹਮਣੇ ਬੱਚੇ ਦੇ ਕਤਲ ਹੋਣ ਦੀ ਕਲਪਨਾ ਨਾਲ ਉਹ ਕੰਬ ਉੱਠਿਆ ਤੇ ਉਹਨੇ ਪਿੰਡ ਦੇ ਲਹਿੰਦੇ ਪਾਸੇ ਵਗਦੀ ਨਹਿਰ ਵਿਚ ਉਹਨੂੰ ਵਗਾਹ ਮਾਰਿਆ। ਪਾਣੀ ਨੇ ਉਸੇ ਰਫ਼ਤਾਰ ਨਾਲ ਕਾਰੀ ਮੋੜ ਦਿੱਤਾ। ਦੋ ਵਾਰ ਇੰਝ ਹੋਇਆ। ਤੀਜੀ ਵਾਰ ਪਾਣੀ ਨੇ ਨਹਿਰ ਵਿਚੋਂ ਚੁੱਕ ਕੇ ਬਾਹਰ ਮਾਰਿਆ ਤਾਂ ਮੁਸਲਮਾਨਾਂ ਨੂੰ ਪਿੰਡ ਦੀ ਹੱਦ ਪਾਰ ਕਰਾਉਣ ਜਾਂਦਾ ਕਰਤਾਰ ਸਿੰਘ ਉਹਨੂੰ ਚੁੱਕ ਲਿਆਇਆ। ਕਰਤਾਰ ਸਿੰਘ ਨੇ ਕਾਰੀ ਨੂੰ ਆਪਣੇ ਕੋਲ ਰੱਖ ਕੇ ਪੁੱਤਰਾਂ ਵਾਂਗ ਪਾਲਿ਼ਆ।
ਉਨ੍ਹੀਂ ਦਿਨੀਂ ਸਾਡੇ ਪਿੰਡਾਂ ਵਿਚ ਮੂਸੇ ਰੰਘੜ ਦਾ ਬੜਾ ਖ਼ੌਫ਼ ਸੀ। ਇੱਕ ਦਿਨ ਸ਼ਾਮ ਢਲੇ ਦੀ ਗੱਲ ਹੈ। ਪਿੰਡ ਦੇ ਖੱਬੇ ਪਾਸੇ ਪੈਂਦੇ ਮੰਡ ਵੱਲ ਦਰਿਆ ਨੇੜੇ ਲਾ ਲਾ ਲਾ ਲਾ ਹੋ ਗਈ। ਰੌਲੀ ਪੈ ਗਈ, ਬਈ ਕਰਤਾਰ ਸਿੰਘ ਨੇ ਤਲਵਾਰ ਨਾਲ ਮੂਸਾ ਰੰਘੜ ਵੱਢ ਦਿੱਤਾ ਹੈ। ਵਾਰਦਾਤ ਮਗਰੋਂ ਤੂਫ਼ਾਨ ਜਿਹਾ ਉੱਠ ਪਿਆ। ਕਰਤਾਰ ਸਿੰਘ ਮੂਸੇ ਦੀ ਘਰਵਾਲੀ ਨੂੰ ਨਾਲ ਲੈ ਕੇ ਪਹਿਲਾਂ ਤਾਂ ਉਰੇ ਪਰੇ ਰਿਹਾ; ਫਿਰ ਮਹੀਨਾ ਭਰ ਬਚਦਾ-ਬਚਾਉਂਦਾ ਆਪੇ ਥਾਣੇ ਜਾ ਪੇਸ਼ ਹੋਇਆ। ਉਹਨੇ ਮੂਸੇ ਦੀ ਘਰਵਾਲੀ ਕਮਲਾ ’ਤੇ ਚਾਦਰ ਪਾ ਲਈ। ਮੂਸੇ ਵਾਲੇ ਕੇਸ ਵਿਚ ਉਹਨੂੰ ਉਮਰ ਕੈਦ ਹੋ ਗਈ। ਉਂਜ, ਉਸ ਦੇ ਜੇਲ੍ਹ ਜਾਣ ਪਿੱਛੋਂ ਕਮਲਾ ਨੇ ਕਾਰੀ ਨੂੰ ਰੀਝ ਨਾਲ ਪਾਲਿ਼ਆ। ਕਰਤਾਰ ਸਿੰਘ ਦੇ ਕਾਰੇ ਦਾ ਉਹਦੇ ਉੱਤੇ ਪਰਛਾਵਾਂ ਨਾ ਪੈਣ ਦਿੱਤਾ। ਪਿੰਡ ਵਾਲਿਆਂ ਨੇ ਵੀ ਜਿਵੇਂ ਹੁਣ ਤਕ ਜੀਭ ਨੂੰ ਤਾਲਾ ਲਾਈ ਰੱਖਿਆ ਸੀ ਪਰ ਉਮਰ ਭਰ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹਦਾ ਨਾਂ ਕੈਦੀ ਕਰਤਾਰ ਸਿੰਘ ਪੈ ਗਿਆ ਸੀ। ਫਿਰ ਸੁਣਨ ਨੂੰ ਮਿਲਿਆ ਕਿ ਚੰਗੇ ਚਰਿੱਤਰ ਕਾਰਨ ਉਹਦੀ ਸਜ਼ਾ ਮੁਆਫ਼ ਹੋ ਗਈ।
ਕਰਤਾਰ ਸਿੰਘ ਨੇ ਜੇਲ੍ਹ ਵਿਚੋਂ ਆ ਕੇ ਬੰਜਰ ਪਈ ਜ਼ਮੀਨ ਆਬਾਦ ਕੀਤੀ। ਕਾਰੀ ਵੀ ਬਾਪ ਨਾਲ ਹੱਥ ਵਟਾਉਣ ਲੱਗਾ। ਪਿੰਡ ਵਿਚ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪਿੱਤਲ ਲੱਗੇ ਜਾਤੂਆਂ ਵਾਲਾ ਗੱਡਾ ਲਿਆ ਸੀ, ਕਰਤਾਰ ਸਿੰਘ ਦਾ ਨਾਂ ਉਨ੍ਹਾਂ ਵਿਚ ਆਉਂਦਾ ਹੈ। ਫਿਰ ਉਹਨੇ ਰੇਹੜੀ ਲੈਣ ਤੋਂ ਪਹਿਲਾਂ ਉੱਚੀਆਂ ਢੁੱਠਾਂ ਵਾਲੇ ਬਲਦ ਵੀ ਲਏ। ਚਾਚੇ ਗਿਆਨੀ ਜਗਤਾਰ ਸਿੰਘ ਦੀ ਬਰਾਤ ਅਸੀਂ ਕਰਤਾਰ ਸਿੰਘ ਦੀ ਰੇਹੜੀ ’ਤੇ ਗਏ ਸੀ। ਬਲਦਾਂ ਦੇ ਸਿੰਗਾਂ ਨੂੰ ਨਾਭੀ ਪੰਗਾਂ ਬੰਨ੍ਹੀਆਂ ਹੋਈਆਂ ਸਨ ਅਤੇ ਤੇਲ ਲਾਏ ਕਾਲੇ ਸਿੰਗ ਦੂਰੋਂ ਲਿਸ਼ਕਾਂ ਮਾਰਦੇ ਸਨ।
ਪੜ੍ਹ-ਪੜ੍ਹਾ ਕੇ ਅਸੀਂ ਦੋ ਦਹਾਕੇ ਪਹਿਲਾਂ ਪਿੰਡ ਛੱਡ ਕੇ ਚੰਡੀਗੜ੍ਹ ਆਣ ਵਸੇ। ਮਾਂ-ਬਾਪ ਦੇ ਤੁਰ ਜਾਣ ਤੋਂ ਬਾਅਦ ਪਿੰਡ ਨਾਲ ਬਹੁਤਾ ਵਾਸਤਾ ਨਹੀਂ ਰਿਹਾ ਪਰ ਤਾਏ ਦਾ ਮੁੰਡਾ ਸਰਪੰਚ ਹੈ। ਉਹ ਕਿਸੇ ਨਾ ਕਿਸੇ ਸਮਾਗਮ ’ਤੇ ਸੱਦੀ ਰੱਖਦਾ ਹੈ। ਉਹਨੇ ਮੈਨੂੰ ਪਿੰਡ ਦੀ ਭਲਾਈ ਲਈ ਬਣਾਈ ਸਲਾਹਕਾਰ ਕਮੇਟੀ ਦਾ ਸਰਪ੍ਰਸਤ ਬਣਾਇਆ ਹੋਇਆ ਹੈ। ਉਸ ਤੋਂ ਜਦੋਂ ਵੀ ਪਿੰਡ ਦੀ ਖ਼ਬਰ ਸਾਰ ਪੁੱਛੀਦੀ ਹੈ ਤਾਂ ਕਰਤਾਰ ਸਿੰਘ ਅਤੇ ਕਾਰੀ ਬਾਰੇ ਜ਼ਰੂਰ ਪੁੱਛ ਲਈਦਾ ਹੈ। ਜਦੋਂ ਉਹਦਾ ਫ਼ੋਨ ਆਇਆ ਤਾਂ ਉਹਨੇ ਗੱਲ ਇੱਥੋਂ ਸ਼ੁਰੂ ਕੀਤੀ, “ਚਾਚਾ ਮੈਂ ਭੁੱਲ ਗਿਆ, ਕੈਦੀ ਕਰਤਾਰ ਸਿੰਘ ਪਰਸੋਂ ਪੂਰਾ ਹੋ ਗਿਆ ਸੀ। ਅੱਜ ਕਾਰੀ ਵੀ ਚਲੇ ਗਿਆ।” ਮੈਨੂੰ ਥੋੜ੍ਹਾ ਝਟਕਾ ਲੱਗਾ: ਮੈਨੂੰ ਉਸ ਦਿਨ ਕਿਉਂ ਨਾ ਦੱਸਿਆ! ਕਰਤਾਰ ਸਿੰਘ ਮੈਨੂੰ ਹਮੇਸ਼ਾ ਸਾਰੇ ਪਿੰਡ ਵਾਲਿਆਂ ਤੋਂ ਵੱਖਰਾ ਲੱਗਦਾ ਰਿਹਾ। ਇਕ ਪਾਸੇ ਇੰਨਾ ਨਰਮ ਕਿ ਰੌਲਿਆਂ ਵੇਲੇ ਭੱਜੇ ਜਾਂਦੇ ਮੁਸਲਮਾਨਾਂ ਦਾ ਸੁੱਟਿਆ ਬੱਚਾ ਚੁੱਕ ਕੇ ਹਿੱਕ ਨਾਲ ਲਾ ਲਿਆ, ਦੂਜੇ ਬੰਨ੍ਹੇ ਕਿਸੇ ਦੀ ਟੈਂਅ ਨਾ ਮੰਨਣ ਵਾਲੇ ਮੂਸੇ ਦੇ ਟੋਟੇ ਕਰਨ ਤੋਂ ਬਾਅਦ ਪੁਲੀਸ ਅੱਗੇ ਜਾ ਖੜ੍ਹਿਆ। ਮੈਂ ਸਰਪੰਚ ਕੋਲ ਅਜੇ ਮਨ ਦੀ ਗੱਲ ਕਰਨ ਹੀ ਲੱਗਾ ਸੀ ਕਿ ਉਹਨੇ ਪੂਰੀ ਗੱਲ ਦੱਸ ਦਿੱਤੀ: “ਦੋਹਾਂ ਦੀ ਇੱਛਾ ਸੀ ਕਿ ਪਿਉ-ਪੁੱਤ ਨੂੰ ਇਕੋ ਥਾਂ ਦਫ਼ਨਾਇਆ/ਸਸਕਾਰ ਕੀਤਾ ਜਾਵੇ। ਪਿੰਡ ਵਾਲਿਆਂ ਨੇ ਸ਼ਮਸ਼ਾਨਘਾਟ ਦੇ ਇਕ ਪਾਸੇ ਜਿੱਥੇ ਕੈਦੀ ਕਰਤਾਰ ਸਿੰਘ ਦਾ ਸਸਕਾਰ ਕੀਤਾ ਸੀ, ਉਥੇ ਅੱਜ ਕਾਰੀ ਨੂੰ ਦਫ਼ਨਾ ਦਿੱਤਾ।”
“ਓ ਭਾਈ ਮੈਨੂੰ ਤਾਂ ਬੁਲਾ ਲੈਂਦੇ, ਉਂਝ ਗੱਲ ਗੱਲ ਲਈ ਚੰਡੀਗੜ੍ਹ ਵਾਲੇ ਚਾਚੇ ਨੂੰ ਫੋਨ ਖੜਕਾਉਂਦੇ ਰਹਿੰਦੇ ਹੋ।” ਮੈਥੋਂ ਰਿਹਾ ਨਾ ਗਿਆ।
“ਤੁਸੀਂ ਹੁਣ ਆ ਜਾਇਓ ਸ਼ਨਿੱਚਰਵਾਰ ਸ਼ਾਮ ਨੂੰ। ਐਤਵਾਰ ਦਾ ਭੋਗ ਰੱਖਿਆ ਹੈ। ਉਸ ਤੋਂ ਪਹਿਲਾਂ ਸਲਾਹ ਵੀ ਕਰਨੀ ਆ, ਦੋਹਾਂ ਦੀ ਯਾਦਗਾਰ ਬਾਰੇ। ਨਾਲੇ ਚਾਚੀ ਕਮਲਾ ਕਹਿ ਰਹੀ ਸੀ ਕਿ ਇੰਨੇ ਸਿਆੜ, ਮਾਲ-ਡੰਗਰ ਮੈਂ ਕੀ ਕਰਨੇ ਆ। ਮੇਰੇ ਮਗਰਲੇ ਦਿਨਾਂ ਜੋਗੇ ਰੱਖ ਕੇ ਬਾਕੀ ਸਾਰੇ ਸਾਂਝੇ ਕੰਮ ’ਤੇ ਲਾ ਦਿਓ ਜਿਹਦੇ ਨਾਲ ਦੋਹੀਂ ਪਾਸੀਂ (ਲਹਿੰਦਾ ਚੜ੍ਹਦਾ ਪੰਜਾਬ) ਭਰਾ ਭਰਾ ਦੇ ਖੂਨ ਦੇ ਰਿਸ਼ਤੇ ਦਾ ਸੁਨੇਹਾ ਜਾਂਦਾ ਰਹੇ।” ਮੈਥੋਂ ਇੰਨਾ ਹੀ ਕਿਹਾ ਗਿਆ, “ਤੂੰ ਫ਼ੋਨ ਰੱਖ, ਮੈਂ ਸ਼ੁੱਕਰਵਾਰ ਨੂੰ ਹੀ ਆਇਆ!”
ਸੰਪਰਕ: 98147-34035