ਤਰਜੀਹ ਇਲਾਜ ਜਾਂ ਪੈਸਾ ?
ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਹਸਪਤਾਲਾਂ ਦੀਆਂ ਉੱਚੀਆਂ ਇਮਾਰਤਾਂ ਅਤੇ ਮਹਿੰਗੀਆਂ ਮਸ਼ੀਨਾਂ ਨਾਲੋਂ ਵੱਧ ਇਹ ਅਹਿਮ ਹੁੰਦਾ ਹੈ ਕਿ ਔਖੀ ਘੜੀ ’ਚ ਹਸਪਤਾਲ ’ਚ ਮਰੀਜ਼ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾ ਰਿਹਾ ਹੈ। ਮੈਨੂੰ ਸਾਲ 2023 ’ਚ ਕੈਨੇਡਾ ਦੇ...
ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਹਸਪਤਾਲਾਂ ਦੀਆਂ ਉੱਚੀਆਂ ਇਮਾਰਤਾਂ ਅਤੇ ਮਹਿੰਗੀਆਂ ਮਸ਼ੀਨਾਂ ਨਾਲੋਂ ਵੱਧ ਇਹ ਅਹਿਮ ਹੁੰਦਾ ਹੈ ਕਿ ਔਖੀ ਘੜੀ ’ਚ ਹਸਪਤਾਲ ’ਚ ਮਰੀਜ਼ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾ ਰਿਹਾ ਹੈ। ਮੈਨੂੰ ਸਾਲ 2023 ’ਚ ਕੈਨੇਡਾ ਦੇ ਇੱਕ ਹਸਪਤਾਲ ਅਤੇ ਸਾਲ 2026 ’ਚ ਪੰਜਾਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਹ ਤਜਰਬੇ ਹੋਏ। ਦਰਅਸਲ, ਜਨਵਰੀ 2023 ਵਿੱਚ ਮੈਂ ਅਤੇ ਮੇਰੀ ਪਤਨੀ ਦੋਵੇਂ ਜੀਅ ਆਪਣੇ ਪੁੱਤਰ, ਨੂੰਹ ਅਤੇ ਪੋਤੀ ਕੋਲ ਔਟਵਾ ਗਏ। ਮਾਰਚ ਦੇ ਦੂਜੇ ਐਤਵਾਰ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਤਾਂ ਲੰਗਰ ਛਕਦੇ ਸਮੇਂ ਅਚਾਨਕ ਮੇਰੀ ਛਾਤੀ ਵਿੱਚ ਤੇਜ਼ ਦਰਦ ਸ਼ੁਰੂ ਹੋ ਗਿਆ। ਗੁਰਦੁਆਰਾ ਪ੍ਰਬੰਧਕਾਂ ਨੇ ਸੇਵਾ ਲਈ ਮੌਜੂਦ ਰਜਿਸਟਰਡ ਨਰਸ ਨੂੰ ਬੁਲਾਇਆ। ਉਸ ਨੇ ਮੁੱਢਲੀ ਸਹਾਇਤਾ ਦਿੱਤੀ ਅਤੇ ਬਿਨਾਂ ਦੇਰੀ ਕਿਸੇ ਹਸਪਤਾਲ ਦੇ ਐਮਰਜੈਂਸੀ ਵਾਰਡ ਤੱਕ ਪਹੁੰਚ ਕਰਨ ਦੀ ਸਲਾਹ ਦਿੱਤੀ। ਕੈਨੇਡਾ ਦੀਆਂ ਸਿਹਤ ਸੇਵਾਵਾਂ ਬਾਰੇ ਮੈਂ ਸੁਣਿਆ ਸੀ ਕਿ ਐਮਰਜੈਂਸੀ ਸਮੇਂ ਵੀ ਲੰਮੀ ਉਡੀਕ ਕਰਨੀ ਪੈਂਦੀ ਹੈ, ਪਰ ਮੇਰੇ ਮਾਮਲੇ ਵਿੱਚ ਤਸਵੀਰ ਕੁਝ ਵੱਖਰੀ ਸੀ।
ਹਸਪਤਾਲ ਪਹੁੰਚਣ ਤੋਂ ਕੁਝ ਹੀ ਸਮੇਂ ਬਾਅਦ ਮੇਰੀ ਮੈਡੀਕਲ ਹਿਸਟਰੀ ਲਈ ਗਈ। ਫਿਰ ਈ ਸੀ ਜੀ, ਈ ਸੀ ਐੱਚ ਓ, ਖ਼ੂਨ ਦੀ ਜਾਂਚ ਅਤੇ ਹੋਰ ਲੋੜੀਂਦੇ ਟੈਸਟ ਕੀਤੇ ਗਏ। ਤਕਰੀਬਨ ਡੇਢ ਘੰਟੇ ਦੇ ਅੰਦਰ-ਅੰਦਰ ਸਾਰੀ ਜਾਂਚ ਮੁਕੰਮਲ ਹੋ ਗਈ ਅਤੇ ਡਾਕਟਰਾਂ ਨੇ ਦੱਸਿਆ ਕਿ ਦਿਲ ਨਾਲ ਸਬੰਧਿਤ ਕੋਈ ਗੰਭੀਰ ਸਮੱਸਿਆ ਨਹੀਂ ਹੈ। ਉਨ੍ਹਾਂ ਲੋੜੀਂਦੀ ਦਵਾਈ ਦੇ ਕੇ ਮੈਨੂੰ ਘਰ ਭੇਜ ਦਿੱਤਾ। ਮੇਰੇ ਪੁੱਤਰ ਨੇ ਹਸਪਤਾਲ ’ਚ ਇਲਾਜ ਦੇ ਖਰਚੇ ਬਾਰੇ ਪੁੱਛਿਆ। ਸਾਨੂੰ ਜਵਾਬ ਮਿਲਿਆ ਕਿ ਹਸਪਤਾਲ ਵਿੱਚ ਮਰੀਜ਼ ਤੋਂ ਫੌਰੀ ਕੋਈ ਰਕਮ ਨਹੀਂ ਲਈ ਜਾਂਦੀ। ਇਲਾਜ ਮਗਰੋਂ ਬਿੱਲ ਘਰ ਭੇਜਿਆ ਜਾਂਦਾ ਹੈ ਅਤੇ ਭੁਗਤਾਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ। ਜੇਕਰ ਕਿਸੇ ਨੂੰ ਆਰਥਿਕ ਮੁਸ਼ਕਲ ਹੋਵੇ ਤਾਂ ਹੋਰ ਸਮਾਂ ਵੀ ਮਿਲ ਸਕਦਾ ਹੈ। ਪੈਸੇ ਤੁਸੀਂ ਇਕੱਠੇ ਜਾਂ ਕਿਸ਼ਤਾਂ ਵਿੱਚ ਦੇ ਸਕਦੇ ਹੋ। ਹਾਲਾਂਕਿ ਮੇਰੇ ਕੋਲ ਯਾਤਰਾ ਬੀਮਾ ਸੀ ਅਤੇ ਇਲਾਜ ਦਾ ਸਾਰਾ ਖਰਚਾ ਬੀਮਾ ਕੰਪਨੀ ਨੇ ਚੁੱਕਿਆ। ਇਸੇ ਤਰ੍ਹਾਂ ਜੂਨ 2026 ’ਚ ਮੈਨੂੰ ਰੀੜ੍ਹ ਦੀ ਹੱਡੀ ਦੀ ਪੁਰਾਣੀ ਸਮੱਸਿਆ ਕਾਰਨ ਪੰਜਾਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਜਾਣਾ ਪਿਆ।
ਡਾਕਟਰ ਨੇ ਦੇਖਣ ਮਗਰੋਂ ਐੱਮ ਆਰ ਆਈ ਲਈ ਭੇਜਿਆ। ਪਹਿਲਾਂ ਐੱਮ ਆਰ ਆਈ ਕਰਵਾਉਣ ਲਈ ਰਕਮ ਜਮ੍ਹਾਂ ਕਰਵਾਉਣੀ ਪਈ ਅਤੇ ਫਿਰ ਦਵਾਈਆਂ ਲਈਆਂ, ਪਰ ਕੋਈ ਖ਼ਾਸ ਆਰਾਮ ਨਾ ਮਿਲਿਆ। ਅਗਲੇ ਚੱਕਰ ਡਾਕਟਰ ਨੇ ਰੀੜ੍ਹ ਦੀ ਹੱਡੀ ਵਿੱਚ ਟੀਕਾ ਲਗਵਾਉਣ ਦੀ ਸਲਾਹ ਦਿੱਤੀ। ਮੇਰੀ ਸਹਿਮਤੀ ਨਾਲ ਦਾਖ਼ਲ ਕਰਕੇ ਟੀਕਾ ਲਾਇਆ ਗਿਆ। ਜਦੋਂ ਛੁੱਟੀ ਦਾ ਸਮਾਂ ਆਇਆ ਤਾਂ ਮੈਨੂੰ ਦੱਸਿਆ ਗਿਆ ਕਿ ਪਹਿਲਾਂ ਬਿੱਲ ਬਣੇਗਾ, ਫਿਰ ਪੈਸੇ ਜਮ੍ਹਾਂ ਹੋਣਗੇ ਅਤੇ ਉਸ ਤੋਂ ਬਾਅਦ ਛੁੱਟੀ ਮਿਲੇਗੀ।
ਕਾਫ਼ੀ ਸਮਾਂ ਉਡੀਕ ਅਤੇ ਬੇਨਤੀ ਕਰਨ ਦੇ ਬਾਵਜੂਦ ਮੈਨੂੰ ਖ਼ੁਦ ਬਿੱਲ ਲੈਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਆਖ਼ਰਕਾਰ ਹਸਪਤਾਲ ਦੇ ਇੱਕ ਕਰਮਚਾਰੀ ਨਾਲ ਜਾ ਕੇ ਬਿੱਲ ਅਦਾ ਕੀਤਾ ਅਤੇ ਰਸੀਦ ਦਿਖਾਉਣ ਮਗਰੋਂ ਮੈਨੂੰ ਛੁੱਟੀ ਮਿਲ ਗਈ। ਇਹੀ ਟੀਕਾ ਸਰਕਾਰੀ ਹਸਪਤਾਲ ਵਿੱਚ 400 ਰੁਪਏ ਤੇ ਪ੍ਰਾਈਵੇਟ ਹਸਪਤਾਲ ਵਿੱਚ 7000 ਰੁਪਏ ਦਾ ਸੀ। ਇਨ੍ਹਾਂ ਦੋਵੇਂ ਥਾਈਂ ਮੇਰੇ ਤਜਰਬੇ ਵੱਖ ਵੱਖ ਰਹੇ ਪਰ ਮੈਨੂੰ ਮਨੋਂ ਇਹ ਅਹਿਸਾਸ ਹੋਇਆ ਕਿ ਸਿਹਤ ਸੇਵਾ ਵਪਾਰ ਨਹੀਂ ਸਗੋਂ ਮਨੁੱਖੀ ਸੇਵਾ ਹੀ ਹੋਣੀ ਚਾਹੀਦੀ ਹੈ।
ਸੰਪਰਕ: 94170-34045

