ਕੁਲਮਿੰਦਰ ਕੌਰ
ਅੱਜ ਕੱਲ੍ਹ ਪ੍ਰਧਾਨ ਮੰਤਰੀ ਦੇਸ਼ ਦੇ ਆਤਮ-ਨਿਰਭਰ ਹੋਣ ਦਾ ਮੁੱਦਾ ਵਾਰ ਵਾਰ ਦੁਹਰਾ ਰਹੇ ਹਨ। ਕਰੋਨਾਂ ਕਾਲ ਵਿਚ ਵੀ ਲੌਕਡਾਊਨ ਤੋਂ ਪ੍ਰਭਾਵਿਤ ਉਦਯੋਗਾਂ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕਰਦਿਆਂ ‘ਵੋਕਲ ਫਾਰ ਲੋਕਲ’ ਦਾ ਮੰਤਰ ਦਿੱਤਾ ਸੀ ਕਿ ਅਸੀਂ ਨਾ ਸਿਰਫ ਸਵਦੇਸ਼ੀ ਉਦਪਾਦਾਂ ਦੀ ਵਰਤੋਂ ਤੇ ਖਰੀਦਦਾਰੀ ਕਰਨੀ ਹੈ ਬਲਕਿ ਮਾਣ ਨਾਲ ਪ੍ਰਚਾਰ ਵੀ ਕਰਨਾ ਹੈ। ਇਸ ਮੁੱਦੇ ਨੇ ਪੰਜਾਹ ਸਾਲ ਪੁਰਾਣੇ ਪੰਜਾਬ ਦੇ ਰੂ-ਬ-ਰੂ ਕਰਾ ਦਿੱਤਾ ਜਦੋਂ ਹਰ ਪਿੰਡ ਆਤਮ-ਨਿਰਭਰ ਸੀ, ਉਹ ਸਮਾਂ ਸਾਡੀ ਪੀੜ੍ਹੀ ਨੇ ਹੰਢਾਇਆ ਹੈ। ਹਰ ਪਿੰਡ ਤੇ ਘਰ ਸਿਵਾਏ ਲੂਣ ਦੇ ਸਭ ਕੁਝ ਆਪ ਹੀ ਉਪਜਾ ਰਹੇ ਸਨ, ਉਦੋਂ ਹਰ ਘਰ ਕਾਰਖਾਨਾ ਹੀ ਜਾਪਦਾ ਸੀ।
ਸੁਰਤ ਸੰਭਾਲਣ ’ਤੇ ਪਤਾ ਲੱਗਦਾ ਰਿਹਾ ਕਿ ਲੋਕ ਘਰਾਂ ਦਾ ਪ੍ਰਬੰਧ ਕਿਵੇਂ ਚਲਾ ਰਹੇ ਹਨ। ਉਹ ਬਹੁਤ ਮਿਹਨਤੀ ਸਨ ਤੇ ਸਵੇਰ ਤੋਂ ਸ਼ਾਮ ਤੱਕ ਕੰਮਾਂ-ਕਾਰਾਂ ’ਚ ਰੁੱਝੇ ਕਦੇ ਅੱਕਦੇ ਥੱਕਦੇ ਨਾ। ਮੇਰੀ ਅਧਿਆਪਕਾ ਮਾਂ ਨੇ ਸਕੂਲ ਜਾਣ ਤੋਂ ਪਹਿਲਾਂ ਰੁਟੀਨ ਕੰਮਾਂ ਤੋਂ ਇਲਾਵਾ ਸਵੇਰੇ ਸਵਖਤੇ ਉੱਠਣਾ, ਵਿਹੜੇ ’ਚ ਬੰਨ੍ਹੇ ਪਸ਼ੂਆਂ ਵੱਲ ਜਾਣਾ, ਉਨ੍ਹਾਂ ਦੀਆਂ ਖੁਰਲੀਆਂ ’ਚ ਪੱਠੇ ਪਾਉਣੇ, ਗੁਤਾਵੇ ਕਰਨਾ, ਧਾਰਾਂ ਕੱਢਣੀਆਂ ਤੇ ਫਿਰ ਹਾਰੇ ’ਚ ਪਾਥੀਆਂ ਪਾ ਕੇ ਦੁੱਧ ਕਾੜ੍ਹਨਾ ਧਰ ਦੇਣਾ। ਸਾਰੇ ਡੇਅਰੀ ਉਤਪਾਦ ਘਰੇ ਪੈਦਾ ਕੀਤੇ ਜਾਂਦੇ, ਕੰਮ ਕਰਨ ਵਾਲੇ ਸਹਾਇਕ ਕਾਮੇ ਵੀ ਜ਼ਰੂਰਤ ਅਨੁਸਾਰ ਦੁੱਧ, ਦਹੀਂ, ਲੱਸੀ ਲੈ ਜਾਂਦੇ। ਰੁੱਤਾਂ ਅਨੁਸਾਰ ਫਸਲਾਂ ਦੇ ਪੱਕਣ ਤੇ ਘਰ ਵਿਚ ਖਿਲਾਰਾ ਪੈ ਜਾਂਦਾ। ਕਣਕ ਦੀ ਸਾਂਭ-ਸੰਭਾਲ ਤੋਂ ਬਾਅਦ ਵਿਹੜੇ ਵਿਚ ਮੱਕੀ ਦੀਆਂ ਛੱਲੀਆਂ ਸੁਕਾ ਕੇ ਬੰਦ ਕੋਠੜੀ ਵਿਚ ਭਾਰੇ ਸੋਟਿਆ ਨਾਲ ਕੁੱਟ ਕੇ ਦਾਣੇ ਅਲੱਗ ਕੀਤੇ ਜਾਂਦੇ। ਦਾਣੇ ਬੁੜ੍ਹਕਣ ਦੀ ਕੜ੍ਹ ਕੜ੍ਹ ਆਵਾਜ਼ ਦੀ ਗੂੰਜ ਅੱਜ ਵੀ ਕੰਨ ਮਹਿਸੂਸ ਕਰਦੇ ਹਨ।
ਖੇਤਾਂ ਵਿਚ ਕਪਾਹ ਖਿੜ ਉੱਠਦੀ ਤਾਂ ਮਾਂ ਚੁਗਾਵੀਆਂ ਲੈ ਕੇ ਪਹੁੰਚ ਜਾਂਦੀ। ਘਰ ਆ ਕੇ ਢੇਰੀਆਂ ਬਣਾ ਕੇ ਬਣਦੀ ਢੇਰੀ ਚੁਗਾਵੀ ਚੁੱਕ ਲੈਂਦੀ ਜੋ ਉਸ ਦਾ ਮਿਹਨਤਾਨਾ ਹੁੰਦਾ। ਔਰਤਾਂ ਤੇ ਕੁੜੀਆਂ ਦਿਨ-ਰਾਤ ਮਿਹਨਤ ਕਰ ਕੇ ਇਸ ਤੋਂ ਸੂਤ ਤਿਆਰ ਕਰਦੀਆਂ, ਹੱਥ-ਖੱਡੀਆਂ ਵਾਲੇ ਇਸ ਤੋਂ ਸੂਤੀ ਕੱਪੜਾ, ਖੇਸ, ਚਤਹੀਆਂ, ਦਰੀਆਂ, ਗਲੀਚੇ ਆਦਿ ਬਣਾ ਕੇ ਦੇ ਜਾਂਦੇ। ਬੀਜਾਂ ਤੋਂ ਤੇਲ ਕੱਢਣਾ, ਇਮਾਰਤਸਾਜ਼ੀ, ਮਿੱਟੀ ਦੇ ਬਰਤਨ, ਗਹਿਣਾ-ਗੱਟਾ ਆਦਿ ਤਿਆਰ ਕਰਨ ਵਾਲੇ ਹਰ ਕਿੱਤੇ ਦੇ ਮਾਹਿਰ ਪਿੰਡ ਵਿਚ ਰਹਿੰਦੇ ਸਨ। ਪਿੰਡ ਇਕ ਇਕਾਈ ਵਾਂਗ ਹੀ ਕੰਮ ਕਰਦੇ। ਮੁਸ਼ੱਕਤ ਦਾ ਮੁੱਲ ਤੇ ਖਰੀਦਦਾਰੀ ਆਮ ਤੌਰ ਤੇ ਦਾਣਿਆਂ ਰਾਹੀਂ ਹੁੰਦੀ। ਉਨ੍ਹਾਂ ਵੇਲਿਆਂ ਵਿਚ ਸਾਧਨ ਭਾਵੇਂ ਘੱਟ ਸਨ, ਫਿਰ ਵੀ ਲੋਕ ਚੰਗਾ ਜੀਵਨ ਜਿਊਂਦੇ ਸਨ। ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਦੇ ਹੋਏ ਬੜੇ ਸੰਤੋਖੀ ਸਨ। ਜੀਵਨ ਦੀ ਇਹ ਝਲਕ ਇਹੀ ਸੁਨੇਹਾ ਦਿੰਦੀ ਹੈ ਕਿ ਸਵੈ-ਨਿਰਭਰਤਾ ਤਾਂ ਸਾਡੀ ਵਿਰਾਸਤ ਵਿਚ ਹੈ।
1966 ਵਿਚ ਜਦੋਂ ਹਰੀ ਕ੍ਰਾਂਤੀ ਦਾ ਆਗਾਜ਼ ਹੋਇਆ ਤਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਕੁਝ ਹੋਰ ਸੂਬਿਆਂ ਦੇ ਕਿਸਾਨਾਂ ਨੇ ਸਰਕਾਰ ਤੋਂ ਸਹੂਲਤਾਂ ਪ੍ਰਾਪਤ ਕਰ ਕੇ ਕਣਕ ਤੇ ਝੋਨੇ ਦੀ ਪੈਦਾਵਾਰ ਵਿਚ ਇੰਨੀ ਤੇਜ਼ੀ ਨਾਲ ਵਾਧਾ ਕੀਤਾ ਕਿ ਸਾਰਾ ਦੇਸ਼ ਅਨਾਜ ਦੇ ਮਾਮਲੇ ਵਿਚ ਆਤਮ-ਨਿਰਭਰ ਹੋ ਗਿਆ। ਕਰੋਨਾ ਕਾਲ ਵਿਚ ਸੰਕਟ ਦੀ ਘੜੀ ਵਿਚ ਵੀ ਇਹ ਜਜ਼ਬਾ ਉੱਭਰ ਕੇ ਸਾਹਮਣੇ ਆਇਆ ਜਦੋਂ ਪਰਵਾਸੀ ਮਜ਼ਦੂਰਾਂ ਦੀ ਗੈਰ-ਮੌਜੂਦਗੀ ਵਿਚ ਆਪਣੇ ਪਰਿਵਾਰਾਂ ਸਮੇਤ, ਪੰਜਾਬੀ ਮਜ਼ਦੂਰਾਂ ਦੀ ਸਹਾਇਤਾ ਨਾਲ ਕਣਕ ਦੀ ਗਹਾਈ ਤੇ ਫਿਰ ਝੋਨੇ ਦੀ ਲਵਾਈ ਦਾ ਕੰਮ ਵੀ ਵਧੀਆ ਢੰਗ ਨਾਲ ਨਬਿੇੜ ਲਿਆ ਗਿਆ। ਸਾਡੇ ਦੇਸ਼ ਦਾ ਆਰਥਿਕ ਧੁਰਾ ਕਿਸਾਨਾਂ ਨਾਲ ਜੁੜਿਆ ਖੇਤੀਬਾੜੀ ਦਾ ਧੰਦਾ ਹੈ। ਆਪਣੇ ਆਪ ਨੂੰ ਧਰਤੀ ਦਾ ਪੁੱਤਰ ਕਹਾਉਂਦੇ ਤੇ ਸਾਹਾਂ ਵਿਚ ਮਿੱਟੀ ਦੀ ਖੁਸ਼ਬੋ ਸਮੋਈ ਬੈਠੇ ਅਣਥੱਕ, ਮਿਹਨਤੀ, ਸੰਤੋਖੀ ਨੇਕ ਦਿਲ, ਇਮਾਨਦਾਰ, ਧੰਨੇ ਭਗਤ ਦੇ ਵਾਰਿਸ, ਗੁਰੂਆਂ ਪੀਰਾਂ ਦੀ ਧਰਤੀ ਨੂੰ ਨਮਸਕਾਰਦੇ ਬੀਜਣ ਵਾਲੇ ਹਾਲੀ ਪਾਲੀ ਤੇ ਜਨੌਰਾਂ ਦੇ ਨਾਮ ਛਿੱਟਾ ਦੇਣ ਵਾਲੇ ਦੇਸ਼ ਦੇ ਅੰਨਦਾਤੇ ਕਿਸਾਨ ਪ੍ਰਤੀ ਸਰਕਾਰ ਦਾ ਕਦੇ ਹਿਤੈਸ਼ੀ ਰਵਈਆ ਨਹੀਂ ਰਿਹਾ, ਉਹ ਤਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਹੀ ਭੁਗਤਦੀ ਹੈ।
ਸਾਂਭਲਪੁਰ (ਉੜੀਸਾ) ਵਿਚ ਹਾਲ ਹੀ ਚ ਹੀ ਆਈਆਈਐੱਮ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਦਤਨ ਜ਼ੋਰਦਾਰ ਤੇ ਦਿਲ-ਲਭਾਊ ਭਾਸ਼ਨ ਵਿਚ ਕਿਹਾ ਕਿ ਇਸ ਸੰਸਥਾ ਤੋਂ ਸਿਖਿਅਤ ਹੁਨਰਮੰਦ ਨੌਜਵਾਨ ਆਉਂਣ ਵਾਲੇ ਸਮੇਂ ਵਿਚ ਬਹੁਕੌਮੀ ਕੰਪਨੀਆਂ ਦੇ ਨਿਰਮਾਤਾ ਹੋਣਗੇ, ਇਹ ਆਤਮ-ਨਿਰਭਰ ਭਾਰਤ ਮੁਹਿੰਮ ਨੂੰ ਸ਼ਕਤੀਸ਼ਾਲੀ ਬਣਾ ਸਕਦੇ ਹਨ। ਹੁਣ ਬਹੁਕੌਮੀ ਕੰਪਨੀਆਂ ਤੋਂ ਤਾਂ ਦੇਸ਼ ਦੇ ਆਮ ਨਾਗਰਿਕ ਪਹਿਲਾਂ ਹੀ ਔਖੇ ਹੋਏ ਪਏ ਹਨ! ਇਨ੍ਹਾਂ ਦਾ ਕਿਰਦਾਰ ਤੇ ਮਨਸ਼ਾ ਤਾਂ ਜੱਗ ਜ਼ਾਹਿਰ ਹੈ ਕਿ ਇਹ ਆਪਣਾ ਪੈਸਾ ਉੱਥੇ ਹੀ ਲਗਾਉਣਗੇ, ਜਿੱਥੇ ਉਨ੍ਹਾਂ ਦੀਆਂ ਸਹੂਲਤਾਂ ਤੇ ਮੁਨਾਫਾ ਤੇਜ਼ੀ ਨਾਲ ਵਧੇ। ਇਹ ਲਾਲਚ ਤੇ ਲੁੱਟ-ਖਸੁੱਟ ਲਈ ਜਾਣੀਆਂ ਜਾਂਦੀਆਂ ਹਨ। ਠੀਕ ਰਸਤਾ ਤਾਂ ਇਹ ਹੈ ਕਿ ਸਹਿਕਾਰੀ ਤੇ ਜਨਤਕ ਖੇਤਰਾਂ ਦਾ ਵਿਸਥਾਰ ਤੇ ਵਿਕਾਸ ਕਰ ਕੇ ਇਨ੍ਹਾਂ ਹੁਨਰਮੰਦਾਂ ਲਈ ਦਰਵਾਜ਼ੇ ਖੋਲ੍ਹੇ ਜਾਣ। ਪਬਲਿਕ ਸੈਕਟਰ ਨੂੰ ਮਜ਼ਬੂਤ ਕਰ ਕੇ ਅਤੇ ਵਿਦੇਸ਼ੀ ਕਰਜ਼ਾ ਘਟਾ ਕੇ ਆਪਣੇ ਵਸੀਲਿਆਂ ਤੇ ਨਿਰਭਰ ਹੋਣਾ ਚਾਹੀਦਾ ਹੈ।
ਸਹੀ ਮਾਇਨਿਆਂ ਵਿਚ ਕਿਸਾਨ ਵਰਗ ਹੀ ਦੇਸ਼ ਨੂੰ ਆਤਮ-ਨਿਰਭਰ ਦੇਖਣਾ ਚਾਹੁੰਦਾ ਹੈ, ਇਸੇ ਲਈ ਸਰਕਾਰ ਦੇ ਥੋਪੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲੱਖਾਂ ਦੀ ਗਿਣਤੀ ਵਿਚ ਕਿਸਾਨ ਕਕਰੀਲੀਆਂ ਰਾਤਾਂ ਨੂੰ ਵੀ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਆਪਣੇ ‘ਮਨ ਕੀ ਬਾਤ’ ਸੁਣਾਉਣ ਵਾਲੇ ਪ੍ਰਧਾਨ ਮੰਤਰੀ ਨੂੰ ਜਨਤਾ ਦੇ ਮਨ ਦੀ ਬਾਤ ਵੀ ਜਾਣ ਲੈਣੀ ਚਾਹੀਦੀ ਹੈ। ਜੇ ਸਰਕਾਰ ਵਾਕਈ ਮੁਲਕ ਦੀ ਆਤਮ-ਨਿਰਭਰਤਾ ਚਾਹੁੰਦੀ ਹੈ ਤਾਂ ਉਸ ਨੂੰ ਜਨਤਾ ਦੇ ਮੁੱਖ ਮੁੱਦਿਆਂ- ਸਿੱਖਿਆ, ਸਿਹਤ, ਸਨਅਤਾਂ, ਸਮਾਜਿਕ ਤੇ ਕਾਨੂੰਨੀ ਸੁਰੱਖਿਆ ਬਾਰੇ ਸੰਜੀਦਾ ਹੋਣਾ ਪਵੇਗਾ। ‘ਵੋਕਲ ਫਾਰ ਲੋਕਲ’ ਮੰਤਰ ਦੀ ਕਾਮਯਾਬੀ ਲਈ ਦੇਸ਼ ਦੀ ਆਰਥਿਕ ਨੀਤੀ ਵਿਚ ਸੁਧਾਰ ਜ਼ਰੂਰੀ ਹੈ।
ਸੰਪਰਕ: 98156-52272