ਸਫ਼ਰ ’ਤੇ ਫ਼ਖ਼ਰ
ਪੀ. ਸੀ.ਐੱਸ. ਦੀ ਚੋਣ ਉਪਰੰਤ ਟ੍ਰੇਨਿੰਗ ਤੋਂ ਬਾਅਦ ਮੇਰੀ ਨਿਯੁਕਤੀ ਅਸਿਸਟੈਂਟ ਕਮਿਸ਼ਨਰ (ਸ਼ਿਕਾਇਤਾਂ) ਬਠਿੰਡਾ ਵਿਖੇ ਹੋਈ। ਪੀ. ਸੀ. ਐੱਸ ਦੀ ਸਿਲੈਕਸ਼ਨ ਤੋਂ ਬਾਅਦ ਵੀ ਕਾਨੂੰਨ, ਮਾਲ, ਸਿਵਿਲ ਨਿਯਮ ਅਤੇ ਹੋਰ ਵਿਸ਼ਿਆਂ ਦੇ 16 ਪੇਪਰ ਪਾਸ ਕਰਨੇ ਪੈਂਦੇ ਹਨ। ਉਹਨਾਂ ਨੂੰ...
ਪੀ. ਸੀ.ਐੱਸ. ਦੀ ਚੋਣ ਉਪਰੰਤ ਟ੍ਰੇਨਿੰਗ ਤੋਂ ਬਾਅਦ ਮੇਰੀ ਨਿਯੁਕਤੀ ਅਸਿਸਟੈਂਟ ਕਮਿਸ਼ਨਰ (ਸ਼ਿਕਾਇਤਾਂ) ਬਠਿੰਡਾ ਵਿਖੇ ਹੋਈ। ਪੀ. ਸੀ. ਐੱਸ ਦੀ ਸਿਲੈਕਸ਼ਨ ਤੋਂ ਬਾਅਦ ਵੀ ਕਾਨੂੰਨ, ਮਾਲ, ਸਿਵਿਲ ਨਿਯਮ ਅਤੇ ਹੋਰ ਵਿਸ਼ਿਆਂ ਦੇ 16 ਪੇਪਰ ਪਾਸ ਕਰਨੇ ਪੈਂਦੇ ਹਨ। ਉਹਨਾਂ ਨੂੰ ਪਾਸ ਕਰਨ ਲਈ ਘੱਟੋ-ਘੱਟ 67 ਫ਼ੀਸਦੀ ਅੰਕ ਲੈਣੇ ਜ਼ਰੂਰੀ ਹੁੰਦੇ ਹਨ। ਇਸ ਪ੍ਰਕਿਰਿਆ ਵਿੱਚੋਂ ਸਭ ਨੂੰ ਪਾਰ ਲੰਘਣਾ ਪੈਂਦਾ ਹੈ। ਸਾਡੇ ਇਹ ਪੇਪਰ ਲਾਲਾ ਲਾਜਪਤ ਰਾਏ ਭਵਨ ਸੈਕਟਰ-15, ਚੰਡੀਗੜ੍ਹ ਵਿੱਚ ਹੋਏ ਸਨ। ਸਾਡਾ ਆਖਰੀ ਪੇਪਰ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਸੀ। ਅਸੀਂ ਪੇਪਰ ਉਪਰੰਤ ਸਾਰੇ ਬੈਚਮੇਟ, ਜਿਨ੍ਹਾਂ ਦੀ ਵੱਖ- ਵੱਖ ਸਟੇਸ਼ਨਾਂ ’ਤੇ ਨਵੀਂ ਤਾਇਨਾਤੀ ਸੀ, ਇਕੱਠੇ ਹੋਣ ਕਾਰਨ ਪੇਪਰ ਉਪਰੰਤ ਸੈਕਟਰ-17 ਵਿਖੇ ਇੰਡੀਅਨ ਕਾਫ਼ੀ ਹਾਊਸ ਵਿੱਚ ਬੈਠ ਗਏ। ਚੰਡੀਗੜ੍ਹ ਦੇ ਇਸ ਕਾਫ਼ੀ ਹਾਊਸ ਨਾਲ ਸਾਡੀ ਉਮਰ ਵਾਲਿਆਂ ਦਾ ਬਹੁਤ ਲਗਾਓ ਹੈ। ਘਰ ਜਾਂਦਿਆਂ ਮੈਨੂੰ ਸਾਢੇ ਸਤ ਵੱਜ ਗਏ। ਪੇਪਰ ਹੋਣ ਕਾਰਨ ਮੈਂ ਆਪਣਾ ਫੋਨ ਨਾਲ ਲੈ ਕੇ ਨਹੀਂ ਸੀ ਗਿਆ। ਘਰ ਪਹੁੰਚਦਿਆਂ ਮੇਰੀ ਪਤਨੀ ਨੇ ਦੱਸਿਆ ਕਿ ਡੀ. ਸੀ. ਦਫਤਰ ਬਠਿੰਡਾ ਤੋਂ ਵਾਰ- ਵਾਰ ਫੋਨ ਆ ਰਿਹਾ ਸੀ ਕਿ ਪੇਪਰ ਉਪਰੰਤ ਬਠਿੰਡਾ ਪਹੁੰਚ ਜਾਵਾਂ। ਸ਼ੁੱਕਰਵਾਰ ਦਿਨ ਹੋਣ ਕਾਰਨ ਕਈ ਅਫਸਰਾਂ ਨੇ ਸਟੇਸ਼ਨ ਛੱਡ ਕੇ ਜਾਣਾ ਸੀ। ਮੇਰਾ ਉੱਥੇ ਪਹੁੰਚਣਾ ਜ਼ਰੂਰੀ ਸੀ। ਦੂਜੇ ਪਾਸੇ ਮੈਂ ਸ਼ੁੱਕਰਵਾਰ ਲਈ ਸ਼ੁਕਰ ਇਹ ਮਨਾ ਰਿਹਾ ਸੀ ਕਿ ਸ਼ਨਿਚਰਵਾਰ ਅਤੇ ਐਤਵਾਰ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਵਿਖੇ ਰਹਾਂਗਾ।
ਜਿਹੜਾ ਫੋਨ ਆਇਆ ਸੀ ਉਹ ਡੀ. ਸੀ. ਦਫਤਰ ਦੇ ਲੈਂਡਲਾਈਨ ਫੋਨ ਤੋਂ ਆਇਆ ਸੀ। ਮੈਂ ਸੁਨੇਹੇ ਦੀ ਹੋਰ ਸਪੱਸ਼ਟਤਾ ਲਈ ਉਸ ਨੰਬਰ ’ਤੇ ਫੋਨ ਕੀਤਾ ਪਰ ਉਹ ਫੋਨ ਕਿਸੇ ਵੱਲੋਂ ਰਿਸੀਵ ਨਹੀਂ ਸੀ ਕੀਤਾ ਜਾ ਰਿਹਾ ਸੀ ਕਿਉਂਕਿ ਦਫਤਰ ਬੰਦ ਹੋ ਚੁੱਕਾ ਸੀ। ਉਦੋਂ ਅੱਜ ਵਾਂਗ ਹਰੇਕ ਕੋਲ ਮੋਬਾਈਲ ਫੋਨ ਨਹੀਂ ਸੀ। ਮੇਰੇ ਕੋਲ ਹੋਰ ਕੋਈ ਬਦਲ ਨਹੀਂ ਸੀ, ਮੈਨੂੰ ਜਾਣਾ ਹੀ ਪੈਣਾ ਸੀ।
ਰਾਤ ਦੇ ਅੱਠ ਵੱਜ ਚੁੱਕੇ ਸਨ। ਪਤਨੀ ਵਲੋਂ ਕਿਹਾ ਗਿਆ,‘‘ ਜੇਕਰ ਬੱਸ ਦਾ ਟਾਈਮ ਕੋਈ ਹੈ ਤਾਂ ਬੱਸ ’ਤੇ ਜਾਣਾ। ਰਾਤ ਦਾ ਸਮਾਂ ਹੈ ਤੇ ਜੇ ਆਪਣੀ ਗੱਡੀ ਲਿਜਾਣੀ ਹੈ ਤਾਂ ਮੈਂ ਨਾਲ ਜਾਵਾਂਗੀ ਇਕੱਲਿਆਂ ਨਹੀਂ ਭੇਜਣਾ।’’ ਮੈਨੂੰ ਦੋਵੇਂ ਹੀ ਗੱਲਾਂ ਮੁਸ਼ਕਿਲ ਲੱਗ ਰਹੀਆਂ ਸਨ। ਪਰ ਮੈਂ ਉਹਨੂੰ ਚੰਡੀਗੜ੍ਹ ਸੈਕਟਰ-17 ਬੱਸ ਸਟੈਂਡ ’ਤੇ ਛੱਡਣ ਲਈ ਕਿਹਾ ਅਤੇ ਤਸੱਲੀ ਦਿੱਤੀ ਕਿ ਬੱਸ ਰਾਹੀਂ ਹੀ ਜਾਵਾਂਗਾ। ਉਹ ਮੈਨੂੰ ਬੱਸ ਸਟੈਂਡ ਛੱਡ ਆਈ। ਬੱਸ ਸਟੈਂਡ ਅੰਦਰ ਗਿਆ ਤਾਂ ਪਤਾ ਲੱਗਾ ਕਿ ਬਠਿੰਡਾ ਲਈ ਆਖਰੀ ਬੱਸ ਪਹਿਲਾਂ ਹੀ ਜਾ ਚੁੱਕੀ ਹੈ। ਮੈਂ ਅੰਬਾਲਾ ਵਾਲੀ ਬੱਸ ’ਤੇ ਬੈਠ ਕੇ ਜ਼ੀਰਕਪੁਰ ਉੱਤਰ ਗਿਆ ਕਿਉਂਕਿ ਮੇਰਾ ਤਜਰਬਾ ਸੀ ਕਿ ਜ਼ੀਰਕਪੁਰ ਤੋਂ ਸਾਰੀ ਰਾਤ ਟਰੱਕ ਬਠਿੰਡਾ, ਅਬੋਹਰ ਲਈ ਰੇਤਾ, ਬਜਰੀ, ਪੱਥਰ ਲੈ ਕੇ ਜਾਂਦੇ ਹਨ। ਡਰਾਈਵਰ ਚਾਹ ਪਾਣੀ ਲਈ ਕਿਰਾਇਆ ਲੈ ਕੇ ਸਵਾਰੀਆਂ ਬਿਠਾ ਲੈਂਦੇ ਸਨ । ਪਤਨੀ ਨੇ ਘਰ ਜਾ ਕੇ ਮੇਰੀ ਬੱਸ ਬਾਰੇ ਪੁੱਛਿਆ ਮੈਂ ਕਹਿ ਦਿੱਤਾ ਕਿ ਬਠਿੰਡੇ ਦੀ ਬੱਸ ਮਿਲ ਗਈ ਹੈ। ਸੱਚ ਬੋਲਦਾ ਤਾਂ ਉਸ ਨੇ ਸਾਰੀ ਰਾਤ ਪ੍ਰੇਸ਼ਾਨ ਰਹਿਣਾ ਸੀ।
ਜ਼ੀਰਕਪੁਰ ਤੋਂ ਟਰੱਕ ਵਿੱਚ ਬੈਠ ਗਿਆ। ਟਰੱਕ ਨੇ ਤਾਂ ਆਪਣੀ ਚਾਲ ਹੀ ਚੱਲਣਾ ਸੀ ਅਤੇ ਟਰੱਕ ਭਵਾਨੀਗੜ੍ਹ ਵਿਖੇ ਢਾਬਿਆਂ ’ਤੇ ਰੁਕ ਗਿਆ। ਡਰਾਈਵਰ ਨੇ ਦੱਸਿਆ ਕਿ ਇੱਥੇ ਖਾਣਾ ਖਾ ਕੇ ਥੋੜ੍ਹੀ ਦੇਰ ਆਰਾਮ ਕਰਨਾ ਹੈ। ਮੈਨੂੰ ਤਾਂ ਇੱਕ-ਇੱਕ ਮਿੰਟ ਭਾਰਾ ਪੈ ਰਿਹਾ ਸੀ। ਮੈਂ ਉਹ ਟਰੱਕ ਫੜ ਲਿਆ ਜਿਸ ਦਾ ਡਰਾਈਵਰ ਖਾਣਾ ਖਾ ਕੇ ਆਰਾਮ ਕਰ ਚੁੱਕਾ ਸੀ ਤਾਂ ਜੋ ਉੱਥੋਂ ਦਾ ਸਮਾਂ ਬਚ ਜਾਵੇ। ਮੁੱਕਦੀ ਗੱਲ, ਰਾਤੀਂ ਲਗਭਗ 2 ਵਜੇ ਮੈਂ ਬਠਿੰਡਾ ਪਹੁੰਚ ਗਿਆ ਅਤੇ ਡੀ. ਸੀ. ਸਾਹਿਬ ਦੇ ਕੈਂਪ ਦਫਤਰ ਵਿਖੇ ਰਿਪੋਰਟ ਕਰ ਦਿੱਤੀ ਅਤੇ ਆਪਣੀ ਰਿਹਾਇਸ਼ ਰੈਸਟ ਹਾਊਸ ਵਿਖੇ ਪਹੁੰਚ ਗਿਆ।
ਅਗਲੇ ਸੋਮਵਾਰ ਮੈਂ ਸਵੇਰੇ ਡੀ. ਸੀ. ਸਾਹਿਬ ਦੇ ਨਿੱਜੀ ਸਹਾਇਕ ਨਾਲ ਸਰਸਰੀ ਗੱਲ ਕੀਤੀ ਕਿ ਸਖ਼ਤ ਸੁਨੇਹਾ ਲੱਗਣ ਕਾਰਨ ਅਤੇ ਕਿਸੇ ਵਲੋਂ ਫੋਨ ਨਾ ਚੁੱਕਣ ਕਾਰਨ ਰਾਤੀਂ ਮੈਨੂੰ ਬੜੀ ਮੁਸ਼ਕਲ ਨਾਲ ਪਹੁੰਚਣਾ ਪਿਆ ਅਤੇ ਸਫਰ ਬਾਰੇ ਵੀ ਦੱਸ ਬੈਠਾ।
ਸੁਭਾਵਿਕ ਕੀਤੀ ਗੱਲ ਡੀ. ਸੀ. ਸਾਹਿਬ ਕੋਲ ਪਹੁੰਚ ਗਈ। ਦੁਪਹਿਰ ਤੋਂ ਬਾਅਦ ਜਿਲ੍ਹੇ ਦੇ ਅਫਸਰਾਂ ਦੀ ਇੱਕ ਮੀਟਿੰਗ ਸੀ ਜਿਸ ਵਿੱਚ ਉਨ੍ਹਾਂ ਉਚੇਚੇ ਤੌਰ ’ਤੇ ਮੇਰੇ ਵੱਲੋਂ ਹੁਕਮਾਂ ਅਨੁਸਾਰ ਬਠਿੰਡਾ ਪਹੁੰਚਣ ਦੀ ਗਾਥਾ ਸੁਣਾ ਕੇ ਮੇਰੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੀ ਉਸ ਪ੍ਰਸ਼ੰਸਾ ਨੇ ਮੇਰੀ ਉਸ ਰਾਤ ਦੀ ਸਾਰੀ ਥਕਾਵਟ ਲਾਹ ਦਿੱਤੀ। ਅੱਜ ਵੀ ਜਦੋਂ ਮੈਂ ਉਹ ਘਟਨਾ ਯਾਦ ਕਰਦਾ ਹਾਂ ਤਾਂ ਮੈਨੂੰ ਉਸ ਰਾਤ ਦੇ ਸਫ਼ਰ ਦੀ ਪ੍ਰੇਸ਼ਾਨੀ ਨਹੀਂ ਸਗੋਂ ਪ੍ਰਸ਼ੰਸਾ ’ਤੇ ਫਖ਼ਰ ਮਹਿਸੂਸ ਹੁੰਦਾ ਹੈ।
ਸੰਪਰਕ: 94171-53819

