ਅਨਮੋਲ ਅਸੀਸ
ਕੋਈ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ। ਭਰ ਸਿਆਲ ਦਾ ਮੌਸਮ, ਸਕੂਲਾਂ ਤੇ ਕਾਲਜਾਂ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਸਨ। ਸਵੇਰੇ ਸੁਵਖ਼ਤੇ ਹੀ ਬਾਪੂ ਨੇ ਮੈਨੂੰ ਪਹਿਲੀ ਬੱਸ ਫੜ ਕੇ ਨਕੋਦਰ ਦਾਣਾ ਮੰਡੀ ਆੜ੍ਹਤੀਏ ਕੋਲੋਂ ਬਣਦੀ ਰਕਮ ਫੜ...
ਕੋਈ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ। ਭਰ ਸਿਆਲ ਦਾ ਮੌਸਮ, ਸਕੂਲਾਂ ਤੇ ਕਾਲਜਾਂ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਸਨ। ਸਵੇਰੇ ਸੁਵਖ਼ਤੇ ਹੀ ਬਾਪੂ ਨੇ ਮੈਨੂੰ ਪਹਿਲੀ ਬੱਸ ਫੜ ਕੇ ਨਕੋਦਰ ਦਾਣਾ ਮੰਡੀ ਆੜ੍ਹਤੀਏ ਕੋਲੋਂ ਬਣਦੀ ਰਕਮ ਫੜ ਕੇ ਲਿਆਉਣ ਲਈ ਕਿਹਾ। ਮੈਂ ਛੇਤੀ ਮੂੰਹ ਹੱਥ ਧੋ ਕੇ ਤਿਆਰ ਹੋਣ ਪਿੱਛੋਂ ਚਾਹ ਦਾ ਗਲਾਸ ਪੀ ਕੇ ਖੇਸੀ ਦੀ ਬੁੱਕਲ ਮਾਰੀ ਤੇ ਬੱਸ ਅੱਡੇ ਜਾ ਖੜ੍ਹਾ ਹੋਇਆ। ਸੰਘਣੀ ਧੁੰਦ ਪੱਸਰੀ ਹੋਈ ਸੀ ਤੇ ਦੋਵੇਂ ਪਾਸਿਆਂ ਤੋਂ ਆਉਂਦੀ ਜਾਂਦੀ ਕੋਈ ਬੱਸ, ਟੈਂਪੂ ਜਾਂ ਰਾਹੀ ਨਜ਼ਰ ਨਹੀਂ ਸੀ ਆਉਂਦਾ।
ਮੈਥੋਂ ਸਿਵਾਏ ਅੱਡੇ ’ਤੇ ਕੋਈ ਹੋਰ ਸਵਾਰੀ ਵੀ ਨਹੀਂ ਸੀ। ਜਲਦੀ ਹੀ ਬੱਸ ਆ ਗਈ ਤੇ ਮੂਹਰਲੇ ਦਰਵਾਜ਼ੇ ਥਾਣੀਂ ਚੜ੍ਹ ਕੇ ਸਭ ਪਾਸੇ ਨਜ਼ਰ ਮਾਰਨ ਪਿੱਛੋਂ ਮੈਂ ਡਰਾਈਵਰ ਪਿਛਲੀ ਤਿੰਨ ਸਵਾਰੀਆਂ ਵਾਲੀ ਸੀਟ ’ਤੇ ਇੱਕੋ ਇੱਕ ਖਾਲੀ ਜਗ੍ਹਾ ਦੇਖ ਕੇ ਬੈਠ ਗਿਆ। ਹੱਡ ਚੀਰਵੀਂ ਠੰਢ ਕਾਰਨ ਸਾਰਿਆਂ ਨੇ ਮੂੰਹ ਸਿਰ ਲਪੇਟੇ ਹੋਏ ਸਨ ਤੇ ਬੱਸ ਅੰਦਰ ਇਕ ਅਸਧਾਰਨ ਚੁੱਪ ਸੀ। ਲੱਗਦਾ ਸੀ ਜਿਵੇਂ ਬੱਸ ਪਤਾਲ ’ਚੋਂ ਆਈ ਹੋਵੇ ਤੇ ਆਖਰੀ ਸਟਾਪ ਦਾ ਕਿਸੇ ਨੂੰ ਕੋਈ ਪਤਾ ਨਾ ਹੋਵੇ ਤੇ ਨਾ ਹੀ ਕੋਈ ਪਰਵਾਹ ਹੋਵੇ।
ਕੁਝ ਮਿੰਟਾਂ ਬਾਅਦ ਬੱਸ ਅਗਲੇ ਸਟਾਪ ਚੱਕ ਮੁਗਲਾਣੀ ਰੁਕੀ। ਇਕ ਬਿਰਧ ਮਾਤਾ ਹੱਥ ਵਿੱਚ ਖੂੰਡੀ ਫੜੀ ਤੇ ਮੋਢੇ ਬੂਟੀਆਂ ਵਾਲਾ ਝੋਲਾ ਲਟਕਾਈ ਬੱਸ ਚੜ੍ਹੀ ਤਾਂ ਮੈਂ ਦਬਾ ਸੱਟ ਉੱਠ ਕੇ “ਮਾਤਾ ਜੀ ਤੁਸੀਂ ਏਥੇ ਬੈਠ ਜਾਓ” ਕਿਹਾ ਤਾਂ ਉਹ ਚੁੱਪ-ਚੁਪੀਤੀ ਆਪਣਾ-ਆਪ ਸੰਭਾਲ ਕੇ ਬੈਠ ਗਈ। ਹੁਣ ਬੱਸ ਵਿੱਚ ਇਕੱਲਾ ਮੈਂ ਹੀ ਖੜ੍ਹਾ ਸੀ। ਬਿਰਧ ਮਾਤਾ ਦੇ ਚਿਹਰੇ ’ਤੇ ਅਲੌਕਿਕ ਨੂਰ, ਦੇਹਰੀ ’ਤੇ ਰੱਖੇ ਦੋ ਦੀਵਿਆਂ ਵਾਂਗ ਜਗਦੀਆਂ ਅੱਖਾਂ। ਮੈਨੂੰ ਤਾਂ ਉਹ ਕੋਈ ਦਰਵੇਸ਼ਣੀ ਲੱਗੀ। ਮੈਂ ਏਹੋ ਜਿਹਾ ਚਿਹਰਾ ਪਹਿਲਾਂ ਕਦੇ ਨਹੀਂ ਸੀ ਦੇਖਿਆ। ਉਹ ਭਰੀ ਹੋਈ ਬੱਸ ਵਿੱਚ ਬੈਠੀ ਵੀ ਕਿਸੇ ਹੋਰ ਜਹਾਨ ਵਿੱਚ ਵਿਚਰ ਰਹੀ ਜਾਪਦੀ ਸੀ।
ਅਖੀਰ ਬੱਸ ਨਕੋਦਰ ਮੇਨ ਬੱਸ ਅੱਡੇ ਜਾ ਲੱਗੀ ਤਾਂ ਮੈਂ ਥੋੜ੍ਹਾ ਪਿੱਛੇ ਹਟ ਕੇ “ਮਾਤਾ ਜੀ, ਪਹਿਲਾਂ ਤੁਸੀਂ ਉਤਰ ਜਾਓ” ਕਿਹਾ। ਉਹ ਸੰਭਲ ਕੇ ਉਤਰੀ ਤੇ ਸ਼ਾਲ ਦੀ ਬੁੱਕਲ ਠੀਕ ਕਰਦੀ ਨੇ ਮੈਨੂੰ ਨਜ਼ਰਾਂ ਭਰ ਕੇ ਤੱਕਿਆ ਤੇ ਮੇਰੇ ਸਿਰ ’ਤੇ ਹੱਥ ਰੱਖ ਕਿਹਾ, “ਚੰਗਾ ਚੰਦ ਮੈਂ ਚੱਲਦੀ ਆਂ, ਜਿਊਂਦਾ ਰਹੁ, ਧਰ ਧਰ ਭੁੱਲੇਂ।” ਆੜ੍ਹਤੀਏ ਕੋਲੋਂ ਰਕਮ ਫੜਨ ਤੋਂ ਪਹਿਲਾਂ ਹੀ ਉਹ ਮੇਰੀ ਝੋਲੀ ਵਿੱਚ ਅਨਮੋਲ ਖਜ਼ਾਨਾ ਪਾ ਕੇ ਧੁੰਦ ਵਿੱਚ ਲੋਪ ਹੋ ਗਈ। ਅੱਜ ਵੀ ਉਸ ਦਰਵੇਸ਼ਣੀ ਦੀ ਅਸੀਸ ਮਨ ਦੇ ਸੁੰਦਰ ਬਾਗ ਵਿੱਚ ਫੁੱਲਾਂ ਲੱਦੇ ਕਨੇਰ ਵਾਂਗ ਝੂਲਦੀ ਹੈ ਤੇ ਸਾਗਰ ਦੀ ਮੱਠੀ ਛੱਲ ਦੀ ਕਿਨਾਰੇ ਨਾਲ ਟਕਰਾਅ ਕੇ ਪੈਦਾ ਹੁੰਦੀ ਮਿੱਠੀ ਸਰਸਰਾਹਟ ਵਾਂਗ ਕੰਨਾਂ ਵਿੱਚ ਰਸ ਘੋਲਦੀ ਹੈ। ਦੁੱਧ ਚਿੱਟੇ ਮਿਥਕ ਪੰਛੀ ਵਰਗੀ ਅਸੀਸ, ਜਿਹੜਾ ਅਸਮਾਨ ਵਿੱਚ ਭਉਂਦਾ ਇਕਦਮ ਹੇਠਾਂ ਵੱਲ ਚੁੱਭੀ ਮਾਰਦਾ ਤੇ ਮੇਰੇ ਸਿਰ ’ਤੇ ਆਪਣੇ ਪਰ ਛੁਹਾ ਕੇ ਮੁੜ ਚਿੱਟੇ ਬੱਦਲਾਂ ’ਚ ਕਿੱਧਰੇ ਲੋਪ ਹੋ ਜਾਂਦਾ ਹੈ। ਇਸ ਪੰਛੀ ਦਾ ਨੂਰੀ ਪਰਛਾਵਾਂ ਦਿਲ ਦੀਆਂ ਹਨੇਰੀਆਂ ਘਾਟੀਆਂ ਨੂੰ ਰੁਸ਼ਨਾਉਂਦਾ ਹੈ।
ਈ-ਮੇਲ: baldevsingh2013@gmail.com

