DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਠੀਕਰੀ ਪਹਿਰਾ

ਕੁਲਵੰਤ ਸਿੰਘ ਸੰਘੋਲ ਗੱਲ ਉਸ ਸਮੇਂ ਦੀ ਹੈ, ਜਿਸ ਵੇਲੇ ਪੰਜਾਬ ਬਹੁਤ ਹੀ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਉਸ ਸਮੇਂ ਪਿੰਡਾਂ ਵਿੱਚ ਠੀਕਰੀ ਪਹਿਰੇ ਆਮ ਲੱਗਦੇ ਸਨ। ਹਰੇਕ ਗਲੀ-ਮੁਹੱਲੇ ਵਿੱਚੋਂ ਵਾਰੀ ਸਿਰ ਰੋਜ਼ ਪੰਜ-ਸੱਤ ਜਣਿਆਂ ਦੀ ਟੀਮ ਠੀਕਰੀ ਪਹਿਰੇ...

  • fb
  • twitter
  • whatsapp
  • whatsapp
Advertisement

ਕੁਲਵੰਤ ਸਿੰਘ ਸੰਘੋਲ

ਗੱਲ ਉਸ ਸਮੇਂ ਦੀ ਹੈ, ਜਿਸ ਵੇਲੇ ਪੰਜਾਬ ਬਹੁਤ ਹੀ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਉਸ ਸਮੇਂ ਪਿੰਡਾਂ ਵਿੱਚ ਠੀਕਰੀ ਪਹਿਰੇ ਆਮ ਲੱਗਦੇ ਸਨ। ਹਰੇਕ ਗਲੀ-ਮੁਹੱਲੇ ਵਿੱਚੋਂ ਵਾਰੀ ਸਿਰ ਰੋਜ਼ ਪੰਜ-ਸੱਤ ਜਣਿਆਂ ਦੀ ਟੀਮ ਠੀਕਰੀ ਪਹਿਰੇ ’ਤੇ ਤਾਇਨਾਤ ਹੋਇਆ ਕਰਦੀ ਸੀ। ਸਾਡੇ ਪਿੰਡ ਠੀਕਰੀ ਪਹਿਰੇ ਵਿੱਚ ਸ਼ਾਮਲ ਹੋਣ ਵਾਲੇ ਮੈਂਬਰ ਪਿੰਡ ਦੇ ਖੂਹ ਨੇੜੇ ਬਣੇ ਚੌਂਤਰੇ ਕੋਲ ਇਕੱਠੇ ਹੁੰਦੇ ਤੇ ਹੱਥਾਂ ’ਚ ਬੈਟਰੀਆਂ ਅਤੇ ਸੋਟੀਆਂ ਫੜ ਕੇ ਪਹਿਰਾ ਦਿੰਦੇ ਸਨ। ਇਹ ਠੀਕਰੀ ਪਹਿਰਾ ਸਵੇਰੇ ਚਾਰ ਵਜੇ ਤੱਕ ਲੱਗਦਾ ਸੀ। ਅਪਰੈਲ ਮਹੀਨਾ ਕਣਕਾਂ ਦੀ ਵਾਢੀ ਦਾ ਹੁੰਦਾ ਹੈ। ਅੱਜ ਬੇਸ਼ੱਕ ਜ਼ਿਆਦਾਤਰ ਵਾਢੀ ਕੰਬਾਈਨਾਂ ਨਾਲ ਹੀ ਕੀਤੀ ਜਾਂਦੀ ਹੈ, ਪਰ ਉਸ ਵੇਲੇ ਇਹ ਕੰਮ ਹੱਥਾਂ ਨਾਲ ਹੀ ਹੁੰਦਾ ਸੀ। ਅਸੀਂ ਆਪਣੇ ਹੀ ਪਿੰਡ ਦੇ ਪੰਜ-ਸੱਤ ਵਢਾਵਿਆਂ ਕੋਲੋਂ ਕਣਕ ਦੀ ਵਾਢੀ ਕਰਵਾ ਲਈ ਸੀ। ਹੁਣ ਥਰੈਸ਼ਰ ਨਾਲ ਕਣਕ ਅਤੇ ਤੂੜੀ ਕੱਢਣ ਦਾ ਕੰਮ ਬਾਕੀ ਸੀ। ਮੇਰੇ ਬਾਪੂ ਨੇ ਇਸ ਕੰਮ ਲਈ ਐਤਵਾਰ ਦਾ ਦਿਨ ਰੱਖ ਲਿਆ ਕਿਉਂਕਿ ਇਸ ਦਿਨ ਮੇਰੀ ਸਕੂਲੋਂ ਛੁੱਟੀ ਸੀ। ਸਵੇਰੇ ਹੀ ਕਿਰਾਏ ’ਤੇ ਕੀਤੇ ਥਰੈਸ਼ਰ ਦਾ ਮਾਲਕ ਆਪਣਾ ਟਰੈਕਟਰ ਅਤੇ ਥਰੈਸ਼ਰ ਲੈ ਕੇ ਆ ਗਿਆ। ਮੇਰੇ ਬਾਪੂ ਨੇ ਪਹਿਲਾਂ ਹੀ ਪੰਜ ਮਜ਼ਦੂਰ ਕੰਮ ਲਈ ਰੱਖ ਲਏ ਸਨ। ਬਾਪੂ ਮੈਨੂੰ ਖੇਤ ਵਿੱਚ ਚਾਹ ਅਤੇ ਹਾਜ਼ਰੀ ਲੈ ਕੇ ਆਉਣ ਦੀ ਹਦਾਇਤ ਦੇ ਕੇ ਖੇਤ ਚਲਾ ਗਿਆ। ਮੈਂ ਸਾਈਕਲ ’ਤੇ ਚਾਹ ਅਤੇ ਰੋਟੀ ਲੈ ਕੇ ਜਦ ਖੇਤ ਪੁੱਜਿਆ ਤਾਂ ਥਰੈਸ਼ਰ ਇਕ ਥਾਂ ਫਿੱਟ ਕਰਕੇ ਕੰਮ ਚਾਲੂ ਕਰਨ ਦਾ ਪਲੈਨ ਬਣਾ ਲਿਆ ਗਿਆ ਸੀ। ਸਾਰੇ ਮਜ਼ਦੂਰਾਂ ਨੇ ਲੰਗਰ ਛਕਣ ਮਗਰੋਂ ਮੱਥਾ ਟੇਕਿਆ ਤੇ ਕੰਮ ਆਰੰਭ ਦਿੱਤਾ। ਕਣਕ ਦੀ ਗਹਾਈ ਕਰਨ ਵਾਲਾ ਥਰੈਸ਼ਰ, ਜਿਸ ਨੂੰ ਘੁੱਗੂ ਥਰੈਸ਼ਰ ਸੱਦਦੇ ਸਨ, ਜਲਦੀ ਹੀ ਧੂੜਾਂ ਪੁੱਟਦਾ ਹੋਇਆ ਕਣਕ ਅਤੇ ਤੂੜੀ ਬਣਾਉਣ ਲੱਗ ਪਿਆ। ਬਾਪੂ ਨੇ ਮੇਰੀ ਡਿਊਟੀ ਥਰੈਸ਼ਰ ਦੇ ਛਾਣਨੇ ਵਿੱਚੋਂ ਬਾਹਰ ਆ ਰਹੇ ਦਾਣਿਆਂ ਦੇ ਤਸਲੇ ਭਰ-ਭਰ ਕੇ ਕਣਕ ਇਕੱਠੀ ਕਰਨ ਲਈ ਵਿਛਾਈਆਂ ਹੋਈਆਂ ਪੱਲੀਆਂ ਉੱਤੇ ਸੁੱਟਣ ਦੀ ਲਾ ਦਿੱਤੀ। ਮੈਂ ਕੰਮ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਮੇਰੀ ਡਿਊਟੀ ਬਦਲ ਕੇ ਥਰੈਸ਼ਰ ਤੋਂ ਦੂਰ ਪਈਆਂ ਕਣਕ ਦੀਆਂ ਭਰੀਆਂ ਚੁੱਕਵਾਉਣ ਦੀ ਲਗ ਗਈ।

Advertisement

ਕੁਝ ਚਿਰ ਮਗਰੋਂ ਦੋ ਮਜ਼ਦੂਰ ਕਿਸੇ ਗੱਲੋਂ ਝਗੜ ਪਏ। ਬਾਪੂ ਨੇ ਵਿੱਚ ਪੈ ਕੇ ਸਮਝਾਉਣ ਦਾ ਯਤਨ ਕੀਤਾ ਪਰ ਉਹ ਲੜਦੇ ਹੋਏ ਕੰਮ ਛੱਡ ਕੇ ਭੱਜ ਗਏ। ਹੁਣ ਕੇਵਲ ਤਿੰਨ ਮਜ਼ਦੂਰ, ਮੈਂ ਤੇ ਬਾਪੂ ਰਹਿ ਗਏ ਸਾਂ, ਜਿਨ੍ਹਾਂ ਵਿੱਚੋਂ ਦੋ ਜਣੇ ਥਰੈਸ਼ਰ ’ਤੇ ਰੁੱਗ ਲਾ ਰਹੇ ਸਨ ਅਤੇ ਬਾਕੀ ਜਣੇ ਕਣਕ ਦੀਆਂ ਭਰੀਆਂ ਦੀ ਢੋਆ-ਢੁਆਈ ਅਤੇ ਹੋਰ ਕੰਮ ਕਰ ਰਹੇ ਸਨ। ਕਾਫੀ ਦੇਰ ਤੋਂ ਥਰੈਸ਼ਰ ਉੱਤੇ ਰੁੱਗ ਲਗਾ ਰਹੇ ਮਜ਼ਦੂਰ ਥੋੜ੍ਹਾ ਆਰਾਮ ਚਾਹੁੰਦੇ ਸਨ, ਇਸ ਲਈ ਬਾਪੂ ਨੇ ਮੈਨੂੰ ਥਰੈਸ਼ਰ ’ਤੇ ਰੁੱਗ ਲਗਾਉਣ ਲਈ ਆਖ ਦਿੱਤਾ। ਅਤਿ ਦੀ ਗਰਮੀ ਵਿੱਚ ਮੈਂ ਰੁੱਗ ਲਾਉਣ ਲੱਗ ਪਿਆ। ਮੁੜਕੋ-ਮੁੜਕੀ ਹੋਏ ਅਸੀਂ ਕੰਮ ਕਰਦੇ ਰਹੇ। ਢਾਈ-ਤਿੰਨ ਘੰਟਿਆਂ ਮਗਰੋਂ ਦੁਪਹਿਰ ਦੀ ਰੋਟੀ ਵੇਲੇ ਥਰੈਸ਼ਰ ਬੰਦ ਕੀਤਾ ਗਿਆ। ਰੋਟੀ ਖਾ ਕੇ ਥੋੜ੍ਹਾ ਆਰਾਮ ਕਰਨ ਤੋਂ ਬਾਅਦ ਮੁੜ ਸਾਰੇ ਕੰਮ ’ਚ ਜੁੱਟ ਗਏ। ਸ਼ਾਮ ਛੇ ਵਜੇ ਮੈਨੂੰ ਥੱਕਿਆ ਵੇਖ ਕੇ ਬਾਪੂ ਨੇ ਮੈਨੂੰ ਘਰ ਜਾਣ ਲਈ ਕਹਿ ਦਿੱਤਾ। ਘਰ ਜਾ ਕੇ ਮੈਂ ਹਾਲੇ ਨਹਾ ਕੇ ਬਾਹਰ ਆਇਆ ਸੀ, ਜਦੋਂ ਚੌਕੀਦਾਰ ਨੇ ਬੂਹਾ ਖੜ੍ਹਕਾਇਆ। ‘‘ਅੱਜ ਰਾਤ ਦਾ ਠੀਕਰੀ ਪਹਿਰਾ ਏ ਜੀ ਥੋਡਾ ! ਉੱਚੀ ਆਵਾਜ਼ ਵਿੱਚ ਇਹ ਗੱਲ ਆਖ ਚੌਕੀਦਾਰ ਅੱਗੇ ਤੁਰ ਗਿਆ। ਮੰਜੇ ਉੱਤੇ ਬੈਠੇ ਮੇਰੇ ਦਾਦੇ ਨੇ ਠੀਕਰੀ ਪਹਿਰੇ ਲਈ ਮੈਨੂੰ ਜਾਣ ਦੀ ਹਦਾਇਤ ਕੀਤੀ। ਮੈਂ ਰਾਤ ਦੀ ਰੋਟੀ ਮਗਰੋਂ ਸੋਟੀ ਅਤੇ ਬੈਟਰੀ ਲੈ ਕੇ ਠੀਕਰੀ ਪਹਿਰੇ ਲਈ ਨਿਸ਼ਚਿਤ ਕੀਤੀ ਹੋਈ ਥਾਂ ’ਤੇ ਪੁੱਜ ਗਿਆ। ਹੌਲੀ-ਹੌਲੀ ਸਾਰੇ ਠੀਕਰੀ ਪਹਿਰਾ ਦੇਣ ਵਾਲੇ ਇਕੱਠੇ ਹੁੰਦੇ ਗਏ ਤੇ ਜਦ ਸਾਰੇ ਇਕੱਠੇ ਹੋਏ ਤਾ ਆਪਸ ਵਿੱਚ ਗੱਲਾਂ ਮਾਰਨ ਲੱਗੇ। ਥੱਕਿਆ ਹੋਣ ਕਾਰਨ ਗੱਲਾਂ ’ਚ ਮੇਰਾ ਧਿਆਨ ਨਹੀਂ ਸੀ ਲਗ ਰਿਹਾ। ਮੈਂ ਵਿੱਚ ਵਿੱਚ ਉਂਘਲਾ ਵੀ ਰਿਹਾ ਸੀ। ਸਾਡੇ ’ਚ ਇੱਕ ਬਜ਼ੁਰਗ ਪੰਡਤ ਜੀ ਸੀ, ਜੋ ਥੋੜ੍ਹੀ ਥੋੜ੍ਹੀ ਦੇਰ ਮਗਰੋਂ ਗੇੜਾ ਮਾਰ ਆਉਣ ਲਈ ਸਭ ਨੂੰ ਉਠਾ ਲੈਂਦੇ। ਅਸੀਂ ਸੋਟੀਆਂ ਖੜਕਾਉਂਦੇ ਅਤੇ ਬੈਟਰੀਆਂ ਮਾਰਦੇ ਗਲੀਆਂ ’ਚ ਗੇੜੀ ਮਾਰਨ ਲੱਗ ਪੈਂਦੇ। ਸਵੇਰੇ ਚਾਰ ਵਜੇ ਘਰ ਪਰਤ ਕੇ ਜਦੋਂ ਮੈਂ ਬੂਹਾ ਖੜਕਾਇਆ ਤਾਂ ਦਾਦਾ ਜੀ ਨੇ ਬੂਹਾ ਖੋਲ੍ਹਿਆ। ਮੈਂ ਡਿਊਢੀ ’ਚ ਡਿੱਠੇ ਉਨ੍ਹਾਂ ਦੇ ਮੰਜੇ ’ਤੇ ਹੀ ਲੇਟ ਗਿਆ। ਮੰਜੇ ’ਤੇ ਡਿੱਗਦਿਆਂ ਹੀ ਨੀਂਦ ਦਾ ਜ਼ੋਰ ਪੈ ਗਿਆ। ਹਾਲੇ ਅੱਖ ਲੱਗੀ ਹੀ ਸੀ ਕਿ ਮੇਰੇ ਦਾਦਾ ਜੀ ਨੇ ਆਵਾਜ਼ ਮਾਰੀ, ‘‘ਉੱਠ ਪੁੱਤ ਆਪਣੀ ਮੱਝ ਸੂ ਪਈ ਏ।’’ ਮੈਂ ਉੱਭੜਵਾਹੇ ਉੱਠਿਆ, ਦਾਦਾ ਜੀ ਮੱਝ ਦੇ ਕੋਲ ਖੜ੍ਹੇ ਓਹੜ-ਪੋਹੜ ਕਰਨ ’ਚ ਰੁੱਝੇ ਹੋਏ ਸਨ। ਮੈਂ ਤੁਰੰਤ ਮੰਜਾ ਛੱਡ ਉਨ੍ਹਾਂ ਕੋਲ ਗਿਆ ਤੇ ਮੱਝ ਨੂੰ ਸੰਭਾਲਿਆ। ਅੱਜ ਜਦੋਂ ਮੈ ਪਿੱਛੇ ਨਜ਼ਰ ਮਾਰਦਾ ਹਾਂ ਤਾਂ ਸਮਝ ਲੱਗਦੀ ਹੈ ਅਜਿਹੇ ਹਾਲਾਤ ਤੇ ਘਟਨਾਵਾਂ ਤੁਹਾਨੂੰ ਜ਼ਿੰਦਗੀ ’ਚ ਹਰ ਤਰ੍ਹਾਂ ਦੀ ਔਖੀ ਸੌਖੀ ਸਥਿਤੀ ਦਾ ਸਾਹਮਣਾ ਕਰਨ ਅਤੇ ਸੰਘਰਸ਼ ਤੇ ਮਿਹਨਤ ਕਰਨ ਲਈ ਤਿਆਰ ਕਰ ਦਿੰਦੀਆਂ ਹਨ।

Advertisement

ਸੰਪਰਕ: 75289-26135

Advertisement
×