DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਛੱਪੜ ਦਾ ਪਾਣੀ

ਮੇਰੇ ਵੱਡੇ ਤਾਏ ਦੇ ਮੁੰਡੇ ਦਾ ਵਿਆਹ ਹੋਏ ਨੂੰ ਕੋਈ 50-52 ਸਾਲ ਹੋ ਗਏ ਨੇ। ਉਸ ਵੇਲੇ ਸਾਡਾ ਬੜਾ ਵੱਡਾ ਪਰਿਵਾਰ ਹੁੰਦਾ ਸੀ। ਮੇਰੇ ਪਿਤਾ ਜੀ ਹੋਰੀਂ ਛੇ ਭਰਾ ਤੇ ਤਿੰਨ ਭੈਣਾਂ ਸਨ। ਬੇਸ਼ੱਕ ਸਾਰੇ ਹੀ ਵਿਆਹੇ ਤੇ ਆਪੋ-ਆਪਣੇ ਪਰਿਵਾਰਾਂ...

  • fb
  • twitter
  • whatsapp
  • whatsapp
Advertisement

ਮੇਰੇ ਵੱਡੇ ਤਾਏ ਦੇ ਮੁੰਡੇ ਦਾ ਵਿਆਹ ਹੋਏ ਨੂੰ ਕੋਈ 50-52 ਸਾਲ ਹੋ ਗਏ ਨੇ। ਉਸ ਵੇਲੇ ਸਾਡਾ ਬੜਾ ਵੱਡਾ ਪਰਿਵਾਰ ਹੁੰਦਾ ਸੀ। ਮੇਰੇ ਪਿਤਾ ਜੀ ਹੋਰੀਂ ਛੇ ਭਰਾ ਤੇ ਤਿੰਨ ਭੈਣਾਂ ਸਨ। ਬੇਸ਼ੱਕ ਸਾਰੇ ਹੀ ਵਿਆਹੇ ਤੇ ਆਪੋ-ਆਪਣੇ ਪਰਿਵਾਰਾਂ ਵਾਲੇ ਸਨ, ਪਰ ਸਭ ਦੇ ਪਰਿਵਾਰ ਇੱਕ ਹੀ ਥਾਂ ਇਕੱਠੇ ਰਹਿੰਦੇ ਸਨ। ਇੱਕ ਹੀ ਚੁੱਲ੍ਹੇ ’ਤੇ ਰੋਟੀਆਂ ਪੱਕਣੀਆਂ ਤੇ ਇੱਕੋ ਥਾਂ ਬੈਠ ਕੇ ਸਭ ਨੇ ਖਾ ਲੈਣੀਆਂ। ਮੇਰੀਆਂ ਚਾਚੀਆਂ ਤੇ ਤਾਈਆਂ ਵੀ ਬਹੁਤ ਚੰਗੇ ਸੁਭਾਅ ਦੀਆਂ ਸਨ। ਕਦੇ ਕਿਸੇ ਜਵਾਕ ਨਾਲ ਵਿਤਕਰਾ ਨਹੀਂ ਸੀ ਹੋਇਆ। ਇਉਂ ਮੰਨੋ ਜਿਵੇਂ ਸਾਨੂੰ ਸਾਰੇ ਹੀ ਮਾਂ-ਪਿਓ ਵਾਂਗ ਸਾਂਭਦੇ ਸਨ। ਲੀੜੇ ਵੀ ਇੱਕ ਦੂਜੇ ਦੇ ਜੁਆਕਾਂ ਦੇ ਪਾ ਲੈਣੇ।

ਖ਼ੈਰ, ਮੈਂ ਗੱਲ ਕਰਨ ਲੱਗਾ ਸੀ ਵਿਆਹ ਦੀ। ਉਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ। ਅਸੀਂ ਵੀ ਜੰਞ ਜਾਣ ਦੀ ਜ਼ਿੱਦ ਕਰ ਲਈ। ਉਨ੍ਹਾਂ ਸਮਿਆਂ ਵਿੱਚ ਜੰਞਾਂ ਦੋ-ਤਿੰਨ ਦਿਨ ਠਹਿਰ ਕੇ ਮੁੁੜਦੀਆਂ ਹੁੰਦੀਆਂ ਸਨ। ਕੁੜੀ ਵਾਲਿਆਂ ਨੇ ਰਲ ਕੇ ਪਿੰਡ ਵਿੱਚੋਂ ਮੰਜੇ ਬਿਸਤਰੇ ਇਕੱਠੇ ਕਰਨੇ। ਜੰਞ ਘਰ ਵਿੱਚ ਨਵੇਂ ਨਵੇਂ ਬਿਸਤਰੇ ਵਿਛਾ ਕੇ ਦੇਣੇ। ਜੰਞ ਦੀ ਪੂਰੀ ਰੀਝ ਨਾਲ ਸੇਵਾ ਕਰਨੀ। ਰਾਤ ਨੂੰ ਬਰਾਤੀਆਂ ਨੇ ਵੀ ਖਾ ਪੀ ਕੇ ਗੱਲਾਂ ਕਰਨੀਆਂ। ਅੰਮ੍ਰਿਤ ਵੇਲੇ ਕੁੜੀ ਮੁੰਡੇ ਦੇ ਆਨੰਦ ਕਾਰਜ ਹੋਣੇ। ਭਾਈ ਜੀ ਨੇ ਵੀ ਪੂਰੀ ਰੀਝ ਨਾਲ ਸਿੱਖਿਆ ਦੇਣੀ, ਪੂਰੀ ਰਹਿਤ ਮਰਿਯਾਦਾ ਵਿੱਚ ਰਹਿ ਕੇ ਸਾਰੇ ਕਾਰਜ ਵਿਹਾਰ ਕਰਨੇ। ਸਹੁਰੇ ਪਰਿਵਾਰ ਦੀਆਂ ਬੀਬੀਆਂ ਭੈਣਾਂ ਨੇ ਲਾੜੇ ਨੂੰ ਸਿੱਠਣੀਆਂ ਦੇਣੀਆਂ। ਜੰਞ ਬੰਨ੍ਹਣੀ, ਮੰਜੇ ਤੋਂ ਲਾੜੇ ਨੂੰ ਡੇਗਣਾ, ਖ਼ੂਬ ਰੰਗ ਬੰਨ੍ਹਣੇ। ਲਾੜੇ ਨੂੰ ਕਹਿਣਾ ਕਿ ਛੰਦ ਸੁਣਾ। ਭੰਡਾਂ ਨੇ ਵੀ ਸਾਰੀ ਸਾਰੀ ਰਾਤ ਆਪਣੇ ਛੰਦ, ਗੀਤ ਤੇ ਬੋਲੀਆਂ ਪਾ ਕੇ ਜਾਂਝੀਆਂ ਨੂੰ ਨਚਾਉਣਾ।

Advertisement

ਜਿੱਥੇ ਅਸੀਂ ਬਰਾਤ ਗਏ ਸੀ ਉਹ ਇਲਾਕਾ ਉਸ ਸਮੇਂ ਬੰਜਰ ਤੇ ਵੀਰਾਨ ਹੀ ਸੀ। ਨਹਿਰੀ ਪਾਣੀ ਘੱਟ ਹੁੰਦਾ ਸੀ। ਟਿਊਬਵੈੱਲ ਉਨ੍ਹਾਂ ਸਮਿਆਂ ਵਿੱਚ ਨਹੀਂ ਸੀ ਹੁੰਦੇ। ਇਹ ਪਿੰਡ ਲਗਭਗ ਰਾਜਸਥਾਨ ਦੇ ਨੇੜੇ ਹੀ ਵੱਸਿਆ ਹੋਇਆ ਹੈ। ਉੱਥੇ ਲੋਕ ਛੱਪੜਾਂ ਤੋਂ ਮਸ਼ਕਾਂ ਭਰ ਕੇ ਪੀਣ ਤੇ ਹੋਰ ਕੰਮਾਂ ਲਈ ਪਾਣੀ ਘਰ ਲਿਜਾਂਦੇ ਸਨ। ਇਹ ਛੱਪੜ ਵੀ ਮੀਂਹਾਂ ਦਾ ਪਾਣੀ ਇਕੱਠਾ ਕਰਕੇ ਭਰੇ ਜਾਂਦੇ ਸਨ। ਮੇਰੇ ਤਾਏ ਦਾ ਇੱਕ ਮੁੰਡਾ ਮੇਰਾ ਹਾਣੀ ਸੀ। ਜਦੋਂ ਅਸੀਂ ਘਸਮੈਲਾ ਜਿਹਾ ਪਾਣੀ ਵੇਖਿਆ ਤਾਂ ਪੀਣ ਨੂੰ ਜੀਅ ਨਾ ਕੀਤਾ। ਮੈਂ ਆਪਣੇ ਤਾਏ ਦੇ ਮੁੰਡੇ ਨੂੰ ਕਿਹਾ, ‘‘ਚੱਲ ਆਪਾਂ ਨਲਕੇ ਤੋਂ ਪਾਣੀ ਪੀ ਕੇ ਆਈਏ।’’ ਅਸੀਂ ਸਾਰਾ ਪਿੰਡ ਗਾਹ ਮਾਰਿਆ, ਪਰ ਸਾਨੂੰ ਕਿਤੇ ਕੋਈ ਨਲਕਾ ਨਾ ਮਿਲਿਆ। ਅਸੀਂ ਪਿਤਾ ਜੀ ਹੋਰਾਂ ਨੂੰ ਕਿਹਾ ਕਿ ਅਸੀਂ ਆਹ ਗੰਦਾ ਪਾਣੀ ਨਹੀਂ ਪੀਣਾ। ਸਾਡੇ ਪਿੰਡ ਤਾਂ ਨਲਕੇ ਘਰ ਘਰ ਲੱਗੇ ਹੋਏ ਸਨ। ਪਿਤਾ ਜੀ ਹੋਰੀਂ ਕਹਿਣ ਲੱਗੇ, ‘‘ਇੱਥੋਂ ਦੇ ਪਿੰਡ ਵਾਲੇ ਸਾਰੇ ਇਹੋ ਹੀ ਪਾਣੀ ਪੀਂਦੇ ਹਨ। ਤੁਸੀਂ ਘਬਰਾਓ ਨਾ। ਇਹ ਪਾਣੀ ਸਾਫ਼ ਹੈ।’’ ਪਰ ਸਾਨੂੰ ਕਿੱਥੇ ਯਕੀਨ ਆਵੇ? ਸੱਚ ਮੰਨਿਓ ਦੋ-ਤਿੰਨ ਦਿਨ ਬਰਾਤ ਉੱਥੇ ਰੁਕੀ। ਨਾ ਸਾਡਾ ਪਾਣੀ ਪੀਣ ਨੂੰ ਜੀਅ ਕਰੇ, ਨਾ ਮੂੰਹ ਧੋਣ ਨੂੰ। ਉਸ ਵਿਆਹ ਦੀ ਯਾਦ ਅੱਜ ਵੀ ਦਿਮਾਗ਼ ਵਿੱਚ ਘੁੰਮਦੀ ਰਹਿੰਦੀ ਹੈ। ਇਨਸਾਨ ਤੇ ਜਾਨਵਰ ਇੱਕ ਹੀ ਛੱਪੜ ਵਿੱਚੋਂ ਪਾਣੀ ਪੀਂਦੇ ਸਨ। ਫਿਰ ਵੀ ਉਦੋਂ ਬਹੁਤੀਆਂ ਬਿਮਾਰੀਆਂ ਦਾ ਜ਼ਿਕਰ ਨਹੀਂ ਸੀ ਸੁਣਦੇ। ਅੱਜ ਘਰ-ਘਰ ਆਰ ਓ ਲੱਗ ਗਏ ਹਨ ਤਾਂ ਵੀ ਬਿਮਾਰੀਆਂ ਪਿੱਛਾ ਨਹੀਂ ਛੱਡਦੀਆਂ। ਹੁਣ ਤਾਂ ਬਿਮਾਰੀਆਂ ਦੀ ਫਹਿਰਿਸਤ ਦਿਨੋ-ਦਿਨ ਲੰਮੀ ਹੁੰਦੀ ਜਾ ਰਹੀ ਹੈ। ਮੁੜ-ਮੁੜ ਦਿਮਾਗ਼ ਵਿੱਚ ਸਵਾਲ ਆਉਂਦਾ ਹੈ ਕਿ ਪਹਿਲਾਂ ਬਹੁਤੀਆਂ ਸਹੂਲਤਾਂ ਨਹੀਂ ਸਨ, ਫਿਰ ਵੀ ਲੋਕ ਘੱਟ ਬਿਮਾਰ ਹੁੰਦੇ ਸਨ। ਅੱਜ ਸਭ ਸਹੂਲਤਾਂ ਅਤੇ ਪਾਣੀ ਸਾਫ਼ ਕਰਨ ਦੇ ਸੌ ਤਰੀਕੇ ਹਨ, ਪਰ ਸਿਹਤ ਪਹਿਲਾਂ ਨਾਲੋਂ ਕਿਤੇ ਵੱਧ ਕਮਜ਼ੋਰ ਹੁੰਦੀ ਜਾ ਰਹੀ ਹੈ।

Advertisement

ਸੰਪਰਕ: 75891-55501a

Advertisement
×