ਪੰਜਾਬੀ ਨੂੰ ਪਰਣਾਇਆ ਸ਼ਾਇਰ ਸੁਰਜੀਤ ਪਾਤਰ
ਸਿਰਮੌਰ ਕਵੀ ਤੇ ਪੰਜਾਬੀ ਮਾਂ ਬੋਲੀ ਦਾ ਉੱਘਾ ਸਪੂਤ ਸੁਰਜੀਤ ਪਾਤਰ 11 ਮਈ 2024 ਨੂੰ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਿਆ। ਇਸ ਖ਼ਬਰ ਨੂੰ ਸੁਣ ਕੇ ਪੰਜਾਬੀ ਸਾਹਿਤ ਜਗਤ ਤੇ ਪਾਠਕਾਂ ਦੇ ਨਾਲ ਨਾਲ ਦੇਸ਼ਾਂ-ਵਿਦੇਸ਼ਾਂ ’ਚ ਬੈਠੀ ਪੰਜਾਬੀ...
ਸਿਰਮੌਰ ਕਵੀ ਤੇ ਪੰਜਾਬੀ ਮਾਂ ਬੋਲੀ ਦਾ ਉੱਘਾ ਸਪੂਤ ਸੁਰਜੀਤ ਪਾਤਰ 11 ਮਈ 2024 ਨੂੰ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਿਆ। ਇਸ ਖ਼ਬਰ ਨੂੰ ਸੁਣ ਕੇ ਪੰਜਾਬੀ ਸਾਹਿਤ ਜਗਤ ਤੇ ਪਾਠਕਾਂ ਦੇ ਨਾਲ ਨਾਲ ਦੇਸ਼ਾਂ-ਵਿਦੇਸ਼ਾਂ ’ਚ ਬੈਠੀ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲੀ ਹਰ ਰੂਹ ਸੋਗਮਈ ਹੋਈ। ਅੱਜ ਵੀ ਪੰਜਾਬੀ ਸਾਹਿਤਕ ਮੰਚਾਂ ’ਤੇ ਕੋਈ ਵੀ ਦਿਨ ਅਜਿਹਾ ਨਹੀਂ ਬੀਤਦਾ, ਜਦੋਂ ਇਸ ਮਹਿਬੂਬ ਸ਼ਾਇਰ ਦੇ ਨਾਂ ਦਾ ਜ਼ਿਕਰ ਨਾ ਛਿੜੇ।
ਸੁਰਜੀਤ ਪਾਤਰ ਨੇ ਆਪਣੀਆਂ ਰਚਨਾਵਾਂ ’ਚ ਹਰ ਵਰਗ ਦੀ ਰਹਿਨੁਮਾਈ ਕਰਕੇ ਤਾਉਮਰ ਪਾਠਕਾਂ ਦੇ ਦਿਲਾਂ ਦਾ ਬੂਹਾ ਖੜਕਾ ਕੇ ਉਨ੍ਹਾਂ ਨਾਲ ਸੰਵਾਦ ਰਚਾਇਆ। ਪਾਤਰ, ਲੇਖਣੀ ਦੇ ਸਿਖਰਾਂ ਨੂੰ ਛੂਹ ਕੇ ਸਮਕਾਲੀ ਪੰਜਾਬੀ ਸ਼ਾਇਰੀ ਵਿੱਚ ਸਭ ਤੋਂ ਵੱਧ ਮਕਬੂਲ ਤੇ ਸਤਿਕਾਰਿਆ ਜਾਣ ਵਾਲਾ ਸ਼ਾਇਰ ਬਣਿਆ।
ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਪੱਤੜ ਕਲਾਂ ਵਿੱਚ ਪੰਜ ਵੱਡੀਆਂ ਭੈਣਾਂ ਦੇ ਜਨਮ ਮਗਰੋਂ ਪਿਤਾ ਹਰਭਜਨ ਸਿੰਘ ਤੇ ਮਾਤਾ ਗੁਰਬਖ਼ਸ ਕੌਰ ਦੇ ਘਰ ਹੋਇਆ। ਪਾਤਰ ਨੂੰ ਗੁਰਮੁਖੀ ਦੀ ਸੇਵਾ ਕਰਨ ਦੀ ਗੁੜ੍ਹਤੀ ਪਿਤਾ ਕੋਲੋਂ ਮਿਲੀ। ਹਰਭਜਨ ਸਿੰਘ ਪਿੰਡ ਦੀਆਂ ਬੱਚੀਆਂ ਨੂੰ ਗੁਰੂ ਘਰ ਵਿੱਚ ਗੁਰਮੁਖੀ ਪੜ੍ਹਾਉਂਦੇ ਤੇ ਗੁਰਪੁਰਬ ਮੌਕੇ ਬੱਚਿਆਂ ਨੂੰ ਧਾਰਮਿਕ ਕਵਿਤਾਵਾਂ ਵੀ ਲਿਖ ਕੇ ਦਿੰਦੇ। ਪਾਤਰ ਨੂੰ ਲਿਖਣ ਦੀ ਕਲਾ-ਕੌਸ਼ਲਤਾ ਵਿਰਾਸਤ ਵਿੱਚ ਹੀ ਮਿਲੀ ਸੀ। ਪਾਤਰ ਦੇ ਚਾਚੇ-ਤਾਇਆਂ ਦੇ ਪਰਿਵਾਰ ਵੀ ਲੇਖਣੀ ਤੇ ਸੰਗੀਤ ਕਲਾ ਨਾਲ ਜੁੜੇ ਹੋਏ ਸਨ। ਸਾਰਿਆਂ ਦੇ ਘਰਾਂ ਵਿੱਚ ਕਲਾ ਦੀ ਸਾਧਨਾ ਕੀਤੀ ਜਾਂਦੀ ਸੀ।
ਕਲਾ ਦਾ ਇਹ ਪ੍ਰਭਾਵ ਪਾਤਰ ਲਈ ਵਰਦਾਨ ਸਾਬਿਤ ਹੋਇਆ। ਸੁਰ ਤਾਲ ਦੀ ਡੂੰਘੀ ਸਮਝ ਹੋਣ ਕਾਰਨ ਉਹ ਗਜ਼ਲ ਸਹਿਜੇ ਹੀ ਲਿਖ ਲੈਂਦੇ ਸਨ। ਉਨ੍ਹਾਂ ਦੀਆਂ ਗਜ਼ਲਾਂ ਦਾ ਪਹਿਲਾਂ ਸੰਗ੍ਰਹਿ ‘ਹਵਾ ਵਿੱਚ ਲਿਖੇ ਹਰਫ਼’ ਸਿਰਲੇਖ ਹੇਠ ਛਪਿਆ। ਇਸ ਦੀ ਮਕਬੂਲੀਅਤ ਕਾਰਨ ਮਗਰੋਂ ਸਮੇਂ ਸਮੇਂ ’ਤੇ ਵੱਖ ਵੱਖ ਸੰਸਕਰਨ ਛਪਦੇ ਰਹੇ। ਇਸ ਗਜ਼ਲ ਸੰਗ੍ਰਹਿ ਦੀ ਲੋਕਪ੍ਰਿਅਤਾ ਤੋਂ ਸ਼ੁਰੂ ਹੋਇਆ ਪਾਤਰ ਦਾ ਸਾਹਿਤਕ ਸਫ਼ਰ ਅੱਗੋਂ ਹੋਰ ਕਈ ਬਾਕਮਾਲ ਪੁਸਤਕਾਂ ਦਾ ਰਾਹ ਦਸੇਰਾ ਵੀ ਬਣਿਆ ਜਿਸ ਮਗਰੋਂ ਸੁਰਜੀਤ ਪਾਤਰ ਦੀ ਝੋਲੀ ਇਕ ਤੋਂ ਬਾਅਦ ਇੱਕ ਅਣਗਿਣਤ ਮਾਣ-ਸਨਮਾਨ, ਸਾਹਿਤਕ ਅਕਾਦਮੀ ਐਵਾਰਡ ਅਤੇ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਪਦਮ ਸ੍ਰੀ’ ਵੀ ਪਿਆ। ਜੁਝਾਰਵਾਦੀ ਪ੍ਰਵਿਰਤੀ ਦੇ ਮਾਲਕ ਸੁਰਜੀਤ ਪਾਤਰ ਨੇ ਸਮਕਾਲੀ ਮਸਲਿਆਂ ਬਾਰੇ ਕਵਿਤਾਵਾਂ ਲਿਖ ਕੇ ਸੰਵੇਦਨਸ਼ੀਲ ਤੇ ਚੇਤੰਨ ਲੇਖਕ ਹੋਣ ਦਾ ਪ੍ਰਮਾਣ ਵੀ ਦਿੱਤਾ। ’84 ਦੰਗਿਆਂ ਦੇ ਪੀੜਤਾਂ ਲਈ ਇਨਸਾਫ ਦੀ ਲੰਬੀ ਉਡੀਕ ਦੇ ਰੋਸ ’ਚ ਪਾਤਰ ਦੀ ਕਲਮ ’ਚੋਂ ਦਰਦ ਨਿਕਲਿਆ :
ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ
ਫ਼ੈਸਲੇ ਸੁਣਦਿਆਂ ਸੁਣਦਿਆਂ ਮੁਕ ਗਏ
ਆਖੋ ਏਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ
ਏਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ।
ਪੰਜਾਬੀਆਂ ਦੀ ਆਪਣੀ ਮਾਂ ਬੋਲੀ ਪ੍ਰਤੀ ਬੇਰੁਖ਼ੀ ਅਤੇ ਨੌਜਵਾਨਾਂ ਵਿੱਚ ਪੰਜਾਬੀ ਸਾਹਿਤ ਪੜ੍ਹਨ ਦੀ ਰੁਚੀ ’ਚ ਆ ਰਹੇ ਨਿਘਾਰ ਤੋਂ ਚਿੰਤਤ ਪਾਤਰ ਨੇ ਆਪਣੇ ਮਨ ਦੇ ਵਲਵਲੇ ਬੜੇ ਹੀ ਕਲਾਤਮਕ ਢੰਗ ਨਾਲ ਬਿਆਨ ਕੀਤੇ :
ਇੱਕ ਪੰਜਾਬੀ ਲਿਖਾਰੀ ਆਖਰੀ ਸਾਹ ਲੈ ਰਿਹਾ ਸੀ
ਘਰ ਵਿੱਚ ਸਿਸਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ
ਅਸੀਂ ਵੀ ਤੇਰੇ ਨਾਲ ਚਿਤਾ ਵਿੱਚ ਸੜਨਾ ਚਾਹੁੰਦੀਆਂ ਹਾਂ
ਤੇਰੇ ਬਾਅਦ ਸਾਨੂੰ ਇਸ ਘਰ ਵਿੱਚ ਕੀਹਨੇ ਪੁੱਛਣਾ ?
ਇਹ ਆਵਾਜ਼ਾਂ ਉਸ ਘਰ ’ਚ ਪਈਆਂ ਪੰਜਾਬੀ ਕਿਤਾਬਾਂ ਦੀਆਂ ਸਨ। ਪਾਤਰ ਦੇ ਹਿਰਦੇ ਨੇ ਦਰਦ, ਸੰਘਰਸ਼ ਅਤੇ ਸੰਤਾਪ ਨੂੰ ਮਹਿਸੂਸ ਕਰ ਕੇ ਲੋਕਾਈ ਦੇ ਦੁੱਖ-ਤਕਲੀਫਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ ਕਿ ਹਰ ਰੂਹ ਨੂੰ ਉਹ ਪੀੜ ਮਹਿਸੂਸ ਹੋਈ।
ਕਿਸਾਨਾਂ ਵਿਰੁੱਧ ਭੁਗਤ ਰਹੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪਾਤਰ ਨੇ ਅੰਨਦਾਤੇ ਨਾਲ ਹਾਅ ਦਾ ਨਾਅਰਾ ਮਾਰਿਆ। ਉਨ੍ਹਾਂ ਦੀ ਕਲਮ ਸਿੰਘਾਸਨ ’ਤੇ ਬੈਠੇ ਹੁਕਮਰਾਨ ਸਾਹਮਣੇ ਆਪਣਾ ਰੋਸ ਪ੍ਰਗਟ ਕਰਦੀ ਪ੍ਰਤੀਤ ਹੋਈ। ਪਾਤਰ ਦੀ ਬੌਧਿਕ ਕਟਾਖਸ਼ ਕਰਦੀ ਵਿਅੰਗਮਈ ਨਜ਼ਮ, ਅੰਨਦਾਤੇ ਦੇ ਨਾਲ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਸਬੂਤ ਸੀ।
ਏਹ ਬਾਤ ਨਿਰੀ ਏਨੀ ਹੀ ਨਹੀਂ
ਨਾ ਇਹ ਮਸਲਾ ਕਿਸਾਨ ਦਾ ਏ
ਇਹ ਪਿੰਡ ਦੇ ਵਸਦੇ ਰਹਿਣ ਦਾ ਏ
ਇਹ ਤੌਖਲਾ ਉੱਜੜ ਜਾਣ ਦਾ ਏ।
ਯੁੱਗ ਕਵੀ ਡਾ. ਸੁਰਜੀਤ ਪਾਤਰ ਨੇ ਬੜੀ ਸ਼ਿੱਦਤ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਕੇ ਦੇਸ਼ਾਂ-ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਦਾ ਮਾਣ ਵਧਾਇਆ। ਪੰਜਾਬੀ ਮਾਂ ਬੋਲੀ ਨੇ ਵੀ ਪਾਤਰ ਨੂੰ ਆਪਣੀ ਗੋਦ ’ਚ ਖੂਬ ਦੁਲਾਰਿਆ ਹੈ। ਅੱਜ, ਦੂਜੀ ਬਰਸੀ ਮੌਕੇ ਸਮੂਹ ਪੰਜਾਬੀ ਇਸ ਮਹਾਨ ਲੇਖਕ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ। ਸੁਰਜੀਤ ਪਾਤਰ ਵੱਲੋਂ ਸਿਰਜੇ ਸਾਹਿਤ ਨੂੰ ਪੜ੍ਹ ਕੇ ਪੰਜਾਬ ਦੀ ਧਰਤ ’ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਫੁੱਲ ਸਦਾ ਪੁੰਗਰਦੇ ਰਹਿਣਗੇ ਤੇ ਪੰਜਾਬੀ ਸਾਹਿਤ ਦੀ ਫੁਲਵਾੜੀ ਸਦਾ ਹੀ ਮਹਿਕਦੀ ਰਹੇਗੀ।
ਈ-ਮੇਲ: sukhpalkaurrollan@gmail.com

