ਸੂਹੇ ਸੁਫ਼ਨਿਆਂ ਦਾ ਸੂਰਜ
ਅੱਜ ਨੌਂ ਸਤੰਬਰ ਦਾ ਦਿਨ ਮੈਨੂੰ ਪਿੰਡ ਤਲਵੰਡੀ ਸਲੇਮ ਦੀ ਚਾਨਣ ਰੰਗੀ ਧਰਤੀ ਦੀ ਯਾਦ ਦਿਵਾਉਂਦਾ ਹੈ, ਜਿਸ ਦੀ ਮਿੱਟੀ ਵਿੱਚੋਂ ਕਵਿਤਾ ਦੇ ਸੂਹੇ ਸੂਰਜ ਅਵਤਾਰ ਪਾਸ਼ ਦਾ ਉਦੈ ਹੋਇਆ। ਉਸ ਦੇ ਸੁਫ਼ਨਿਆਂ ਵਿੱਚ ਆਪਣੇ ਮਹਿਬੂਬ ਨਾਇਕ ਭਗਤ ਸਿੰਘ ਦੀਆਂ...
ਅੱਜ ਨੌਂ ਸਤੰਬਰ ਦਾ ਦਿਨ ਮੈਨੂੰ ਪਿੰਡ ਤਲਵੰਡੀ ਸਲੇਮ ਦੀ ਚਾਨਣ ਰੰਗੀ ਧਰਤੀ ਦੀ ਯਾਦ ਦਿਵਾਉਂਦਾ ਹੈ, ਜਿਸ ਦੀ ਮਿੱਟੀ ਵਿੱਚੋਂ ਕਵਿਤਾ ਦੇ ਸੂਹੇ ਸੂਰਜ ਅਵਤਾਰ ਪਾਸ਼ ਦਾ ਉਦੈ ਹੋਇਆ। ਉਸ ਦੇ ਸੁਫ਼ਨਿਆਂ ਵਿੱਚ ਆਪਣੇ ਮਹਿਬੂਬ ਨਾਇਕ ਭਗਤ ਸਿੰਘ ਦੀਆਂ ਸੋਚਾਂ ਦੀ ਲੋਅ ਜਗਦੀ ਸੀ, ਜਿਸ ਸਦਕਾ ਉਸ ਨੇ ਪੁਸਤਕਾਂ ਦੇ ਅਧਿਐਨ ਤੇ ਚਿੰਤਨ ਦਾ ਰਾਹ ਫੜ੍ਹਿਆ। ਮਨ ਅੰਦਰ ਸੋਚਾਂ ਕਰਵਟ ਲੈਣ ਲੱਗੀਆਂ। ਜਗਦੇ ਸ਼ਬਦ ਕਵਿਤਾ ਦਾ ਰੂਪ ਧਾਰਨ ਕਰਨ ਲੱਗੇ। ਚੇਤਨਾ ਦੀ ਅੱਖ ਨਾਲ ਉਸ ਨੇ ਫ਼ੌਜ ਵਿੱਚੋਂ ਪਰਤੇ ਟੁੰਡੇ ਹੌਲਦਾਰ, ਜੁੱਤੀਆਂ ਗੰਢਦੇ ਮੋਚੀ ਤੇ ਖੇਤਾਂ ਵਿੱਚ ਪਸੀਨਾ ਵਹਾਉਂਦੇ ਕਾਮਿਆਂ ਜਿਹੇ ਨਾਇਕਾਂ ਨੂੰ ਪਛਾਣਿਆ। ਉਸ ਦੀ ਕਵਿਤਾ ਦੇ ਬੋਲ ਸੱਤਾ ਲਈ ਚੁਣੌਤੀ ਬਣਨ ਲੱਗੇ। ਉਸ ਦੀ ਕਵਿਤਾ ਹੱਕ ਸੱਚ, ਕਿਰਤ, ਇਨਸਾਫ਼ ਤੇ ਖੇਤਾਂ ਦਾ ਸਿਰਨਾਵਾਂ ਬਣੀ। ਕਵਿਤਾਵਾਂ ਦੇ ਬੋਲ ਖੇਤਾਂ, ਦਫ਼ਤਰਾਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਰੋਹਲੀ ਆਵਾਜ਼ ਬਣ ਗੂੰਜਣ ਲੱਗੇ ਤੇ ਇਸ ਗੂੰਜ ਬਦਲੇ ਉਸ ਨੂੰ ਮਿਲੀ ਜੇਲ੍ਹ ਦੀ ਸਜ਼ਾ।
ਪੰਜਾਬ ਦੇ ਕਾਲੇ ਦੌਰ ਵਿੱਚ ਬੋਲਣ, ਲਿਖਣ ਤੇ ਪਹਿਨਣ ’ਤੇ ਪਾਬੰਦੀਆਂ ਮੜ੍ਹੀਆਂ ਗਈਆਂ ਸਨ, ਪਰ ਉਦੋਂ ਵੀ ਪਾਸ਼ ਬੇਖ਼ੌੌਫ਼ ਹੋ ਕੇ ਆਪਣੀਆਂ ਕਵਿਤਾਵਾਂ ਨਾਲ ਹੱਕ ਸੱਚ ਦਾ ਚਾਨਣ ਬਿਖੇਰਦਾ ਰਿਹਾ। ਫ਼ਿਰਕਾਪ੍ਰਸਤ ਤਾਕਤਾਂ ਨੇ ਪਾਸ਼ ਨੂੰ 23 ਮਾਰਚ 1988 ਨੂੰ ਉਸ ਦੇ ਆਪਣੇ ਖੇਤ ਦੀ ਮੋਟਰ ’ਤੇ ਮਿੱਤਰ ਹੰਸ ਰਾਜ ਨਾਲ ਬੈਠਿਆਂ ਗੋਲੀਆਂ ਦੀ ਵਾਛੜ ਕਰਕੇ ਸਾਥੋਂ ਖੋਹ ਲਿਆ। ਇਸ ਦੇ ਬਾਵਜੂਦ ਖੇਤਾਂ, ਕੁੱਲੀਆਂ ਦੀ ਬੁਲੰਦ ਆਵਾਜ਼ ਅੱਜ ਵੀ ‘ਅਸੀਂ ਲੜਾਂਗੇ ਸਾਥੀ’ ਦੇ ਦ੍ਰਿੜ੍ਹ ਇਰਾਦਿਆਂ ਨਾਲ ਸੰਘਰਸ਼ ਕਰਦੇ ਕਾਫ਼ਲਿਆਂ ਵਿੱਚ ਗੂੰਜਦੀ ਹੈ।
ਸੂਹੇ ਸੁਫ਼ਨਿਆਂ ਦੀ ਗਾਥਾ ਲਿਖਦੇ ਪਾਸ਼ ਦੇ ਬੋਲਾਂ ਦੀ ਤਾਕਤ ਅਮੁੱਲੀ ਹੈ, ਜਿਸ ਦੇ ਗੀਤ ਲੋਕ ਸੰਘਰਸ਼ਾਂ ਵਿੱਚ ਨਵਾਂ ਜੋਸ਼ ਭਰਨ ਦਾ ਕੰਮ ਕਰਦੇ ਹਨ। ਉਸ ਦੀਆਂ ‘ਅਸੀਂ ਲੜਾਂਗੇ ਸਾਥੀ’ ਜਿਹੀਆਂ ਕਵਿਤਾਵਾਂ ਦੇਸ਼, ਦੁਨੀਆ ਦੀਆਂ ਯੂਨੀਵਰਸਿਟੀਆਂ ਵਿੱਚ ਮਕਬੂਲ ਹਨ। ਇੱਕ ਕਾਲਜ ਦੇ ਸਮਾਗਮ ਵਿੱਚ ਪੰਜਾਬ ਦਾ ਇੱਕ ਨੌਜਵਾਨ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਸੰਬੋਧਨ ਦੌਰਾਨ ਵਾਰ ਵਾਰ ਪਾਸ਼ ਸਾਅਬ ਬੋਲ ਰਿਹਾ ਸੀ। ਪੁੱਛਣ ’ਤੇ ਉਸ ਨੇ ਦੱਸਿਆ, ‘‘ਯੂ.ਪੀ.ਐੱਸ.ਸੀ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਜੇ.ਐੱਨ.ਯੂ. ਜਾਣ ਦਾ ਸਬੱਬ ਬਣਿਆ। ਯੂਨੀਵਰਸਿਟੀ ਦੀ ਬਾਹਰਲੀ ਕੰਧ ’ਤੇ ਲਿਖੀਆਂ ਪਾਸ਼ ਦੀਆਂ ਕਵਿਤਾਵਾਂ ‘ਸਭ ਤੋਂ ਖਤਰਨਾਕ’ ਤੇ ‘ਮੈਂ ਘਾਹ ਹਾਂ’ ਪੜ੍ਹ ਕੇ ਮੈਂ ਹੀ ਮਨ ਹੀ ਮਨ ਪਾਸ਼ ਤੇ ਉਸ ਦੀ ਜੰਮਣ ਭੋਇੰ ਨੂੰ ਸਿਜਦਾ ਕੀਤਾ।
ਕਵਿਤਾ ਦੇ ਅੰਬਰ ਤੇ ਏਦਾਂ ਸਿਤਾਰਾ ਬਣ ਚਮਕਣ ਵਾਲਾ ‘ਪਾਸ਼ ਸਾਅਬ’ ਹੀ ਤਾਂ ਹੈ।’’ ਪਾਸ਼ ਦੀ ਲੋਕਪ੍ਰਿਯਤਾ ਨੂੰ ਦੇਸ਼ ਭਗਤ ਯਾਦਗਾਰ ਹਾਲ ਆਏ ਦਿੱਲੀ ਯੂਨੀਵਰਸਿਟੀ ਦੇ ਬੁੱਧੀਜੀਵੀ ਤੇ ਲੇਖਕ ਪ੍ਰੋ. ਅਪੂਰਵਾਨੰਦ ਨੇ ਇੰਜ ਬਿਆਨਿਆ, ‘‘ਦੇਖੀਏ... ਪਾਸ਼ ਹਮਾਰਾ ਚੋਟੀ ਕਾ ਕ੍ਰਾਂਤੀਕਾਰੀ ਕਵੀ ਹੈ, ਜਿਸ ਕੀ ਦੇਸ਼ ਕੇ ਯੁਵਾਓਂ ਮੇਂ ਬੜੀ ਮਾਨਤਾ ਹੈ। ਦਿੱਲੀ ਕੀ ਸਭੀ ਯੂਨੀਵਰਸਿਟੀਓਂ ਕੀ ਦੀਵਾਰੋਂ ਪਰ ਲਿਖੀ ਹੁਈ ਪਾਸ਼ ਕੀ ਕਵਿਤਾ ਕੀ ਸਤਰੇਂ ਉਨਕੀ ਕਾਵਿ ਬੁਲੰਦੀ ਕੋ ਦਰਸ਼ਾਤੀ ਹੈਂ। ਹਿੰਦੀ ਮੇਂ ਪਾਸ਼ ਕਾ ਬਹੁਤ ਬੜਾ ਪਾਠਕ ਵਰਗ ਹੈ।’’ ਪਾਸ਼ ਕਵਿਤਾ ਦੇ ਖੇਤਰ ਦੇ ਨਾਲ ਨਾਲ ਉੱਚ ਪਾਏ ਦਾ ਵਾਰਤਕ ਲੇਖਕ ਵੀ ਸੀ। ਪਾਸ਼ ਵੱਲੋਂ ਅੰਧ-ਵਿਸ਼ਵਾਸ, ਬ੍ਰਹਿਮੰਡ, ਧਾਰਮਿਕ ਸਮਾਧੀ, ਰਾਸ਼ੀਆਂ ਤੇ ਫ਼ਿਰਕਾਪ੍ਰਸਤੀ ਬਾਰੇ ਲਿਖੇ ਖੋਜ ਭਰਪੂਰ ਲੇਖ ਉਸ ਦੀ ਵਿਲੱਖਣ ਬੌਧਿਕ ਪ੍ਰਤਿਭਾ ਦਾ ਸ਼ੀਸ਼ਾ ਹਨ। ਪਾਸ਼ ਦੀਆਂ ਚਿੱਠੀਆਂ, ਰੇਖਾ-ਚਿੱਤਰ, ਮੁਲਾਕਾਤਾਂ, ਕਲਾ ਤੇ ਪ੍ਰਤੀਬੱਧਤਾ ਬਾਰੇ ਲਿਖਤਾਂ ਪੰਜਾਬੀ ਸਾਹਿਤ ਦਾ ਅਮੁੱਲਾ ਸਰਮਾਇਆ ਹਨ। ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਵਿੱਚੋਂ ਖਿੰਡਰਦਾ ਚਾਨਣ ਪਾਸ਼ ਦੀ ਕਲਾ ਨਾਲ ਸਾਂਝ ਤੇ ਉਸ ਦੇ ਵਿਗਿਆਨਕ ਨਜ਼ਰੀਏ ਨੂੰ ਰੂਪਮਾਨ ਕਰਦਾ ਹੈ। ਪਾਸ਼ ਬਾਰੇ ਕੀਤੇ ਇੱਕ ਪ੍ਰੋਗਰਾਮ ਵਿੱਚ ਪੱਤਰਕਾਰ ਰਵੀਸ਼ ਕੁਮਾਰ ਦੇ ਬੋਲ ਸਨ, ‘‘ਪਾਸ਼ ਮੇਰੇ ਪਸੰਦੀਦਾ ਕਵੀਆਂ ਵਿੱਚੋਂ ਇੱਕ ਹੈ, ਜਿਸ ਦੀ ਕਵਿਤਾ ਤੋਂ ਸੱਤਾ ਨੂੰ ਡਰ ਲਗਦਾ ਹੈ। ਪਾਸ਼ ਆਪਣੀ ਮਿੱਟੀ ਤੇ ਲੋਕਾਂ ਨਾਲ ਧੁਰ ਅੰਦਰੋਂ ਜੁੜਿਆ ‘ਸੂਹੇ ਸੁਪਨਿਆਂ ਦਾ ਸੂਰਜ’ ਹੈ, ਜਿਹੜਾ ਹਮੇਸ਼ਾ ਰੌਸ਼ਨੀ ਵੰਡਦਾ ਰਹੇਗਾ।’’
ਸੰਪਰਕ: 95010-06626

