DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਹਾਵਣਾ ਮੌਸਮ !

ਮੈਂ 1996 ਤੋਂ ਪਹਿਲਾਂ ਪਾਤੜਾਂ ਰਿਹਾ ਕਰਦਾ ਸੀ। ਉਸ ਤੋਂ ਕੁਝ ਸਾਲ ਪਹਿਲਾਂ ਉੱਥੇ ਮੈਂ ਰੋਟਰੀ ਕਲੱਬ ਦਾ ਸਕੱਤਰ ਸੀ। ਇੱਕ ਵਾਰ ਮੈਨੂੰ ਰੋਟਰੀ ਕਲੱਬ ਦਾ ਪ੍ਰਧਾਨ ਬਣਾਇਆ ਗਿਆ। ਸਰਕਾਰੀ ਹਾਈ ਸਕੂਲ ਪਾਤੜਾਂ ਵਿੱਚ ਲਾਇਨਜ਼ ਕਲੱਬ ਨੇ ਇੱਕ ਰਾਤ ਪ੍ਰੋਗਰਾਮ...

  • fb
  • twitter
  • whatsapp
  • whatsapp
Advertisement

ਮੈਂ 1996 ਤੋਂ ਪਹਿਲਾਂ ਪਾਤੜਾਂ ਰਿਹਾ ਕਰਦਾ ਸੀ। ਉਸ ਤੋਂ ਕੁਝ ਸਾਲ ਪਹਿਲਾਂ ਉੱਥੇ ਮੈਂ ਰੋਟਰੀ ਕਲੱਬ ਦਾ ਸਕੱਤਰ ਸੀ। ਇੱਕ ਵਾਰ ਮੈਨੂੰ ਰੋਟਰੀ ਕਲੱਬ ਦਾ ਪ੍ਰਧਾਨ ਬਣਾਇਆ ਗਿਆ। ਸਰਕਾਰੀ ਹਾਈ ਸਕੂਲ ਪਾਤੜਾਂ ਵਿੱਚ ਲਾਇਨਜ਼ ਕਲੱਬ ਨੇ ਇੱਕ ਰਾਤ ਪ੍ਰੋਗਰਾਮ ਕਰਵਾਇਆ, ਜਿਸ ਦਾ ਸੱਦਾ ਮੈਨੂੰ ਵੀ ਆਇਆ। ਬਹੁਤ ਜ਼ੋਰਦਾਰ ਮੀਂਹ ਪੈ ਰਿਹਾ ਸੀ। ਇਸ ਦੌਰਾਨ ਬਿਜਲੀ ਚਲੀ ਗਈ ਤੇ ਬੈਟਰੀ ਨਾਲ ਹੀ ਮਾਈਕ ਚੱਲ ਰਿਹਾ ਸੀ।

ਪਹਿਲੇ ਬੁਲਾਰੇ ਨੇ ਸਟੇਜ ’ਤੇ ਆ ਕੇ ਗੱਲ ਸ਼ੁਰੂ ਕੀਤੀ, ‘‘ਖਰਾਬ ਮੌਸਮ ਹੋਣ ਦੇ ਬਾਵਜੂਦ ਤੁਸੀਂ ਇੱਥੇ ਆਏ ਹੋ।’’ ਫਿਰ ਦੂਸਰਾ, ਤੀਸਰਾ ਇਸ ਤਰ੍ਹਾਂ ਹਰੇਕ ਬੁਲਾਰਾ ਖਰਾਬ ਮੌਸਮ ਦੀ ਗੱਲ ਤੋਂ ਸ਼ੁਰੂ ਕਰਕੇ ਹੀ ਆਪਣੇ ਵਿਚਾਰ ਪੇਸ਼ ਕਰ ਰਿਹਾ ਸੀ। ਪੰਜਵੇਂ ਕੁ ਨੰਬਰ ’ਤੇ ਮੈਨੂੰ ਸਟੇਜ ’ਤੇ ਬੁਲਾਇਆ ਗਿਆ। ਮੈਂ ਗੱਲ ਸ਼ੁਰੂ ਕੀਤੀ, ‘‘ਪਿਆਰੇ ਦੋਸਤੋ, ਕੁਝ ਦਿਨ ਪਹਿਲਾਂ ਬੇਤਹਾਸ਼ਾ ਗਰਮੀ ਪੈ ਰਹੀ ਸੀ। ਲੋਕਾਂ ਦੇ ਪਸੀਨੇ ਛੁੱਟ ਰਹੇ ਸਨ। ਮੀਂਹ ਪਾਉਣ ਲਈ ਆਸ-ਪਾਸ ਦੇ ਇਲਾਕਿਆਂ ਵਿੱਚ ਯੱਗ ਕੀਤੇ ਜਾ ਰਹੇ ਸਨ ਤੇ ਭੰਡਾਰੇ ਲਾਏ ਜਾ ਰਹੇ ਸਨ, ਥਾਂ-ਥਾਂ ਗੁੱਡੀਆਂ ਫੂਕੀਆਂ ਜਾ ਰਹੀਆਂ ਸਨ। ਕਈ ਮਹੀਨਿਆਂ ਦੀ ਤੇਜ਼ ਗਰਮੀ ਤੋਂ ਬਾਅਦ ਅੱਜ ਪਹਿਲੀ ਬਰਸਾਤ ਹੋਈ ਹੈ। ਜੇ ਮੀਂਹ ਨਾ ਪੈਂਦਾ ਤਾਂ ਇੱਥੇ ਪੱਖੇ ਨਾ ਚੱਲਣ ਕਰਕੇ ਗਰਮੀ ਵਿੱਚ ਬੈਠਣਾ ਵੀ ਮੁਸ਼ਕਿਲ ਹੋ ਜਾਣਾ ਸੀ। ਦੱਸੋ ਮੌਸਮ ਖਰਾਬ ਕਿਵੇਂ ਹੋ ਗਿਆ? ਇਹ ਤਾਂ ਸਗੋਂ ਸੁਹਾਵਣਾ ਮੌਸਮ ਹੈ। ਜਿਹੜੇ ਲੋਕ ਅੱਜ ਪ੍ਰੋਗਰਾਮ ’ਤੇ ਨਹੀਂ ਆਏ ਜੇਕਰ ਮੀਂਹ ਨਾ ਪੈਂਦਾ ਉਨ੍ਹਾਂ ਤਦ ਵੀ ਨਹੀਂ ਸੀ ਆਉਣਾ।’’ ਸੁਣਨ ਵਾਲਿਆਂ ਨੇ ਹੱਸ ਕੇ ਮੇਰੀ ਗੱਲ ’ਤੇ ਤਾੜੀਆਂ ਮਾਰੀਆਂ। ਮੇਰੇ ਤੋਂ ਬਾਅਦ ਜਿਹੜਾ ਬੁਲਾਰਾ ਆਇਆ ਉਸ ਨੇ ਕਿਹਾ, ‘‘ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਤੁਸੀਂ ਅੱਜ ਸੁਹਾਵਣੇ ਮੌਸਮ ਵਿੱਚ ਇੱਥੇ ਆਏ ਹੋ।’’ ਫੇਰ ਤਾਂ ਸਟੇਜ ਸਕੱਤਰ ਸਮੇਤ ਬਾਕੀ ਬੁਲਾਰੇ ਵੀ ਸੁਹਾਵਣੇ ਮੌਸਮ ਦੀ ਗੱਲ ਕਰਨ ਲੱਗ ਪਏ।

Advertisement

ਤਿੰਨ ਕੁ ਸਾਲ ਪਹਿਲਾਂ ਪਟਿਆਲਾ ਡੀ ਸੀ ਡਬਲਿਊ ਕਲੋਨੀ ਵਿੱਚ ਸਵੇਰ ਦੀ ਸੈਰ ਕਰਨ ਸਮੇਂ ਰੋਜ਼ਾਨਾ ਵਾਂਗ ਇੱਕ ਬੇਬੇ ਮਿਲੀ। ਉਸ ਦਿਨ ਹਲਕਾ-ਹਲਕਾ ਮੀਂਹ ਪੈ ਰਿਹਾ ਸੀ। ਮੈਂ ਉਸ ਨੂੰ ਪਹਿਲਾਂ ਦੀ ਤਰ੍ਹਾਂ ਸਤਿ ਸ੍ਰੀ ਅਕਾਲ ਬੁਲਾਈ ਤੇ ਸਹਿਜ ਸੁਭਾਅ ਕਿਹਾ, ‘‘ਅੱਜ ਤਾਂ ਬਹੁਤ ਵਧੀਆ ਮੌਸਮ ਹੋ ਗਿਆ ਹੈ।’’ ਉਸ ਦਾ ਜਵਾਬ ਸੀ, ‘‘ਇਹ ਮੀਂਹ ਖੇਤੀ ਲਈ ਮਾੜਾ ਹੀ ਮਾੜਾ ਹੈ।’’ ਮੈਂ ਉਸ ਦੀ ਗੱਲ ਸੁਣ ਕੇ ਚੁੱਪ ਕਰ ਗਿਆ। ਇਸੇ ਤਰ੍ਹਾਂ ਇੱਕ ਵਾਰ ਅਪਰੈਲ ਦੇ ਮਹੀਨੇ ਵਿੱਚ ਮੈਂ ਹਲਕੀ ਬੂੰਦਾਬਾਂਦੀ ਦਾ ਆਨੰਦ ਲੈ ਰਿਹਾ ਸੀ। ਮੇਰੇ ਇੱਕ ਸੇਵਾਮੁਕਤ ਜਾਣਕਾਰ ਨੂੰ ਮੈਂ ਸੁਹਾਵਣਾ ਮੌਸਮ ਹੋਣ ਬਾਰੇ ਕਹਿ ਬੈਠਾ। ਆਸ ਦੇ ਉਲਟ ਉਨ੍ਹਾਂ ਥੋੜ੍ਹੇ ਗੁੱਸੇ ਨਾਲ ਮੇਰੇ ਵੱਲ ਵੇਖਦਿਆਂ ਕਿਹਾ, ‘‘ਚੰਗਾ ਹੁੰਦਾ ਜੇ ਮੀਂਹ ਕੁਝ ਦਿਨ ਹੋਰ ਨਾ ਪੈਂਦਾ, ਮੰਡੀਆਂ ਵਿੱਚ ਪਈ ਫ਼ਸਲ ਖਰਾਬ ਹੋਣ ਤੋਂ ਬਚ ਜਾਂਦੀ।’’

Advertisement

ਗੱਲ ਤਾਂ ਉਨ੍ਹਾਂ ਦੀ ਸੌ ਫ਼ੀਸਦੀ ਸਹੀ ਸੀ, ਪਰ ਮੇਰੇ ਮਨ ਵਿੱਚ ਇਹ ਸੁਆਲ ਵੀ ਉੱਠ ਰਿਹਾ ਸੀ ਕਿ ਜਦੋਂ ਮੌਸਮ ਠੀਕ ਹੁੰਦਾ ਹੈ ਤਾਂ ਕਿਸਾਨਾਂ ਦੀਆਂ ਫ਼ਸਲਾਂ ਉਦੋਂ ਵੀ ਮੰਡੀਆਂ ਵਿੱਚ ਰੁਲਦੀਆਂ ਹਨ। ਧੁੰਦਾਂ ਦੇ ਦਿਨਾਂ ਵਿੱਚ ਸੜਕ ਹਾਦਸਿਆਂ ਦਾ ਸਾਰਾ ਜ਼ਿੰਮਾ ਅਸੀਂ ਸਹਿਜੇ ਹੀ ਧੁੰਦ ਸਿਰ ਮੜ੍ਹ ਦਿੰਦੇ ਹਾਂ, ਜਦੋਂਕਿ ਧੁੰਦਾਂ ਤੋਂ ਬਿਨਾਂ ਵੀ ਸੜਕ ਹਾਦਸੇ ਲਗਪਗ ਉਸੇ ਰਫ਼ਤਾਰ ਨਾਲ ਹੁੰਦੇ ਹਨ।

ਇਨਸਾਨ ਦੀ ਆਦਤ ਹੈ ਕਿ ਉਹ ਆਪਣੇ ਕੋਲ ਮੌਜੂਦ ਚੀਜ਼ ਦੀ ਕਦਰ ਨਹੀਂ ਕਰਦਾ, ਸਗੋਂ ਜੋ ਚੀਜ਼ ਉਸ ਕੋਲ ਨਹੀਂ ਹੈ, ਉਸ ਪਿੱਛੇ ਭੱਜਦਾ ਰਹਿੰਦਾ ਹੈ। ਮੈਦਾਨੀ ਇਲਾਕਿਆਂ ਵਿੱਚ ਧੁੰਦ ਪੈਣ ਤੋਂ ਖ਼ਫ਼ਾ ਲੋਕ ਅਕਸਰ ਹੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਪਹਾੜਾਂ ’ਚ ਘੁੰਮਣ ਜਾਂਦੇ ਹਨ। ਹੋਰ ਤਾਂ ਹੋਰ ਮੀਂਹ ਤੋਂ ਬਚ ਬਚ ਚੱਲਣ ਵਾਲੇ ਵਾਟਰ ਪਾਰਕਾਂ ਵਿੱਚ ਜਾ ਕੇ ਦਿਲ ਪਰਚਾਵਾ ਕਰਦੇ ਹਨ।

ਵਿਦਿਆਰਥੀਆਂ ਨੂੰ ਪੜ੍ਹਾਉਣ ਵੇਲੇ 1965-68 ਵਿੱਚ ਪੰਜਾਬ ’ਚ ਹਰੀ ਕ੍ਰਾਂਤੀ ਲਿਆਉਣ ਲਈ ਵਧੀਆ ਬੀਜਾਂ, ਰਸਾਇਣਕ ਖਾਦਾਂ ਆਦਿ ਤੋਂ ਇਲਾਵਾ ਖੇਤੀਬਾੜੀ ਦਾ ਮੀਹਾਂ ’ਤੇ ਨਿਰਭਰ ਨਾ ਹੋ ਕੇ ਸਿੰਜਾਈ ਦਾ ਵਧੀਆ ਪ੍ਰਬੰਧ ਹੋਣਾ ਦੱਸਿਆ ਜਾਂਦਾ ਹੈ। ਪਰ ਮੈਨੂੰ ਤਾਂ ਲੱਗਦਾ ਹੈ ਕਿ ਪੰਜਾਬ ਵਿੱਚ ਖੇਤੀਬਾੜੀ ਹੁਣ ਸਿੱਧੇ-ਅਸਿੱਧੇ ਢੰਗ ਨਾਲ ਪਹਿਲਾਂ ਨਾਲੋਂ ਵੀ ਵੱਧ ਮੀਹਾਂ ’ਤੇ ਨਿਰਭਰ ਕਰਨ ਲੱਗੀ ਹੈ। ਬੇਸ਼ੱਕ ਮੀਂਹ ਨਾਲ ਸਿੱਧੇ ਰੂਪ ਵਿੱਚ ਨਹੀਂ, ਪਰ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਾ ਹੋਣ ਕਾਰਨ ਜ਼ਰੂਰ ਫ਼ਸਲਾਂ ਡੁੱਬ ਜਾਂਦੀਆਂ ਹਨ। ਜ਼ਿਆਦਾ ਮੀਹ ਪੈਣ ਨਾਲ ਹੜ੍ਹ ਆਉਂਦੇ ਵੀ ਦੇਰ ਨਹੀਂ ਲੱਗਦੀ। ਇਸ ਤਰ੍ਹਾਂ ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਸਾਡੀਆਂ ਪ੍ਰੇਸ਼ਾਨੀਆਂ ਲਈ ਮੌਸਮ ਨਹੀਂ, ਸਗੋਂ ਮਾੜੇ ਪ੍ਰਬੰਧ ਜ਼ਿੰਮੇਵਾਰ ਹੁੰਦੇ ਹਨ। ਮੈਂ ਸੋਚਦਾ ਹਾਂ ਕਿ ਕੀ ਅਸੀਂ ਸਾਰੇ ਪ੍ਰਬੰਧ ਦਰੁਸਤ ਕਰ ਕੇ ਕਦੇ ਆਖ ਸਕਾਂਗੇ, ‘‘ਵਾਹ ਕਿੰਨਾ ਸੁਹਾਵਣਾ ਮੌਸਮ ਹੈ।’’

ਸੰਪਰਕ: 98144-84161

Advertisement
×