DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਮਲ ਦੀ ਕਰੈੱਚ ਦੇ ਕਬੂਤਰ

ਗੱਲ 1993-94 ਦੀ ਹੈ, ਤਿੰਨ ਸਾਢੇ ਤਿੰਨ ਦਹਾਕਿਆਂ ਦੀ ਗੁਜ਼ਾਰੀ ਜ਼ਿੰਦਗੀ, ਅੱਜ ਵੀ ਚੇਤਿਆਂ ਵਿੱਚ ਤਰੋ-ਤਾਜ਼ਾ ਹੈ। ਜਿਵੇਂ ਕਹਿੰਦੇ ਨੇ ਬੰਦਾ ਭਾਵੇਂ ਜਹਾਜ਼ ਦਾ ਪਾਇਲਟ ਬਣ ਜਾਵੇ ਪਰ ਪਿੰਡ ਦੀਆਂ ਬੀਹੀਆਂ ਵਿੱਚ ਚਲਾਇਆ ਕੈਂਚੀ ਜਾਂ ਡੰਡਾ ਸਾਈਕਲ ਕਦੇ ਨਹੀਂ ਭੁੱਲਦਾ।...

  • fb
  • twitter
  • whatsapp
  • whatsapp
Advertisement

ਗੱਲ 1993-94 ਦੀ ਹੈ, ਤਿੰਨ ਸਾਢੇ ਤਿੰਨ ਦਹਾਕਿਆਂ ਦੀ ਗੁਜ਼ਾਰੀ ਜ਼ਿੰਦਗੀ, ਅੱਜ ਵੀ ਚੇਤਿਆਂ ਵਿੱਚ ਤਰੋ-ਤਾਜ਼ਾ ਹੈ। ਜਿਵੇਂ ਕਹਿੰਦੇ ਨੇ ਬੰਦਾ ਭਾਵੇਂ ਜਹਾਜ਼ ਦਾ ਪਾਇਲਟ ਬਣ ਜਾਵੇ ਪਰ ਪਿੰਡ ਦੀਆਂ ਬੀਹੀਆਂ ਵਿੱਚ ਚਲਾਇਆ ਕੈਂਚੀ ਜਾਂ ਡੰਡਾ ਸਾਈਕਲ ਕਦੇ ਨਹੀਂ ਭੁੱਲਦਾ। ਅਪਰੈਲ 1992 ਵਿੱਚ ਸਾਡੇ ਘਰ ਪੁੱਤਰ ਪੈਦਾ ਹੋਇਆ। ਅਸੀਂ ਦੋਵੇਂ ਜੀਅ ਸਰਕਾਰੀ ਨੌਕਰੀ ਵਿੱਚ ਸੀ, ਜਿਸ ਕਾਰਨ ਸਾਡੇ ਲਈ ਬੱਚੇ ਦੀ ਸੰਭਾਲ ਕਰਨੀ ਮੁਸ਼ਕਲ ਹੀ ਨਹੀਂ ਨਾਮੁਮਕਿਨ ਸੀ। ਦਾਦਾ-ਦਾਦੀ, ਚਾਚੇ-ਤਾਏ, ਭੂਆ ਚੰਡੀਗੜ੍ਹ ਤੋਂ ਸੈਂਕੜੇ ਮੀਲ ਦੂਰ ਬੈਠੇ ਸਨ। ਸਾਡੀ ਚੰਗੀ ਕਿਸਮਤ ਨੂੰ ਕਾਕੇ ਦੇ ਨਾਨਕੇ ਇਥੇ ਹੀ ਸਨ ਕਿਉਂਕਿ ਉਹਦੇ ਨਾਨਾ ਜੀ ਇਥੇ ਸਰਕਾਰੀ ਅਧਿਕਾਰੀ ਸਨ, ਜੋ ਮੇਰੇ ਵਾਂਗ ਹੀ ਨੌਕਰੀ ਦੌਰਾਨ ਪਿੰਡੋਂ ਆ ਕੇ ਇੱਥੇ ਆ ਵਸੇ ਸਨ।

ਦੋਹਤੇ ਦੇ ਜਨਮ ਦਾ ਨਾਨੀ ਮਾਂ ਨੂੰ ਲੋਹੜੇ ਦਾ ਚਾਅ ਸੀ। ਸਰਕਾਰ ਵੱਲੋਂ ਪ੍ਰਵਾਨ ‘ਜਣੇਪਾ ਛੁੱਟੀ’ ਬੀਤ ਗਈ। ਮੇਰੀ ਪਤਨੀ ਦਾ ਡਿਊਟੀ ਜਾਣਾ ਜ਼ਰੂਰੀ ਹੋ ਗਿਆ। ਕਾਲਜ ਵਿੱਚ ਹੁੰਦੀਆਂ ਗਰਮੀ ਦੀਆਂ ਛੁੱਟੀਆਂ ਤੇ ਕੁਝ ਹੋਰ ਲਾ-ਪਾ ਕੇ ਪੌਣਾ ਸਾਲ ਮਸੀਂ ਲੰਘਿਆ। ਨਾਨੀ ਦੀ ਸੇਵਾ ਸਦਕਾ ਮੁੰਡੇ ਦੀ ਤੜਾਗੀ ਤੰਗ ਰਹਿਣ ਲੱਗ ਪਈ। ਭਲਵਾਨਾਂ ਵਾਂਗ ਪੁੱਠਾ ਸਿੱਧਾ, ਸਿੱਧਾ ਮੂਧਾ ਗੇੜੇ ਖਾਂਦਾ ਧੜੰਮ ਮੰਜੇ ਤੋਂ ਥੱਲੇ! ਹੁਣ ਜਾਗਦੇ ’ਤੇ ਵੀ ਅਤੇ ਸੁੱਤੇ ’ਤੇ ਵੀ ਠੀਕਰੀ ਪਹਿਰਾ ਲੱਗ ਗਿਆ! ਜਦੋਂ ਰਸੋਈ ਗੁਸਲਖਾਨੇ ਜਾਂ ਤਾਰ ਤੱਕ ਗਿੱਲਾ ਸੁੱਕਾ ਕੱਪੜਾ ਪਾਉਣ, ਲੈਣ ਜਾਣਾ ਨਾਨੀ ਨੇ ਕਹਿਣਾ ਕੁੜੇ ਮੁੰਡੇ ਕੋਲ ਕੌਣ ਆ? ਵੇਖੀਂ ਵਸਾਹ ਨਾ ਕਰੀਂ, ਨਵੇਂ ਜੰਮੇ ਬਲੂਰ ਨੂੰ ਬਿੱਲੀ ਦਾ ਵੀ ਡਰ ਐ ਭਾਈ। ਤੇਰੇ ਨਾਨਕੀ ਪਰਲੇ ਵਿਹੜਿਓਂ ਕਿਸੇ ਦਾ ਮੁੰਡਾ ਬਿੱਲੀ ਲੈ ਗਈ ਸੀ, ਮਾਵਾਂ ਧੀਆਂ ਦੋਵੇਂ ਹੀ ’ਕੱਲੇ ਨੂੰ ਛੱਡ ਕੰਮ ਲੱਗ ਗਈਆਂ ਸੀ ਧੀਏ। ਸੁਣ ਜਿਨ੍ਹਾਂ ਚਿਰ ਤਕੜਾ ਹੋ ਕੇ ਭੱਜਣ ਨਹੀਂ ਲੱਗਦਾ, ਇਕੱਲਾ ਨਾ ਛੱਡੀ ਕੰਮਾਂ ਦੀ ਖਾਧੀ ਕੜ੍ਹੀ, ਮੈਂ ਆਪੇ ਕੰਮ ਕਰ ਲੂੰ।’’ ਕਾਕੇ ਦੀ ਨਾਨੀ ਨੇ ਨਸੀਹਤ ਦਿੱਤੀ। ਬਾਕੀ ਰਿਸ਼ਤੇਦਾਰ ਦੋ ਚਾਰ ਦਿਨ ਰਹਿੰਦੇ ਤੇ ਸ਼ਗਨ ਫੜਾਉਂਦਿਆਂ ਕਹਿੰਦੇ, ‘‘ਭਾਈ ਗੁਰਮੇਲ ਮੈਨੂੰ ਤੜਕੇ ਪਿੰਡ ਵਾਲੀ ਪਹਿਲੀ ਸਿੱਧੀ ਬੱਸ ਚੜ੍ਹਾ ਆਈਂ, ਫੇਰ ਤੁਸੀਂ ਡਿਊਟੀਆਂ ’ਤੇ ਜਾਣਾ। ਘਰੇ ਸਰਦਾ ਨ੍ਹੀਂ।’’ ਉਹ ਸਿਰ ਪਲੋਸ ਕੇ ਤੁਰ ਜਾਂਦੇ। ਘਰ ਦਾ ਸਾਰਾ ਕੰਮ ਨਾਨੀ ਸੰਭਾਲਦੀ। ਨਾਨੀ ਨੇ ਦੇਸੀ ਘਿਓ ਦੀਆਂ ਮਾਲਸ਼ਾਂ ਕਰਕੇ ਦਿਨਾਂ ਵਿੱਚ ਹੀ ਮੁੰਡਾ ਬੁੜਕਣ ਲਾ ਦਿੱਤਾ।

Advertisement

ਆਖਰ ਨਾਨੀ ਦੀ ਆਪਣੀ ਵੀ ਕਬੀਲਦਾਰੀ ਵੱਡੀ ਸੀ। ਆਏ ਗਏ ਦਾ ਘਰ। ਕਿਸੇ ਨੂੰ ਪੀ ਜੀ ਆਈ ਕੰਮ ਹੋਵੇ, ਹਾਈਕੋਰਟ ਹੋਵੇ ਜਾਂ ਕਿਤੇ ਹੋਰ ਸਰਕਾਰੇ ਦਰਬਾਰੇ ਸਭ ਨੂੰ ਇਹੋ ਥਾਂ ਲੱਭਦੀ ਸੀ। ਫਰੀਦਕੋਟ, ਮੋਗਾ, ਬਾਘਾਪੁਰਾਣਾ, ਨਾਨੀ ਦੇ ਪੇਕੇ, ਇੱਧਰ ਸਾਡੇ ਵੱਲ ਮਾਨਸਾ, ਬੋਹਾ, ਬੁਢਲਾਡਾ, ਬਠਿੰਡਾ, ਗੱਲ ਕੀ ਜੋ ਆਵੇ ਸੋ ਜੀ ਆਇਆਂ ਨੂੰ। ਸਾਰੇ ਦੋਵੇਂ ਘਰੀਂ ਮਿਲ ਕੇ ਜਾਂਦੇ। ਇਹ ਸਿਲਸਿਲਾ ਚੱਲਦਾ ਰਿਹਾ। ਬੱਚੇ ਦੇ ਢਾਈਵੇਂ ਸਾਲ ਤੋਂ ਸਕੂਲਾਂ ਦੇ ਦਾਖ਼ਲੇ ਸਬੰਧੀ ਵਿਉਂਤਬੰਦੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਦੋ ਸਾਲ ਦੀ ਉਮਰ ਤੋਂ ਕਾਕੇ ਨੂੰ ਕਰੈੱਚ ਛੱਡਣ ਦਾ ਫ਼ੈਸਲਾ ਕੀਤਾ। ਘਰ ਦੇ ਨੇੜੇ ਸਿਖਰਲੀ ਮੰਜ਼ਿਲ ’ਤੇ ਕਰੈੱਚ ਮਿਲ ਗਈ। ਕਰੈੱਚ ਵਾਲਾ ਕਮਲ ਤੇ ਉਹਦੀ ਘਰਵਾਲੀ, ਦੋਵੇਂ ਹੀ ਬੜੇ ਪਿਆਰੇ ਹਸੂੰ ਹਸੂੰ ਕਰਦੇ ਚਿਹਰੇ। ਹਿੰਮਤੀ ਵੀ ਪੂਰੇ ਤੇ ਬੋਲਦਿਆਂ ਦੇ ਮੂੰਹੋਂ ਫੁੱਲ ਕਿਰਦੇ। ਰੋਂਦੇ ਬੱਚੇ ਨੂੰ ਝੱਟ ਮੋਢੇ ਲਾ ਵਰਾ ਲੈਂਦੇ। ਹੋਰ ਵੀ 15 -20 ਬੱਚੇ ਸਨ। ਇੱਕ ਜੌੜੇ ਬੱਚਿਆਂ ਦੀ ਜੋੜੀ ਸੀ, ਚੁੰਨੂ ਮੁੰਨੂ, ਦੋਹੇਂ ਭਰਾ। ਉਨ੍ਹਾਂ ਦੇ ਪਾਪਾ ਵੀ ਮੇਰੇ ਵਿਭਾਗ ਵਿੱਚ ਨੌਕਰੀ ਕਰਦੇ ਸੀ।

Advertisement

ਨੌਕਰੀ ਪੇਸ਼ਾ ਜੋੜੇ ਸਵੇਰੇ ਅੱਠ ਸਾਢੇ ਵਜੇ ਭੱਜੇ ਭੱਜੇ ਆਉਂਦੇ, ਰੋਂਦੇ ਬੱਚੇ ਨੂੰ ਗਲੋਂ ਲਾਹ ਕੇ ਝਕਾਨੀਆਂ ਦਿੰਦੇ ਡਿਊਟੀਆਂ ’ਤੇ ਚਲੇ ਜਾਂਦੇ। ਸ਼ਾਮ ਪੰਜ ਸਾਢੇ ਵਜੇ ਤੱਕ ਕਮਲ ਦੇ ਘਰ ਖੂਬ ਚੀਕ ਚਿਹਾੜਾ, ਹਾਸੇ ,ਖੇਡਾਂ ਸਭ ਚਲਦਾ। ਬੱਚੇ ਥੱਕ ਹਾਰ ਕੇ ਸੌਂ ਜਾਂਦੇ। ਨਵੇਂ ਬੱਚੇ ਪੰਜ ਚਾਰ ਦਿਨਾਂ ਵਿੱਚ ਘੁਲ ਮਿਲ ਜਾਂਦੇ। ਕਮਲ ਹੋਰਾਂ ਨੂੰ ਬੱਚੇ ਦੇ ਸੁਭਾਅ ਦਾ ਪਤਾ ਲੱਗ ਜਾਂਦਾ। ਕਈ ਬੱਚੇ ਕਰੈੱਚ ਔਖੇ ਵੜਦੇ। ਸਾਡੇ ਵਾਲੇ ਦਾ ਜਦੋਂ ਘਰੋਂ ਬੈਗ ਚੁੱਕਦੇ ਉਹ ਪਹਿਲਾਂ ਹੀ ਰੌਲਾ ਪਾਉਣ ਲੱਗ ਜਾਂਦਾ, ‘‘ਮੈਂ ਕਲੈੱਚ ਨਹੀਂ ਜਾਣਾ, ਹਾਏ ਨਾਨੀ ਘਰ ਜਾਣਾ।’’ ਕਰੈੱਚ ਪੁੱਜ ਕੇ ਉਹ ਮੇਰਾ ਕਾਲਰ ਜਾਂ ਮਾਂ ਦੀ ਚੁੰਨੀ ਘੁੱਟ ਕੇ ਫੜ ਲੈਂਦਾ। ਕਰੈੱਚ ਵਾਲੇ ਕਮਰੇ ਦੇ ਸਾਹਮਣੇ ਰੌਸ਼ਨਦਾਨ ਵਿੱਚ ਗੋਲੇ ਕਬੂਤਰਾਂ ਦਾ ਆਲ੍ਹਣਾ ਸੀ। ਕਮਲ ਅਕਸਰ ਉਸ ਨੂੰ ਕਬੂਤਲ ਦਿਖਾਉਣ ਬਹਾਨੇ ਵਰਾ ਲੈਂਦਾ ਤੇ ਅਸੀਂ ਵੀ ਅੱਖ ਬਚਾ ਕੇ ਨਿਕਲ ਜਾਂਦੇ। ਉਹ ਦਿਨ ਗਏ ਤੇ ਆਹ ਦਿਨ ਆਏ! ਅੱਜ ਨੂੰਹ-ਪੁੱਤ ਵੀ ਨਿਊਜ਼ੀਲੈਂਡ ਵਿੱਚ ਆਪਣੇ ਬੱਚੇ ਲਈ ਕਰੈੱਚ ਲੱਭ ਰਹੇ ਹਨ। ਉਥੇ ਵੀ ਨਾਨੀ ਦੀ ਬੜੀ ਬੇਸਬਰੀ ਨਾਲ ਉਡੀਕ ਹੋ ਰਹੀ ਹੈ। ਹਜ਼ਾਰਾਂ ਹੀ ਨਾਨੀਆਂ-ਦਾਦੀਆਂ ਸੱਤ ਸਮੁੰਦਰ ਪਾਰ ਕਰਕੇ ਪਿਆਰ ਤੇ ਲੋਰੀਆਂ ਦੇਣ ਜਾਂਦੀਆਂ ਨੇ। ਉਥੇ ਕਰੈੱਚਾਂ ਵਿੱਚ ਭਾਵੇਂ ਕਬੂਤਰਾਂ ਦਾ ਜੋੜਾ ਨਾ ਵੇਖਣ ਨੂੰ ਮਿਲੇ ਪਰ ਮੀਲਾਂ ਦੂਰੋਂ ਆਈ ਨਾਨੀ-ਦਾਦੀ ਦਾ ਮੂੰਹ ਵੇਖ ਕੇ ਉਨ੍ਹਾਂ ਦੇ ਚਿਹਰੇ ਫੁੱਲ ਵਾਂਗ ਜ਼ਰੂਰ ਖਿੜ ਜਾਂਦੇ ਹਨ।

ਸੰਪਰਕ: 95921-82111

Advertisement
×