ਪਰਉਪਕਾਰ ਦਾ ਕੰਮ
ਕਹਿੰਦੇ ਨੇ ਜੇਕਰ ਇੱਕ ਕੁੜੀ ਪੜ੍ਹ ਜਾਂਦੀ ਹੈ ਤਾਂ ਉਹ ਆਪਣੀਆਂ ਸੱਤ ਕੁਲਾਂ (ਪੀੜ੍ਹੀਆਂ) ਤਾਰ ਦਿੰਦੀ ਹੈ। ਫੇਰ ਜੇ ਇੱਕ ਦੀ ਥਾਂ ’ਤੇ ਦੋ ਕੁੜੀਆਂ ਪੜ੍ਹਾ ਦਿੱਤੀਆਂ ਜਾਣ, ਫਿਰ ਤਾਂ ਸਮਝੋ ਅਣਗਿਣਤ ਜ਼ਿੰਦਗੀਆਂ ਰੋਸ਼ਨ ਹੋ ਗਈਆਂ। ਇਹ ਪਰਉਪਕਾਰ ਕਰਨ ਦਾ...
ਕਹਿੰਦੇ ਨੇ ਜੇਕਰ ਇੱਕ ਕੁੜੀ ਪੜ੍ਹ ਜਾਂਦੀ ਹੈ ਤਾਂ ਉਹ ਆਪਣੀਆਂ ਸੱਤ ਕੁਲਾਂ (ਪੀੜ੍ਹੀਆਂ) ਤਾਰ ਦਿੰਦੀ ਹੈ। ਫੇਰ ਜੇ ਇੱਕ ਦੀ ਥਾਂ ’ਤੇ ਦੋ ਕੁੜੀਆਂ ਪੜ੍ਹਾ ਦਿੱਤੀਆਂ ਜਾਣ, ਫਿਰ ਤਾਂ ਸਮਝੋ ਅਣਗਿਣਤ ਜ਼ਿੰਦਗੀਆਂ ਰੋਸ਼ਨ ਹੋ ਗਈਆਂ। ਇਹ ਪਰਉਪਕਾਰ ਕਰਨ ਦਾ ਸੁਭਾਗ ਮੇਰੀ ਸਹਿ-ਕਰਮੀ ਮੈਡਮ ਹਰਬੀਰ ਕੌਰ ਦੇ ਹਿੱਸੇ ਆਇਆ। ਪਰਉਪਕਾਰ ਕਰਨਾ ਵੀ ਇੱਕ ਰੱਬੀ ਗੁਣ ਹੈ।
ਲਗਪਗ 40 ਸਾਲਾਂ ਤੋਂ ਇੱਕ ਪਰਵਾਸੀ ਵਿਅਕਤੀ ਪੰਜਾਬ ’ਚ ਹਰ ਸਾਲ ਝੋਨਾ ਲਾਉਣ ਲਈ ਆਉਂਦਾ। ਉਹ ਪਿੰਡ ਚਨਾਰਥਲ ਕਲਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇੱਕ ਹੀ ਪੰਜਾਬੀ ਪਰਿਵਾਰ ਦੇ ਖੇਤ ਵਿੱਚ ਠਹਿਰਦਾ ਤੇ ਪੂਰੀ ਈਮਾਨਦਾਰੀ ਨਾਲ ਕੰਮ ਕਰਦਾ। ਹੌਲੀ-ਹੌਲੀ ਉਨ੍ਹਾਂ ਦੇ ਲੜਕੇ ਵੀ ਗੱਭਰੂ ਹੋ ਗਏ ਤੇ ਕੰਮ ਲਈ ਪੰਜਾਬ ਆਉਣ ਲੱਗ ਪਏ। ਉਸ ਦੇ ਇੱਕ ਲੜਕੇ ਕੋਲ ਪੰਜ ਲੜਕੀਆਂ ਹੋਈਆਂ।
ਇੱਧਰ ਪੰਜਾਬੀ ਪਰਿਵਾਰ ਦਾ ਇੱਕ ਬੇਟਾ ਤੇ ਉਸ ਦੀ ਅਧਿਆਪਕਾ ਪਤਨੀ ਆਪਣੇ ਇੱਕ ਪੁੱਤਰ ਸਮੇਤ ਪਟਿਆਲੇ ਰਹਿੰਦੇ ਸਨ। ਪਟਿਆਲਾ ਵਾਲੀ ਮੈਡਮ ਅਕਸਰ ਸੋਚਦੀ ‘ਕਿਉਂ ਨਾ ਪਰਵਾਸੀ ਪਰਿਵਾਰ ਕੋਲੋਂ ਦੋ ਲੜਕੀਆਂ ਮੈਂ ਲੈ ਲਵਾਂ ਤੇ ਉਨ੍ਹਾਂ ਦੀ ਪੜ੍ਹਾਈ ਕਰਵਾਵਾਂ। ‘ਨਾਲੇ ਪੁੰਨ ਨਾਲੇ ਫਲੀਆਂ’ ਨਾਲੇ ਪਰਿਵਾਰ ਦੀ ਮਦਦ ਹੋ ਜਾਵੇਗੀ, ਨਾਲੇ ਮੇਰਾ ਮਨ ਲੱਗਾ ਰਹੇਗਾ।’ ਇਸ ਸਬੰਧੀ ਜਦੋਂ ਮੈਡਮ ਨੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਹੀ ਕਿਹਾ, ‘‘ਲੜਕੀਆਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ।’’ ਪਰ ਮੈਡਮ ਨੇ ਕਿਹਾ ਜਦੋਂ ਕਿਸੇ ਕੰਮ ਨੂੰ ਕਰਨ ਪਿਛਲੇ ਇਰਾਦੇ ਨੇਕ ਹੋਣ ਤਾਂ ਪਰਮਾਤਮਾ ਵੀ ਮਦਦ ਕਰਦਾ ਹੈ।’’ ਸੋ ਅੱਜ ਤੋਂ 10 ਕੁ ਸਾਲ ਪਹਿਲਾਂ ਮੈਡਮ ਨੇ ਪਰਵਾਸੀ ਪਰਿਵਾਰ ਦੀਆਂ ਦੋ ਲੜਕੀਆਂ ਆਪਣੇ ਕੋਲ ਬੁਲਾ ਲਈਆਂ ਜਿਨ੍ਹਾਂ ਦੀ ਉਮਰ ਸਾਢੇ ਕੁ ਸੱਤ ਸਾਲ ਤੇ 6 ਸਾਲ ਸੀ। ਉਨ੍ਹਾਂ ਦੋਵੇਂ ਲੜਕੀਆਂ ਨੂੰ ਆਪਣੇ ਘਰ ਬੜੇ ਪਿਆਰ ਨਾਲ ਰੱਖਿਆ। ਪਰਵਾਸੀ ਪਰਿਵਾਰ ਦੋਵੇਂ ਬੱਚੀਆਂ ਨੂੰ ਮੈਡਮ ਕੋਲ ਛੱਡ ਕੇ ਆਪਣੇ ਬਿਹਾਰ ਚਲਾ ਗਿਆ। ਬੱਚੀਆਂ ਦੀ ਸਾਂਭ-ਸੰਭਾਲ ਉਨ੍ਹਾਂ ਧੀਆਂ ਵਾਂਗ ਕੀਤੀ। ਫਿਰ ਉਨ੍ਹਾਂ ਹੌਲੀ ਹੌਲੀ ਉਨ੍ਹਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਦੋਵੇਂ ਬੱਚੀਆਂ ਕੁਝ ਹੀ ਦਿਨਾਂ ਵਿੱਚ ਮੈਡਮ ਹਰਬੀਰ ਦੇ ਪਰਿਵਾਰ ਵਿੱਚ ਹਿਲ-ਮਿਲ ਗਈਆਂ। ਮੋਹ ਪਿਆਰ ਵਿੱਚ ਭਿੱਜੀਆਂ ਦੋਵੇਂ ਬਾਲੜੀਆਂ ਮੈਡਮ ਨੂੰ ‘ਬੀਬੀ ਜੀ’ ਆਖ ਕੇ ਬੁਲਾਉਣ ਲੱਗੀਆਂ ਤੇ ਇਸ ਤਰ੍ਹਾਂ ਇਹ ਅਨੋਖਾ ਰਿਸ਼ਤਾ ਹੋਰ ਗੂੜ੍ਹਾ ਹੁੰਦਾ ਗਿਆ। ਹੁਣ ਮੈਡਮ ਹਰਬੀਰ ਸਿਰਫ਼ ਇੱਕ ਪੁੱਤ ਦੀ ਮਾਂ ਨਹੀਂ ਸੀ, ਸਗੋਂ ਦੋ ਧੀਆਂ ਸਣੇ ਤਿੰਨ ਜਵਾਕਾਂ ਦੀ ਮਾਂ ਸੀ। ਮੈਡਮ ਹਰਬੀਰ ਕੌਰ ਦੱਸਦੇ ਹਨ ਕਿ ਸ਼ੁਰੂ ਸ਼ੁਰੂ ਵਿੱਚ ਦੋਵੇਂ ਕੁੜੀਆਂ ਬਹੁਤ ਸ਼ਰਾਰਤੀ ਸਨ। ਇੱਕ ਵਾਰੀ ਦੋਵੇਂ ਭੈਣਾਂ ਨੇ ਕੱਚੇ ਅੰਬ ਤੋੜ-ਤੋੜ ਕੇ ਬਾਲਟੀ ਭਰ ਦਿੱਤੀ। ਪਰ ਮੈਡਮ ਨੇ ਉਨ੍ਹਾਂ ਨੂੰ ਡਾਂਟਣ ਦੀ ਥਾਂ ਪਿਆਰ ਨਾਲ ਸਮਝਾਇਆ। ਉਹ ਜਿਥੇ ਕਿਤੇ ਵੀ ਜਾਂਦੇ, ਭਾਵੇਂ ਰਿਸ਼ਤੇਦਾਰੀ ਹੋਵੇ ਜਾਂ ਕੋਈ ਹੋਰ ਥਾਂ, ਦੋਵੇਂ ਬੱਚੀਆਂ ਨੂੰ ਆਪਣੇ ਨਾਲ ਲਿਜਾਂਦੇ। ਉਨ੍ਹਾਂ ਨੂੰ ਪੰਜਾਬੀ ਜਾਂ ਹਿੰਦੀ ਕਿਸੇ ਵੀ ਵਰਣਮਾਲਾ ਦਾ ਗਿਆਨ ਨਹੀਂ ਸੀ, ਇਸ ਕਰਕੇ ਕੋਈ ਵੀ ਸਕੂਲ ਦਾਖ਼ਲਾ ਨਹੀਂ ਸੀ ਦੇ ਰਿਹਾ। ਮੈਡਮ ਨੇ ਉਨ੍ਹਾਂ ਨੂੰ ਘਰ ਪੜ੍ਹਾਉਣਾ ਸ਼ੁਰੂ ਕੀਤਾ। ਇੰਜ ਹੌਲੀ ਹੌਲੀ ਦੋਵਾਂ ਦੀ ਪੜ੍ਹਨ ਲਿਖਣ ਵਿੱਚ ਦਿਲਚਸਪੀ ਬਣੀ ਤੇ ਮੈਡਮ ਨੇ ਆਪਣੇ ਹੀ ਸਕੂਲ ਵਿੱਚ ਉਨ੍ਹਾਂ ਦਾ ਦਾਖ਼ਲਾ ਕਰਵਾ ਦਿੱਤਾ। ਮੈਡਮ ਹਰਬੀਰ ਕੌਰ ਖੁਦ ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਾਰ ਹਨ। ਸੋ ਉਨ੍ਹਾਂ ਕਰਾਟੇ, ਯੋਗਾ, ਗਿੱਧਾ, ਭੰਗੜਾ, ਸਪੀਚ, ਪੇਟਿੰਗ, ਆਦਿ ਸਭ ਗਤੀਵਿਧੀਆਂ ਵਿੱਚ ਆਪਣੀਆਂ ਦੋਵੇਂ ਧੀਆਂ ਨੂੰ ਮੋਹਰੀ ਬਣਾਇਆ। ਪੜ੍ਹਾਈ ਵਿੱਚ ਦੋਵੇਂ ਅੱਵਲ ਜਾਂ ਦੋਇਮ ਸਥਾਨ ’ਤੇ ਹੀ ਆਉਂਦੀਆਂ। ਮਾਪੇ-ਅਧਿਆਪਕ ਮਿਲਣੀ ’ਤੇ ਅਕਸਰ ਮੈਡਮ ਜਾਂ ਉਨ੍ਹਾਂ ਦੇ ਪਤੀ ਆਉਂਦੇ। ਦੋਵੇਂ ਬੱਚੀਆਂ ਮੇਰੀਆਂ ਵਿਦਿਆਰਥਣਾਂ ਰਹੀਆਂ ਹਨ ਤੇ ਦੋਵਾਂ ਦੀ ਪੜ੍ਹਾਈ ਵਿੱਚ ਮੈਡਮ ਹਰਬੀਰ ਤੇ ਉਨ੍ਹਾਂ ਦੇ ਪਤੀ ਦੀ ਮਿਹਨਤ ਮੈਂ ਆਪਣੀ ਅੱਖੀਂ ਵੇਖੀ ਹੈ। ਹੁਣ ਵੱਡੀ ਬੱਚੀ ਨੇ 10+2 ਮੈਡੀਕਲ ਦੀ ਪੜ੍ਹਾਈ ਕਰਕੇ ਮੈਰਿਟ ਵਿੱਚ ਚੰਗਾ ਰੈਂਕ ਪ੍ਰਾਪਤ ਕਰਕੇ ਸਰਕਾਰੀ ਹਸਪਤਾਲ ਵਿੱਚ ਸਟਾਫ ਨਰਸਿੰਗ ਵਿੱਚ ਦਾਖਲਾ ਲੈਣ ਵਿੱਚ ਸਫਲਤਾ ਹਾਸਲ ਕੀਤੀ ਹੈ। ਛੋਟੀ ਨੇ ਵੀ 10+2 ਮੈਡੀਕਲ ਦੀ ਪੜ੍ਹਾਈ ਬਹੁਤ ਚੰਗੇ ਅੰਕਾਂ ਨਾਲ ਕੀਤੀ ਤੇ ਕਿਸੇ ਚੰਗੇ ਕੋਰਸ ਵਿੱਚ ਦਾਖ਼ਲਾ ਲੈਣ ਲਈ ਤਿਆਰੀ ਕਰ ਰਹੀ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਪਰਵਾਸੀ ਪਰਿਵਾਰ ਦੇ ਬੱਚੇ-ਬੱਚੀਆਂ ਲਿਆ ਕੇ ਉਨ੍ਹਾਂ ਨੂੰ ਨੌਕਰ ਬਣਾ ਕੇ ਬਹੁਤ ਲੋਕ ਰੱਖ ਲੈਂਦੇ ਹਨ ਪਰ ਉਨ੍ਹਾਂ ਦੇ ਭਵਿੱਖ ਬਾਰੇ ਅਜਿਹਾ ਫ਼ੈਸਲਾ ਕੋਈ ਵਿਰਲਾ ਟਾਵਾਂ ਹੀ ਲੈਂਦਾ ਹੈ। ਅੱਜ ਜਦੋਂ ਮਹਿੰਗਾਈ ਅਤੇ ਸਮੇਂ ਦੀ ਘਾਟ ਦੇ ਝੰਬੇ ਲੋਕ ਆਪਣੇ ਹੀ ਬੱਚਿਆਂ ’ਤੇ ਧਿਆਨ ਨਹੀਂ ਦੇ ਪਾਉਂਦੇ, ਅਜਿਹੇ ਵਿੱਚ ਕਿਸੇ ਹੋਰ ਬੱਚੇ ਦੀ ਜ਼ਿੰਮੇਵਾਰੀ ਲੈਣਾ ਉਪਕਾਰ ਦਾ ਹੀ ਕੰਮ ਹੈ। ਸਚਮੁੱਚ ਇਹ ਨਿਰਸੁਆਰਥ ਤੇ ਪਰਉਪਕਾਰ ਦਾ ਕੰਮ ਦੂਜਿਆਂ ਲਈ ਪ੍ਰੇਰਨਾ ਸਰੋਤ ਹੈ। ਪੁੱਛਣ ’ਤੇ ਮੈਡਮ ਹਰਬੀਰ ਕੌਰ ਅਕਸਰ ਸਿਰਫ਼ ਏਨਾ ਹੀ ਕਹਿੰਦੇ ਨੇ, ‘‘ਇਹ ਸਭ ਮੇਰੇ ਤੋਂ ਪ੍ਰਮਾਤਮਾ ਹੀ ਕਰਵਾ ਰਿਹਾ ਹੈ।’’ ਦੋਵੇਂ ਲੜਕੀਆਂ ਅੱਜ ਮੁਟਿਆਰਾਂ ਹੋ ਗਈਆਂ ਹਨ ਤੇ ਆਪਣੇ ਬੀਬੀ ਜੀ ਦੀ ਇੱਕ ਆਵਾਜ਼ ’ਤੇ ਉਨ੍ਹਾਂ ਦੀ ਹਰ ਇੱਛਾ ਪੂਰੀ ਕਰਨ ਲਈ ਤਤਪਰ ਰਹਿੰਦੀਆਂ ਹਨ।
ਸੰਪਰਕ: 94642-24314

