ਗੁਰੀ ਕੁਸਲਾ
ਦੱਖਣੀ ਅਮਰੀਕਾ ਦੇ ਨਿੱਕੇ ਜਿਹੇ ਮੁਲਕ ਪੇਰੂ ਦੇ ਨਿੱਕੇ ਜਿਹੇ ਕਸਬੇ ਪੁਨਾ ਵਿਚ ਇੱਕ ਅਨਪੜ੍ਹ ਕਿਸਾਨ ਜੋੜੇ ਦੇ ਘਰ ਪੈਦਾ ਹੋਇਆ ਪੇਦਰੋ ਕਾਸਤੀਲੋ ਅੱਜਕੱਲ੍ਹ ਦੁਨੀਆ ਭਰ ਵਿਚ ਛਾਇਆ ਹੋਇਆ ਹੈ। ਕਾਸਤੀਲੋ ਪ੍ਰਾਇਮਰੀ ਸਕੂਲ ਦਾ ਅਧਿਆਪਕ ਹੈ ਪਰ ਉਸ ਨੇ ਆਪਣੇ ਸੰਘਰਸ਼ ਦੇ ਬਲਬੂਤੇ ਪੇਰੂ ਦੀ ਸਿਆਸਤ ਵਿਚ ਭੂਚਾਲ ਲੈ ਆਂਦਾ ਹੈ।
ਪੇਦਰੋ ਕਾਸਤੀਲੋ 2017 ਵਿਚ ਸਰਕਾਰੀ ਅਧਿਆਪਕਾਂ ਦੀ ਯੂਨੀਅਨ ਦਾ ਆਗੂ ਸੀ ਜਦੋਂ ਸਿੱਖਿਆ ਮਹਿਕਮੇ ਨੇ ਸਰਕਾਰੀ ਸਿੱਖਿਆ ਨੂੰ ਖਤਮ ਕਰਨ ਦੇ ਇਰਾਦੇ ਨਾਲ ਕਈ ਨਵੇਂ ਸੁਧਾਰ ਕੀਤੇ। ਇਨ੍ਹਾਂ ਸੁਧਾਰਾਂ ਖਿਲਾਫ ਜੂਨ 2017 ਵਿਚ ਪੁਨਾ ਦੇ ਇਲਾਕੇ ਵਿਚ ਅਧਿਆਪਕਾਂ ਦਾ ਸੰਘਰਸ਼ ਸ਼ੁਰੂ ਹੋਇਆ ਅਤੇ ਕੁਝ ਹੀ ਦਿਨਾਂ ਵਿਚ ਮੁਲਕ ਦੀਆਂ ਹੋਰ ਅਧਿਆਪਕ ਜਥੇਬੰਦੀਆਂ ਇਸ ਸੰਘਰਸ਼ ਦਾ ਹਿੱਸਾ ਬਣ ਗਈਆਂ। ਛੇਤੀ ਹੀ ਇਹ ਸੰਘਰਸ਼ ਦੇਸ਼ਿਵਆਪੀ ਹੋ ਨਿੱਬੜਿਆ। ਅਧਿਆਪਕ ਜਮਾਤਾਂ ਛੱਡ ਕੇ ਸੜਕਾਂ ਉੱਤੇ ਆ ਗਏ ਅਤੇ ਬੱਚਿਆਂ ਦੇ ਮਾਪੇ ਘਰ ਛੱਡ ਕੇ ਅਧਿਆਪਕਾਂ ਦੀ ਹਮਾਇਤ ਲਈ ਧਰਨਿਆਂ ਤੇ ਬੈਠ ਗਏ।
ਸੰਘਰਸ਼ ਦੀ ਮੁੱਖ ਮੰਗ ਸੀ ਕਿ ਸਰਕਾਰ ਦੁਆਰਾ ਲਾਗੂ ਕੀਤਾ ਨਵਾਂ ਕਾਨੂੰਨ ਰੱਦ ਕੀਤਾ ਜਾਵੇ, ਅਧਿਆਪਕਾਂ ਦੀਆਂ ਤਨਖਾਹਾਂ ਵਧਾਈਆਂ ਜਾਣ, ਸਿੱਖਿਆ ਦਾ ਬਜਟ ਵਧਾਇਆ ਜਾਵੇ ਅਤੇ ਵਧ ਰਹੀ ਮਹਿੰਗਾਈ ਕੰਟਰੋਲ ਕੀਤੀ ਜਾਵੇ। ਮੁਲਕ ਦੇ ਕੋਨੇ ਕੋਨੇ ਵਿਚ ਫੈਲੇ ਇਸ ਸੰਘਰਸ਼ ਨੇ ਪੇਰੂ ਦੀ ਸਿਆਸਤ ਵਿਚ ਨਵਾਂ ਮੋੜ ਲੈ ਆਂਦਾ ਅਤੇ ਪੇਰੂ ਦੇ ਰਾਸ਼ਟਰਪਤੀ ਨੇ ਹੜਤਾਲ ਖਤਮ ਕਰਵਾਉਣ ਲਈ ਅਧਿਆਪਕ ਜਥੇਬੰਦੀਆਂ ਨਾਲ ਖੁਦ ਗੱਲਬਾਤ ਕੀਤੀ। ਜੂਨ 2017 ਤੋਂ ਸਤੰਬਰ 2017 ਤੱਕ ਚੱਲੇ ਇਸ ਅੰਦੋਲਨ ਨੇ ਪੇਦਰੋ ਕਾਸਤੀਲੋ ਨੂੰ ਸਿਆਸਤ ਵਿਚ ਸਥਾਪਿਤ ਕਰ ਦਿੱਤਾ। ਪੇਦਰੋ ਕਾਸਤੀਲੋ ਅਤੇ ਉਸ ਦੇ ਵਿਚਾਰਾਂ ਨੇ ਪੇਰੂ ਦੇ ਲੋਕਾਂ ਅੰਦਰ ਨਵਾਂ ਰੋਹ ਭਰਿਆ ਅਤੇ ਪੇਰੂ ਵਿਚ ਸਿਆਸੀ ਤਬਦੀਲੀ ਦਾ ਮੁੱਢ ਬੱਝ ਗਿਆ। ਹਾਲ ਹੀ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਪੇਦਰੋ ਕਾਸਤੀਲੋ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਤੇ ਉਸ ਦੀ ਪਾਰਟੀ ਪਹਿਲੇ ਦੌਰ ਦੀਆਂ ਚੋਣਾਂ ਵਿਚ ਮੋਹਰੀ ਪਾਰਟੀ ਵਜੋਂ ਉੱਭਰੀ। ਇਸ ਨਾਲ ਪੇਦਰੋ ਕਾਸਤੀਲੋ ਦਾ ਰਾਸ਼ਟਰਪਤੀ ਬਣਨਾ ਲਗਭਗ ਤੈਅ ਹੋ ਗਿਆ। ਉਹ ਮੁਲਕ ਦੇ ਇਤਿਹਾਸ ਵਿਚ ਪਹਿਲਾ ਖੱਬੇ-ਪੱਖੀ ਆਗੂ ਹੋਵੇਗਾ ਜੋ ਚੋਣਾਂ ਰਾਹੀਂ ਇਸ ਅਹੁਦੇ ਤੇ ਪਹੁੰਚਿਆ ਹੈ।
ਜਿਸ ਕਾਨੂੰਨ ਖਿ਼ਲਾਫ਼ ਇਹ ਸੰਘਰਸ਼ ਉਠਿਆ ਸੀ, ਉਸ ਕਾਨੂੰਨ ਦੇ ਲਾਗੂ ਹੋਣ ਵਰਗਾ ਹਾਲ ਪੰਜਾਬ ਵਿਚ ਕਈ ਸਾਲ ਪਹਿਲਾਂ ਹੋਇਆ ਪਿਆ ਹੈ। ਇਸ ਕਾਨੂੰਨ ਅਨੁਸਾਰ ਸਾਰੇ ਅਧਿਆਪਕਾਂ ਦੀ ਭਰਤੀ, ਤਰੱਕੀ ਅਤੇ ਕਰੀਅਰ ਖਾਕਾ ਵੱਖਰਾ ਵੱਖਰਾ ਹੋਵੇਗਾ; ਜਿਵੇਂ ਪੰਜਾਬ ਵਿਚ ਕੋਈ ਰੈਗੂਲਰ ਹੈ, ਕੋਈ ਸੁਸਾਇਟੀ ਅਧੀਨ ਹੈ, ਕੋਈ ਠੇਕੇ ਉੱਤੇ ਭਰਤੀ ਹੈ ਅਤੇ ਕੋਈ ਪਰਖ ਕਾਲ ਤੇ ਹੈ। ਪੇਰੂ ਦੇ ਅਧਿਆਪਕਾਂ ਨੇ ਇਸ ਅਨਿਆਂ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ; ਦੂਜੇ ਪਾਸੇ ਪੰਜਾਬ ਦੇ ਅਧਿਆਪਕ ਇਸ ਪ੍ਰਣਾਲੀ ਵਿਚ ਖੁਸ਼ੀ ਖੁਸ਼ੀ ਕੰਮ ਕਰ ਰਹੇ ਹਨ; ਨਾ ਵਿਰੋਧ, ਨਾ ਰੋਸ। ਪੇਰੂ ਦੇ ਅਧਿਆਪਕਾਂ ਨੇ ਤਨਖਾਹਾਂ ਵਧਾਉਣ ਲਈ ਸੰਘਰਸ਼ ਕੀਤਾ ਪਰ ਪੰਜਾਬ ਦੇ ਅਧਿਆਪਕ ਸੰਘਰਸ਼ ਕਰਨ ਨਾਲੋਂ ਘੱਟ ਤਨਖਾਹਾਂ ਲੈਣਾ ਪਸੰਦ ਕਰਦੇ ਹਨ ਜਿਸ ਦੀ ਤਾਜ਼ਾ ਮਿਸਾਲ ਅਸੀਂ ਸਸਅ/ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੌਰਾਨ ਦੇਖ ਚੁੱਕੇ ਹਾਂ। ਜਦੋਂ ਵਿਦਿਆਰਥੀਆਂ ਦੇ ਮਾਪੇ ਅਧਿਆਪਕਾਂ ਨਾਲ ਸਕੂਲਾਂ ਦੇ ਦਰਵਾਜਿ਼ਆਂ ’ਤੇ ਬੈਠੇ ਸਨ, ਅਧਿਆਪਕ ਆਗੂਆਂ ਦੀਆਂ ਬਦਲੀਆਂ ਖਿਲਾਫ ਪਿੰਡ ਪਿੰਡ ਮੁਜ਼ਾਹਰੇ ਹੋ ਰਹੇ ਸਨ, ਕਿਸਾਨ ਖੇਤ ਤੇ ਮਜ਼ਦੂਰ ਦਿਹਾੜੀ ਛੱਡ ਕੇ ਅਧਿਆਪਕਾਂ ਦੀ ਹਮਾਇਤ ਵਿਚ ਪਟਿਆਲੇ ਜਾ ਪਹੁੰਚੇ ਸਨ ਪਰ ਹੋਇਆ ਇਹ ਕਿ ਅਧਿਆਪਕ ਖੁਦ ਹੀ ਸੰਘਰਸ਼ ਚੋਂ ਵਿਸ਼ਵਾਸ ਗੁਆ ਬੈਠੇ ਅਤੇ ਤਿੰਨ ਗੁਣਾ ਘੱਟ ਤਨਖਾਹ ਤੇ ਕੰਮ ਕਰਨ ਲਈ ਸਰਕਾਰ ਦੇ ਫੈਸਲੇ ਨਾਲ ਸਹਿਮਤ ਹੋ ਗਏ।
ਪੇਰੂ ਦੇ ਅਧਿਆਪਕਾਂ ਨੇ ਜਿਹੜੀ ਮੁੱਖ ਮੰਗ ਰੱਖੀ ਸੀ, ਉਸ ਵਿਚ ਕਿਹਾ ਗਿਆ ਸੀ ਕਿ ਸਰਕਾਰੀ ਸਿੱਖਿਆ ਲਈ ਬਜਟ ਵਧਾਇਆ ਜਾਵੇ। ਪੰਜਾਬ ਦੇ ਅਧਿਆਪਕ ਸਰਕਾਰ ਨੂੰ ਖ਼ੁਦ ਹੀ ਇਸ ਜਿ਼ੰਮੇਵਾਰੀ ਤੋਂ ਮੁਕਤ ਕਰ ਰਹੇ ਹਨ। ਇੰਜ ਮਹਿਸੂਸ ਹੁੰਦਾ ਹੈ, ਜਿਵੇਂ ਪੰਜਾਬ ਦੇ ਅਧਿਆਪਕਾਂ ਨੇ ਸਰਕਾਰ ਨਾਲ ਵਾਅਦਾ ਕੀਤਾ ਹੋਵੇ ਕਿ ਸੂਬੇ ਦੇ ਸਕੂਲਾਂ ਨੂੰ ਲੋਕਾਂ ਤੋਂ ਦਾਨ ਮੰਗ ਮੰਗ ਚਮਕਾਉਣਾ ਉਨ੍ਹਾਂ ਦੀ ਜਿ਼ੰਮੇਵਾਰੀ ਹੈ, ਬੱਸ ਸਰਕਾਰ ਉਨ੍ਹਾਂ ਲਈ ਪ੍ਰਸ਼ੰਸਾ ਪੱਤਰ ਤਿਆਰ ਰੱਖੇ!
ਪੰਜਾਬ ਦੀ ਸਿੱਖਿਆ ਦਾ ਹਾਲ ਅੱਜ ਇਹ ਹੈ ਕਿ ਸਕੂਲਾਂ ਵਿਚ ਕੰਮ ਕਰ ਰਹੇ ਅਧਿਆਪਕ ਦਰਜਨਾਂ ਵਰਗਾਂ ਵਿਚ ਵੰਡੇ ਹੋਏ ਹਨ। ਕੋਈ ਰੈਗੂਲਰ ਹੈ ਤੇ ਕੋਈ ਕੰਟਰੈਕਟ ਤੇ, ਕਿਸੇ ਦਾ ਤਿੰਨ ਸਾਲ ਪਰਖ ਕਾਲ ਹੈ ਤੇ ਕਿਸੇ ਦਾ ਦੋ ਸਾਲ, ਕੋਈ 5 ਹਜ਼ਾਰ ਰੁਪਏ ’ਤੇ ਨੌਕਰੀ ਕਰ ਰਿਹਾ ਹੈ, ਕੋਈ ਦਸ ਹਜ਼ਾਰ ’ਤੇ ਅਤੇ ਕਿਸੇ ਨੂੰ 5 ਹਜ਼ਾਰ ਵਾਧੂ ਭੱਤਾ ਮਿਲਦਾ ਹੈ। ਸਾਰੇ ਅਧਿਆਪਕਾਂ ਲਈ ‘ਬਰਾਬਰ ਕੰਮ ਬਰਾਬਰ ਤਨਖਾਹ’ ਦੀ ਮੰਗ ਕਿਤੇ ਨਜ਼ਰੀਂ ਨਹੀਂ ਪੈਂਦੀ। ਸੂਬੇ ਦੇ ਬਹੁਗਿਣਤੀ ਸਕੂਲਾਂ ਵਿਚ ਅਸਾਮੀਆਂ ਖਾਲੀ ਪਈਆਂ ਹਨ, ਬਦਲੀਆਂ ਦੇ ਨਾਮ ’ਤੇ ਅਸਾਮੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਸਕੂਲਾਂ ਵਿਚ ਨਾ ਅਧਿਆਪਕ ਹੈ, ਨਾ ਬੱਚੇ; ਉਨ੍ਹਾਂ ਦੇ ਕਮਰਿਆਂ ਨੂੰ ਰੰਗ-ਰੋਗਨ ਕਰਕੇ ਸਮਾਰਟ ਬਣਾਇਆ ਜਾ ਰਿਹਾ ਹੈ।
ਹੁਣ ਪੰਜਾਬ ਅੰਦਰ ਜਿਵੇਂ ਜਿਵੇਂ ਸਕੂਲਾਂ ਦੀ ਚਮਕ ਦਮਕ ਵਧ ਰਹੀ ਹੈ, ਉਵੇਂ ਸਿੱਖਿਆ ਦਾ ਮਿਆਰ ਡਿਗ ਰਿਹਾ ਹੈ। ਜਿਹੜਾ ਕੋਈ ਅਧਿਆਪਕ ਹੱਕੀ ਮੰਗਾਂ ਲਈ ਲੜਦਾ ਹੈ, ਉਸ ਨੂੰ ਬਦਲ ਕੇ ਰਾਵੀ ਪਾਰ ਭੇਜ ਦਿੱਤਾ ਜਾਂਦਾ ਹੈ, ਤੇ ਜੋ ਜੀ ਹਜ਼ੂਰੀ ਕਰਦੇ ਹਨ, ਉਨ੍ਹਾਂ ਲਈ ਪ੍ਰਸ਼ੰਸਾ ਪੱਤਰ ਭੇਜੇ ਜਾਂਦੇ ਹਨ। ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਵਰਗੇ ਪ੍ਰਾਜੈਕਟਾਂ ਦੇ ਨਾਮ ’ਤੇ ਸੂਬੇ ਭਰ ਵਿਚ ਸੈਂਕੜੇ ਵਿਹਲੇ ਅਫਸਰਾਂ ਦੀ ਫੌਜ ਤਿਆਰ ਕਰ ਲਈ ਹੈ ਜਿਨ੍ਹਾਂ ਦਾ ਕੰਮ ਅਧਿਆਪਕਾਂ ਨੂੰ ਪੜ੍ਹਾਈ ਤੋਂ ਹਟਾ ਕੇ ਅੰਕੜਿਆਂ ਵਿਚ ਉਲਝਾਉਣਾ ਹੈ। ਇਨ੍ਹਾਂ ਨੂੰ ਵਾਧੂ ਦੇ ਭੱਤੇ ਸਿਰਫ ਘੁੰਮਣ ਫਿਰਨ ਲਈ ਦਿੱਤੇ ਜਾ ਰਹੇ ਹਨ ਜਦ ਕਿ ਮਜ਼ਦੂਰਾਂ ਵਾਂਗ ਕੰਮ ਕਰ ਰਹੇ ਈਜੀਐੱਸ/ ਏਆਈਈ/ ਐੱਸਟੀਆਰ ਵਲੰਟੀਅਰਾਂ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਲਈ ਪੈਸਾ ਖਤਮ ਹੈ। ਜੇ ਇਨ੍ਹਾਂ ਅਫਸਰਾਂ ਨੂੰ ਹਟਾ ਕੇ ਸਕੂਲਾਂ ਵਿਚ ਭੇਜਿਆ ਜਾਵੇ ਤਾਂ ਸ਼ਾਇਦ ਸਿੱਖਿਆ ਦਾ ਮਿਆਰ ਥੋੜ੍ਹਾ ਉੱਪਰ ਉੱਠ ਸਕੇ।
ਪੇਰੂ ਦੇ ਅਧਿਆਪਕ ਅੰਦੋਲਨ ਤੋਂ ਬਾਅਦ ਜਦੋਂ ਪੇਦਰੋ ਕਾਸਤੀਲੋ ਸਿਆਸਤ ਵਿਚ ਉਭਰਨਾ ਸ਼ੁਰੂ ਹੋਇਆ ਤਾਂ ਉਸ ਦਾ ਨਾਮ 1980ਵਿਆਂ ਵਿਚ ਚੱਲੇ ‘ਸ਼ਾਈਨਿੰਗ ਪਾਥ’ ਨਾਲ ਜੋੜਿਆ ਗਿਆ ਜਿਹੜਾ ਨਕਸਲਬਾੜੀ ਲਹਿਰ ਵਾਂਗ ਪੇਰੂ ਦੇ ਕਮਿਊਨਿਸਟਾਂ ਦਾ ਹਥਿਆਰਬੰਦ ਸੰਘਰਸ਼ ਸੀ ਪਰ ਪੰਜਾਬ ਦੀ ਸਿਆਸਤ ਵਿਚ ਜਿਨ੍ਹਾਂ ਅਧਿਆਪਕਾਂ ਨੂੰ ਉਭਾਰਿਆ ਜਾ ਰਿਹਾ ਹੈ, ਉਨ੍ਹਾਂ ਵਿਚੋਂ ਕਿਸੇ ਦਾ ਨਾਮ ਵੀ ਲੋਕ ਸੰਘਰਸ਼ਾਂ ਵਿਚ ਨਹੀਂ ਬੋਲਦਾ ਬਲਕਿ ਸਭ ਕਿਸੇ ਨਾ ਕਿਸੇ ਸਮੇਂ ਸੱਤਾ ਦੇ ਸਾਊ ਪੁੱਤ ਰਹੇ ਹਨ। ਪੰਜਾਬ ਨੂੰ ਪੇਰੂ ਬਣਨ ਲਈ ਲੰਮਾ ਸੰਘਰਸ਼ ਕਰਨਾ ਪਵੇਗਾ ਅਤੇ ਅਗਵਾਈ ਅਧਿਆਪਕਾਂ ਵਰਗੇ ਜਾਗਰੂਕ ਵਰਗ ਹੱਥ ਹੋਣੀ ਚਾਹੀਦੀ ਹੈ ਪਰ ਅੱਜ ਦੀ ਘੜੀ ਇਨ੍ਹਾਂ ਸਫਾ ਅੰਦਰ ਅਜਿਹਾ ਬਹੁਤ ਹੀ ਛੋਟਾ ਹਿੱਸਾ ਸ਼ਾਮਿਲ ਹੈ, ਬਹੁਤਿਆਂ ਦੀ ਦੌੜ ਕਾਗਜ਼ ਦੇ ਇੱਕ ਟੁਕੜੇ ਤੱਕ ਸੀਮਤ ਹੈ ਜਿਸ ਉੱਤੇ ਮੁਹਾਲੀ ਵਿਚ ਬੈਠੇ ‘ਲਾਟ ਸਾਬ੍ਹ’ ਦੇ ਦਸਤਖ਼ਤ ਹੋਣ। ਫਿਲਹਾਲ ਅਧਿਆਪਕ ਵਰਗ ਨੂੰ ਪੇਦਰੋ ਕਾਸਤੀਲੋ ਜਿਹੇ ਸੂਝਵਾਨ ਆਗੂ ਦੀ ਉਡੀਕ ਹੈ।
ਸੰਪਰਕ: 94788-80128