ਬੀ ਐੱਲ ਓ ਵਜੋਂ ਮੇਰੀ ਡਿਊਟੀ
ਜਦੋਂ ਕੋਈ ਦੋ ਬੰਦੇ ਕਿਸੇ ਇੱਕ ਚੀਜ਼ ਜਾਂ ਫਿਰ ਸਥਿਤੀ ਨੂੰ ਵੇਖਦੇ ਹਨ ਤਾਂ ਹਰ ਵਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਵੀ ਇੱਕ ਹੀ ਹੋਵੇ। ਕਈ ਵਾਰ ਇਹ ਦ੍ਰਿਸ਼ਟੀਕੋਣ ਦਾ ਫਰਕ ਏਨਾ ਅੱਡਰਾ ਹੁੰਦਾ ਹੈ ਕਿ ਉੱਨੀ-ਇੱਕੀ...
ਜਦੋਂ ਕੋਈ ਦੋ ਬੰਦੇ ਕਿਸੇ ਇੱਕ ਚੀਜ਼ ਜਾਂ ਫਿਰ ਸਥਿਤੀ ਨੂੰ ਵੇਖਦੇ ਹਨ ਤਾਂ ਹਰ ਵਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਵੀ ਇੱਕ ਹੀ ਹੋਵੇ। ਕਈ ਵਾਰ ਇਹ ਦ੍ਰਿਸ਼ਟੀਕੋਣ ਦਾ ਫਰਕ ਏਨਾ ਅੱਡਰਾ ਹੁੰਦਾ ਹੈ ਕਿ ਉੱਨੀ-ਇੱਕੀ ਦੀ ਥਾਂ ਉੱਨੀ-ਉਨੰਜਾ ਦਾ ਇਹ ਫਰਕ ਖੁਦ ਨੂੰ ਹੀ ਕਿਸੇ ਹੈਰਾਨ ਪ੍ਰੇਸ਼ਾਨ ਕਰਨ ਵਾਲੀ ਸਥਿਤੀ ਵਿੱਚ ਲਿਆ ਖੜ੍ਹਾ ਕਰਦਾ ਹੈ।
ਇਹ ਗੱਲ 2010-11 ਦੀ ਹੋਵੇਗੀ। ਮੈਂ ਪਿੰਡ ਦੇ ਨੇੜੇ ਹੀ ਇੱਕ ਛੋਟੇ ਜਿਹੇ ਸਕੂਲ ਵਿੱਚ ਬਤੌਰ ਅਧਿਆਪਕ ਸੇਵਾ ਨਿਭਾਅ ਰਿਹਾ ਸਾਂ। ਉਸ ਸਾਲ ਮੇਰੀ ਉਸ ਪਿੰਡ ਦੇ ਬੂਥ ਉੱਤੇ ਬੀ ਐਲ ਓ ਵਜੋਂ ਡਿਊਟੀ ਲੱਗ ਗਈ। ਦਰਅਸਲ ਪਹਿਲੇ ਬੂਥ ਉੱਪਰ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਹੋ ਜਾਣ ਕਰਕੇ ਇਹ ਨਵਾਂ ਬੂਥ ਬਣਿਆ ਸੀ। ਬੂਥ ਬਣਾਉਣ ਵੇਲੇ ਬੱਸ ਇੱਕੋ ਧਿਆਨ ਰੱਖਿਆ ਗਿਆ ਕਿ ਮੁੱਖ ਪਿੰਡ ਨੂੰ ਮੁੱਢਲਾ ਬੂਥ ਰਹਿਣ ਦਿੱਤਾ ਗਿਆ ਅਤੇ ਉਸ ਤੋਂ ਬਾਹਰ ਵਾਲੀਆਂ ਢਾਣੀਆਂ ਦਾ ਸੱਤ-ਅੱਠ ਵਰਗ ਕਿਲੋਮੀਟਰ ਵਿੱਚ ਖਿੱਲਰਿਆ ਇਲਾਕਾ ਨਵਾਂ ਬੂਥ ਬਣਾ ਕੇ ਮੇਰੇ ਸਪੁਰਦ ਕਰ ਦਿੱਤਾ ਗਿਆ। ਇੱਥੋਂ ਇੱਕ ਨਵੀਂ ਜੰਗ ਦਰਪੇਸ਼ ਹੋ ਗਈ।
ਮੈਂ ਜਿਨ੍ਹਾਂ ਦੂਰ-ਦਰਾਜ ਢਾਣੀਆਂ ਵਿੱਚ ਨਵੀਆਂ ਵੋਟਾਂ ਬਣਾਉਣ, ਸੋਧਣ ਅਤੇ ਕੱਟਣ ਦੇ ਮਕਸਦ ਨਾਲ ਗਿਆ, ਉਥੇ ਪਿਛਲੇ ਛੇ-ਸੱਤ ਸਾਲ ਤੋਂ ਕੋਈ ਜੀਅ-ਪਰਿੰਦਾ ਵੀ ਨਹੀਂ ਸੀ ਅੱਪੜਿਆ। ਦੋ-ਦੋ ਤਿੰਨ-ਤਿੰਨ ਜੁਆਕਾਂ ਦੀਆਂ ਅਣਗਿਣਤ ਮਾਵਾਂ ਨਵੇਂ ਵੋਟਰ ਬਣਨ ਦੇ ਫਾਰਮ ਨੰਬਰ 6 ਭਰ ਰਹੀਆਂ ਸਨ, ਪੱਚੀ ਛੱਬੀ ਸਾਲ ਦੀ ਉਮਰ ਤੱਕ ਵੀ ਵੋਟਰ ਨਹੀਂ ਸਨ। ਉਨ੍ਹਾਂ ਤੋਂ ਫੋਨ ਨੰਬਰ ਲੈ ਕੇ ਉਨ੍ਹਾਂ ਦੇ ਪੇਕੇ ਪਿੰਡ ਦੇ ਬੀ ਐਲ ਓ ਨਾਲ ਗੱਲ ਕਰ ਉਥੋਂ ਦੇ ਐੱਨ ਓ ਸੀ ਆਪਣੇ ਵਟਸਐਪ ’ਤੇ ਮੰਗਵਾਏ। ਝੱਲ ਇਹੋ ਜਿਹਾ ਸਿਰ ਨੂੰ ਚੜ੍ਹਿਆ ਕਿ ਜਿਸ ਕਿਸੇ ਬਜ਼ੁਰਗ ਵੋਟਰ ਨੇ ਆਪਣੇ ਉਮਰ ਅਤੇ ਰਿਹਾਇਸ਼ ਦੇ ਸਬੂਤ ਲੈ ਕੇ ਆਉਣਾ ਜਾਂ ਲੰਮਾ ਪੈਂਡਾ ਕਰ ਸਕੂਲ ਪਹੁੰਚਣਾ, ਉਸ ਨੂੰ ਵਾਪਸ ਮੋੜਨ ਦੀ ਬਜਾਏ ਘਰ ਤੋਂ ਖੁਦ ਪ੍ਰਿੰਟ ਕਰਕੇ ਲਾ ਦੇਣੇ ਤੇ ਆਖਣਾ, ‘‘ਬੇਬੇ, ਕੱਲ੍ਹ ਨੂੰ ਆ ਕੇ ਆਪਣੇ ਅਸਲ ਕਾਰਡ ਵਾਪਸ ਲੈ ਜਾਈਂ।’’
ਪੁਰਾਣੇ ਕਾਰਡਾਂ ਵਿੱਚ ਚਿੱਟੀਆਂ ਹੋ ਚੁੱਕੀਆਂ ਦਾੜ੍ਹੀਆਂ ਵਾਲੇ ਕਈ ਵੋਟਰਾਂ ਦੀਆਂ ਦਾੜ੍ਹੀਆਂ ਅਜੇ ਵੀ ਅਲੂੰਈਂ ਉਮਰ ਦੀਆਂ ਦਿਸਦੀਆਂ ਸਨ। ਮੋਟੇ ਸ਼ੀਸ਼ਿਆਂ ਦੀ ਐਨਕ ਅਤੇ ਹੱਥ ਸੋਟੀ ਵਾਲੀ ਕੋਈ ਕੋਈ ਬੇਬੇ ਵੋਟਰ ਪਛਾਣ ਪੱਤਰ ਉੱਤੇ ਅਜੇ ਵੀ ਅੱਧਖੜ ਉਮਰ ਦੀ ਮੁਟਿਆਰ ਦਿਸਦੀ ਸੀ। ਪੂਰੇ ਅਕਤੂਬਰ ਮਹੀਨੇ ਦੀ ਸਰਸਰੀ ਸੁਧਾਈ ਤੋਂ ਬਾਅਦ ਮੇਰੇ 225 ਵੋਟਾਂ ਵਾਲੇ ਮਿਲੇ ਬੂਥ ਉੱਪਰ 85 ਨਵੀਆਂ ਵੋਟਾਂ ਦੇ ਫਾਰਮ ਆ ਚੁੱਕੇ ਸਨ। ਲਗਪਗ ਏਨੇ ਹੀ ਕਿਸੇ ਤਰ੍ਹਾਂ ਦੀ ਸੋਧ ਅਤੇ ਵੋਟਾਂ ਕੱਟਣ ਵਾਲੇ ਫਾਰਮ ਵੀ ਭਰੇ ਜਾ ਚੁੱਕੇ ਸਨ। ਉਦੋਂ ਹੁਣ ਵਾਂਗੂੰ ਇਹ ਸਾਰਾ ਕੰਮ ਮੋਬਾਈਲ ਐਪ ’ਤੇ ਨਹੀਂ ਸੀ ਹੁੰਦਾ। ਸਾਰਾ ਕੰਮ ਹੱਥੀਂ ਫਾਰਮ ਭਰ ਕੇ ਅਤੇ ਨਾਲ ਸਬੂਤ ਲਾ ਕੇ ਹੁੰਦਾ ਸੀ। ਸੁਪਰਵਾਈਜ਼ਰ ਤੋਂ ਤਸਦੀਕ ਕਰਵਾ ਇਹ ਥੱਬੇ ਥੱਬੇ ਦੀਆਂ ਫਾਈਲਾਂ ਜਦੋਂ ਅਖੀਰ ’ਤੇ ਐੱਸ ਡੀ ਐੱਮ ਸਾਹਿਬ ਮੂਹਰੇ ਦਸਤਖ਼ਤਾਂ ਲਈ ਗਈਆਂ ਤਾਂ ਉਲਟਾ ਮੇਰੀ ਜਵਾਬਤਲਬੀ ਹੋ ਗਈ।
ਦਲੀਲ ਇਹ ਦਿੱਤੀ ਗਈ ਕਿ ਅਬਾਦੀ ਦੇ ਵਾਧੇ ਮੁਤਾਬਕ ਨਵੀਆਂ ਵੋਟਾਂ 5 ਫੀਸਦੀ ਤੋਂ ਵੱਧ ਨਹੀਂ ਹੋ ਸਕਦੀਆਂ। ਮੇਰੀ ਜਾਨ ਕੁੜਿੱਕੀ ਵਿੱਚ ਫਸ ਚੁੱਕੀ ਸੀ। ਸੱਚ ਬੋਲਣ ਨਾਲ ਗੱਲ ਦਾ ਨਜ਼ਲਾ ਪਹਿਲਾਂ ਵਾਲੇ ਬੀ ਐੱਲ ਓਜ ’ਤੇ ਝੜ ਸਕਦਾ ਸੀ ਤੇ ਝੂਠ ਬੋਲਣਾ ਮੈਂ ਚਾਹੁੰਦਾ ਨਹੀਂ ਸਾਂ। ਮੇਰੇ ਚਾਰ ਪੰਜ ਚੱਕਰ ਐੱਸ ਡੀ ਐੱਮ ਦਫ਼ਤਰ ਦੇ ਲੱਗੇ। ਇਨਕੁਆਇਰੀ ਅਫਸਰ ਨੇ ਸਾਰੇ ਕਾਗਜ਼ਾਂ ਨੂੰ ਰਿੜਕਿਆ। ਸਾਰਾ ਕੰਮ ਸਹੀ ਸੀ ਤੇ ਵਿੱਚੋਂ ਕੋਈ ‘ਸੱਪ’ ਨਾ ਨਿਕਲਿਆ। ਚਲੋ, ਜਿਵੇਂ ਕਿਵੇਂ ਖਲਾਸੀ ਤਾਂ ਹੋ ਗਈ ਪਰ ਇਹ ਗੱਲ ਦਾ ਵੀ ਤਜਰਬਾ ਹੋ ਗਿਆ ਕਿ ਕਈ ਵਾਰੀ ਸਹੀ ਕੰਮ ਕਰਨ ’ਤੇ ਵੀ ਤੁਹਾਨੂੰ ਖੁਆਰੀ ਝੱਲਣੀ ਪੈਂਦੀ ਹੈ।
ਸੰਪਰਕ: 97819-25568
