ਪੱਕਾ ਮੈਂਬਰ
ਇਨ੍ਹੀਂ ਦਿਨੀਂ ਇੱਕ ਲੇਖ ਪੜ੍ਹਿਆ, ਜਿਸ ਵਿੱਚ ਲੇਖਕ ਨੇ ਲਿਖਿਆ ਸੀ ਕਿ ਕਿਸੇ ਸਮੇਂ ਟੈਲੀਵਿਜ਼ਨ ਦੀ ਪੂਰੀ ਸਰਦਾਰੀ ਹੁੰਦੀ ਸੀ। ਯਾਦਾਂ ਦੇ ਕਾਫ਼ਲੇ ਵੱਲ ਪਿੱਛਲ-ਝਾਤ ਮਾਰਦਿਆਂ ਮੈਨੂੰ, ਸਾਡੇ ਘਰ ਆਇਆ ਪਹਿਲਾ ਟੀ ਵੀ ਚੇਤੇ ਆਇਆ। ਇਹ ਕੋਈ 1977-78 ਦੀ ਗੱਲ ਹੈ ਕਿ ਮੇਰੇ ਪਤੀ ਦੀ ਬਦਲੀ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ’ਚ ਬੈਂਕ ਦੀ ਨਵੀਂ ਖੁੱਲ੍ਹੀ ਬਰਾਂਚ ਵਿੱਚ ਬਤੌਰ ਮੈਨੇਜਰ ਹੋਈ। ਵੱਡੀ ਇਮਾਰਤ ਵਿੱਚ ਹੇਠਾਂ ਬੈਂਕ ਤੇ ਉੱਪਰ ਰਿਹਾਇਸ਼ ਸੀ। ਮੇਰੀ ਬਦਲੀ ਵੀ ਇੱਥੇ ਹਾਈ ਸਕੂਲ ਵਿੱਚ ਹੋ ਗਈ। ਪ੍ਰਾਇਮਰੀ ਸਕੂਲ ਦੀ ਇਮਾਰਤ ਵੀ ਨਾਲ ਸਾਂਝੀ ਸੀ। ਅਸੀਂ ਆਪਣੀ ਧੀ ਨੂੰ ਇੱਥੇ ਪਹਿਲੀ ਜਮਾਤ ’ਚ ਦਾਖਲ ਕਰਾ ਕੇ ਸੁਰਖਰੂ ਹੋ ਗਏ।
ਇੱਕ ਦਿਨ ਮੇਰੇ ਪਤੀ ਨੇ ਬੈਂਕ ਤੋਂ ਆ ਕੇ ਦੱਸਿਆ ਕਿ ਬੈਂਕ ਦੀ ਸਕੀਮ ਤਹਿਤ ਸਾਨੂੰ ਫਰਨੀਚਰ ਲੋਨ ਮਿਲ ਸਕਦਾ ਹੈ। ਲੋੜ ਮੁਤਾਬਿਕ ਫਰਨੀਚਰ ਲੈ ਕੇ ਫਿਰ ਟੈਲੀਵਿਜ਼ਨ ਲੈਣ ਦੀ ਸਲਾਹ ਵੀ ਬਣਾ ਲਈ। ਅਜੇ ਸਲਾਹਾਂ ਹੀ ਚੱਲ ਰਹੀਆਂ ਸਨ ਪਰ ਮੇਰੇ ਪਤੀ ਦੇ ਅਜਿਹੇ ਸ਼ੌਕ ਕਦੇ ਵੇਲਾ ਟੱਪਣ ਨਹੀਂ ਸੀ ਦਿੰਦੇ। ਇੱਕ ਦਿਨ ਮੈਨੂੰ ਸਕੂਲੋਂ ਆਉਂਦਿਆਂ ਦੂਰੋਂ ਛੱਤ ’ਤੇ ਐਂਟੀਨਾ ਦਿਖਿਆ। ਘਰ ਆ ਕੇ ਵੇਖਿਆ ਤਾਂ ਟੀ ਵੀ ਲੱਗ ਚੁੱਕਾ ਸੀ। ਸਬੱਬੀਂ ਇਹ ਪਿੰਡ ਵਿੱਚ ਪਹਿਲਾ ਟੀ ਵੀ ਸੀ, ਜੋ ਸਾਰਿਆਂ ਲਈ ਅਚੰਭਾ ਸੀ। ਪਿੰਡ ਦੇ ਲੋਕਾਂ ਨਾਲ ਸਾਡੇ ਮੋਹ ਪਿਆਰ ਦੇ ਰਿਸ਼ਤੇ ਤੇ ਸਾਂਝਾਂ ਜੁੜ ਚੁੱਕੀਆਂ ਸਨ। ਹਰ ਕੋਈ ਟੀ ਵੀ ਵੇਖਣਾ ਚਾਹ ਰਿਹਾ ਸੀ। ਬੱਸ ਜੀ! ਫਿਰ ਸਿਲਸਿਲਾ ਸ਼ੁਰੂ ਹੋ ਗਿਆ ਟੀ ਵੀ ਵੇਖਣ ਦਾ। ਸ਼ਾਮ ਨੂੰ ਕੁੱਤਿਆਂ ਤੋਂ ਬਚਾਅ ਲਈ ਹੱਥਾਂ ਵਿੱਚ ਸੋਟੀਆਂ ਫੜ ਕੇ ਸਾਰਾ ਪਿੰਡ ਵਹੀਰਾਂ ਘੱਤ, ਸਾਡੇ ਘਰ ਵੱਲ ਤੁਰ ਪੈਂਦਾ। ਪੌੜੀਆਂ ’ਚੋਂ ਆਉਂਦੀ ਦਗੜ-ਦਗੜ ਦੀ ਆਵਾਜ਼ ਉਨ੍ਹਾਂ ਦੇ ਪਹੁੰਚ ਜਾਣ ਦਾ ਪੈਗ਼ਾਮ ਦਿੰਦੀ। ਇਸ ਤਰ੍ਹਾਂ ਟੀ ਵੀ ਅੱਗੇ ਬੈਠ ਜਾਣਾ ਜਿਵੇਂ ਰਾਮਲੀਲਾ ਗਰਾਊਂਡ ਵਿੱਚ ਇਕੱਠੇ ਹੋਈਦਾ ਹੈ। ਕਮਰਾ ਤਾਂ ਕੁਝ ਵੱਡਾ ਹੀ ਸੀ ਪਰ ਪਿੱਛੇ ਨਵਾਂ ਖਰੀਦਿਆ ਖਾਣੇ ਵਾਲਾ ਮੇਜ਼ ਪਿਆ ਸੀ। ਕੁਰਸੀਆਂ ਖਿੱਚ ਕੇ ਬੈਠਣਾ ਤੇ ਫਿਰ ਮੇਜ਼ ਦੇ ਉੱਪਰ ਚੜ੍ਹ ਕੇ ਟੀ ਵੀ ਵੇਖਣ ’ਚ ਮਸਤ ਹੋ ਜਾਣਾ।
ਮੈਥੋਂ ਮੇਜ਼ ਦੀ ਦੁਰਦਸ਼ਾ ਹੁੰਦੀ ਵੇਖੀ ਨਾ ਜਾਵੇ। ਸੁੱਝੇ ਕੁਝ ਨਾ, ਕੀ ਹੱਲ ਹੋਵੇ? ਰੋਜ਼ਾਨਾ ਜ਼ਿੰਦਗੀ ’ਚ ਵੀ ਉੱਥਲ ਪੁਥਲ ਹੋਣ ਲੱਗੀ। ਆਖ਼ਰ ਥੋੜ੍ਹਾ ਖਿੱਝਦੇ ਹੋਏ, ਮੈਂ ਰੋਕਣਾ-ਟੋਕਣਾ ਸ਼ੁਰੂ ਕਰ ਦਿੱਤਾ। ਸਮੇਂ ਨਾਲ ਫ਼ਰਕ ਪੈਂਦਾ ਗਿਆ ਤੇ ਭੀੜ ਘਟਦੀ ਗਈ। ਗੱਲਾਂ ਵੀ ਸੁਣਨ ਨੂੰ ਮਿਲੀਆਂ, ‘‘ਭੈਣੇ! ਮੈਨੇਜਰ ਤਾਂ ਬਹੁਤ ਚੰਗਾ ਈ, ਕੁਝ ਨਹੀਂ ਕਹਿੰਦਾ ਪਰ ਮੈਨੇਜਰਨੀ ਬੜੀ ਸੜੀ ਹੋਈ ਹੈ।” ਮਨ ਨੂੰ ਸਮਝਾਇਆ ਕਿ ਇਨ੍ਹਾਂ ਨੂੰ ਕੀ ਪਤਾ, ਸਵੇਰੇ ਸਕੂਲ ਜਾਣ ਤੋਂ ਪਹਿਲਾਂ ਮੈਨੂੰ ਸਾਰਾ ਖਿਲਾਰਾ ਸਾਂਭ ਕੇ ਤੁਹਾਡੇ ਪੈਰਾਂ ਨਾਲ ਆਈ ਮਿੱਟੀ ਵੀ ਸਾਫ਼ ਕਰਨੀ ਪੈਂਦੀ ਹੈ। ਮੈਨੇਜਰ ਨੂੰ ਤਾਂ ਬੈਂਕ ਚਲਾਉਣ ਲਈ ਹਰ ਕਿਸੇ ਨਾਲ ਵਾਹ‐ਵਾਸਤਾ ਰੱਖਣਾ ਪੈਂਦਾ ਸੀ। ਇਹ ਮੁਸੀਬਤ ਬੜੇ ਦਿਨ ਚੱਲਦੀ ਰਹੀ ਪਰ ਹੌਲੀ-ਹੌਲੀ ਇਹ ਮੁਹਿੰਮ ਮੱਠੀ ਪੈਣ ਲੱਗੀ। ਪਿੰਡ ਵਿੱਚ ਬਹੁਤਿਆਂ ਦੇ ਘਰ ਟੈਲੀਵਿਜ਼ਨ ਆ ਗਏ ਸਨ। ਕੁਝ ਵਰ੍ਹੇ ਪਹਿਲਾਂ ਡਾ. ਨਿਰਮਲ ਜੌੜਾ ਦੇ ਕਿਸੇ ਲੇਖ ਨੂੰ ਪੜ੍ਹ ਕੇ ਪਤਾ ਲੱਗਾ ਕਿ ਉਹ ਬਿਲਾਸਪੁਰ ਪਿੰਡ ਤੋਂ ਹੈ। ਉਸ ਨਾਲ ਰਾਬਤਾ ਕਾਇਮ ਕੀਤਾ ਤਾਂ ਇਕਦਮ ਬੋਲਿਆ, “ਜੀ, ਮੈਂ ਤੁਹਾਡੇ ਤੋਂ ਪੜ੍ਹਿਆਂ, ਮੈਡਮ ਜੀ। ਤੁਹਾਨੂੰ ਦੋਵਾਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ। ਮੈਂ ਤੁਹਾਡੇ ਘਰ ਪਹਿਲੀ ਵਾਰ ਟੀ ਵੀ ਵੇਖਿਆ ਸੀ। ਮੇਰੇ ਤਾਇਆ ਜੀ, ਸਰ ਨੂੰ ਜਾਣਦੇ ਸਨ ਤੇ ਉਹ ਹੀ ਮੈਨੂੰ ਛੱਡ ਕੇ ਜਾਂਦੇ।’’ ਉਸ ਦਿਨ ਮੈਨੂੰ ਮੇਰੇ ਅਧਿਆਪਕ ਹੋਣ ’ਤੇ ਮਾਣ ਹੋਇਆ। ਉੱਚ ਅਹੁਦੇ ਹਾਸਲ ਕਰਕੇ ਇਸ ਨੇ ਸਾਹਿਤ ਤੇ ਕਲਾਕਾਰੀ ਦੇ ਖੇਤਰ ’ਚ ਵੀ ਨਾਮਣਾ ਖੱਟਿਆ। ਉਹ ਸਾਡੇ ਪਹਿਲੇ ਟੀ ਵੀ ਦੇ ਦਰਸ਼ਕ ਵਰਗ ’ਚ ਸ਼ਾਮਿਲ ਰਿਹਾ। ਸ਼ਾਇਦ ਇਸ ਨੇ ਕੋਈ ਚਿਣਗ ਜਗਾਈ ਹੋਵੇ।
ਰੰਗਦਾਰ ਟੈਲੀਵਿਜ਼ਨ ਚੱਲੇ ਤਾਂ ਅਸੀਂ ਵੀ ਇਸ ਨੂੰ ਬਦਲ ਦਿੱਤਾ। ਨਵੇਂ ਟੀ ਵੀ ਰਾਹੀਂ ਸਾਲ 1987 ’ਚ ਅਸੀਂ ਪ੍ਰੋਗਰਾਮ ‘ਕੱਚ ਦੀਆਂ ਮੁੰਦਰਾਂ ਤੇ ਫਿਰ ਮਹਿਕਣ ਤੰਦਾਂ’ ਦੂਰਦਰਸ਼ਨ ਚੈਨਲ ਤੋਂ ਵੇਖਦੇ ਰਹੇ। ਕਈ ਸਾਹਿਤਕਾਰਾਂ, ਵਿਦਵਾਨਾਂ ਤੇ ਕਈ ਦਿੱਗਜ ਸ਼ਖ਼ਸੀਅਤਾਂ ਦੇ ਜੀਵਨ ਸਫ਼ਰ ਦੀ ਕਹਾਣੀ ਵੀ ਵੇਖਣ ਸੁਣਨ ਨੂੰ ਮਿਲਦੀ ਰਹੀ। ਪਿਛਲੇ ਸਾਲ ਮੈਂ ਸਿਡਨੀ ਆਪਣੀ ਧੀ ਦੇ ਘਰ ਸੀ ਤਾਂ ਉੱਥੇ ਮੈਨੂੰ ਯੂ-ਟਿਊਬ ’ਤੇ ਚੈਨਲ ਵੇਖਣ ਨੂੰ ਮਿਲਦੇ। ਇਧਰ ਆ ਕੇ, ਹੁਣ ਸਮਾਰਟ ਬਣੇ ਟੀ ਵੀ ’ਤੇ ਰੋਜ਼ਾਨਾ ਪ੍ਰੋਗਰਾਮ ਵੇਖਦੀ ਹਾਂ।
ਘਰ ਵਿੱਚ ਇਕੱਲੇ ਰਹਿਣ ਦਾ ਅਹਿਸਾਸ ਜਦੋਂ ਕੋਈ ਦਿਵਾਉਂਦਾ ਹੈ ਤਾਂ ਮੇਰਾ ਜਵਾਬ ਹੁੰਦਾ ਹੈ, ਨਹੀਂ ਘਰ ਦਾ ਪੱਕਾ ਮੈਂਬਰ ਟੈਲੀਵਿਜ਼ਨ ਵੀ ਹੈ। ਕਈ ਵੇਰ ਤਾਂ ਮੈਂ ਇਸ ਨੂੰ ਬਿਨਾਂ ਵੇਖਣ ਸੁਣਨ ਦੇ ਹੀ ਲਗਾਈ ਰੱਖਦੀ ਹਾਂ। ਇਸ ਵਡੇਰੀ ਉਮਰ ’ਚ ਦਿਮਾਗ਼ ’ਚ ਹੋਣ ਵਾਲੀਆਂ ਢਾਹੂ ਕਿਰਿਆਵਾਂ ਤੋਂ ਨਿਜਾਤ ਮਿਲਦੀ ਹੈ। ਕਈ ਪ੍ਰੋਗਰਾਮ ਸਵਾਲ-ਜਵਾਬ ਵਾਲੇ ਹੁੰਦੇ ਹਨ ਤਾਂ ਦਿਮਾਗ਼ ’ਚ ਕਈ ਦਰੁਸਤ ਜਵਾਬ ਵੀ ਸੁੱਝਦੇ ਹਨ। ਇਸ ਨੂੰ ਮੈਂ ਦਿਮਾਗ਼ੀ ਕਸਰਤ ਸਮਝ ਲੈਂਦੀ ਹਾਂ। ਬੱਚਿਆਂ ਦੇ ਸੰਗੀਤ ਮੁਕਾਬਲੇ ਵਰਗੇ ਕਈ ਪ੍ਰੋਗਰਾਮ ਅਤੇ ਜ਼ਿੰਦਗੀ ਚੈਨਲ ’ਚ ਤਾਂ ਹਰ ਸੀਰੀਅਲ ਦੇ ਕਲਾਕਾਰਾਂ ਦੇ ਕਿਰਦਾਰ ਬਾਰੇ ਵੀ ਮੁਲਾਂਕਣ ਮੇਰੇ ਅੰਦਰ ਚਲਦਾ ਰਹਿੰਦਾ ਹੈ। ਇਸ ਤਰ੍ਹਾਂ ਪਹਿਲੇ ਟੈਲੀਵਿਜ਼ਨ ਦੀ ਆਮਦ ਤੋਂ ਹੀ ਇਹ ਜ਼ਿੰਦਗੀ ਦੀ ਜ਼ਰੂਰਤ ਅਤੇ ਘਰ ਦਾ ਪੱਕਾ ਮੈਂਬਰ ਬਣਿਆ ਹੋਇਆ ਹੈ।
ਸੰਪਰਕ: 98156-52272
